ਪੰਜਾਬ ਦੇ 'ਅੱਧੇ' ਸਮਝੇ ਜਾਂਦੇ ਬੰਦਿਆਂ' ਦੀ ਪੂਰੀ ਕਹਾਣੀ: #DifferentlyAbled

ਭੋਲਾ ਸਿੰਘ, ਕਿਸਾਨ, ਬਰਨਾਲਾ Image copyright Sukhcharan Preet/BBC
ਫੋਟੋ ਕੈਪਸ਼ਨ ਬਰਨਾਲਾ ਦੇ ਕਾਲੇਕੇ ਪਿੰਡ ਦੇ ਕਿਸਾਨ ਭੋਲਾ ਸਿੰਘ ਨੇ ਇੱਕ ਹੱਥ ਵੱਢੇ ਜਾਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ ।

ਜੇ ਕਿਸੇ ਵਿਅਕਤੀ ਦਾ ਕਿਸੇ ਹਾਦਸੇ ਦੌਰਾਨ ਕੋਈ ਅੰਗ ਕੱਟਿਆ ਜਾਵੇ ਤਾਂ ਕੀ ਉਹ ਅੱਧਾ ਰਹਿ ਜਾਂਦਾ ਹੈ। ਕੀ ਉਸ ਦੀਆਂ ਲੋੜਾਂ ਵੀ ਅੱਧੀਆਂ ਹੋ ਜਾਂਦੀਆਂ ਨੇ, ਜਾਂ ਫ਼ਿਰ ਉਹ ਸਰੀਰਕ ਤੇ ਮਾਨਸਿਕ ਤੌਰ ਉੱਤੇ ਕਮਜ਼ੋਰ ਹੋ ਜਾਂਦਾ ਹੈ।

ਭਾਰਤੀ ਸਮਾਜ ਦੀ ਮਾਨਸਿਕਤਾ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਸ ਦਾ ਉੱਤਰ 'ਹਾਂ' ਵਿੱਚ ਹੈ ਪਰ ਜੇ ਹਾਦਸਿਆਂ ਵਿੱਚ ਨਕਾਰਾ ਹੋਏ ਲੋਕਾਂ ਦੀ ਜ਼ਿੰਦਗੀ ਨੂੰ ਘੋਖੀਏ ਤਾਂ ਇਹ ਉੱਤਰ ਬਿਨਾਂ ਸ਼ੱਕ 'ਨਾਂਹ' ਵਿੱਚ ਬਣਦਾ ਹੈ।

ਬੀਬੀਸੀ ਪੰਜਾਬੀ ਵਲੋਂ ਆਪਣੀ ਵਿਸ਼ੇਸ਼ ਲੜੀ (ਪਰਾਂ ਬਿਨ ਪਰਵਾਜ਼-06)ਤਹਿਤ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕੁਝ ਕਿਸਾਨਾਂ ਤੇ ਮਜ਼ਦੂਰਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬ ਦੇ 'ਅੱਧੇ' ਸਮਝੇ ਜਾਂਦੇ ਬੰਦਿਆਂ' ਦੀ ਪੂਰੀ ਕਹਾਣੀ

ਮਾਯੂਸ ਲੋਕਾਂ ਲਈ ਪ੍ਰੇਰਣਾ ਸਰੋਤ

ਕਿਰਸਾਨੀ ਦਾ ਕੰਮ ਕਰਦਿਆਂ ਇਹ ਖੇਤੀ ਹਾਦਸਿਆਂ ਵਿੱਚ ਨਕਾਰਾ ਹੋ ਗਏ, ਸਰੀਰਕ ਅੰਗਾਂ ਦੇ ਕੱਟੇ ਜਾਣ ਅਤੇ ਕਿਰਸਾਨੀ ਜੀਵਨ ਦੀ ਗੁਰਬਤ ਨਾਲ ਲੜਨ ਵਾਲੇ ਇਨ੍ਹਾਂ ਲੋਕਾਂ ਦੀ ਕਹਾਣੀ ਜ਼ਿੰਦਗੀ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਮਾਯੂਸ ਲੋਕਾਂ ਲਈ ਪ੍ਰੇਰਣਾ ਸਰੋਤ ਹੈ।

ਬਰਨਾਲਾ ਦੇ ਪਿੰਡ ਕਾਲੇਕੇ ਦੇ ਰਹਿਣ ਵਾਲੇ ਭੋਲਾ ਸਿੰਘ ਨੂੰ ਉਹ ਹਾਦਸਾ ਅੱਜ ਵੀ ਯਾਦ ਹੈ।ਵੀਹ ਸਾਲ ਪਹਿਲਾਂ ਜਦੋਂ ਉਹ ਪਸ਼ੂਆਂ ਲਈ ਚਾਰਾ ਕੁਤਰ ਰਹੇ ਸੀ ਤਾਂ ਕੁਤਰੇ ਵਾਲੀ ਮਸ਼ੀਨ ਵਿੱਚ ਫਸ ਕੇ ਉਨ੍ਹਾਂ ਦਾ ਹੱਥ ਕੱਟਿਆ ਗਿਆ।

ਹਿੰਮਤੀ ਕਿਸਾਨ ਭੋਲਾ ਸਿੰਘ

ਦੋ ਦਹਾਕੇ ਬਾਅਦ ਵੀ ਭੋਲਾ ਸਿੰਘ ਲਈ ਇਸ ਹਾਦਸੇ ਨੂੰ ਭੁਲਾਉਣਾ ਸੌਖਾ ਨਹੀਂ ਹੈ।ਭੋਲਾ ਸਿੰਘ ਨੂੰ ਇਹ ਹਾਦਸਾ ਇਸ ਲਈ ਵੀ ਅਸਿਹ ਲੱਗਦਾ ਹੈ ਕਿਉਂਕਿ ਮਹਿਜ਼ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਤੇ ਖੇਤੀ ਕਰਨ ਵਾਲੇ ਕਿਸਾਨ ਲਈ ਜ਼ਿੰਦਗੀ ਉਂਜ ਵੀ ਬਹੁਤੀ ਸੁਖਾਲੀ ਨਹੀਂ ਹੁੰਦੀ।

ਭੋਲਾ ਸਿੰਘ ਦੱਸਦੇ ਹਨ, " ਵੀਹ ਸਾਲ ਪਹਿਲਾਂ ਇਹ ਹਾਦਸਾ ਹੋਇਆ ਸੀ,ਅੱਜ ਵੀ ਵੱਢੇ ਹੱਥ ਨਾਲ ਦਾਤੀ ਬੰਨ੍ਹ ਕੇ ਪੱਠੇ ਵੱਢਦਾ ਹਾਂ।ਜਾਇਦਾਦ ਤਾਂ ਬੱਸ ਚਾਰ ਵਿੱਘੇ ਹੀ ਆ।ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ।"ਆਪਣੀ ਮਿਹਨਤ ਨਾਲ ਹੀ ਗੁਜ਼ਾਰਾ ਕਰਦੇ ਆਂ।

ਅਪੰਗ ਖੇਤ ਮਜ਼ਦੂਰ ਦੀ ਜ਼ਿੰਦਗੀ

ਕਾਲੇਕੇ ਦੇ ਹੀ ਰਹਿਣ ਵਾਲੇ ਗੁਰਮੇਲ ਸਿੰਘ ਜਵਾਨੀ ਪਹਿਰੇ ਜ਼ਿਮੀਂਦਾਰਾਂ ਨਾਲ ਸੀਰੀ ਰਲਦੇ ਰਹੇ ਹਨ।

Image copyright Sukhcharan Preet/BBC
ਫੋਟੋ ਕੈਪਸ਼ਨ ਗੁਰਮੇਲ ਸਿੰਘ ਦਿਹਾੜੀ ਪੂਰੀ ਲਾਉਂਦਾ ਹੈ ਪਰ ਪੈਸੇ ਅੱਧੀ ਦਿਹੜੀ ਦੇ ਮਿਲਦੇ ਹਨ।

ਸਤਾਰਾਂ ਸਾਲ ਪਹਿਲਾਂ ਜਦੋਂ ਉਹ ਕਿਸੇ ਕਿਸਾਨ ਨਾਲ ਦਿਹਾੜੀ ਗਏ ਸਨ ਤਾਂ ਪੱਠੇ ਕੁਤਰਦੇ ਸਮੇਂ ਵਾਪਰੇ ਹਾਦਸੇ ਵਿੱਚ ਖੱਬੀ ਬਾਂਹ ਕੱਟੀ ਗਈ।

ਵੀਹ ਸਾਲ ਦੀ ਉਮਰ ਵਿੱਚ ਇੱਕ ਮਜ਼ਦੂਰ ਦੀ ਬਾਂਹ ਕੱਟੇ ਜਾਣ ਨਾਲੋਂ ਵੀ ਵੱਡੀ ਤਰਾਸਦੀ ਦਿਹਾੜੀਦਾਰ ਬੰਦੇ ਲਈ ਜ਼ਿੰਦਗੀ ਜਿਊਣ ਦਾ ਸੰਘਰਸ਼ ਹੁੰਦਾ ਹੈ ਜਿਹੜਾ ਅਣਚਾਹਿਆਂ ਕਰਨਾ ਹੀ ਪੈਂਦਾ ਹੈ।

ਗੁਰਮੇਲ ਸਿੰਘ ਦੱਸਦੇ ਹਨ, "ਕਣਕ ਝੋਨੇ ਦੇ ਸੀਜ਼ਨ ਸਮੇਂ ਸ਼ੈਲਰ ਵਿੱਚ ਦਿਹਾੜੀ ਮਿਲ ਜਾਂਦੀ ਹੈ।ਕਦੇ ਕਿਸੇ ਦਾ ਗੋਹਾ ਸਿੱਟ ਦਿੱਤਾ।ਕਦੇ ਕਿਸੇ ਦੇ ਘਰ ਦੀ ਸਾਫ਼ ਸਫ਼ਾਈ ਕਰਤੀ,ਬੱਸ ਇਹੋ ਜੇ ਕੰਮ ਮਿਲ ਜਾਂਦੇ ਨੇ ਪਰ ਇੱਕ ਹੱਥ ਨਾ ਹੋਣਕਰਕੇ ਦਿਹਾੜੀ ਆਮ ਮਜ਼ਦੂਰ ਨਾਲੋਂ ਅੱਧੀ ਵੀ ਨਹੀਂ ਮਿਲਦੀ।

ਲੀੜੇ ਕੱਪੜੇ ਦਾ ਵੀ ਔਖਾ ਇੰਨੀ ਕੁ ਕਮਾਈ ਨਾਲ, ਰੋਟੀ ਭਰਾ ਕੋਲੋਂ ਖਾਨਾਂ।ਸਰਕਾਰ ਵੱਲੋਂ 250 ਰੁਪਏ ਮਹੀਨਾਂ ਪੈਨਸ਼ਨ ਮਿਲਦੀ ਹੈ।" ਗੁਰਮੇਲ ਸਿੰਘ ਦਾ ਇੱਕ ਕਮਰੇ ਦਾ,ਬਿਨਾਂ ਰਸੋਈ ਅਤੇ ਗ਼ੁਸਲਖ਼ਾਨੇ ਵਾਲਾ ਘਰ ਕਾਫ਼ੀ ਹੱਦ ਤੱਕ ਉਸਦੀ ਮਾਲੀ ਹਾਲਤ ਬਿਆਨ ਕਰਦਾ ਜਾਪਦਾ ਹੈ।

ਜੈ ਜਵਾਨ ਹੈ, ਕਿਸਾਨ ਨਹੀਂ

ਬਰਨਾਲਾ ਜ਼ਿਲ੍ਹੇ ਦੇ ਹੀ ਕਸਬਾ ਧਨੌਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ।

Image copyright Sukhcharan Preet/ BBC

ਛੋਟੀ ਉਮਰੇ ਪੱਠੇ ਕੁਤਰਦੇ ਸਮੇਂ ਸੱਜੀ ਬਾਂਹ ਪੱਠਿਆਂ ਵਾਲੀ ਮਸ਼ੀਨ ਵਿੱਚ ਆ ਕੇ ਕੱਟੀ ਗਈ।ਘਰ ਦੇ ਹਾਲਾਤਾਂ ਕਰਕੇ ਪੜ੍ਹਾਈ ਛੁੱਟ ਗਈ।ਮਹਿਜ਼ ਸਵਾ ਏਕੜ ਜ਼ਮੀਨ ਦੇ ਮਾਲਕ ਸੁਖਵਿੰਦਰ ਸਿੰਘ ਅਖ਼ਬਾਰ ਵੰਡ ਕੇ ਆਪਣਾ ਪਰਿਵਾਰ ਪਾਲ ਰਹੇ ਹਨ।

ਇਸ ਹਾਦਸੇ ਦੇ ਪੰਦਰਾਂ ਸਾਲਾਂ ਬਾਅਦ ਵੀ ਜ਼ਿੰਦਗੀ ਨੂੰ ਰਵਾਂ ਕਰਨ ਦੀ ਜੱਦੋਜਹਿਦ ਕਰ ਰਹੇ ਸੁਖਵਿੰਦਰ ਸਿੰਘ ਮਹਿਸੂਸ ਕਹਿੰਦੇ ਹਨ, ""ਸਰਕਾਰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਉਂਦੀ ਹੈ।ਜਵਾਨਾਂ ਨੂੰ ਤਾਂ ਬਹੁਤ ਕੁਸ਼ ਮਿਲ ਰਿਹਾ ਹੈ ਪਰ ਕਿਸਾਨਾਂ ਨੂੰ ਕੋਈ ਸਹਾਇਤਾ ਨੀ ਮਿਲਦੀ।ਕਿਸਾਨ ਤਾਂ ਖੁਦਕੁਸ਼ੀਆਂ ਕਰੀ ਜਾਂ ਰਹੇ ਨੇ।""

ਬਰਨਾਲਾ: 3 ਸਾਲ 116 ਮਾਮਲੇ

ਪੰਜਾਬ ਮੰਡੀ ਬੋਰਡ ਜ਼ਿਲ੍ਹਾ ਮੰਡੀ ਅਫ਼ਸਰ ਸਿਕੰਦਰ ਸਿੰਘ ਮੁਤਾਬਿਕ ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ 3 ਸਾਲਾਂ ਵਿੱਚ ਖੇਤੀ ਹਾਦਸਿਆਂ ਕਾਰਨ ਅੰਗਹੀਣ ਹੋਣ ਜਾਂ ਅੰਗ ਨਕਾਰਾ ਹੋਣ ਦੇ 116 ਕੇਸ ਸਾਹਮਣੇ ਆਏ ਹਨ ਜਦਕਿ ਖੇਤੀ ਹਾਦਸਿਆਂ ਕਾਰਨ 61 ਮੌਤਾਂ ਇਨ੍ਹਾਂ ਤਿੰਨ ਸਾਲਾਂ ਦਰਮਿਆਨ ਵਿਭਾਗ ਕੋਲ ਦਰਜ ਕਰਵਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਖੇਤੀ ਸੈਕਟਰ ਵਿੱਚ ਕੰਮ ਕਰਦੇ ਕਿਸੇ ਵੀ ਮਜ਼ਦੂਰ ਜਾਂ ਕਿਸਾਨ ਦੇ ਖੇਤੀਬਾੜੀ ਨਾਲ ਸਬੰਧਿਤ ਕੰਮ ਕਰਦੇ ਸਮੇਂ ਅੰਗ ਨਕਾਰਾ ਹੋਣ,ਅੰਗਹੀਣ ਹੋਣ ਦੀ ਸੂਰਤ ਵਿੱਚ ਵਿਭਾਗ ਵੱਲੋਂ ਦਸ ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)