ਜੱਜ ਲੋਇਆ ਮਾਮਲਾ: ਸੁਪਰੀਮ ਕੋਰਟ ਦੀ ਫੁੱਲ ਬੈਂਚ ਕੋਲ ਜਾਣ ਦੀ ਤਿਆਰੀ

ਜੱਜ ਲੋਆ Image copyright Caravan Magazine

ਜੱਜ ਬੀਐੱਚ ਲੋਇਆ ਕੇਸ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਖ਼ਾਰਿਜ ਕਰ ਦਿੱਤੀ ਹੈ।

ਜੱਜ ਲੋਇਆ ਦੀ ਮੌਤ ਵਿੱਚ ਐਸਆਈਟੀ ਦੁਆਰਾ ਜਾਂਚ ਨਹੀਂ ਹੋਵੇਗੀ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬ੍ਰਿਜਗੋਪਾਲ ਹਰਕਿਸ਼ਨ ਲੋਇਆ ਦੀ ਮੌਤ 1 ਦਸੰਬਰ, 2014 ਨੂੰ ਨਾਗਪੁਰ ਵਿੱਚ ਹੋਈ ਸੀ।

ਜੱਜ ਲੋਇਆ ਗੁਜਰਾਤ ਵਿੱਚ ਸੋਹਰਾਬੂਦੀਨ ਸ਼ੇਖ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ।

ਅੰਗਰੇਜ਼ੀ ਮੈਗਜ਼ੀਨ 'ਦਿ ਕੈਰੇਵਾਨ' ਨੇ ਪਹਿਲੀ ਵਾਰ ਲੋਇਆ ਦੀ ਮੌਤ ਨੂੰ ਸ਼ੱਕੀ ਦੱਸਦੇ ਹੋਏ ਨਵੰਬਰ 2017 ਨੂੰ ਰਿਪੋਰਟ ਜਾਰੀ ਕੀਤੀ ਸੀ।

ਇਹ ਰਿਪੋਰਟ ਮਰਹੂਮ ਜੱਜ ਦੇ ਪਰਿਵਾਰ ਨਾਲ ਕੀਤੀ ਗੱਲਬਾਤ 'ਤੇ ਅਧਾਰਿਤ ਸੀ।

ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਅਨੁਜ ਲੋਇਆ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ ਬਾਰੇ ਕੋਈ ਸ਼ੱਕ ਨਹੀਂ ਹੈ।

ਜ਼ਿਕਰਯੋਗ ਹੈ ਕਿ ਲੋਇਆ ਦੀ ਮੌਤ 1 ਦਸੰਬਰ 2014 ਦੀ ਸਵੇਰ ਵੇਲੇ ਨਾਗਪੁਰ 'ਚ ਹੋਈ ਸੀ ਜਿੱਥੇ ਉਹ ਇੱਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਗਏ ਸਨ।

ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਸੀ।

ਕੀ ਹੈ ਸੁਪਰੀਮ ਕੋਰਟ ਦਾ ਫ਼ੈਸਲਾ?

ਫ਼ੈਸਲਾ ਸੁਣਾਉਂਦੇ ਹੋਏ ਜਸਟਿਸ ਚੰਦਰਚੂੜ ਨੇ ਕਿਹਾ ਕਿ ਬੰਬੇ ਹਾਈਕੋਰਟ ਦੇ ਸਾਰੇ ਜੱਜਾਂ 'ਤੇ ਗਲ਼ਤ ਇਲਜ਼ਾਮ ਲਾਏ ਗਏ।

ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।

ਮਹਾਰਾਸ਼ਟਰ ਦੇ ਸਰਕਾਰੀ ਵਕੀਲ ਨਿਸ਼ਾਂਤ ਕਟਨੇਸ਼ਵਰਕਰ ਨੇ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਬੀਬੀਸੀ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ,''ਕੋਰਟ ਨੇ ਇਹ ਵੀ ਕਿਹਾ ਕਿ ਅਰਜ਼ੀ ਕਰਤਾਵਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਜਾਂਚ ਚਾਹੁੰਦੇ ਹਨ ਪਰ ਇਹ ਨਿਆਂਪਾਲਿਕਾ ਦੇ ਖ਼ਿਲਾਫ਼ ਹੈ।''

'ਜਾਂਚ ਦੀ ਮੰਗ ਕਰਦੇ ਰਹਾਂਗੇ'

ਪੇਸ਼ੇ ਤੋਂ ਵਕੀਲ ਅਤੇ ਮਰਹੂਮ ਜੱਜ ਲੋਇਆ ਦੇ ਦੋਸਤ ਉਦੈ ਗਵਾਰੇ ਨੇ ਅਦਾਲਤ ਦੇ ਇਸ ਫ਼ੈਸਲੇ ਤੋਂ ਨਾਖੁਸ਼ੀ ਜ਼ਾਹਿਰ ਕੀਤੀ ਹੈ।

ਉਨ੍ਹਾਂ ਕਿਹਾ, ''ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ। ਪਰ ਅਸੀਂ ਨਹੀਂ ਮੰਨਦੇ ਕਿ ਜਸਟਿਸ ਲੋਇਆ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਅਸੀਂ ਸੁਪਰੀਮ ਕੋਰਟ ਦੀ ਫੁੱਲ ਬੈਂਚ ਕੋਲ ਪਹੁੰਚ ਕਰਾਂਗੇ ਅਤੇ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਦੀ ਮੰਗ ਕਰਦੇ ਰਹਾਂਗੇ।''

ਇਸ ਮਾਮਲੇ ਵਿੱਚ ਪਾਰਦਰਸ਼ਿਤਾ ਲਿਆਉਣ ਦੀ ਮੁਹਿੰਮ ਚਲਾਉਣ ਵਾਲੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ, ''ਬਹੁਤ ਹੀ ਗ਼ਲਤ ਫ਼ੈਸਲਾ ਹੋਇਆ ਹੈ। ਸੁਪਰੀਮ ਕੋਰਟ ਲਈ ਕਾਲਾ ਦਿਨ ਹੈ ਕਿਉਂਕਿ ਸੁਪਰੀਮ ਕੋਰਟ ਨੇ ਬਜਾਏ ਇਸਦੇ ਕਿ ਇੱਕ ਸਵੰਤਤਰ ਜਾਂਚ ਹੋਵੇ ਇਸ 'ਤੇ ਪਰਦਾ ਪਾਉਣ ਦਾ ਕੰਮ ਕੀਤਾ ਹੈ।''

ਦੋ ਚਿੱਠੀਆਂ, ਦੋ ਦਾਅਵੇ

'ਦਿ ਕੈਰੇਵਾਨ' ਦੇ ਸਿਆਸੀ ਮਾਮਲਿਆਂ ਬਾਰੇ ਸੰਪਾਦਕ ਹਰਤੋਸ਼ ਸਿੰਘ ਬਲ ਨੇ ਅਨੁਜ ਲੋਇਆ ਦੀਆਂ ਦੋ ਪੁਰਾਣੀਆਂ ਚਿੱਠੀਆਂ ਟਵੀਟ ਕੀਤੀਆਂ।

ਫੋਟੋ ਕੈਪਸ਼ਨ ਆਪਣੀ ਪਤਨੀ ਨਾਲ ਸੋਹਰਾਬੁੱਦੀਨ ਸ਼ੇਖ ਜਿਨ੍ਹਾਂ ਦਾ ਕਥਿਤ ਤੌਰ 'ਤੇ ਐਨਕਾਊਂਟਰ ਕੀਤਾ ਗਿਆ ਸੀ।

ਪਹਿਲੀ ਚਿੱਠੀ 'ਚ ਅਨੁਜ ਲੋਇਆ ਨੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਜਾਂਚ ਦੀ ਮੰਗ ਕੀਤੀ ਸੀ, ਕੈਰੇਵਾਨ ਦੀ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਕੁਝ ਦਿਨਾਂ ਬਾਅਦ ਅਨੁਜ ਨੇ ਅਚਾਨਕ ਇੱਕ ਹੋਰ ਚਿੱਠੀ ਲਿਖੀ ਜਿਸ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਬਾਰੇ ਕੋਈ ਸ਼ੱਕ ਨਹੀਂ ਹੈ।

ਇਹ ਦੋਵੇਂ ਚਿੱਠੀਆਂ 'ਦਿ ਕੈਰੇਵਾਨ' ਮੈਗਜ਼ੀਨ ਮੁਤਾਬਕ ਉਨ੍ਹਾਂ ਨੂੰ ਅਨੁਜ ਲੋਇਆ ਦੇ ਕਰੀਬੀ ਮਿੱਤਰ ਵੱਲੋਂ ਭੇਜੀਆਂ ਗਈਆਂ ਸਨ।

ਲੋਇਆ ਦੀ ਮੌਤ ਦਾ ਮਾਮਲਾ ਅਤੇ ਸੁਪਰੀਮ ਕੋਰਟ

ਜੱਜ ਲੋਇਆ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਬੌਂਬੇ ਲਾਇਰਜ਼ ਐਸੋਸੀਏਸ਼ਨ ਨੇ 4 ਜਨਵਰੀ ਨੂੰ ਬੰਬਈ ਹਾਈਕੋਰਟ 'ਚ ਅਰਜੀ ਦਾਇਰ ਕੀਤੀ।

ਪਰ ਇਸ ਦੌਰਾਨ ਇੱਕ ਕਾਂਗਰਸੀ ਨੇਤਾ ਤਹਸੀਨ ਪੂਨਾਵਾਲਾ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾ ਦਿੱਤਾ।

ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੀ ਪ੍ਰੈਸ ਕਾਨਫਰੰਸ 'ਚ ਜਦੋਂ ਪੁੱਛਿਆ ਗਿਆ ਕਿ ਕੀ ਉਹ ਜਿਸ ਸੰਜੀਦਾ ਕੇਸ ਦੀ ਗੱਲ ਕਰ ਰਹੇ ਹਨ ਉਹ ਜੱਜ ਲੋਇਆ ਦੀ ਮੌਤ ਨਾਲ ਸਬੰਧਿਤ ਹੈ।

ਇਸ ਦੇ ਜਵਾਬ ਵਿੱਚ ਜਸਟਿਸ ਗੋਗੋਈ ਨੇ ਜਵਾਬ ਦਿੱਤਾ ਸੀ - ''ਯੈਸ''

ਸੁਪਰੀਮ ਕੋਰਟ 'ਚ ਜੱਜ ਲੋਇਆ ਦੀ ਮੌਤ 'ਤੇ ਇੱਕ ਹੋਰ ਅਰਜ਼ੀ ਮਹਾਰਾਸ਼ਟਰ ਦੇ ਪੱਤਰਕਾਰ ਬੰਧੂ ਰਾਜ ਲੋਨੇ ਨੇ ਦਾਇਰ ਕੀਤੀ।

Image copyright SAJJAD HUSSAIN/AFP/Getty Images

ਹੁਣ ਇਨ੍ਹਾਂ ਦੋਹਾਂ ਅਰਜੀਆਂ ਨੂੰ ਮਿਲਾ ਕੇ ਇੱਕ ਮਾਮਲਾ ਬਣਾ ਦਿੱਤਾ ਗਿਆ ਹੈ ਅਤੇ ਉਸਦੀ ਸੁਣਵਾਈ ਜਸਟਿਸ ਅਰੁਣ ਮਿਸ਼ਰਾ ਦੀ ਅਦਾਲਤ ਵਿੱਚ ਹੋਵੇਗੀ।

ਲੋਇਆ ਦੀ ਮੌਤ ਦੀ ਜਾਂਚ ਨੂੰ ਲੈ ਕੇ ਕਿਉਂ ਪਿਆ ਰੌਲਾ?

ਸੋਹਰਾਬੂਦੀਨ ਅਨਵਰ ਹੁਸੈਨ ਸ਼ੇਖ਼ ਦਾ 26 ਨਵੰਬਰ 2005 ਦੇ ਫਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ।

ਇਸ ਕਤਲ 'ਚ ਇੱਕ ਚਸ਼ਮਦੀਦ ਗਵਾਹ ਤੁਲਸੀਰਾਮ ਪ੍ਰਜਾਪਤੀ ਵੀ ਦਸੰਬਰ 2006 'ਚ ਇੱਕ ਪੁਲਿਸ ਮੁਕਾਬਲੇ 'ਚ ਮਾਰੇ ਗਏ।

ਸੋਹਾਬੂਦੀਨ ਦੀ ਪਤਨੀ ਕੌਸਰ ਬੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ।

ਇਨ੍ਹਾਂ ਕਤਲਾਂ ਦੇ ਇਲਜ਼ਾਮ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲੱਗੇ ਸਨ। ਇਨ੍ਹਾਂ ਮਾਮਲਿਆਂ 'ਚ ਬਾਅਦ 'ਚ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ।

ਫਿਰ ਸੁਪਰੀਮ ਕੋਰਟ ਦੀ ਦੇਖ-ਰੇਖ ਹੇਠਾਂ ਜਾਂਚ ਚਲਦੀ ਰਹੀ। ਅਦਾਲਤਾਂ ਦੇ ਹੁਕਮਾਂ 'ਤੇ ਅਮਿਤ ਸ਼ਾਹ ਨੂੰ ਰਾਜ ਨਿਕਾਲਾ ਦੇ ਦਿੱਤਾ ਗਿਆ ਸੀ।

ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਗੁਜਰਾਤ ਤੋਂ ਬਾਹਰ ਕਰਨ, ਸੁਣਵਾਈ ਦੌਰਾਨ ਜੱਜ ਦਾ ਤਬਾਦਲਾ ਨਾ ਕਰਨ ਵਰਗੇ ਕਈ ਨਿਰਦੇਸ਼ ਦਿੱਤੇ।

ਸੀਬੀਆਈ ਦੇ ਵਿਸ਼ੇਸ਼ ਜੱਜ ਜੇਟੀ ਉਤਪਤ ਨੇ ਅਮਿਤ ਸ਼ਾਹ ਨੂੰ ਮਈ 2014 'ਚ ਸੰਮਨ ਕੀਤਾ। ਸ਼ਾਹ ਨੇ ਸੁਣਵਾਈ 'ਚ ਹਾਜ਼ਰ ਹੋਣ ਤੋਂ ਛੋਟ ਮੰਗੀ ਪਰ ਜੱਜ ਉਤਪਤ ਨੇ ਇਜਾਜ਼ਤ ਨਾ ਦਿੱਤੀ।

ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 26 ਜੂਨ 2014 ਨੂੰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)