ਸੋਸ਼ਲ ਮੀਡੀਆ ਨੇ 40 ਸਾਲ ਬਾਅਦ ਕੁਝ ਇਸ ਤਰ੍ਹਾਂ ਵਿਛੜੇ ਭਰਾਵਾਂ ਨੂੰ ਮਿਲਾਇਆ

ਮਣੀਪੁਰ ਤੋਂ ਲਾਪਤਾ ਹੋਏ ਖੋਮਦਰਾਮ ਗੰਭੀਰ ਸਿੰਘ (ਸੱਜੇ) 40 ਬਾਅਦ ਮੁੰਬਈ ਵਿੱਚ ਮਿਲੇ Image copyright Mumbai Police
ਫੋਟੋ ਕੈਪਸ਼ਨ ਮਣੀਪੁਰ ਤੋਂ ਲਾਪਤਾ ਹੋਏ ਖੋਮਦਰਾਮ ਗੰਭੀਰ ਸਿੰਘ (ਸੱਜੇ) 40 ਬਾਅਦ ਮੁੰਬਈ ਵਿੱਚ ਮਿਲੇ

ਯੂਟਿਊਬ 'ਤੇ ਵਾਇਰਲ ਹੋਏ ਇੱਕ ਵੀਡੀਓ ਨੇ 40 ਸਾਲ ਪਹਿਲਾਂ ਲਾਪਤਾ ਹੋਏ ਇੱਕ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ।

ਖੋਮਦਰਾਮ ਗੰਭੀਰ ਸਿੰਘ ਮਣੀਪੁਰ ਸੂਬੇ ਤੋਂ 1978 ਵਿੱਚ ਲਾਪਤਾ ਹੋ ਗਏ ਸਨ। ਉਸ ਵੇਲੇ ਉਨ੍ਹਾਂ ਦੀ ਉਮਰ 27 ਸਾਲ ਦੀ ਸੀ ਅਤੇ ਦਹਾਕਿਆਂ ਤੱਕ ਪਰਿਵਾਰ ਨੂੰ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ ਸੀ।

ਫਿਰ ਇੱਕ ਦਿਨ ਉਨ੍ਹਾਂ ਨੇ ਇੱਕ ਵੀਡੀਓ ਦੇਖੀ, ਜਿਸ ਵਿੱਚ ਪੈਸਿਆਂ ਲਈ ਉਹ 3300 ਕਿਲੋਮੀਟਰ ਦੂਰ ਮੁੰਬਈ ਦੀਆਂ ਗਲੀਆਂ ਵਿੱਚ ਹਿੰਦੀ ਗਾਣਾ ਗਾ ਰਹੇ ਸਨ ਅਤੇ ਉਨ੍ਹਾਂ ਦੇ ਭਰਾ ਨੇ ਉਸ ਵੇਲੇ ਉਨ੍ਹਾਂ ਨੂੰ ਪਛਾਣ ਲਿਆ।

ਪੁਲਿਸ ਦੀ ਮਦਦ ਨਾਲ ਖੋਮਦਰਾਮ ਜੋ ਕਿ ਇੱਕ ਸਾਬਕਾ ਫੌਜੀ ਸਨ ਅਤੇ ਹੁਣ ਉਨ੍ਹਾਂ ਦੀ ਉਮਰ 66 ਸਾਲ ਹੋ ਗਈ ਹੈ, ਪੁਲਿਸ ਦੀ ਮਦਦ ਨਾਲ ਵੀਰਵਾਰ ਨੂੰ ਮਣੀਪੁਰ ਆਪਣੇ ਘਰ ਆ ਗਏ ਹਨ।

ਖੋਮਦਰਾਮ ਦੇ ਭਰਾ ਖੋਮਦਰਾਮ ਕੁਲਾਚੰਦਰਾ ਨੇ ਦਿ ਹਿੰਦੂ ਅਖ਼ਬਾਰ ਨੂੰ ਦੱਸਿਆ, "ਮੇਰੇ ਇੱਕ ਭਤੀਜੇ ਨੇ ਮੈਨੂੰ ਇਹ ਵੀਡੀਓ ਦਿਖਾਈ। ਅਸੀਂ ਤਾਂ ਉਨ੍ਹਾਂ ਨੂੰ ਜ਼ਿੰਦਾ ਦੇਖਣ ਦੀਆਂ ਸਾਰੀਆਂ ਆਸਾਂ ਗੁਆ ਚੁੱਕੇ ਸੀ।"

ਖੋਮਦਰਾਮ ਆਪਣੇ ਪਰਿਵਾਰ ਨੂੰ ਮੁੰਬਈ ਦੇ ਇੱਕ ਫੋਟੋਗ੍ਰਾਫ਼ਰ ਫ਼ਿਰੋਜ਼ ਸ਼ਾਕਰੀ ਕਾਰਨ ਮਿਲੇ ਜੋ ਉੱਥੋਂ ਦੀਆਂ ਗਲੀਆਂ ਦੀਆਂ ਵੀਡੀਓ ਬਣਾ ਕੇ ਸਾਂਝੀਆਂ ਕਰਦੇ ਸਨ।

ਸ਼ਾਕਰੀ ਦਾ ਕਹਿਣਾ ਹੈ, "ਉਹ ਭਿਖਾਰੀ ਵਾਂਗ ਪੁਰਾਣੇ ਹਿੰਦੀ ਗਾਣੇ ਗਾ ਕੇ ਪੈਸੇ ਇਕੱਠੇ ਕਰ ਰਹੇ ਸਨ।"

ਪੁਲਿਸ ਨੇ ਮਣੀਪੁਰ ਦੀ ਰਾਜਧਾਨੀ ਤੋਂ ਮੁੰਬਈ ਪੁਲਿਸ ਨੂੰ ਖੋਮਦਰਾਮ ਦੀ ਇੱਕ ਫੋਟੋ ਭੇਜੀ ਗਈ ਅਤੇ ਅਖ਼ੀਰ ਉਹ ਬਾਂਦਰਾ ਵਿੱਚ ਮਿਲੇ।

ਇੰਸਪੈਕਟਰ ਪੰਡਿਤ ਠਾਕਰੇ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦੀ ਹਾਲਤ ਠੀਕ ਨਹੀਂ ਸੀ।"

ਉਨ੍ਹਾਂ ਨੇ ਕਿਹਾ ਕਿ ਖੋਮਦਰਾਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਭਾਰਤੀ ਫੌਜ ਦੇ ਸਾਬਕਾ ਫੌਜੀ ਹਨ ਅਤੇ 1978 ਵਿੱਚ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਸੀ ਕਿਉਂਕਿ ਉਹ ਖੁਸ਼ ਨਹੀਂ ਸਨ। ਉਦੋਂ ਤੋਂ ਉਹ ਮੁੰਬਈ ਰਹਿ ਰਹੇ ਸਨ ਅਤੇ ਕਦੇ ਭੀਖ ਮੰਗ ਕੇ ਕਮਾ ਲੈਂਦੇ ਸਨ ਤੇ ਕਦੇ ਦਿਹਾੜੀ ਕਰਕੇ।

ਪੁਲਿਸ ਨੇ ਉਨ੍ਹਾਂ ਨੂੰ ਲੱਭਣ ਤੋਂ ਬਾਅਦ ਉਨ੍ਹਾਂ ਦੀ ਫੋਟੋ ਇੰਫਾਲ ਭੇਜੀ। ਠਾਕਰੇ ਦਾ ਕਹਿਣਾ ਹੈ, "ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਖੋਮਦਰਾਮ ਨੇ ਆਪਣੇ ਛੋਟੇ ਭਰਾ ਨਾਲ ਵੀ ਗੱਲ ਕੀਤੀ।"

ਮੁੰਬਈ ਪੁਲਿਸ ਨੇ ਇਸ ਪਰਿਵਾਰਕ ਮੇਲ ਨੂੰ ਟਵੀਟ ਰਾਹੀਂ ਸਾਂਝਾ ਕੀਤਾ।

ਸ਼ਕੀਰ ਨੇ ਵੀ ਉਨ੍ਹਾਂ ਦੀਆਂ ਮੁੰਬਈ ਤੋਂ ਵਿਦਾ ਹੋਣ ਅਤੇ ਇੰਫਾਲ ਪਹੁੰਚਣ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ।

ਦਿ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਰਹਿਣ ਲਈ ਪਰਿਵਾਰ ਅਤੇ ਗੁਆਂਢੀਆਂ ਵੱਲੋਂ ਇੱਕ ਨਵਾਂ ਘਰ ਤਿਆਰ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)