ਪੰਜਾਬੀ ਖਿਡਾਰੀਆਂ ਦਾ ਹਰਿਆਣਾ ਲਈ ਮੈਡਲ ਜਿੱਤਣ ਦਾ ਅਸਲੀ ਕਾਰਨ

ਨਵਜੀਤ ਕੌਰ ਢਿੱਲੋਂ Image copyright Getty Images

ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਨੇ 22 ਤਗਮੇ (9 ਸੋਨਾ, ਛੇ ਚਾਂਦੀ, ਸੱਤ ਕਾਂਸੀ) ਹਾਸਲ ਕੀਤੇ ਜਦਕਿ ਪੰਜਾਬ ਦੇ ਹਿੱਸੇ ਸਿਰਫ਼ ਪੰਜ ਮੈਡਲ ਆਏ।

ਇਹਨਾਂ ਖੇਡਾਂ ਵਿਚ ਪੰਜਾਬ ਦੇ 28 ਅਤੇ ਹਰਿਆਣਾ ਦੇ 32 ਖਿਡਾਰੀਆਂ ਨੇ ਹਿੱਸਾ ਲਿਆ। ਕਿਸੇ ਸਮੇਂ ਖੇਡਾਂ ਵਿੱਚ ਚੜਤ ਕਾਇਮ ਕਰਨ ਵਾਲਾ ਪੰਜਾਬ ਆਖ਼ਰ ਦਿਨ ਖੇਡਾਂ ਵਿਚ ਪਛੜਦਾ ਜਾ ਰਿਹਾ ਹੈ।

'ਪੈਸੇ ਦੀ ਘਾਟ'

"ਜੇ ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਸਾਰ ਲੈਣੀ ਸ਼ੁਰੂ ਨਾ ਕੀਤੀ ਤਾਂ ਇੱਥੋਂ ਦੇ ਖਿਡਾਰੀ ਹਰਿਆਣਾ ਵੱਲੋਂ ਖੇਡਣ ਲਈ ਮਜਬੂਰ ਹੋ ਜਾਣਗੇ" ਇਹ ਸ਼ਬਦ ਹਨ ਰਾਸ਼ਟਰ ਮੰਡਲ ਖੇਡਾਂ ਦੇ ਡਿਸਕਸ ਥ੍ਰੋਅ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਐਥਲੀਟ ਨਵਜੀਤ ਕੌਰ ਢਿੱਲੋਂ ਦੇ।

ਨਵਜੀਤ ਨੇ ਕਿਹਾ, "ਹਰਿਆਣਾ ਸਰਕਾਰ ਨੇ ਪਹਿਲਾਂ ਹੀ ਆਪਣੀ ਖੇਡ ਨੀਤੀ ਤਹਿਤ ਐਲਾਨ ਕੀਤਾ ਹੋਇਆ ਹੈ ਕਿ ਕੌਮਾਂਤਰੀ ਪੱਧਰ ਉੱਤੇ ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ ਡੇਢ ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।''

"ਜੇ ਪੰਜਾਬ ਸਰਕਾਰ ਇਸ ਨਾਲੋਂ ਅੱਧੇ ਦਾ ਵੀ ਐਲਾਨ ਕਰ ਦੇਵੇ ਤਾਂ ਵੀ ਚੰਗੇ ਨਤੀਜੇ ਮਿਲਣਗੇ ਅਤੇ ਖਿਡਾਰੀਆਂ ਨੂੰ ਵੀ ਲੱਗੇਗਾ ਕਿ ਖੇਡਾਂ ਵਿੱਚ ਪੈਸਾ ਹੈ।"

ਬੀਬੀਸੀ ਪੰਜਾਬੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਨਵਜੀਤ ਕੌਰ ਢਿੱਲੋਂ ਨੇ ਕਿਹਾ, "ਹਰਿਆਣਾ ਇਸ ਲਈ ਖੇਡਾਂ ਵਿਚ ਅੱਗੇ ਜਾ ਰਿਹਾ ਹੈ ਕਿਉਂਕਿ ਉੱਥੇ ਖਿਡਾਰੀਆਂ ਨੂੰ ਵੱਡੀ ਇਨਾਮੀ ਰਾਸ਼ੀ ਦੇ ਨਾਲ-ਨਾਲ ਪੁਲਿਸ ਵਿੱਚ ਡੀਐਸਪੀ ਅਤੇ ਇੰਸਪੈਕਟਰ ਰੈਂਕ ਦੀਆਂ ਨੌਕਰੀਆਂ ਮਿਲਦੀਆਂ ਹਨ ਜੋ ਖਿਡਾਰੀਆਂ ਨੂੰ ਸਪੋਰਟਸ ਵੱਲ ਆਕਰਸ਼ਿਤ ਕਰ ਰਹੇ ਹਨ।''

"ਪੰਜਾਬ ਵਿਚ ਹੁਨਰ ਦੀ ਕਮੀ ਨਹੀਂ ਹੈ, ਲੋੜ ਹੈ ਤਾਂ ਸਰਕਾਰਾਂ ਨੂੰ ਆਪਣਾ ਯੋਗਦਾਨ ਪਛਾਨਣ ਦੀ।''

ਨਰਾਇਣਨਗੜ੍ਹ ਜੰਡਿਆਲਾ ਗੁਰੂ ਦੀ ਰਹਿਣ ਵਾਲੀ ਨਵਜੀਤ ਕੌਰ ਢਿੱਲੋਂ ਇਸ ਸਮੇਂ ਇੰਡੀਅਨ ਰੇਲਵੇ ਵਿਚ ਜੂਨੀਅਰ ਕਲਰਕ ਵਜੋਂ ਕੰਮ ਕਰ ਰਹੀ ਹੈ।

Image copyright Getty Images

ਨਵਰੀਤ ਨੇ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਹਰਿਆਣਾ ਸਰਕਾਰ 26 ਅਪ੍ਰੈਲ ਨੂੰ ਖਿਡਾਰੀਆਂ ਨੂੰ ਵੱਡਾ ਸਮਾਗਮ ਕਰ ਕੇ ਸਨਮਾਨਿਤ ਵੀ ਕਰਨ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਐਲਾਨ ਵੀ ਨਹੀਂ ਕੀਤਾ ਹੈ।

ਨਵਜੀਤ ਕੌਰ ਨੇ ਦੱਸਿਆ ਕਿ "ਮੈ 2014 ਵਿੱਚ ਜੂਨੀਅਰ ਵਰਲਡ ਅਥੈਲਕਿਟਸ ਮੀਟ ਵਿੱਚ ਦੇਸ਼ ਲਈ ਕਾਂਸੀ ਦਾ ਮੈਡਲ ਜਿੱਤਿਆ ਸੀ ਅਤੇ ਅਜੇ ਤੱਕ ਇੱਕ ਰੁਪਏ ਦੀ ਇਨਾਮੀ ਰਾਸ਼ੀ ਨਹੀਂ ਮਿਲੀ।"

ਪੰਜਾਬ ਦੇ ਖਿਡਾਰੀਆਂ ਦਾ ਹਰਿਆਣਾ ਵੱਲ ਜਾਣ ਬਾਰੇ ਬੀਬੀਸੀ ਪੰਜਾਬੀ ਨੇ 2014 ਦੇ ਕਾਮਨਵੈਲਡ ਖੇਡਾਂ ਦੇ ਟ੍ਰਿਪਲ ਜੰਪ ਮੁਕਾਬਲੇ ਵਿੱਚ ਕਾਂਸੀ ਮੈਡਲ ਜੇਤੂ ਅਰਪਿੰਦਰ ਸਿੰਘ ਨਾਲ ਗੱਲ ਕੀਤੀ।

Image copyright Getty Images

ਅਰਪਿੰਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਹਰਸਾ ਪਿੰਡ ਦੇ ਰਹਿਣ ਵਾਲੇ ਹਨ ਪਰ ਉਹ ਹਰਿਆਣਾ ਵੱਲੋਂ ਖੇਡਦੇ ਹਨ।

ਕਾਰਨ ਪੁੱਛੇ ਜਾਣ 'ਤੇ ਅਰਪਿੰਦਰ ਦਾ ਦੱਸਦੇ ਹਨ, "ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ 9 ਸਾਲ ਪੰਜਾਬ ਵੱਲੋਂ ਖੇਡਿਆ ਕਿਉਂਕਿ ਮੈਨੂੰ ਕੁਝ ਵੀ ਹਾਸਲ ਨਹੀਂ ਹੋਇਆ ਇਸ ਲਈ 2017 ਤੋਂ ਮੈਂ ਹਰਿਆਣਾ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਹੈ। ਉਦੋਂ ਤੋਂ ਮੇਰੀ ਜਿੰਦਗੀ ਬਦਲ ਗਈ, ਪੈਸੇ ਦੇ ਨਾਲ-ਨਾਲ ਮਾਣ ਸਨਮਾਨ ਵੀ ਮਿਲਣ ਲੱਗਾ ਹੈ।"

ਓਐਨਜੀਸੀ ਵਿਚ ਨੌਕਰੀ ਕਰ ਰਹੇ 25 ਸਾਲਾਂ ਅਰਪਿੰਦਰ ਦਾ ਕਹਿਣਾ ਹੈ ਕਿ 2007 ਤੋਂ 2016 ਤੱਕ ਉਹ ਪੰਜਾਬ ਵੱਲੋਂ ਖੇਡੇ ਸਨ।

9 ਸਾਲਾਂ ਦੌਰਾਨ ਅਰਪਿੰਦਰ ਨੇ ਕਈ ਮੈਡਲ ਵੀ ਜਿੱਤੇ ਜਿਨ੍ਹਾਂ ਵਿੱਚ ਕੌਮਾਂਤਰੀ ਪੱਧਰ ਦੇ ਮੈਡਲ ਵੀ ਸ਼ਾਮਲ ਹਨ। ਇਸ ਦੇ ਬਦਲੇ ਪੰਜਾਬ ਸਰਕਾਰ ਨੇ ਸਿਰਫ਼ ਪੰਜ ਲੱਖ 90 ਹਜ਼ਾਰ ਦਾ ਇਨਾਮ ਦਿੱਤਾ ਅਤੇ ਉਹ ਵੀ ਕਈ ਸਾਲਾਂ ਬਾਅਦ।

ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਕੌਮਾਂਤਰੀ ਮੁਕਾਬਲਿਆਂ ਵਿੱਚ ਸਿਰਫ਼ ਹਿੱਸਾ ਲੈਣ ਉੱਤੇ ਹੀ ਖਿਡਾਰੀਆਂ ਨੂੰ ਪੰਜ ਲੱਖ ਰੁਪਏ ਹੌਂਸਲਾ ਅਫਜਾਈ ਵਜੋਂ ਦਿੰਦੀ ਹੈ ਅਤੇ ਜੇਕਰ ਮੈਡਲ ਆਉਂਦਾ ਹੈ ਤਾਂ ਫਿਰ ਲੱਖਾਂ ਰੁਪਏ।

Image copyright Getty Images

ਅਰਪਿੰਦਰ ਨੇ ਸਵਾਲ ਕੀਤਾ "ਫਿਰ ਕਿਉਂ ਨਹੀਂ ਖਿਡਾਰੀ ਹਰਿਆਣਾ ਵੱਲੋਂ ਖੇਡਣਗੇ ਜਦੋਂ ਇੱਥੇ ਕਦਰ ਹੀ ਨਹੀਂ ਹੈ।"

ਉਨ੍ਹਾਂ ਨੇ ਆਖਿਆ ਹੋਰ ਵੀ ਕਈ ਖਿਡਾਰੀ ਹਨ ,ਜੋ ਸਬੰਧ ਪੰਜਾਬ ਨਾਲ ਰੱਖਦੇ ਹਨ ਪਰ ਖੇਡਾਂ ਵਿੱਚ ਨੁਮਾਇੰਦਗੀ ਹਰਿਆਣਾ ਦੀ ਕਰ ਰਹੇ ਹਨ।

ਮਾਹਿਰਾਂ ਦੀ ਰਾਏ

ਸਾਬਕਾ ਓਲੰਪੀਅਨ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਟੀਮ ਖੇਡਾਂ ਦੀ ਬਜਾਏ ਹਰਿਆਣਾ ਦੇ ਖਿਡਾਰੀ ਵਿਅਕਤੀਗਤ ਖੇਡਾਂ ਵਿਚ ਅੱਗੇ ਹਨ। ਜਦਕਿ ਪੰਜਾਬ ਦੇ ਖਿਡਾਰੀ ਟੀਮ ਖੇਡਾਂ ਵਿੱਚ ਜ਼ਿਆਦਾ ਹਿੱਸਾ ਲੈ ਰਹੇ ਹਨ।

ਪੰਜਾਬੀ ਖਿਡਾਰੀ ਦੇ ਪਛੜਨ ਲਈ ਪਰਗਟ ਸਿੰਘ ਨੇ ਨਸ਼ਿਆਂ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਅਤੇ ਆਖਿਆ ਕਿ ਇਸ ਕਾਰਨ ਪੰਜਾਬੀ ਸਰਰੀਕ ਪੱਖੋਂ ਕਮਜ਼ੋਰ ਹੋ ਰਹੇ ਹਨ।

Image copyright Getty Images

ਪ੍ਰਗਟ ਸਿੰਘ ਨੇ ਵੀ ਇਹ ਗੱਲ ਸਵਿਕਾਰ ਕੀਤੀ ਕਿ ਹਰਿਆਣਾ ਪੰਜਾਬ ਨਾਲ ਖਿਡਾਰੀਆਂ ਨੂੰ ਵਧੇਰੇ ਸਹੂਲਤਾਂ, ਇਨਾਮੀ ਰਾਸ਼ੀ ਅਤੇ ਨੌਕਰੀਆਂ ਦੇ ਰਿਹਾ ਹੈ ਅਤੇ ਇਸੇ ਕਾਰਨ ਪੰਜਾਬ ਦੇ ਖਿਡਾਰੀ ਉਧਰ ਜਾ ਕੇ ਖੇਡ ਰਹੇ ਹਨ।

ਕੌਮਾਂਤਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐੱਸ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ ਖੇਡ ਕਲਚਰ ਖ਼ਤਮ ਹੋ ਗਿਆ ਹੈ ਜਦਕਿ ਹਰਿਆਣਾ ਅਤੇ ਨਾਰਥ ਈਸਟ ਵਿੱਚ ਖੇਡ ਕਲਚਰ ਵਧ ਰਿਹਾ ਹੈ।

ਉਹਨਾਂ ਕਿਹਾ, "ਪਦਮਸ਼੍ਰੀ ਕਰਤਾਰ ਸਿੰਘ, ਦਾਰਾ ਸਿੰਘ ,ਹਾਕੀ ਖਿਡਾਰੀ ਬਲਵੀਰ ਸਿੰਘ ਇਹ ਸਭ ਪੰਜਾਬ ਤੋਂ ਹੀ ਸਨ, ਪਰ ਹੁਣ ਪੰਜਾਬ ਵਿੱਚੋਂ ਖੇਡ ਕਲਚਰ ਹੀ ਖ਼ਤਮ ਹੋ ਗਿਆ ਹੈ।''

ਰਾਜਾ ਸਿੱਧੂ ਨੂੰ ਖੇਡਾਂ ਦੇ ਆਧਾਰ ਉੱਤੇ ਪੰਜਾਬ ਦੀ ਤੁਲਨਾ ਹਰਿਆਣਾ ਨਾਲ ਕੀਤੇ ਜਾਣ ਉੱਤੇ ਵੀ ਇਤਰਾਜ਼ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਦੇਸ ਦੇ ਕੁੱਲ 66 ਮੈਡਲਾਂ ਵਿਚੋਂ 22 ਹਰਿਆਣਾ ਦੇ ਖਿਡਾਰੀਆਂ ਦੇ ਹਨ ਇਸ ਲਈ ਪੰਜਾਬ ਦਾ ਹਰਿਆਣਾ ਨਾਲ ਕੋਈ ਮੁਕਾਬਲਾ ਨਹੀਂ ਹੈ।

ਰਾਜਾ ਸਿੱਧੂ ਨੇ ਆਖਿਆ ਕਿ ਪਹਿਲਾਂ ਪੰਜਾਬ ਵਿੱਚ ਸ਼ਾਮ ਵੇਲੇ ਬੱਚੇ ਖੇਡ ਦੇ ਮੈਦਾਨ ਵਿੱਚ ਜਾਂਦੇ ਸਨ ਪਰ ਹੁਣ ਟੀ ਵੀ ਅਤੇ ਇੰਟਰਨੈੱਟ ਦੇ ਕਾਰਨ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ।

Image copyright Getty Images

ਪਦਮਸ਼੍ਰੀ, ਅਰਜਨ ਐਵਾਰਡੀ ਅਤੇ 1962 ਦੀਆਂ ਏਸ਼ੀਅਨ ਖੇਡਾਂ ਦੇ ਅਥਲੈਟਿਕਸ ਵਰਗ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਗੁਰਬਚਨ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਹਰਿਆਣਾ ਦੇ ਮੁਕਾਬਲੇ ਤਾਂ ਪੰਜਾਬ ਵਿਚ ਖੇਡਾਂ ਲਈ ਕੁਝ ਵੀ ਨਹੀਂ ਹੈ।

ਉਨ੍ਹਾਂ ਆਖਿਆ, "ਪਹਿਲੀ ਗੱਲ ਤਾਂ ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਦੂਜਾ ਸੂਬਾ ਸਰਕਾਰ ਆਪਣਾ ਯੋਗਦਾਨ ਨਹੀਂ ਪਾ ਰਹੀ।"

ਉਨ੍ਹਾਂ ਗਿਲਾ ਪ੍ਰਗਟ ਕਰਦਿਆਂ ਆਖਿਆ ਕਿ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਵਿੱਚ ਨਾ ਤਾਂ ਪਹਿਲੀ ਸੂਬਾ ਸਾਬਕਾ ਸਰਕਾਰ ਨੇ ਕੁਝ ਕੀਤਾ ਅਤੇ ਨਾ ਹੀ ਮੌਜੂਦਾ ਸਰਕਾਰ ਕੁਝ ਕਰ ਰਹੀ ਹੈ।

ਰੰਧਾਵਾ ਮੁਤਾਬਕ ਸੂਬਾ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਸਿਵਾਏ ਕਬੱਡੀ ਦੇ ਹੋਰ ਕਿਸੇ ਖੇਡ ਦੀ ਸਾਰ ਹੀ ਨਹੀਂ ਲਈ ਅਤੇ ਨਾ ਹੀ ਮੌਜੂਦਾ ਸਰਕਾਰ ਕੋਲ ਵੀ ਕੋਈ ਖੇਡ ਨੀਤੀ ਹੈ।

ਕੀ ਆਖਦਾ ਹੈ ਪੰਜਾਬ ਦਾ ਖੇਡ ਵਿਭਾਗ?

ਪੰਜਾਬ ਦੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਰਜੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਨਵੀਂ ਖੇਡ ਨੀਤੀ ਤਿਆਰ ਹੋ ਰਹੀ ਹੈ ਅਤੇ ਇਸ ਦਾ ਇੱਕ ਮਹੀਨੇ ਤੱਕ ਐਲਾਨ ਕਰ ਦਿੱਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸਬੰਧ ਵਿਚ ਮੀਟਿੰਗ ਹੋ ਚੁੱਕੀ ਹੈ।

Image copyright Getty Images

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸੁਰਜੀਤ ਸਿੰਘ ਸੰਧੂ ਨੇ ਆਖਿਆ, "ਬਿਨਾ ਸ਼ੱਕ ਮੌਜੂਦਾ ਖੇਡ ਨੀਤੀ ਵਿੱਚ ਖ਼ਾਮੀਆਂ ਹਨ ਅਤੇ ਹਰਿਆਣਾ ਦੇ ਮੁਕਾਬਲੇ ਨਗਦੀ ਇਨਾਮ ਅਤੇ ਨੌਕਰੀਆਂ ਦੀ ਸਹੂਲਤ ਨਾ ਹੋਣ ਕਾਰਨ ਖਿਡਾਰੀਆਂ ਨੂੰ ਫ਼ਾਇਦਾ ਨਹੀਂ ਮਿਲ ਰਿਹਾ ਹੈ।

ਇਨਾਮੀ ਰਾਸ਼ੀ ਵਿੱਚ ਫ਼ਰਕ

ਪੰਜਾਬ ਵਿੱਚ ਮੌਜੂਦਾ ਖੇਡ ਨੀਤੀ ਤਹਿਤ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਨੂੰ 16 ਲੱਖ ਰੁਪਏ, ਚਾਂਦੀ ਲਈ 11 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਲਈ 6 ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।

ਦੂਜੇ ਪਾਸੇ ਹਰਿਆਣਾ ਵਿੱਚ ਸੋਨ ਤਗਮੇ ਲਈ 1.5 ਕਰੋੜ ਰੁਪਏ, ਚਾਂਦੀ ਤਗਮਾ ਜਿੱਤਣ ਵਾਲੇ ਨੂੰ 75 ਲੱਖ ਅਤੇ ਕਾਂਸੀ ਦਾ ਤਗਮਾ ਜੇਤੂ ਨੂੰ 50 ਲੱਖ ਰੁਪਏ ਇਨਾਮੀ ਰਾਸ਼ੀ ਦੇਣ ਦੀ ਯੋਜਨਾ ਹੈ।

ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ ਵੀ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ।

ਕੁਝ ਰੌਚਕ ਦੇ ਦਿਲਚਸਪ ਤੱਥ

  • 1968 ਦੀਆਂ ਮੈਕਸੀਕੋ ਓਲਪਿੰਕਸ- ਪੰਜਾਬ ਅਤੇ ਹਰਿਆਣਾ ਦੀ ਵੰਡ ਤੋਂ ਬਾਅਦ ਕੌਮਾਂਤਰੀ ਪੱਧਰ ਦੇ ਇਸ ਪਹਿਲੇ ਮੁਕਾਬਲੇ ਵਿਚ ਪੰਜਾਬ ਦੇ 13 ਖਿਡਾਰੀਆਂ ਨੇ ਅਤੇ ਹਰਿਆਣਾ ਦੇ ਦੋ ਖਿਡਾਰੀਆਂ ਨੇ ਹਿੱਸਾ ਲਿਆ।
  • 2002 ਬੀਜਿੰਗ ਓਲਪਿੰਕ ਵਿੱਚ ਹਰਿਆਣਾ ਨੇ ਵੱਡਾ ਉਲਟਫੇਰ ਕੀਤਾ ਅਤੇ ਕੁੱਲ 55 ਖਿਡਾਰੀਆਂ ਵਿੱਚੋਂ 9 ਦਾ ਸਬੰਧ ਹਰਿਆਣਾ ਨਾਲ ਸੀ।
  • ਇਨ੍ਹਾਂ ਖੇਡਾਂ ਵਿੱਚ ਦੇਸ਼ ਨੇ ਤਿੰਨ ਮੈਡਲ ਜਿੱਤੇ ਜਿਸ ਵਿੱਚੋਂ ਦੋ ਹਰਿਆਣਾ ਦੇ ਖਿਡਾਰੀਆਂ ਦੇ ਸਨ। ਇਨ੍ਹਾਂ ਵਿੱਚ ਅਭਿਨਵ ਬਿੰਦਰਾ ਨੇ ਸ਼ੂਟਿੰਗ ਵਿੱਚ ਗੋਲਡ, ਵੀਜੇਂਦਰ ਸਿੰਘ ਨੇ ਬਾਕਸਿੰਗ ਅਤੇ ਸੁਸ਼ੀਲ ਕੁਮਾਰ ਨੇ ਕੁਸ਼ਤੀ ਵਿਚ ਕਾਂਸੀ ਦੇ ਮੈਡਲ ਜਿੱਤੇ। ਅਭਿਨਵ ਦਾ ਸਬੰਧ ਪੰਜਾਬ ਨਾਲ ਹੈ।
  • ਰੀਓ ਓਲਪਿੰਕ 2016-ਦੇਸ਼ ਨੇ ਦੋ ਮੈਡਲ ਜਿੱਤੇ ਉਹ ਵੀ ਦੋਵੇ ਕੁੜੀਆਂ ਸਨ। ਪੀ ਸਿੰਧੂ ਨੇ ਬੈਡਮਿੰਟਨ ਵਿੱਚ ਅਤੇ ਸਾਕਸ਼ੀ ਮਾਲਿਕ ਨੇ ਕੁਸ਼ਤੀ ਦੇ ਵਰਗ ਵਿੱਚ ਮੈਡਲ ਜਿੱਤਿਆ। ਸਾਕਸ਼ੀ ਦਾ ਸਬੰਧ ਹਰਿਆਣਾ ਨਾਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)