ਫਿਲਮ 'ਨਾਨਕ ਸ਼ਾਹ ਫਕੀਰ' ਬਾਬਤ 'ਹਨੇਰੇ ਵਿੱਚ ਚਲਦੀਆਂ ਤਲਵਾਰਾਂ'

ਨਾਨਕ ਸ਼ਾਹ ਫਕੀਰ ਫਿਲਮ ਖਿਲਾਫ਼ ਪ੍ਰਦਰਸ਼ਨ Image copyright Getty Images

ਫ਼ਿਲਮ 'ਨਾਨਕ ਸ਼ਾਹ ਫਕੀਰ' ਉੱਤੇ ਪਾਬੰਦੀ ਲਾਉਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਸੁਣਵਾਈ ਹੋਵੇਗੀ।

ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਮਾਮਲਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਹੀ ਤਰੀਕੇ ਨਾਲ ਦਿਖਾਈ ਗਈ ਹੈ ਜਾਂ ਨਹੀਂ।

'ਨਾਨਕ ਸ਼ਾਹ ਫਕੀਰ' ਨਾਮ ਦੀ ਫਿਲਮ ਬਾਬਤ ਹੁੰਦੀ ਬਹਿਸ ਵਿੱਚ ਸ਼ਰਧਾ ਭਾਰੂ ਰਹੀ ਹੈ ਅਤੇ ਬਹੁਤ ਸਾਰੀ ਜਾਣਕਾਰੀ ਇਸ ਸਮੁੱਚੀ ਚਰਚਾ ਦਾ ਹਿੱਸਾ ਨਹੀਂ ਬਣ ਸਕੀ।

ਇਸ ਮਾਮਲੇ ਨੂੰ ਸਮਝਣ ਅਤੇ ਸਮੁੱਚੀ ਬਹਿਸ ਦੇ ਖੱਪਿਆਂ ਦੀ ਨਿਸ਼ਾਨਦੇਹੀ ਕਰਨ ਲਈ ਬੀਬੀਸੀ ਪੰਜਾਬੀ ਨੇ ਕੁਝ ਵਿਦਵਾਨਾਂ ਨਾਲ ਗੱਲਬਾਤ ਕੀਤੀ।

ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਮਸਲਿਆਂ ਬਾਬਤ ਲਗਾਤਾਰ ਲਿਖਦੇ-ਬੋਲਦੇ ਹਨ।

ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਸਿੱਖ ਗੁਰੂ ਪੈਗੰਬਰ ਹੈ ਜੋ ਇਲਾਹੀ ਬਾਣੀ ਅਤੇ ਪ੍ਰਮਾਤਮਾ ਦਾ ਹਰਕਾਰਾ ਹੈ। ਉਨ੍ਹਾਂ ਦੀ ਬਾਣੀ ਗਿਆਨ ਦਾ ਮੁੰਕਮਲ ਰੂਪ ਹੈ।"

"ਇਸ ਪੱਧਰ ਦੀ ਸੱਚਾਈ ਨੂੰ ਮਨੁੱਖ ਸਮਝ ਤੱਕ ਨਹੀਂ ਸਕਦਾ ਅਤੇ ਉਨ੍ਹਾਂ ਦੀ ਪੇਸ਼ਕਾਰੀ ਤਾਂ ਨਾਮੁਮਨਿਕ ਹੈ। ਨਾਨਕ ਕਦੇ ਵੀ ਫ਼ਕੀਰ ਨਹੀਂ ਹੋ ਸਕਦਾ। ਫ਼ਕੀਰ ਤਾਂ ਸਿਰਫ਼ ਮੰਗਤਾ ਹੈ ਅਤੇ ਸਮਾਜ ਦਾ ਹਿੱਸਾ ਨਹੀਂ ਹੈ।"

ਗੁਰਦਰਸ਼ਨ ਸਿੰਘ ਢਿੱਲੋਂ ਇਸ ਸਮੁੱਚੇ ਮਾਮਲੇ ਨੂੰ ਸਿਆਸੀ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਸਿਆਸੀ ਇਸ਼ਾਰਿਆਂ ਤੋਂ ਬਿਨਾਂ ਇਸ ਮਾਮਲੇ ਨਾਲ ਜੁੜੇ ਅਦਾਰੇ ਅਤੇ ਅਹੁਦੇਦਾਰ ਕੁਝ ਨਹੀਂ ਕਰ ਸਕਦੇ।

ਉਨ੍ਹਾਂ ਦਾ ਕਹਿਣਾ ਹੈ, "ਸਾਨੂੰ ਇਹ ਜਾਣਨ ਦਾ ਹੱਕ ਹੈ ਕਿ ਪਰਦੇ ਪਿੱਛੇ ਕੀ ਗੱਲਬਾਤ ਹੋਈ। ਜੇ ਕੋਈ ਕਮੇਟੀ ਬਣੀ ਸੀ ਤਾਂ ਉਸ ਦੀ ਕਾਰਵਾਈ ਪੰਥ ਸਾਹਮਣੇ ਪੇਸ਼ ਕੀਤੀ ਜਾਣੀ ਚਾਹੀਦੀ ਹੈ।"

Image copyright Gurpreet Chawla/BBC
ਫੋਟੋ ਕੈਪਸ਼ਨ ਬਟਾਲਾ ਵਿੱਚ ਫਿਲਮ ਦੇ ਖਿਲਾਫ ਪ੍ਰਦਰਨ ਦਾ ਦ੍ਰਿਸ਼

ਇਸ ਫਿਲਮ ਉੱਤੇ ਪਾਬੰਦੀ ਦੀ ਮੰਗ ਅਤੇ ਪਾਬੰਦੀ ਲਾਗੂ ਕਰਨ ਦੀ ਦਲੀਲ ਸਭ ਦੇ ਸਾਹਮਣੇ ਹੈ ਪਰ ਫਿਲਮ ਦੇ ਪੱਖ ਵਿੱਚ ਕੋਈ ਸਪਸ਼ਟ ਦਲੀਲ ਸਾਹਮਣੇ ਨਹੀਂ ਆਈ।

ਫਿਲਮ ਬਣਨ ਜਾਂ ਇਸ ਨੂੰ ਬਣਾਉਣ ਦੀ ਦਲੀਲ ਸਿਰਫ਼ ਇਸ ਦੇ ਵਿਰੋਧੀ ਹੀ ਆਪਣੀ ਸਮਝ ਜਾਂ ਸਿਆਸਤ ਮੁਤਾਬਕ ਪੇਸ਼ ਕਰ ਰਹੇ ਹਨ। ਇਸ ਤਰ੍ਹਾਂ ਫਿਲਮ ਦੇ ਪੱਖ ਦੀ ਦਲੀਲ ਨੂੰ ਉਸਾਰਨ ਵਿੱਚ ਇਸ ਦੇ ਵਿਰੋਧੀਆਂ ਦੀ ਸਮਝ ਭਾਰੂ ਹੈ।

'ਗੱਲਬਾਤ ਦੀ ਤਫ਼ਸੀਲ ਸੰਗਤ ਨੂੰ ਮਿਲੇ'

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਹਰਪਾਲ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮਰਿਆਦਾ ਬਹੁਤ ਸਪਸ਼ਟ ਹੈ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਅਤੇ ਪੰਜ ਪਿਆਰਿਆਂ ਨੂੰ ਅਦਾਕਾਰੀ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਸਾਰੇ ਕਿਰਦਾਰਾਂ ਦਾ ਫਿਲਮਾਂਕਣ ਵੀ ਨਹੀਂ ਕੀਤਾ ਜਾ ਸਕਦਾ।

ਪੰਨੂ ਨੇ ਕਿਹਾ, "1934 ਵਿੱਚ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕੀ ਕਮੇਟੀ ਦਾ ਮਤਾ ਸ਼੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਅਜਿਹੀ ਫਿਲਮ ਨੂੰ ਪ੍ਰਵਾਨਗੀ ਦੇਣ ਦਾ ਮਾਅਨਾ ਸਮਝ ਨਹੀਂ ਆਉਂਦਾ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਦਾ ਇਹ ਮਤਾ ਡਾ. ਮਾਨ ਸਿੰਘ ਨਿਰੰਕਾਰੀ ਦੀ ਪ੍ਰਕਾਸ਼ਿਤ ਅਤੇ ਡਾ. ਕਿਰਪਾਲ ਸਿੰਘ ਦੀ ਸੰਪਾਦਤ ਕਿਤਾਬ 'ਪੰਥਕ ਮਤੇ' ਵਿੱਚ ਪੰਨਾ ਨੰਬਰ ਗਿਆਰਾਂ ਉੱਤੇ ਦਰਜ ਹੈ।

ਇਸ ਨੂੰ ਪ੍ਰਵਾਨ ਕਰਨ ਵੇਲੇ 20 ਫਰਵਰੀ 1934 ਨੂੰ ਪ੍ਰੋ, ਜੋਧ ਸਿੰਘ, ਪ੍ਰੋ. ਤੇਜਾ ਸਿੰਘ, ਜਥੇਦਾਰ ਮੋਹਨ ਸਿੰਘ ਅਤੇ ਭਾਈ ਪਰਮਾਨੰਤ ਸਿੰਘ ਹਾਜ਼ਿਰ ਸਨ। ਇਨ੍ਹਾਂ ਤੋਂ ਇਲਾਵਾ ਕਾਹਨ ਸਿੰਘ ਨਾਭਾ ਨੇ ਲਿਖਤੀ ਰਾਇ ਭੇਜੀ ਸੀ।

'ਸਿੱਖੀ 'ਤੇ ਫ਼ਿਲਮਾਂ' ਦੇ ਸਿਰਲੇਖ ਹੇਠ ਦਰਜ ਇਸ ਮਤੇ ਦੀ ਪਹਿਲੀ ਸਤਰ ਅਹਿਮ ਹੈ: "ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਇ ਵਿੱਚ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂ ਪੁਰਖਾਂ, ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫ਼ਿਲਮਾਂ ਬਨੌਣੀਆਂ ਸਿੱਖ ਅਸੂਲਾਂ ਦੇ ਵਿਰੁਧ ਹੈ, ਇਸ ਲਈ ਉਨ੍ਹਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।"

ਹਰਪਾਲ ਸਿੰਘ ਪੰਨੂ ਦਾ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਫਿਲਮਸਾਜ਼ ਹਰਿੰਦਰ ਸਿੰਘ ਸਿੱਕਾ ਵਿਚਕਾਰ ਹੋਈ ਗੱਲਬਾਤ ਦੀ ਤਫ਼ਸੀਲ ਸੰਗਤ ਨੂੰ ਮਿਲਣੀ ਚਾਹੀਦੀ ਹੈ।

ਉਨ੍ਹਾਂ ਕਿਹਾ, "ਹਰ ਚੜ੍ਹਾਵਾ ਚੜ੍ਹਾਉਣ ਵਾਲੇ ਸ਼ਰਧਾਲੂ ਨੂੰ ਇਹ ਜਾਣਨ ਦਾ ਹੱਕ ਹੈ ਕਿ ਦੋਵਾਂ ਧਿਰਾਂ ਵਿੱਚ ਕੀ ਗੱਲਬਾਤ ਹੋਈ ਅਤੇ ਕਿਨ੍ਹਾਂ ਮੁੱਦਿਆਂ ਬਾਬਤ ਸਹਿਮਤੀ ਜਾਂ ਅਸਹਿਮਤੀ ਬਣੀ।"

Image copyright Gurpreet Chawla/BBC
ਫੋਟੋ ਕੈਪਸ਼ਨ ਬਟਾਲੇ ਵਿੱਚ ਨਾਨਕਸ਼ਾਹ ਫਕੀਰ ਬਾਰੇ ਪ੍ਰਦਰਸ਼ਨ

ਇਸ ਸਾਰੀ ਤਫ਼ਸੀਲ ਤੋਂ ਬਿਨਾਂ ਇਹ ਸਮਝਣਾ ਮੁਸ਼ਕਲ ਹੈ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਕੀ ਸਨ ਅਤੇ ਉਨ੍ਹਾਂ ਵਿਚਕਾਰ ਕਿਸ ਤਰ੍ਹਾਂ ਮਰਿਆਦਾ ਦੇ ਮੁੱਦਿਆਂ ਉੱਤੇ ਸਹਿਮਤੀ ਬਣੀ। ਸ਼੍ਰੋਮਣੀ ਕਮੇਟੀ ਦੀਆਂ ਜਾਰੀ ਕੀਤੀਆਂ ਚਿੱਠੀਆਂ ਵਿੱਚ ਉਨ੍ਹਾਂ ਦੀ ਫਿਲਮ ਨਾਲ ਸਹਿਮਤੀ ਸਪਸ਼ਟ ਹੈ। ਇਹ ਚਿੱਠੀਆਂ ਸਹਿਮਤੀ ਜਤਾਉਣ ਲਈ ਫਿਲਮਸਾਜ਼ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ 'ਮੰਨਜ਼ੂਰਸ਼ੁਦਾ ਧਾਰਮਿਕ ਫਿਲਮ 'ਨਾਨਕ ਸ਼ਾਹ ਫਕੀਰ' ਦੇ ਪ੍ਰਚਾਰ' ਲਈ ਹਦਾਇਤ ਕੀਤੀ ਗਈ ਹੈ।

ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਇਸ ਮਾਮਲੇ ਦੀ ਸੰਜੀਦਗੀ ਨੂੰ ਸਮਝਣ ਵਿੱਚ ਨਾਕਾਮਯਾਬ ਰਹੀਆਂ ਹਨ।

'ਤਵਾਜ਼ਨ ਸਿੱਖ ਸੋਚ ਦੀ ਪੇਸ਼ਕਾਰੀ ਵੇਲੇ ਵੀ ਕਾਇਮ ਰੱਖਣਾ ਜ਼ਰੂਰੀ'

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਕੋਲ ਅਜਿਹੇ ਮਾਮਲਿਆਂ ਉੱਤੇ ਅਗਵਾਈ ਕਰਨ ਵਾਲਾ ਕੋਈ ਅਦਾਰਾ ਨਹੀਂ ਹੈ। ਉਨ੍ਹਾਂ ਨੇ ਫਿਲਮਸਾਜ਼ ਹਰਿੰਦਰ ਸਿੰਘ ਸਿੱਕਾ ਨੂੰ ਸਲਾਹ ਦਿੱਤੀ ਸੀ ਕਿ ਗੁਰੂ ਦਾ ਕਿਰਦਾਰ ਕਿਸੇ ਅਦਾਕਾਰ ਨੂੰ ਨਹੀਂ ਨਿਭਾਉਣਾ ਚਾਹੀਦਾ।

ਫਿਲਮਸਾਜ਼ ਨੇ ਗੁਰੂ ਦੀ ਹਾਜ਼ਰੀ ਦਰਸਾਉਣ ਲਈ ਰੌਸ਼ਨੀਆਂ ਅਤੇ ਐਨੀਮੇਸ਼ਨ ਦੀ ਵਰਤੋਂ ਕੀਤੀ ਹੈ।

ਉਨ੍ਹਾਂ ਕਿਹਾ, "ਸਿੱਖ ਧਰਮ ਬਹੁਤ ਨਾਜ਼ੁਕ ਮਾਮਲਾ ਹੈ। ਇਹ ਹਿੰਦੂ ਧਰਮ ਅਤੇ ਇਸਲਾਮ ਵਿਚਕਾਰ ਬਹੁਤ ਤਵਾਜ਼ਨ ਬਣਾ ਕੇ ਚੱਲਦਾ ਹੈ। ਇਸ ਤਵਾਜ਼ਨ ਦੇ ਕਿਸੇ ਪਾਸੇ ਵੀ ਡੋਲ ਜਾਣ ਨਾਲ ਇੱਕ ਪਾਸੇ ਨਾਲ ਟਕਰਾਅ ਹੋ ਜਾਂਦਾ ਹੈ। ਇਹ ਤਵਾਜ਼ਨ ਸਿੱਖ ਸੋਚ ਦੀ ਪੇਸ਼ਕਾਰੀ ਵੇਲੇ ਵੀ ਕਾਇਮ ਰੱਖਣਾ ਜ਼ਰੂਰੀ ਹੈ।"

Image copyright Gurdarshan Arifke/BBC
ਫੋਟੋ ਕੈਪਸ਼ਨ ਫਿਰੋਜ਼ਪੁਰ ਵਿੱਚ ਅਕਾਲੀ ਦਲ (ਮਾਨ) ਨੇ ਡੀਸੀ ਕੰਪਲੈਕਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ ਦਿੱਤਾ।

ਮੌਜੂਦਾ ਵਿਵਾਦ ਬਾਬਤ ਉਨ੍ਹਾਂ ਦਾ ਕਹਿਣਾ ਹੈ, "ਜ਼ਿਆਦਾ ਤਾਂ ਰੌਲਾ ਹੀ ਹੈ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਦੋਵਾਂ ਪਾਸਿਆਂ ਨੇ ਇੱਕ-ਦੂਜੇ ਨਾਲ ਕੀ ਚਰਚਾ ਕੀਤੀ। ਇਹ ਪਤਾ ਲੱਗਣ ਤੋਂ ਬਿਨਾਂ ਤਾਂ ਹਨੇਰੇ ਵਿੱਚ ਤਲਵਾਰਾਂ ਚਲਾਉਣ ਵਾਲੀ ਗੱਲ ਹੈ। ਇਸ ਤਰ੍ਹਾਂ ਦੀ ਤਲਵਾਰਬਾਜ਼ੀ ਵਰਗੀ ਬਿਆਨਬਾਜ਼ੀ ਤੋਂ ਤਾਂ ਗੁਰੇਜ਼ ਹੀ ਹੋਣਾ ਚਾਹੀਦਾ ਹੈ।"

ਨਾਨਕ ਪ੍ਰਕਾਸ਼ ਪਤ੍ਰਿਕਾ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਿਹਬ ਅਧਿਐਨ ਵਿਭਾਗ ਦੇ ਮੁਖੀ ਸਰਬਜਿੰਦਰ ਸਿੰਘ ਸਿੱਧਾ ਸੁਆਲ ਕਰਦੇ ਹਨ, "ਫਿਲਮਸਾਜ਼ ਨਾਲ ਚਰਚਾ ਕਰਨ ਵਾਲੀ ਕਮੇਟੀ ਵਿੱਚ ਨਾ ਤਾਂ ਕੋਈ ਵਿਸ਼ਾ ਮਾਹਿਰ ਸੀ ਅਤੇ ਨਾ ਹੀ ਕੋਈ ਕਲਾ ਮਾਹਿਰ ਸੀ। ਜਦੋਂ ਇਨ੍ਹਾਂ ਦੀ ਕੋਈ ਯੋਗਤਾ ਨਹੀਂ ਤਾਂ ਇਹ ਫ਼ੈਸਲੇ ਕਿਉਂ ਕਰਦੇ ਹਨ ਅਤੇ ਮੁੜ ਕੇ ਫ਼ੈਸਲਿਆਂ ਤੋਂ ਪਲਟੀ ਕਿਉਂ ਮਾਰਦੇ ਹਨ?"

ਉਹ ਅੱਗੇ ਸੁਆਲ ਕਰਦੇ ਹਨ, "ਜਦੋਂ ਸਾਨੂੰ ਇਹ ਹੀ ਨਹੀਂ ਪਤਾ ਕਿ ਅੰਦਰ ਕੀ ਖਿਚੜੀ ਪੱਕੀ ਹੈ ਤਾਂ ਅਸੀਂ ਉਨ੍ਹਾਂ ਦੀ ਨੀਅਤ ਉੱਤੇ ਤਾਂ ਸੁਆਲ ਕਰ ਸਕਦੇ ਹਾਂ ਪਰ ਠੋਸ ਦਲੀਲ ਕਿਵੇਂ ਉਸਾਰ ਸਕਦੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)