ਨਜ਼ਰੀਆ: ਫਿਲਮ ਨਾਨਕ ਸ਼ਾਹ ਫ਼ਰੀਕ ਮਾਮਲੇ 'ਚ ਕੌਣ ਵੱਡਾ 'ਗੁਨਾਹਗਾਰ'?

ਨਾਨਕ ਸ਼ਾਹ ਫਿਲਮ ਦਾ ਵਿਰੋਧ ਕਰਦੇ ਨਹਿੰਗ Image copyright GURPREET CHAWLA/BBC

ਪਿਛਲੇ ਦਿਨੀਂ ਕੈਨੇਡੀਅਨ ਸੂਬੇ ਓਨਟੈਰੀਓ ਵਿੱਚ ਚੱਲ ਰਹੇ ਸਿੱਖ ਹੈਰੀਟੇਜ ਪੰਥ ਸਮਾਗਮਾਂ ਦੌਰਾਨ ਸਿੱਖ ਸਕੌਲਰ ਹਰਿੰਦਰ ਸਿੰਘ ਨਾਲ ਮੁਲਾਕਾਤ ਹੋ ਗਈ।

ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਡਿਜੀਟਲ ਲਾਇਬਰੇਰੀ ਦੇ ਕੋ-ਫਾਊਂਡਰ ਹਨ ਅਤੇ ਉੱਤਰੀ ਅਮਰੀਕਾ ਵਿੱਚ ਸਿੱਖ ਸਿਧਾਂਤ ਅਤੇ ਸਿੱਖ ਜੀਵਨ-ਜਾਂਚ ਬਾਰੇ ਆਧੁਨਿਕ ਮੁਹਾਵਰੇ ਵਿੱਚ ਗੱਲ ਕਰਨ ਵਾਲੇ ਸਭ ਤੋਂ ਵੱਧ ਸਰਗਰਮ ਅਤੇ ਮੋਹਰੀ ਵਿਦਵਾਨਾਂ 'ਚੋਂ ਹਨ।

ਪੰਥਕ ਸੁਆਲਾਂ ਬਾਰੇ ਗੱਲ ਕਰਨ ਲਈ ਉਹ ਸਾਰੀ ਦੁਨੀਆਂ ਵਿੱਚ ਘੁੰਮਦੇ ਹਨ ਅਤੇ ਸਿੱਖ ਮਸਲਿਆਂ ਬਾਰੇ ਕਾਫੀ ਸੰਵੇਦਨਸ਼ੀਲ ਅਤੇ ਗੰਭੀਰ ਵਿਚਾਰ ਰੱਖਣ ਵਾਲੇ ਇਨਸਾਨਾਂ ਵਿੱਚੋਂ ਹਨ।

ਹਰਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਦੌਰਾਨ ਫਿਲਮ 'ਨਾਨਕ ਸ਼ਾਹ ਫਕੀਰ' ਬਾਰੇ ਚੱਲ ਰਹੇ ਵਿਵਾਦ ਦੀ ਗੱਲ ਵੀ ਛਿੜ ਗਈ।

ਹਰਿੰਦਰ ਸਿੰਘ ਹੋਰਾਂ ਨੇ ਇਹ ਫਿਲਮ ਦੇਖੀ ਹੋਈ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਫਿਲਮ-ਕਲਾ ਦੇ ਪੱਖ ਤੋਂ ਅਤੇ ਇੱਕ ਗੰਭੀਰ ਵਿਸ਼ੇ ਦੇ ਨਿਭਾਅ ਪੱਖੋਂ ਉਨ੍ਹਾਂ ਨੂੰ ਇਹ ਫਿਲਮ ਅੱਛੀ ਨਹੀਂ ਲੱਗੀ।

ਉਨ੍ਹਾਂ ਦਾ ਕਹਿਣਾ ਸੀ ਕਿ ਫਿਲਮ ਦੀ ਸ਼ੁਰੂਆਤ ਅੱਛੀ ਹੁੰਦੀ ਹੈ ਪਰ ਬਾਅਦ ਵਿੱਚ ਇਹ ਫਿਲਮ ਉਹ ਮਿਆਰ ਕਾਇਮ ਨਹੀਂ ਰੱਖ ਸਕੀ, ਜਿਹੜੀ ਇਸ ਤਰਾਂ ਦੇ ਵਿਸ਼ੇ ਤੇ ਬਣੀ ਫਿਲਮ ਤੋਂ ਉਮੀਦ ਰੱਖੀ ਜਾਂਦੀ ਸੀ।

ਉਹ ਕਿਸੇ ਵੀ ਪੱਖ ਤੋਂ ਇਸ ਫਿਲਮ ਤੋਂ ਪ੍ਰਭਾਵਤ ਨਹੀਂ ਸਨ ਹੋ ਸਕੇ ਪਰ ਫਿਲਮ ਬਾਰੇ ਚੱਲ ਰਹੇ ਵਿਵਾਦ ਤੋਂ ਵੀ ਖੁਸ਼ ਨਹੀਂ ਸਨ।

'ਪਾਬੰਦੀਆਂ ਲਾਉਣਾ ਸਿੱਖ ਕਲਚਰ ਦਾ ਹਿੱਸਾ ਨਹੀ ਹੈ", ਉਨ੍ਹਾਂ ਦੀ ਇਸ ਲਾਈਨ 'ਤੇ ਮੈਂ ਅਟਕ ਗਿਆ।

Image copyright Getty Images

ਮੈਂ ਉਨ੍ਹਾਂ ਨੂੰ ਹੋਰ ਸੁਣਨਾ ਚਾਹੁੰਦਾ ਸਾਂ ਅਤੇ ਇਸ ਕਰਕੇ ਇਸ ਮੁੱਦੇ 'ਤੇ ਲੰਬੀ ਗੱਲਬਾਤ ਉਨ੍ਹਾਂ ਨਾਲ ਕੀਤੀ।

ਉਨ੍ਹਾਂ ਦੇ ਵਿਚਾਰਾਂ ਨੂੰ ਜੇ ਸੰਖੇਪ ਵਿੱਚ ਸਮੇਟਣਾ ਹੋਵੇ ਤਾਂ ਇਸ ਨੂੰ ਚਾਰ ਨੁਕਤਿਆਂ ਵਿਚ ਵੰਡਿਆ ਜਾ ਸਕਦਾ ਹੈ।

ਗੱਲਬਾਤ ਦੇ ਚਾਰ ਨੁਕਤੇ

ਉਹ ਇਸ ਫਿਲਮ ਤੋਂ ਰਤਾ ਵੀ ਪ੍ਰਭਾਵਤ ਨਹੀਂ ਸਨ ਪਰ ਫਿਰ ਵੀ ਪਾਬੰਦੀ ਦੇ ਹੱਕ ਵਿੱਚ ਨਹੀਂ ਹਨ।

ਉਨ੍ਹਾਂ ਦਾ ਇਹ ਮੰਨਣਾ ਸੀ ਕਿ ਇਸ ਸਮੁੱਚੇ ਵਿਵਾਦ ਵਿੱਚ ਸਭ ਤੋਂ ਵੱਡਾ ਸੁਆਲ ਉਨ੍ਹਾਂ ਪੰਥਕ ਸੰਸਥਾਵਾਂ ਦੀ ਕਾਰਗੁਜ਼ਾਰੀ ਤੇ ਉੱਠ ਰਿਹਾ ਹੈ, ਜਿਹੜੀਆਂ ਪਹਿਲਾਂ ਖੁਦ ਹੀ ਇੱਕ ਫਿਲਮ ਨੂੰ ਪ੍ਰਵਾਨਗੀ ਦੇ ਰਹੀਆਂ ਹਨ ਅਤੇ ਬਾਅਦ ਵਿੱਚ ਨਾ ਸਿਰਫ ਉਸ 'ਤੇ ਪਾਬੰਦੀ ਲਾ ਰਹੀਆਂ ਹਨ ਬਲਕਿ ਫਿਲਮ ਬਣਾਉਣ ਵਾਲੇ ਨੂੰ ਹੀ ਪੰਥ ਚੋਂ ਛੇਕ ਰਹੀਆਂ ਹਨ।

ਉਨ੍ਹਾਂ ਦਾ ਗਿਲਾ ਉਨ੍ਹਾਂ ਪੰਥਕ ਧਿਰਾਂ ਨਾਲ ਵੀ ਸੀ, ਜਿਹੜੀਆਂ ਉਨ੍ਹਾਂ ਹੀ ਜਥੇਦਾਰਾਂ ਤੋਂ ਫਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਹਨ, ਅਤੇ ਫਿਰ ਪਾਬੰਦੀ ਲੱਗਣ ਤੋਂ ਬਾਅਦ ਖੁਸ਼ ਹੋ ਰਹੀਆਂ ਹਨ, ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਨੂੰ ਜਥੇਦਾਰ ਹੀ ਨਹੀਂ ਮੰਨ ਰਹੀਆਂ।

ਉਨ੍ਹਾਂ ਦਾ ਚੌਥਾ ਨੁਕਤਾ ਅਕਾਲੀ ਸਿਆਸਤ ਦੀ ਗਣਿਤ ਨੂੰ ਲੈ ਕੇ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ ਪਿਛਲੇ ਕੁੱਝ ਅਰਸੇ ਤੋਂ ਅਕਾਲੀ ਦਲ ਨੇ ਦੁਬਾਰਾ ਆਪਣੇ ਆਪ ਨੂੰ ਸਿੱਖ ਹਿੱਤਾਂ ਦੀ ਪਹਿਰੇਦਾਰ ਜਮਾਤ ਵਜੋਂ ਉਭਾਰਨ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ, ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਹੋਏ ਉਲਟਫੇਰ ਉਸੇ ਗਿਣਤੀ-ਮਿਣਤੀ ਦਾ ਸਿੱਟਾ ਹਨ।

ਮੈਂ ਖੁਦ ਅਜੇ ਤੱਕ ਵੀ ਇਹ ਫਿਲਮ ਨਹੀਂ ਦੇਖੀ। ਕੁੱਝ ਸਾਲ ਪਹਿਲਾਂ ਜਦੋਂ ਪਹਿਲੀ ਵਾਰ ਇਹ ਫਿਲਮ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਇਸ ਦਾ ਪ੍ਰੀਮੀਅਰ ਟੋਰਾਂਟੋ ਵਿੱਚ ਹੋਏ ਇੱਕ ਫਿਲਮ ਫੈਸਟੀਵਲ ਦੌਰਾਨ ਕੀਤਾ ਗਿਆ ਸੀ।

ਹਰਿੰਦਰ ਸਿੱਕਾ ਦੇ ਪ੍ਰਭਾਵ

ਉੱਥੇ ਵੀ ਮੈਂ ਇਹ ਫਿਲਮ ਨਹੀਂ ਦੇਖ ਸਕਿਆ ਪਰ ਹਰਿੰਦਰ ਸਿੱਕਾ ਹੋਰਾਂ ਨੂੰ ਸੁਣਨ ਅਤੇ ਕੁੱਝ ਪਲਾਂ ਲਈ ਮਿਲਣ ਦਾ ਮੌਕਾ ਜ਼ਰੂਰ ਮਿਲਿਆ।

ਹਰਿੰਦਰ ਸਿੱਕਾ ਹੋਰਾਂ ਨੂੰ ਸੁਣਨ-ਮਿਲਣ ਤੋਂ ਬਾਅਦ ਮੇਰਾ ਐਨਾ ਪ੍ਰਭਾਵ ਜ਼ਰੂਰ ਬਣਿਆ ਸੀ ਕਿ ਉਹ ਦਿਲੀ ਅਤੇ ਸ਼ਰਧਾ ਭਾਵਨਾ ਨਾਲ ਇਸ ਪ੍ਰਾਜੈਕਟ 'ਤੇ ਲੱਗੇ ਹਨ।

ਹਰਿੰਦਰ ਸਿੱਕਾ ਸਾਬਕਾ ਫੌਜੀ ਹਨ ਅਤੇ ਦਿਲ ਵਿੱਚ ਪੈਦਾ ਹੋਏ ਕਿਸੇ ਖਿਆਲ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੇ ਵਸੀਲਿਆਂ ਤੋਂ ਕਿਤੇ ਵੱਡਾ ਪ੍ਰਾਜੈਕਟ ਛੇੜਿਆ ਹੈ।

Image copyright RAVINDER SINGH ROBIN/BBC

ਉਨ੍ਹਾਂ ਨੂੰ ਇਹ ਵੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਦਾ ਇਸ ਇੰਡਸਟਰੀ ਵਿੱਚ ਕੋਈ ਪਿਛੋਕੜ ਨਹੀਂ ਪਰ ਫੇਰ ਵੀ ਉਹ ਏ ਆਰ ਰਹਿਮਾਨ ਵਰਗੇ ਨਾਮੀ ਸੰਗੀਤਕਾਰ ਅਤੇ ਰੇਸੁਲ ਪੂਕੁੱਟੀ ਜਿਹੇ ਹੌਲੀਵੁੱਡ ਟੈਕਨੀਸ਼ਨਜ਼ ਨੂੰ ਇਸ ਫਿਲਮ ਦੇ ਪ੍ਰਾਜੈਕਟ ਨਾਲ ਜੋੜਨ ਵਿੱਚ ਕਾਮਯਾਬ ਹੋਏ।

ਸਿੱਖ ਮਸਲਿਆਂ ਦੀ ਕਿਉਂਕਿ ਮੈਨੂੰ ਥੋੜ੍ਹੀ-ਬਹੁਤ ਸਮਝ ਸੀ, ਇਸ ਕਰਕੇ ਉਸ ਵਕਤ ਮੇਰੇ ਮਨ ਵਿੱਚ ਇਹ ਖਿਆਲ ਆ ਰਿਹਾ ਸੀ ਕਿ ਫਿਲਮ ਦਾ ਕੀ ਮਿਆਰ ਹੈ, ਇਹ ਇੱਕ ਵੱਖਰਾ ਸੁਆਲ ਹੈ ਪਰ ਇਸ ਇਨਸਾਨ ਦਾ ਦਿੱਲ ਟੁੱਟੇਗਾ, ਜਦੋਂ ਇਸ ਦਾ ਵਾਹ ਸਾਡੇ ਜਥੇਦਾਰਾਂ ਨਾਲ ਪਵੇਗਾ।

ਇਹ ਫਿਲਮ ਦੇ ਨਿਰਮਾਣ ਦੀ ਪ੍ਰੇਰਨਾ ਉਨ੍ਹਾਂ ਅੰਦਰ ਕਿੱਥੋਂ ਪੈਦਾ ਹੋਈ, ਉਹ ਕਹਾਣੀ ਵੀ ਉਸ ਮੌਕੇ ਹਰਿੰਦਰ ਸਿੱਕਾ ਹੋਰਾਂ ਨੇ ਸੁਣਾਈ।

ਬਿਨਾਂ ਕਿਸੇ ਟਿੱਪਣੀ ਦੇ ਮੈਨੂੰ ਸੁਣਨ ਵਿੱਚ ਉਹ ਕਹਾਣੀ ਚੰਗੀ ਲੱਗੀ ਪਰ ਨਾਲੋ-ਨਾਲ ਮੈਂ ਇਹ ਸੋਚ ਰਿਹਾ ਸੀ ਕਿ ਇਨ੍ਹਾਂ ਨੂੰ ਇਹ ਅਨੁਭਵ ਆਪਣੇ ਕੋਲ ਹੀ ਰੱਖਣਾ ਚਾਹੀਦਾ ਹੈ।

ਸਿੱਕਾ ਹੋਰੀਂ ਫੌਜੀ ਆਦਮੀ ਹਨ

ਜੇ ਇਨ੍ਹਾਂ ਨੇ ਇਹ ਅਨੁਭਵ ਇਸੇ ਤਰਾਂ ਹੋਰ ਸਟੇਜਾਂ 'ਤੇ ਵੀ ਸੁਣਾ ਦਿੱਤਾ ਤਾਂ ਇਹ ਆਪਣੇ ਲਈ ਮੁਸੀਬਤ ਸਹੇੜ ਲੈਣਗੇ।

ਮੈਂ ਸੋਚ ਰਿਹਾ ਸਾਂ ਕਿ ਸਿੱਕਾ ਹੋਰੀਂ ਫੌਜੀ ਆਦਮੀ ਹਨ। ਇਨ੍ਹਾਂ ਦਾ ਇਸ ਤੋਂ ਪਹਿਲਾਂ ਪੰਥਕ ਸਿਆਸਤ ਦੀਆਂ ਖੇਡਾਂ ਨਾਲ ਵਾਹ ਨਹੀਂ ਪਿਆ।

ਇਨ੍ਹਾਂ ਦੀ ਹਾਲਤ ਉਸ ਫੌਜੀ ਵਾਲੀ ਹੈ, ਜਿਹੜਾ ਵੀਹ-ਪੱਚੀ ਸਾਲ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋਕੇ ਪਿੰਡ ਆਉਂਦਾ ਹੈ ਤੇ ਕਾਫੀ ਦੇਰ ਤੱਕ ਪਿੰਡ ਦੇ ਲੋਕਾਂ ਦੇ ਕਲਚਰ ਤੋਂ ਨਾਵਾਕਫ ਹੋਣ ਕਰਕੇ ਅਜਿਹੀਆਂ ਗੱਲਾਂ ਕਰਦਾ ਰਹਿੰਦਾ ਹੈ, ਜਿਹੜੀਆਂ ਪਿੰਡ ਦੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।

ਮੇਰਾ ਜੀ ਕਰਦਾ ਸੀ ਕਿ ਸਿੱਕਾ ਹੋਰਾਂ ਨੂੰ ਸਲਾਹ ਦੇਵਾਂ ਕਿ ਜਿਨ੍ਹਾਂ ਲੋਕਾਂ ਨਾਲ ਤੁਹਾਡਾ ਵਾਹ ਪੈਣ ਲੱਗਾ ਹੈ, ਉਹ ਬੜੇ ਬੇਰਹਿਮ ਲੋਕ ਹਨ।

ਜਿਨ੍ਹਾਂ ਲੋਕਾਂ ਦੇ ਅੰਦਰੋਂ ਰੱਬ ਅਤੇ ਗੁਰੂ ਦਾ ਡਰ ਵੀ ਜਾਂਦਾ ਰਿਹਾ ਹੈ, ਉਹ ਕਿਸੇ ਇਨਸਾਨ ਦੀ ਭਾਵਨਾ ਦੀ ਕੀ ਪਰਵਾਹ ਕਰਨਗੇ।

ਪਰ ਅਜਿਹੀ ਸਲਾਹ ਦੇਣੀ ਸੰਭਵ ਨਹੀਂ ਸੀ। ਹਰਿੰਦਰ ਸਿੱਕਾ ਹੋਰਾਂ ਨੇ ਫਿਲਮ ਦੀ ਸਕਰੀਨਿੰਗ ਤੋਂ ਪਹਿਲਾਂ ਬੋਲਦਿਆਂ ਦੱਸਿਆ ਸੀ ਕਿ ਗੁਰੂ ਸਾਹਿਬ ਬਾਰੇ ਫਿਲਮ ਹੋਣ ਕਾਰਨ ਕਿਵੇਂ ਏ ਆਰ ਰਹਿਮਾਨ ਨੇ ਇਸ ਫਿਲਮ ਦੇ ਸੰਗੀਤ ਲਈ ਕੋਈ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

Image copyright Getty Images

ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਤਰਾਂ ਆਪਣਾ ਯੋਗਦਾਨ ਪਾਇਆ। ਮੇਰੇ ਵਾਂਗ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਖਿਆਲ ਆ ਰਿਹਾ ਹੋਵੇਗਾ ਕਿ ਏ ਆਰ ਰਹਿਮਾਨ ਵਰਗੇ ਜਿਹੜੇ ਵੀ ਨਾਮੀ ਕਲਾਕਾਰ ਲੋਕ ਇਸ ਫਿਲਮ ਨਾਲ ਜੁੜੇ ਸਨ, ਉਨ੍ਹਾਂ ਸਾਰਿਆਂ ਨੇ ਹੀ ਸਾਡੀਆਂ ਪੰਥਕ ਸੰਸਥਾਵਾਂ ਦੀ ਕਾਰਜ-ਪ੍ਰਣਾਲੀ ਬਾਰੇ ਕਿਸ ਤਰਾਂ ਦੇ ਪ੍ਰਭਾਵ ਬਣਾਏ ਹੋਣਗੇ।

ਕੌਣ ਵੱਡਾ ਗੁਨਾਹਗਾਰ?

ਪੂਰੇ ਮੁਲਕ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਲੋਕ ਜਦੋਂ ਸ੍ਰੀ ਦਰਬਾਰ ਸਾਹਬ ਜਾਂਦੇ ਹਨ ਤਾਂ ਉਨ੍ਹਾਂ ਦੇ ਦਿਲ ਉਸ ਮਹੌਲ ਵਿੱਚ ਜਾਕੇ ਪਿਘਲ ਜਾਂਦੇ ਹਨ।

ਪਰ ਜਿਹੜੇ ਇਸ ਮੁਕੱਦਸ ਥਾਂ ਦੇ ਪ੍ਰਬੰਧ ਵਿੱਚ ਲੱਗੇ ਹਨ, ਉਨ੍ਹਾਂ ਦੇ ਦਿਲ ਪੱਥਰ ਦੇ ਹਨ। ਮੈਂ ਜਾਤੀ ਤੌਰ ਤੇ ਹਰਿੰਦਰ ਸਿੱਕਾ ਹੋਰਾਂ ਨੂੰ ਨਹੀਂ ਜਾਣਦਾ।

ਇਸ ਕਰਕੇ ਉਨ੍ਹਾਂ ਦੀ ਸਖਸ਼ੀਅਤ ਬਾਰੇ ਕੋਈ ਜ਼ਿਆਦਾ ਨਹੀਂ ਕਹਿ ਸਕਦਾ, ਪਰ ਜਿਹੜੇ ਜਥੇਦਾਰ ਇਸ ਫਿਲਮ ਦੇ ਨਿਰਮਾਤਾ ਨੂੰ ਹੁਣ ਪੰਥ ਵਿਚੋਂ ਹੀ ਛੇਕ ਰਹੇ ਹਨ, ਉਨ੍ਹਾਂ ਨੇ ਪਹਿਲਾਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪ੍ਰਵਾਨਗੀ ਕਿਵੇਂ ਦਿੱਤੀ ਸੀ?

ਕੀ ਇਸ ਮਾਮਲੇ ਵਿੱਚ ਅਸੂਲਨ ਹਰਿੰਦਰ ਸਿੱਕਾ ਨਾਲੋਂ ਵੀ ਵੱਡੇ ਗੁਨਾਹਗਾਰ ਜਥੇਦਾਰ ਨਹੀਂ ਹਨ?

ਮੇਰਾ ਇਹ ਨਿੱਜੀ ਵਿਚਾਰ ਹੈ ਕਿ ਇਸ ਤਰਾਂ ਦੇ ਵਿਸ਼ਿਆਂ 'ਤੇ ਫਿਲਮਾਂ, ਨਾਟਕ ਜਾਂ ਪੇਟਿੰਗਜ਼ ਵਗੈਰਾ ਬਣਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਜਾਂ ਬਹੁਤ ਹੀ ਧਿਆਨ ਨਾਲ ਚੱਲਣਾ ਚਾਹੀਦਾ ਹੈ। ਇਹ ਗਹਿਰੇ, ਸੂਖਮ ਅਤੇ ਸੰਵੇਦਨਸ਼ੀਲ ਮੁੱਦੇ ਹਨ ਪਰ ਇਨਸਾਨ ਆਖਰ ਇਨਸਾਨ ਹੀ ਹਨ।

Image copyright Getty Images

ਜੇ ਐਨੀਆਂ ਉੱਚੀਆਂ ਅਤੇ ਪਵਿੱਤਰ ਥਾਵਾਂ 'ਤੇ ਬੈਠੇ ਜਥੇਦਾਰ ਐਨੀਆਂ ਵੱਡੀਆਂ ਵੱਡੀਆਂ ਗਲਤੀਆਂ ਕਰ ਰਹੇ ਹਨ ਤਾਂ ਆਮ ਇਨਸਾਨਾਂ ਤੋਂ ਪੂਰਨਤਾ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ।

ਗੁਰੂ ਦੀ ਕਰੁਣਾ ਦੀ ਥਾਹ ਅਸੀਂ ਨਹੀਂ ਪਾ ਸਕਦੇ ਪਰ ਗਰੂ ਦੀਆਂ ਥਾਵਾਂ 'ਤੇ ਬੈਠੇ ਲੋਕਾਂ ਤੋਂ ਐਨੀ ਕੁ ਉਮੀਦ ਜ਼ਰੂਰ ਰੱਖੀ ਜਾਂਦੀ ਹੈ ਕਿ ਉਹ ਸਿਰਫ ਸਿਆਸੀ ਗਿਣਤੀਆਂ ਮਿਣਤੀਆਂ ਦਾ ਹੀ ਸ਼ਿਕਾਰ ਨਾ ਬਣਨ, ਇਨਸਾਨਾਂ ਦੀਆਂ ਭਾਵਨਾਵਾਂ ਪ੍ਰਤੀ ਵੀ ਕੁੱਝ ਸੰਵੇਦਨਾ ਦਿਖਾਉਣ।

ਸੰਵੇਦਨਸ਼ੀਲਤਾ ਪੂਰੇ ਮਾਮਲੇ ਵਿੱਚੋਂ ਗਾਇਬ

ਜਿਵੇਂ ਕੋਈ ਚੰਗਾ ਟੀਚਰ ਜਾਂ ਮਾਂ-ਪਿਓ ਬੱਚੇ ਦੁਆਰਾ ਬਣਾਈ ਕਿਸੇ ਚੀਜ਼ ਤੇ ਇਸ ਤਰਾਂ ਪ੍ਰਤੀਕਰਮ ਨਹੀਂ ਕਰਦੇ ਕਿ ਉਸਦਾ ਦਿਲ ਹੀ ਤੋੜ ਦਿੱਤਾ ਜਾਵੇ।

ਮੇਰਾ ਖਿਆਲ ਹੈ ਕਿ ਹਰਿੰਦਰ ਸਿੱਕਾ ਦੀ ਫਿਲਮ ਕੋਈ ਮਹਾਨ ਫਿਲਮ ਨਹੀਂ ਹੋਵੇਗੀ ਅਤੇ ਸਿੱਖ ਸਿਧਾਂਤਾਂ ਤੇ ਨੁਕਤੇ ਤੋਂ ਵੀ ਕੁੱਝ ਲੋਕਾਂ ਦੇ ਇਸ ਨਾਲ ਮਤਭੇਦ ਹੋਣਗੇ, ਪਰ ਫੇਰ ਵੀ ਇਹ ਸਮੁੱਚਾ ਮਾਮਲਾ ਸੰਵੇਦਨਸ਼ੀਲਤਾ ਨਾਲ ਨਿਪਟਾਇਆ ਜਾ ਸਕਦਾ ਸੀ।

ਜਿਵੇਂ ਫਿਲਮ ਨਾਲ ਸੰਬੰਧਤ ਸਿਧਾਂਤਕ ਨੁਕਤਿਆਂ ਬਾਰੇ ਜਥੇਦਾਰ ਕੋਈ ਟਿੱਪਣੀ ਕਰ ਸਕਦੇ ਸਨ ਅਤੇ ਕਹਿ ਸਕਦੇ ਹਨ ਕਿ ਇਨ੍ਹਾਂ ਗੱਲਾਂ ਬਾਰੇ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਪਰ ਫਿਲਮ ਤੇ ਪਾਬੰਦੀ ਲਾਉਣ ਦੀਆਂ ਗੱਲਾਂ ਕਰਨਾ, ਸਿੱਕਾ ਨੂੰ ਪੰਥ ਚੋਂ ਛੇਕਣਾ ਅਤੇ ਇਸ ਤੇ ਹਿੰਸਾ ਕਰਨ ਦੀਆਂ ਧਮਕੀਆਂ ਦੇਣ ਵਾਲੇ ਲੋਕਾਂ ਨੂੰ ਸ਼ਹਿ ਦੇਣਾ ਬੇਰਹਿਮੀ ਅਤੇ ਨਿਰਦਈਪੁਣੇ ਦਾ ਸਿਖਰ ਹੈ।

ਅਸੀਂ ਇਰਾਕ ਵਿੱਚ ਇਸਲਾਮਿਕ ਸਟੇਟ ਵਾਲਿਆਂ ਦੀ ਨਿਰਦੈਤਾ ਅਤੇ ਕਰੂਰਤਾ ਦੀਆਂ ਗੱਲਾਂ ਕਰਦੇ ਹਾਂ ਪਰ ਸਿਧਾਂਤਕ ਤੌਰ 'ਤੇ ਸਾਡੀਆਂ ਸੰਸਥਾਵਾਂ ਦੀਆਂ ਪੁਜੀਸ਼ਨਾਂ ਵੀ ਉਨ੍ਹਾਂ ਨਾਲੋਂ ਵੱਖਰੀਆਂ ਨਹੀਂ, ਸਿਰਫ ਐਨਾ ਹੀ ਫਰਕ ਹੈ ਕਿ ਇਸਲਾਮ ਸਟੇਟ ਵਾਲਿਆਂ ਦਾ ਉਸ ਖਿੱਤੇ ਵਿੱਚ ਰਾਜ ਸੀ ਅਤੇ ਸਾਡੇ ਲੀਡਰਾਂ ਕੋਲ ਉਸ ਤਰਾਂ ਦੀ ਮਨਮਰਜ਼ੀ ਕਰਨ ਦੀ ਤਾਕਤ ਨਹੀਂ ਹੈ।

Image copyright Getty Images

ਧਰਮ ਅਤੇ ਮੁਹੱਬਤ ਭਾਵਨਾ ਦੇਖਦੇ ਹਨ, ਵਿਚਾਰ ਨਹੀਂ

ਮੈਂ ਕਿਸੇ ਮਹਾਂਪੁਰਸ਼ ਦੇ ਪ੍ਰਵਚਨ ਪੜ੍ਹ ਰਿਹਾ ਸੀ। ਉਹ ਕਹਿ ਰਹੇ ਸਨ ਕਿ ਧਰਮ ਅਤੇ ਮੁਹੱਬਤ ਭਾਵਨਾ ਦੇਖਦੇ ਹਨ, ਵਿਚਾਰ ਨਹੀਂ। ਕਿਸੇ ਇਨਸਾਨ ਦੇ ਵਿਚਾਰਾਂ ਵਿੱਚ ਖੋਟ ਹੋ ਸਕਦੀ ਹੈ ਜਾਂ ਉਹ ਅਧੂਰੇ ਹੋ ਸਕਦੇ ਹਨ ਪਰ ਜੇ ਉਨ੍ਹਾਂ ਪਿੱਛੇ ਕੰਮ ਕਰ ਰਹੀ ਭਾਵਨਾ ਸਹੀ ਹੈ ਤਾਂ ਉਸ ਨੂੰ ਪਿਆਰ ਅਤੇ ਸੰਵੇਦਨਸ਼ੀਲਤਾ ਨਾਲ ਲੈਣਾ ਚਾਹੀਦਾ ਹੈ ।

ਕਾਨੂੰਨ ਦੀ ਪਹੁੰਚ ਇਸ ਤੋਂ ਬਿਲਕੁੱਲ ਵੱਖਰੀ ਹੈ। ਕਨੂੰਨ ਕਿਸੇ ਦੀ ਭਾਵਨਾ ਨਹੀਂ ਦੇਖ ਸਕਦਾ, ਸਿਰਫ ਐਕਸ਼ਨ ਦੇਖਦਾ ਹੈ।

ਅਕਾਲ ਤਖਤ ਜਾਂ ਇਸ ਤਰਾਂ ਦੇ ਸਥਾਨ ਕਨੂੰਨੀ ਅਦਾਲਤਾਂ ਨਹੀਂ ਹਨ, ਇਹ ਰੂਹਾਨੀ ਅਦਾਲਤਾਂ ਹਨ। ਪਾਬੰਦੀਆਂ ਲਾਉਣਾ ਕਨੂੰਨੀ ਅਦਾਲਤਾਂ ਦਾ ਵਿਧਾਨ ਹੈ।

ਰੂਹਾਨੀ ਅਦਾਲਤਾਂ ਦਾ ਕੰਮ ਅਗਵਾਈ ਦੇਣਾ ਹੈ। ਸਰਕਾਰੀ ਅਤੇ ਦੁਨਿਆਵੀ ਅਦਾਲਤਾਂ ਕਨੂੰਨ ਨਾਲ ਚੱਲਦੀਆਂ ਹਨ, ਰੂਹਾਨੀ ਅਦਾਲਤਾਂ ਨੈਤਿਕ ਕਦਰਾਂ ਕੀਮਤਾਂ ਅਤੇ ਪਿਆਰ ਨਾਲ। ਜੇ ਜਥੇਦਾਰ ਕਨੂੰਨੀ ਅਦਾਲਤਾਂ ਦੀ ਤਰਾਂ ਪਾਬੰਦੀਆਂ ਲਾਉਣ ਲੱਗ ਪਏ ਤਾਂ ਉਹ ਇਨ੍ਹਾਂ ਉੱਚ ਸਥਾਨਾਂ ਦੇ ਗੌਰਵ ਨਾਲ ਅਨਿਆਂ ਕਰ ਰਹੇ ਹੋਣਗੇ ਅਤੇ ਇਸ ਫਿਲਮ ਦੇ ਵਿਵਾਦ ਦੌਰਾਨ ਇਹੀ ਕੁੱਝ ਹੋਇਆ ਹੈ।

ਲੇਖ ਲਿਖਣ ਵਾਲੇ ਲੋਕ ਬੇਵਕੂਫ?

ਇੱਕ ਪੰਥਕ ਸਖਸ਼ੀਅਤ ਨਾਲ ਮੇਰੀ ਕਦੇ ਕਦੇ ਗੱਲ ਹੁੰਦੀ ਰਹਿੰਦੀ ਹੈ ਅਤੇ ਅੱਜਕੱਲ੍ਹ ਉਹ ਇਸ ਸਿਆਸਤ ਤੋਂ ਬੇਮੁਖ ਹਨ। ਉਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਪੰਥਕ ਸਿਆਸਤ ਤੋਂ ਪੂਰੀ ਤਰਾਂ ਕਿਨਾਰਾ ਕੀਤਾ ਹੋਇਆ ਹੈ।

ਉਨ੍ਹਾਂ ਬੜੀ ਦਿਲਚਸਪ ਟਿੱਪਣੀ ਕੀਤੀ। ਉਹ ਕਹਿੰਦੇ ਹਨ ਕਿ ਤੁਸੀ ਮੀਡੀਆ ਵਾਲੇ ਜਾਂ ਅਖਬਾਰਾਂ ਵਿੱਚ ਲੇਖ ਲਿਖਣ ਵਾਲੇ ਲੋਕ ਬੇਵਕੂਫ ਹੋ।

ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਜਥੇਦਾਰ ਕੋਈ ਇੱਕ ਵੀ ਕਦਮ ਅਜਿਹਾ ਨਹੀਂ ਪੁੱਟ ਸਕਦੇ, ਜਿਸਦਾ ਹੁਕਮ ਉਨ੍ਹਾਂ ਨੂੰ 'ਉਪਰੋਂ' ਨਾ ਆਇਆ ਹੋਵੇ।

Image copyright GURPREET CHAWLA/BBC

ਜਥੇਦਾਰ ਸਿਰਫ ਸਕਰੀਨ ਤੇ ਦਿਸਦੇ ਪਾਤਰ ਹਨ। ਇਸ ਸਾਰੀ ਖੇਡ ਦੇ ਅਸਲੀ ਡਾਇਰੈਕਟਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਹਨ।

ਉਹ ਕਹਿੰਦੇ ਹਨ ਕਿ ਇਹ ਬੇਵਕੂਫੀ ਹੋਵੇਗੀ, ਜੇ ਕੋਈ ਇਹ ਸਮਝੇ ਕਿ ਬਾਦਲਾਂ ਦੇ ਅਧੀਨ ਕੰਮ ਕਰ ਰਹੀ ਕਿਸੇ ਵੀ ਸੰਸਥਾ ਦਾ ਕੋਈ ਅਹੁਦੇਦਾਰ 'ਖੁਦਮੁਖਤਾਰ' ਹੋਵੇਗਾ ਅਤੇ ਆਪਣੇ ਤੌਰ 'ਤੇ ਫੈਸਲੇ ਲੈ ਲੈਂਦਾ ਹੋਵੇਗਾ।

ਸ਼ੁਰੂ ਵਿੱਚ ਸਿੱਖ ਸਕੌਲਰ ਹਰਿੰਦਰ ਸਿੰਘ ਦੀਆਂ ਜਿਨ੍ਹਾਂ ਟਿਪਣੀਆਂ ਦਾ ਜ਼ਿਕਰ ਮੈਂ ਕੀਤਾ ਸੀ, ਉਨ੍ਹਾਂ ਵਿੱਚ ਵੀ ਇਸ ਗੱਲ ਵੱਲ ਇਸ਼ਾਰਾ ਸੀ ਕਿ ਇਹ ਸਾਰਾ ਕੁੱਝ ਅਕਾਲੀਆਂ ਦੀਆਂ ਰਾਜਨੀਤਕ ਗਿਣਤੀਆਂ ਮਿਣਤੀਆਂ ਦਾ ਹਿੱਸਾ ਹੈ।

(ਲੇਖਕ ਕੈਨੇਡੀਅਨ ਮਲਟੀਕਲਚਰਲ ਚੈਨਲ ਔਮਨੀ ਨਾਲ ਕੰਮ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)