ਹਿਨਾ ਸਿੱਧੂ ਤੇ ਰੌਨਕ ਪੰਡਿਤ꞉ ਦੋ ਨਿਸ਼ਾਨਚੀਆਂ ਦੀ ਪ੍ਰੇਮ ਕਹਾਣੀ

ਹਿਨਾ ਸਿੱਧੂ ਤੇ ਰੌਨਕ ਪੰਡਿਤ Image copyright Reuters
ਫੋਟੋ ਕੈਪਸ਼ਨ ਕਾਮਨਵੈਲਥ ਖੇਡਾਂ ਵਿੱਚ ਸ਼ੂਟਿੰਗ ਦੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਦੀ ਤਸਵੀਰ

ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਏ ਕਾਮਨਵੈਲਥ ਖੇਡਾਂ ਵਿੱਚ ਹਿਨਾ ਸਿੱਧੂ ਨੇ ਸ਼ੂਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ।

25 ਮੀਟਰ ਏਅਰ ਪਿਸਟਲ ਵਿੱਚ ਜਿਵੇਂ ਹੀ ਹਿਨਾ ਸਿੱਧੂ ਨੇ ਗੋਲਡ ਮੈਡਲ ਜਿਤਿਆ। ਉਸ ਮਗਰੋਂ ਉਨ੍ਹਾਂ ਨੇ ਆਪਣੇ ਕੋਚ ਅਤੇ ਪਤੀ ਨੂੰ ਗਲ ਲਾਇਆ। ਜਿਨ੍ਹਾਂ ਨੇ ਉਨ੍ਹਾਂ ਨੂੰ ਗੋਦੀ ਚੁੱਕ ਲਿਆ।

ਇਸ ਪਲ ਨੂੰ ਖੜ੍ਹੇ ਫੋਟੋਗਰਾਫਰਾਂ ਨੇ ਤੁਰੰਤ ਹੀ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ।

ਇੱਥੋਂ ਹੀ ਇਹ ਸਵਾਲ ਖੜ੍ਹਾ ਹੋਇਆ ਕਿ ਇਸ ਰਿਸ਼ਤੇ ਦੀ ਕਹਾਣੀ ਕੀ ਹੈ? ਉਸ ਸਮੇਂ ਇਹ ਤਸਵੀਰ ਬਹੁਤ ਵਾਇਰਲ ਹੋਈ ਸੀ।

Image copyright INDRANIL MUKHERJEE
ਫੋਟੋ ਕੈਪਸ਼ਨ ਹਿਨਾ ਸਿੱਧੂ ਅਭਿਆਸ ਕਰਦੇ ਹੋਏ

ਇਹੀ ਕਹਾਣੀ ਪੁੱਛਣ ਲਈ ਅਸੀਂ ਹਿਨਾ ਸਿੱਧੂ ਨੂੰ ਫੋਨ ਲਾਇਆ ਅਤੇ ਰੌਨਕ ਪੰਡਿਤ ਨੇ ਕਿਹਾ, ''ਹਾਹਾਹਾ ਸਾਡੀ ਕਹਾਣੀ ਕਿਸੇ ਬਾਲੀਵੁੱਡ ਮਸਾਲਾ ਫਿਲਮ ਤੋਂ ਘੱਟ ਨਹੀਂ ਹੈ।''

ਇੱਕ ਦੂਜੇ ਨੂੰ ਕਰਦੇ ਸਨ ਨਫ਼ਰਤ

ਸਾਲ 2006 ਵਿੱਚ ਰੌਨਕ ਪੰਡਿਤ ਸ਼ੂਟਿੰਗ ਵਿੱਚ ਆਪਣੇ ਖੇਡ ਜੀਵਨ ਦੇ ਸਿਖਰ 'ਤੇ ਸਨ।

ਉਨ੍ਹਾਂ ਨੇ ਉਸੇ ਸਾਲ ਸਮਰੇਸ਼ ਜੰਗ ਨਾਲ ਮਿਲ ਕੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ।

ਫਿਰ ਉਸੇ ਸਾਲ ਏਸ਼ੀਆਈ ਖੇਡਾਂ ਵਿੱਚ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਮਹਾਰਾਸ਼ਟਰ ਦੇ ਰੌਨਕ ਪੁਣੇ ਦੀ ਬਾਲੇਵਾੜੀ ਸ਼ੂਟਿੰਗ ਰੇਂਜ ਵਿੱਚ ਪ੍ਰੈਕਟਿਸ ਕਰਦੇ ਸਨ।

21 ਸਾਲਾ ਰੌਨਕ ਸ਼ੂਟਿੰਗ ਵਿੱਚ ਮੈਡਲ ਲੈਣ ਮਗਰੋਂ ਵਾਪਸ ਪਰਤੇ ਹੀ ਸਨ ਕਿ ਸ਼ੂਟਿੰਗ ਰੇਂਜ ਵਿੱਚ ਉਨ੍ਹਾਂ ਦੀ ਮੁਲਾਕਾਤ 17 ਸਾਲਾ ਅਲੜ੍ਹ ਹਿਨਾ ਸਿੱਧੂ ਨਾਲ ਹੋਈ। ਜੋ ਆਪਣੇ ਸੁਫਨੇ ਪੂਰੇ ਕਰਨ ਉਥੇ ਪਹੁੰਚੀ ਸੀ।

ਰੌਨਕ ਨੂੰ ਪਹਿਲੀ ਨਜ਼ਰੇ ਹਿਨਾ ਨਿਸ਼ਾਨੇ ਦੀ ਪੱਕੀ, ਤਿੱਖੀ ਅਤੇ ਸੁਫਨੇ ਪੂਰੇ ਕਰਨ ਵਾਲੀ ਜ਼ਿੱਦੀ ਦਿਸੀ। ਦੋਵੇਂ ਹੀ ਨਖਰੇ ਵਾਲੇ ਅਤੇ ਜ਼ਿੱਦੀ ਸਨ।

Image copyright Getty Images

ਰੌਨਕ ਪੰਡਿਤ ਦਸਦੇ ਹਨ ਕਿ ਸ਼ੁਰੂ ਵਿੱਚ ਦੋਵੇਂ ਇੱਕ-ਦੂਜੇ ਨੂੰ ਨਫਰਤ ਕਰਦੇ ਸਨ। ਉਹ ਇੱਕ-ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ।

ਰੌਨਕ ਪੰਡਿਤ ਦਾ ਕਹਿਣਾ ਹੈ ਕਿ ਲਗਭਗ ਡੇਢ ਸਾਲ ਤੱਕ ਉਨ੍ਹਾਂ ਨੇ ਆਪਸ ਵਿੱਚ ਗੱਲ ਨਹੀਂ ਕੀਤੀ ਸੀ।

ਵਿਦੇਸ਼ੀ ਕੋਚ ਦੀ ਫੀਸ ਨੇ ਬਣਾਈ ਖੇਡ

ਰੌਨਕ ਪੰਡਿਤ ਦਸਦੇ ਹਨ ਕਿ ਆਪਣੀਆਂ ਤਿਆਰੀਆਂ ਨੂੰ ਹੋਰ ਪੱਕਿਆਂ ਕਰਨ ਲਈ ਉਨ੍ਹਾਂ ਨੇ ਇੱਕ ਯੂਕਰੇਨੀਅਨ ਕੋਚ, ਅੱਨਟੋਲੀ ਨੂੰ ਕੋਚ ਨਿਯੁਕਤ ਕਰਨ ਦਾ ਫੈਸਲਾ ਲਿਆ।

ਵਿਦੇਸ਼ੀ ਕੋਚ ਦੀ ਮਹਿੰਗੀ ਫੀਸ ਇੱਕ ਵੱਡੀ ਸਮੱਸਿਆ ਸੀ। ਰੌਨਕ ਨੇ ਸੋਚਿਆ ਜੇ ਹਿਨਾ ਨਾਲ ਦੋਸਤੀ ਕਰ ਲਈ ਜਾਵੇ ਤਾਂ ਫੀਸ ਦੋ ਲੋਕਾਂ ਵਿੱਚ ਵੰਡੀ ਜਾਵੇਗੀ।

ਰੌਨਕ ਨੇ ਬੀਬੀਸੀ ਨੂੰ ਦੱਸਿਆ ਕਿ 2009-10 ਵਿੱਚ ਦੋਹਾਂ ਦੀ ਦੋਸਤੀ ਹੋ ਗਈ। ਜਿਸਦਾ ਸਾਰੇ ਦਾ ਸਾਰਾ ਸਿਹਰਾ ਉਨ੍ਹਾਂ ਨੇ ਯੂਕਰੇਨੀਅਨ ਕੋਚ ਦੀ ਫੀਸ ਨੂੰ ਦਿੱਤਾ!

ਗੋਡਿਆਂ ਭਾਰ ਹੋ ਕੇ ਕੀਤਾ ਪਿਆਰ ਦਾ ਇਜ਼ਹਾਰ

ਜਦੋਂ ਦੋਵੇਂ ਨਿਸ਼ਾਨੇਬਾਜ਼ੀ ਸਿੱਖਣ ਲੱਗੇ ਤਾਂ ਇੱਕ ਦੂਜੇ ਨੂੰ ਜਾਣਨ ਵੀ ਲੱਗੇ। ਦੋਹਾਂ ਨੂੰ ਇੱਕ-ਦੂਜੇ ਵਿੱਚ ਆਪਣਾ ਪੜਛਾਵਾਂ ਦਿਖਣ ਲੱਗਿਆ।

ਹੁਣ ਉਹ ਟਰੇਨਿੰਗ ਤੋਂ ਬਾਅਦ ਵੀ ਇਕੱਠੇ ਰਹਿਣ ਲੱਗ ਪਏ।

ਰੌਨਕ ਨੇ ਦੱਸਿਆ ਕਿ ਭਾਵੇਂ ਦੋਹਾਂ ਨੇ ਇੱਕ-ਦੂਜੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਸੀ ਦੱਸੀ ਪਰ ਮਹਿਸੂਸ ਜ਼ਰੂਰ ਕਰਨ ਲੱਗੇ ਸਨ।

Image copyright INSTAGRAM
ਫੋਟੋ ਕੈਪਸ਼ਨ ਵਿਆਹ ਮਗਰੋਂ ਪੈਰਿਸ ਦੇ ਆਈਫਲ ਟਾਵਰ ਦੇ ਸਾਹਮਣੇ

ਫਿਰ ਇੱਕ ਸ਼ਾਮ ਦੋਵੇਂ ਦਿੱਲੀ ਦੇ ਇੱਕ ਮੌਲ ਵਿੱਚ ਫਿਲਮ ਦੇਖਣ ਗਏ।

ਫਿਲਮ ਦੇਖਣ ਮਗਰੋਂ, ਜਦੋਂ ਰੈਸਟੋਰੈਂਟ ਵਿੱਚ ਪਹੁੰਚੇ ਤਾਂ ਰੌਨਕ ਨੇ ਦੱਸਿਆ, ''ਮੈਨੂੰ ਲੱਗਿਆ ਕਿ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ।''

ਬਿਨਾਂ ਕੁਝ ਸੋਚੇ ਤੇ ਬਿਨਾਂ ਕਿਸੇ ਅੰਗੂਠੀ ਹੱਥ ਵਿੱਚ ਫੜੇ ਮੈਂ ਗੋਡਿਆਂ ਭਾਰ ਬੈਠ ਗਿਆ ਅਤੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ।'

ਹਿਨਾ ਹੈਰਾਨ ਰਹਿ ਗਈ ਅਤੇ ਉਨ੍ਹਾਂ ਨੇ ਮੁਸਕਰਾਹਟ ਬਿਖੇਰਦੇ ਹੋਏ ਹਾਂ ਕਹਿ ਦਿੱਤੀ।

ਸਾਲ 2010 ਵਿੱਚ ਕਾਮਲਵੈਲਥ ਵਿੱਚ ਹਿਨਾ ਨੇ 10 ਮੀਟਰ ਏਅਰ ਪਿਸਟਲ ਦੇ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ।

ਸਾਲ 2011 ਦੌਰਾਨ ਸਾਰੇ ਸ਼ੂਟਰਜ਼ 2012 ਦੇ ਰੀਓ ਉਲੰਪਿਕ ਦੀਆਂ ਤਿਆਰੀਆਂ ਵਿੱਚ ਲੱਗ ਗਏ ਸਨ। ਹਿਨਾ ਸਿੱਧੂ ਨੂੰ ਲੱਗਿਆ ਕਿ ਉਹ ਰੌਨਕ ਤੋਂ ਕੋਚਿੰਗ ਲੈਣਗੇ।

ਉਸ ਸਮੇਂ ਰੌਨਕ ਵੀ ਆਪਣੀ ਖੇਡ ਤੋਂ ਨਾ ਖੁਸ਼ ਸਨ ਅਜਿਹੇ ਵਿੱਚ ਹਿਨਾ ਦੀ ਮਦਦ ਕਰਨਾ ਉਨ੍ਹਾਂ ਨੂੰ ਸਹੀ ਲੱਗਿਆ ਅਤੇ ਉਹ 2011 ਵਿੱਚ ਹਿਨਾ ਦੇ ਕੋਚ ਬਣ ਗਏ।

ਹਾਲਾਂਕਿ ਇਸ ਦੌਰਾਨ ਦੋਹਾਂ ਦਾ ਧਿਆਨ ਸਿਰਫ਼ ਸਿਖਲਾਈ 'ਤੇ ਹੁੰਦਾ ਸੀ ਪਰ ਲੜਾਈ ਬਹੁਤ ਹੁੰਦੀ ਸੀ।

Image copyright INSTAGRAM

ਰੌਨਕ ਨੂੰ ਲੱਗਿਆ ਕਿ ਉਨ੍ਹਾਂ ਨੂੰ ਖੇਡ ਨਾਲ ਜੁੜੇ ਮਾਨਸਿਕ ਤਣਾਅ ਨੂੰ ਸਮਝਣ ਵਾਲੇ ਇੱਕ ਮਨੋਵਿਗਿਆਨੀ ਦੀ ਵੀ ਲੋੜ ਹੈ।

ਰੌਨਕ ਨੇ ਕੈਨੇਡਾ ਦੇ ਇੱਕ ਮਸ਼ਹੂਰ ਮਨੋ ਵਿਗਿਆਨੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਅਤੇ ਫੇਰ 2012 ਦੀਆਂ ਉਲੰਪਿਕ ਖੇਡਾਂ ਆ ਗਈਆਂ।

ਕੁਆਲੀਫਾਈਂਗ ਮੈਚ ਤੱਕ ਸਭ ਠੀਕ ਸੀ ਪਰ ਉਸ ਦੌਰਾਨ ਦੂਸਰੇ ਖਿਡਾਰੀ ਦੇ ਪ੍ਰਸ਼ੰਸ਼ਕਾਂ ਦੇ ਸ਼ੋਰ ਕਰਕੇ ਹਿਨਾ ਦਾ ਧਿਆਨ ਭੰਗ ਹੋ ਗਿਆ ਅਤੇ ਨਿਸ਼ਾਨਾ ਚੂਕ ਗਿਆ।

ਹਿਨਾ ਇਸ ਘਟਨਾ ਨਾਲ ਧੁਰ ਅੰਦਰੋਂ ਹਿੱਲ ਗਈ। ਉਹ ਦੋ ਮਹੀਨੇ ਸਦਮੇ ਵਿੱਚੋਂ ਉੱਭਰ ਨਾ ਸਕੀ।

ਰੌਨਕ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਦੌਰਾਨ ਹਿਨਾ ਨੂੰ ਲੱਗਿਆ ਕਿ ਕਿਤੇ ਆਪਸੀ ਲੜਾਈ ਕਰਕੇ ਰਿਸ਼ਤਾ ਹੀ ਖ਼ਤਮ ਨੇ ਹੋ ਜਾਵੇ।

ਰੌਨਕ ਨੂੰ ਭਰੋਸਾ ਸੀ ਇਸ ਲਈ ਉਨ੍ਹਾਂ ਨੇ ਹਿਨਾ ਨੂੰ ਇਸ ਰਿਸ਼ਤੇ ਨੂੰ ਸਮਾਂ ਦੇਣ ਲਈ ਕਿਹਾ।

Image copyright INSTAGRAM
ਫੋਟੋ ਕੈਪਸ਼ਨ ਸਾਲ 2011-12 ਦੌਰਾਨ ਕੈਨੇਡਾ ਦੇ ਮਨੋ ਚਕਿਤਸਕ ਨੇ ਦੋਹਾਂ ਦੀ ਮਦਦ ਕੀਤੀ

ਇਸ ਸਮੇਂ ਦੌਰਾਨ ਕੈਨੇਡਾ ਦੇ ਮਨੋ ਵਿਗਿਆਨੀ ਨੇ ਦੋਹਾਂ ਦੀ ਮਦਦ ਕੀਤੀ ਅਤੇ ਸਮੇਂ ਨਾਲ ਸਭ ਠੀਕ ਹੋ ਗਿਆ।

2013 ਵਿੱਚ ਵਿਆਹ

ਸਾਲ 2013 ਵਿੱਚ ਦੋਹਾਂ ਨੇ ਵਿਆਹ ਦਾ ਫੈਸਲਾ ਲਿਆ।

ਹਿਨਾ ਦਾ ਕਹਿਣਾ ਹੈ ਕਿ ਸਾਲ 2014 ਉਨ੍ਹਾਂ ਲਈ ਬਿਹਤਰੀਨ ਰਿਹਾ। ਉਸੇ ਸਾਲ ਉਹ ਸ਼ੂਟਿੰਗ ਦੀ ਵਿਸ਼ਵ ਰੈਂਕਿੰਗ ਵਿੱਚ ਪਹਿਲੇ ਦਰਜੇ 'ਤੇ ਪੁੱਜੇ। ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਸੀ।

ਉਸ ਮੌਕੇ ਬੀਬੀਸੀ ਨਾਲ ਗੱਲਬਾਤ ਵਿੱਚ ਹਿਨਾ ਨੇ ਇਸ ਜਿੱਤ ਦੀ ਸਿਹਰਾ ਰੌਨਕ ਪੰਡਿਤ ਨੂੰ ਦਿੱਤਾ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਪਿਸਟਲ ਲਿਆਉਣ ਵਿੱਚ ਮਦਦ ਕੀਤੀ ਸੀ।

ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਜਿੱਤ ਦਾ ਅਸਲੀ ਹੀਰੋ ਉਹ ਭਰੋਸਾ ਹੈ ਜਿਹੜਾ ਹਿਨਾ ਸਿੱਧੂ ਅਤੇ ਰੌਨਕ ਪੰਡਿਤ ਵਿਚਕਾਰ ਹੈ।

ਇਹ ਭਰੋਸਾ ਉਨ੍ਹਾਂ ਵਿੱਚ ਇੱਕ ਕੋਚ ਤੇ ਸਟੂਡੈਂਟ ਵਜੋਂ ਹੈ ਬਲਕਿ ਪਤੀ-ਪਤਨੀ ਵਜੋਂ ਵੀ ਹੈ। ਜੋ ਉਨ੍ਹਾਂ ਦੇ ਰਿਸ਼ਤੇ ਅਤੇ ਕਾਮਯਾਬੀ ਦੋਹਾਂ ਵਿੱਚੋਂ ਝਲਕਦਾ ਹੈ।

ਬੀਬੀਸੀ ਪੰਜਾਬੀ ਦੇ ਕਾਮਨਵੈਲਥ ਖੇਡਾਂ ਬਾਰੇ ਹੋਰ ਫੀਚਰ ਜੋ ਤੁਹਨੂੰ ਪਸੰਦ ਆ ਸਕਦੇ ਹਨ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)