ਬਿਨਾਂ ਲੱਤਾਂ ਤੋਂ ਕਿਵੇਂ ਡਿਊਟੀ ਕਰਦਾ ਹੈ ਇਹ ਥਾਣੇਦਾਰ?

  • ਖ਼ੁਸ਼ਹਾਲ ਲਾਲੀ
  • ਬੀਬੀਸੀ ਪੱਤਰਕਾਰ
ਰਾਮ ਦਿਆਲ

ਸ਼ਾਮ ਦਾ ਵੇਲਾ, ਚੰਡੀਗੜ੍ਹ ਦਾ ਪੁਲਿਸ ਦਾ ਹੈੱਡਕੁਆਟਰ । ਅਚਾਨਕ ਫੋ਼ਨ ਦੀ ਘੰਟੀ ਵੱਜਦੀ ਹੈ। ਭਰਵੇਂ ਜੁੱਸੇ ਵਾਲਾ ਰੋਅਬਦਾਰ ਇੰਸਪੈਕਟਰ ਫ਼ੋਨ ਚੁੱਕਦਿਆਂ ਜਵਾਬ ਦਿੰਦਾ ਹੈ।

ਹੈਲੋ! ਇੰਸਪੈਕਟਰ ਰਾਮ ਦਿਆਲ ਸਪੀਕਿੰਗ... ਹਾਓ ਕੈਨ ਆਈ ਹੈਲਪ ਯੂ

ਰਾਮ ਦਿਆਲ ਭਾਰਤ ਦੇ ਸ਼ਾਇਦ ਇੱਕੋ-ਇੱਕ ਪੁਲਿਸ ਅਫ਼ਸਰ ਹਨ ਜਿਨ੍ਹਾਂ ਦੀਆਂ ਦੋਂਵੇ ਲੱਤਾਂ ਨਹੀਂ ਹਨ ਪਰ ਉਹ ਰੀਅਲ ਪੁਲਸਿੰਗ ਕਰ ਰਹੇ ਹਨ।

ਉਹ ਚੰਡੀਗੜ੍ਹ ਦੇ ਵੱਡੇ ਪੁਲਿਸ ਥਾਣੇ ਦੇ ਬਤੌਰ ਥਾਣੇਦਾਰ ਵਜੋਂ ਡਿਊਟੀ ਵੀ ਕਰਦੇ ਰਹੇ, ਡਰਿੰਕ ਐਂਡ ਡਰਾਈਵ ਵਿਰੋਧੀ ਨਾਕੇ ਵੀ ਲਾਉਂਦੇ ਰਹੇ ਅਤੇ ਪੁਲਿਸ ਆਪਰੇਸ਼ਨਾਂ ਨੂੰ ਵੀ ਅੰਜ਼ਾਮ ਦਿੰਦੇ ਰਹੇ ਹਨ।

ਅੱਜ ਕੱਲ ਉਹ ਚੰਡੀਗੜ੍ਹ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਹਨ।

(ਬੀਬੀਸੀ ਪੰਜਾਬੀ ਇੱਕ ਵਿਸ਼ੇਸ਼ ਲੜੀ ਤਹਿਤ ਕੁਝ ਕਹਾਣੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਰਾਮ ਦਿਆਲ ਤੇ ਉਨ੍ਹਾਂ ਵਰਗੇ ਕੁਝ ਹੋਰ ਪੰਜਾਬੀਆਂ ਵਲੋਂ ਹਿੰਮਤ ਤੇ ਹੌਸਲੇ ਨਾਲ ਅਪੰਗਪੁਣੇ ਦੀਆਂ ਔਕੜਾਂ ਨੂੰ ਪਾਰ ਕਰਨ ਦੀ ਬਾਤ ਪਾਈ ਗਈ ਹੈ।)

ਵੀਡੀਓ ਕੈਪਸ਼ਨ,

ਨਿਰਾਸ਼ਾ ਦੇ ਦੌਰ ਵਿੱਚੋਂ ਨਿਕਲ ਕੇ ਪ੍ਰੇਰਣਾਸਰੋਤ ਬਣਨ ਵਾਲੇ ਥਾਣੇਦਾਰ ਦੀ ਕਹਾਣੀ

ਉਨ੍ਹਾਂ ਨੇ ਧਾਰਨਾਵਾਂ ਨੂੰ ਸੱਚ ਕਰ ਦਿਖਾਇਆ ਹੈ ਕਿ ਪਹਾੜਾਂ 'ਤੇ ਪੈਰ ਨਹੀਂ ਇਰਾਦੇ ਚੜ੍ਹਦੇ ਨੇ ਅਤੇ ਜ਼ਿੰਦਗੀ ਆਪਣੇ ਲਈ ਨਹੀਂ ਦੂਜਿਆਂ ਲਈ ਵੀ ਕੱਟੀ ਜਾ ਸਕਦੀ ਹੈ।

'ਪੜ੍ਹਾਈ ਲਈ ਰਿਕਸ਼ਾ ਚਲਾਇਆ'

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਰਾਮ ਦਿਆਲ ਦੱਸਦੇ ਹਨ, ''ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੁੱਕੜਾਂ ਮੇਰਾ ਜੱਦੀ ਪਿੰਡ ਹੈ।

"ਹੋਸ਼-ਸੰਭਾਲੀ ਤਾਂ ਗੁਰਬਤ ਨਾਲ ਟਾਕਰਾ ਹੋਇਆ। ਵੱਡੇ ਦੋ ਹੋਰ ਭਰਾਵਾਂ ਵਾਂਗ ਮੈਨੂੰ ਵੀ ਗੁਜ਼ਾਰੇ ਲਈ ਮੰਡੀ ਵਿੱਚ ਪੱਲੇਦਾਰੀ ਕਰਨ ਜਾਣਾ ਪਿਆ। ਇੱਥੇ ਤੱਕ ਕਿ ਪੜ੍ਹਾਈ ਦਾ ਖ਼ਰਚ ਚੁੱਕਣ ਲਈ ਰਿਕਸ਼ਾ ਵੀ ਚਲਾਉਣਾ ਪਿਆ।''

ਰਾਮ ਦਿਆਲ ਮੁਤਾਬਕ ਪਰਿਵਾਰ ਦੀ ਗਰੀਬੀ ਅਤੇ ਪੇਂਡੂ ਜੀਵਨ ਦੀਆਂ ਦੁਸ਼ਵਾਰੀਆਂ ਨਾਲ ਜੂਝਦੇ-ਜੂਝਦੇ ਉਹ ਕਾਲਜ ਵਿੱਚ ਕਹਿੰਦੇ-ਕਹਾਉਂਦੇ ਅਥਲੀਟ ਬਣ ਗਏ।

ਕੋਸਵੋ 'ਚ ਸ਼ਾਂਤੀ ਸੈਨਾ 'ਚ ਸੇਵਾ ਨਿਭਾਈ

ਚੰਗੀ ਪੜ੍ਹਾਈ ਤੇ ਖੁੱਲ੍ਹੇ-ਡੁੱਲ੍ਹੇ ਖਿਡਾਰੀਆਂ ਵਾਲੇ ਜੁੱਸੇ ਦੀ ਬਦੌਲਤ ਉਹ ਚੰਡੀਗੜ੍ਹ ਪੁਲਿਸ ਵਿੱਚ ਬਤੌਰ ਸਹਾਇਕ ਸਬ-ਇੰਸਪੈਕਟਰ ਭਰਤੀ ਹੋ ਗਏ। ਇਸੇ ਦੌਰਾਨ ਉਨ੍ਹਾਂ ਦੀ ਚੋਣ ਸੰਯੁਕਤ ਰਾਸ਼ਟਰਜ਼ ਦੀ ਸਾਂਤੀ ਸੈਨਾ ਲਈ ਹੋ ਗਈ।

ਰਾਮ ਦਿਆਲ ਮੁਤਾਬਕ ਇਸ ਮਿਸ਼ਨ ਦੌਰਾਨ ਉਹ ਬਤੌਰ ਤਾਲਮੇਲ ਅਧਿਕਾਰੀ ਭਾਰਤੀ ਦਲ ਵੱਲੋਂ ਕੋਸਵੋ ਸਾਂਤੀ ਸੈਨਾ ਦੇ ਮੁੱਖ ਦਫ਼ਤਰ ਵਿੱਚ ਕੰਮ ਕਰ ਰਹੇ ਸਨ। ਜ਼ਿੰਦਗੀ ਬਹੁਤ ਰੋਂਮਾਂਚ ਭਰਪੂਰ ਤੇ ਸੁਖਦਾਇਕ ਸੀ।

ਪਰ ਅਚਾਨਕ ਉਹ ਵਾਪਰ ਗਿਆ ਜਿਸ ਨੇ ਜ਼ਿੰਦਗੀ ਨੂੰ ਪੁੱਠਾ ਗੇੜਾ ਦੇ ਦਿੱਤਾ। ਕੋਸਵੋ ਸ਼ਾਂਤੀ ਮਿਸ਼ਨ ਦੌਰਾਨ ਛੁੱਟੀ ਵਾਲੇ ਦਿਨ ਉਹ ਜਰਮਨੀ ਵਿੱਚ ਘੁੰਮਣ ਗਏ ਅਤੇ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ।

ਹਾਦਸੇ ਨੇ ਬਦਲੀ ਜ਼ਿੰਦਗੀ

ਰਾਮ ਦਿਆਲ ਨੇ ਦੱਸਿਆ, "ਉਨ੍ਹੀ ਦਿਨੀ ਮੈਂ ਮਿਸ਼ਨ ਦੇ ਮੁੱਖ ਦਫ਼ਤਰ ਵਿੱਚ ਤਾਲਮੇਲ ਅਧਿਕਾਰੀ ਸੀ। ਵੀਕਐਂਡ ਦੀਆਂ ਛੁੱਟੀਆਂ ਦੌਰਾਨ ਮੈਂ ਜਰਮਨੀ ਘੁੰਮਣ ਚਲਾ ਗਿਆ। ਮੈਂ ਪਲੇਟਫਾਰਮ ਉੱਤੇ ਗੱਡੀ ਦੀ ਉਡੀਕ ਵਿੱਚ ਸਾਂ। ਅਚਾਨਕ ਮੈਂ ਤੇਜ਼ ਰਫ਼ਤਾਰ ਰੇਲ ਦੀ ਲਪੇਟ ਵਿੱਚ ਆ ਗਿਆ।"

ਹਮੇਸ਼ਾ ਹੱਸ ਕੇ ਮਿਲਣ ਵਾਲੇ ਰਾਮ ਦਿਆਲ ਆਪਣੀ ਕਹਾਣੀ ਦੱਸਦੇ-ਦੱਸਦੇ ਅਜੀਬ ਜਿਹੇ ਦਰਦ ਦੀ ਗਹਿਰਾਈ ਵਿੱਚ ਡੁੱਬਦੇ ਨਜ਼ਰ ਆਏ।

ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਉਹ ਆਪਣੀ ਗੱਲ ਅੱਗੇ ਤੋਰਦੇ ਹਨ, "ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ, ਮੈਂ ਕਿੰਨੇ ਹਫ਼ਤੇ ਕੋਮਾ ਵਿੱਚ ਰਿਹਾ। ਜਦੋਂ ਹੋਸ਼ ਆਈ ਤਾਂ ਮੈਂ ਆਪਣੇ ਪੈਰਾਂ ਉੱਤੇ ਖੜ੍ਹਨ ਦੇ ਕਾਬਲ ਨਹੀਂ ਸੀ।''

"ਮੇਰੀਆਂ ਦੋਵੇ ਲੱਤਾਂ ਕੱਟੀਆਂ ਜਾ ਚੁੱਕੀਆਂ ਸਨ। ਇੱਕ ਅੱਖ ਨਕਾਰਾ ਹੋ ਗਈ ਅਤੇ ਸਿਰ ਦੇ ਕਈ ਅਪਰੇਸ਼ਨ ਹੋਏ ਸਨ।" ਇੰਨਾ ਕਹਿੰਦੇ ਹੋਏ ਉਨ੍ਹਾਂ ਗਹਿਰਾ ਸਾਹ ਭਰਿਆ ਅਤੇ ਕਮਰੇ ਵਿੱਚ ਇੱਕ ਵਾਰ ਫੇਰ ਚੁੱਪ ਪਸਰ ਗਈ।

ਰਾਮ ਦਿਆਲ ਨੇ ਅੱਗੇ ਕਿਹਾ, "ਉਹ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਪਲ਼ ਸਨ। ਇਹ ਉਹ ਸਮਾਂ ਸੀ ਜਦੋਂ ਜ਼ਿੰਦਗੀ ਨਾਲੋਂ ਮਰ ਜਾਣਾ ਬਿਹਤਰ ਰਾਹ ਲੱਗਣ ਲੱਗਿਆ ਸੀ।''

ਮਨ ਕਰਦਾ ਸੀ ਮਰ ਜਾਵਾਂ

"ਮੰਜੇ ਉੱਤੇ ਪਿਆਂ ਅਤੇ ਵੀਲ੍ਹ ਚੇਅਰ ਉੱਤੇ ਬੈਠਿਆਂ ਜ਼ਿੰਦਗੀ ਖਤਮ ਹੁੰਦੀ ਲੱਗੀ।''

ਉਹ ਕਹਿੰਦੇ ਨੇ, "ਮੇਰੇ ਭਰਾਵਾਂ ਤੇ ਪਰਿਵਾਰ ਨੇ ਮੈਨੂੰ ਮੁੜ ਜਿਉਣ ਦਾ ਮਕਸਦ ਦਿੱਤਾ ਕਿ ਜੇਕਰ ਆਪਣੇ ਦੁੱਖ ਵਿੱਚੋਂ ਨਿਕਲਣਾ ਹੈ ਤਾਂ ਦੂਜਿਆਂ ਲਈ ਜਿਉਣਾ ਸਿੱਖੋ।''

ਰਾਮ ਦਿਆਲ ਮੁਤਾਬਕ ਉਨ੍ਹਾਂ ਤਿੰਨਾਂ ਭਰਾਵਾਂ ਨੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਆਪਣੇ ਪਿੰਡਾਂ ਦੇ ਬੱਚਿਆਂ ਤੋਂ ਸੇਵਾ ਦਾ ਕੰਮ ਸ਼ੁਰੂ ਕੀਤਾ।

ਉਹ ਪਿੰਡਾਂ ਦੇ ਸਹੂਲਤਾਂ ਵਿਹੂਣੇ ਬੱਚਿਆਂ ਨੂੰ ਪੜ੍ਹਾਈ ਲਈ ਕਿਤਾਬਾਂ-ਕਾਪੀਆਂ ਅਤੇ ਵਰਦੀਆਂ ਵੰਡਦੇ, ਪੰਜਵੀਂ ਤੋਂ ਬਾਅਦ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਲਈ ਬੱਚਿਆ ਨੂੰ ਕੋਚਿੰਗ ਦਾ ਪ੍ਰਬੰਧ ਕਰਦੇ ਹਨ। ਹੁਣ ਉਨ੍ਹਾਂ ਦਾ ਇਹ ਮਿਸ਼ਨ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਚੱਲਦਾ ਹੈ।

ਉਹ ਪਿੰਡਾਂ ਦੇ ਬੱਚਿਆਂ ਨੂੰ ਇਤਿਹਾਸਕ ਤੇ ਧਾਰਮਿਕ ਥਾਵਾਂ ਦੀ ਯਾਤਰਾ ਕਰਵਾਉਂਦੇ ਹਨ। ਕਦੇ ਹਾਈਕੋਰਟ ਕਦੇ ਕਿਸੇ ਪੁਲਿਸ ਥਾਣੇ ਅਤੇ ਕਦੇ ਕਿਸੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਨਾਲ ਮਿਲਾਉਂਦੇ ਹਨ।

ਰਾਮ ਦਿਆਲ ਕਹਿੰਦੇ ਨੇ, "ਪਿੰਡਾਂ ਵਿੱਚ ਅਜੇ ਵੀ ਕੁਝ ਨਹੀਂ ਬਦਲਿਆ, ਪੜ੍ਹਾਈ ਹੀ ਇੱਕ ਅਜਿਹਾ ਹਥਿਆਰ ਹੈ ਜਿਸ ਨਾਲ ਸਮਾਜ ਬਦਲਿਆ ਜਾ ਸਕਦਾ ਹੈ, ਨਿਮਾਣਿਆਂ ਨੂੰ ਮਾਣ ਮਿਲ ਸਕਦਾ ਹੈ।''

"ਪਰ ਅਫ਼ਸੋਸ ਪਾੜਾ ਹੋਰ ਵਧ ਗਿਆ ਹੈ। ਇਸ ਲਈ ਸੋਚਿਆ ਕਿ ਆਪਣੀ ਅਪੰਗਤਾ ਨੂੰ ਭੁੱਲਣ ਦਾ ਇੱਕ ਹੀ ਤਰੀਕਾ ਹੈ, ਕਿ ਹੁਣ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਮੁਹਿੰਮ ਉੱਤੇ ਤੁਰੀਏ।"

ਰਾਮ ਦਿਆਲ ਇਸ ਨੂੰ ਮਿਸ਼ਨ ਦਾ ਨਾਂ ਦਿੰਦੇ ਹਨ। ਇਹ ਮਿਸ਼ਨ ਜੋ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਬਲ ਦਿੰਦਾ ਹੈ।

ਮਾਯੂਸੀ 'ਚੋ ਕਿਵੇਂ ਨਿਕਲੇ?

ਰਾਮ ਦਿਆਲ ਨੇ ਦੱਸਿਆ, "ਮੇਰੇ ਪਰਿਵਾਰ ਅਤੇ ਰੁਜ਼ਗਾਰ ਕਾਰਨ ਮੈਂ ਇਸ ਅਪੰਗਤਾ ਦੀ ਮਾਯੂਸੀ ਵਿੱਚੋਂ ਬਾਹਰ ਨਿਕਲਿਆ ਹਾਂ, ਵਰਨਾ ਸਾਡਾ ਸਮਾਜ ਤੇ ਸਰਕਾਰ ਅਪੰਗ ਲੋਕਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ।"

"ਉਹ ਇਨ੍ਹਾਂ ਲੋਕਾਂ ਨੂੰ ਨਕਾਰਾ ਤੇ ਬੋਝ ਸਮਝਦਾ ਹੈ ਪਰ ਮੈਂ ਇਹ ਗੱਲ ਦਾਅਵੇ ਨਾਲ ਕਿਹ ਸਕਦਾ ਹਾਂ ਕਿ ਜੇਕਰ ਉਨ੍ਹਾਂ ਨੂੰ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਮਿਲਣ ਤਾਂ ਉਹ ਮਾਯੂਸੀ ਦੇ ਆਲਮ 'ਚੋ ਬਾਹਰ ਆ ਕੇ ਸਵੈ-ਨਿਰਭਰ ਜ਼ਿੰਦਗੀ ਜੀਅ ਸਕਦੇ ਹਨ।"

ਉਹ ਕਹਿੰਦੇ ਹਨ, "ਮੈਂ ਤਾਂ ਪੜ੍ਹਿਆ ਲਿਖਿਆ ਸੀ ਤੇ ਮੇਰੇ ਕੋਲ ਰੁਜ਼ਗਾਰ ਸੀ ਇਸ ਲਈ ਮੈਂ ਨਿਰਾਸ਼ਾ ਵਿੱਚੋਂ ਬਾਹਰ ਆ ਗਿਆ ਪਰ ਉਨ੍ਹਾਂ ਲੱਖਾਂ ਲੋਕਾਂ ਬਾਰੇ ਸੋਚੋ ਜੋ ਖੇਤਾਂ ਵਿੱਚ ਕੰਮ ਕਰਦਿਆਂ ਨਕਾਰਾ ਹੋ ਜਾਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਤਰ ਤੇ ਤਰਸਯੋਗ ਹੋ ਜਾਂਦੀ ਹੈ।"

"ਸਮੱਸਿਆ ਅਪੰਗਤਾ ਨਹੀਂ ਬਲਕਿ ਅਪੰਗ ਲੋਕਾਂ ਨੂੰ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਨਾ ਦੇ ਕੇ ਨਕਾਰਾ ਸਾਬਤ ਕਰਨ ਦੀ ਮਾਨਸਿਕਤਾ ਦੀ ਹੈ ਇਸ ਲਈ ਪਰਿਵਾਰ, ਸਮਾਜ ਤੇ ਸਰਕਾਰ ਸਭ ਨੂੰ ਮਾਨਸਿਕਤਾ ਬਦਲਣੀ ਪਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)