ਸੋਸ਼ਲ꞉ #BoycottAmazon ਕਿਉਂ ਚਲਾਇਆ ਗਿਆ?

ਸਵਰਾ ਭਾਸਕਰ Image copyright Getty Images

ਕਠੂਆ ਤੇ ਉਨਾਓ ਬਲਾਤਕਾਰ ਕੇਸਾਂ ਦੇ ਪੀੜਤਾਂ ਦੇ ਪੱਖ ਵਿੱਚ ਸਭ ਤੋਂ ਪਹਿਲਾਂ ਬੋਲਣ ਵਾਲੀਆਂ ਕੁਝ ਕੁ ਉੱਘੀਆਂ ਹਸਤੀਆਂ ਵਿੱਚੋਂ ਇੱਕ ਸਵਰਾ ਭਾਸਕਰ ਨੂੰ ਵਿਵਾਦਾਂ ਨੇ ਘੇਰ ਲਿਆ ਹੈ।

ਉਹ ਔਨਲਾਈਨ ਸ਼ੌਪਿੰਗ ਕੰਪਨੀ ਐਮੇਜ਼ੋਨ ਦੇ ਪ੍ਰਚਾਰ ਲਈ ਕੰਮ ਕਰਦੇ ਹਨ।

ਪਿਛਲੇ ਦਿਨੀਂ ਉਨ੍ਹਾਂ ਨੇ ਕੰਪਨੀ ਦੇ ਪ੍ਰਚਾਰ ਲਈ ਇੱਕ ਟਵੀਟ ਕੀਤਾ, ਜਿਸ ਨੂੰ ਐਮੇਜ਼ੋਨ ਨੇ ਮੁੜ ਟਵੀਟ ਕੀਤਾ।

ਇਸ ਤੋਂ ਬਾਅਦ ਕਈ ਲੋਕਾਂ ਨੇ ਇਹ ਟਵੀਟ ਕੀਤਾ ਕਿ ਉਹ ਅਜਿਹੀ ਕੰਪਨੀ ਦੀ ਐਪਲੀਕੇਸ਼ਨ ਡਿਲੀਟ ਕਰ ਦੇਣਗੇ ਕਿਉਂਕਿ ਇਸਦੀ ਪ੍ਰਚਾਰਕ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਦੁਖੀ ਕਰਨ ਵਾਲੀ ਅਦਾਕਾਰ ਹੈ।

ਸਵਰਾ ਨੇ ਲਿਖਿਆ ਸੀ ਕਿ ਸੰਗੀਤ ਉਨ੍ਹਾਂ ਦਾ ਸ਼ੌਂਕ ਹੈ। ਜਦ ਉਹ ਨਵੇਂ ਸ਼ਹਿਰ ਵਿੱਚ ਆਈ ਉਹ ਵਧੀਆ ਮਿਊਜ਼ਿਕ ਸਿਸਟਮ ਖਰੀਦਣਾ ਚਾਹੁੰਦੀ ਸੀ। ਬਹੁਤ ਘੁੰਮੀ ਪਰ ਨਹੀਂ ਮਿਲਿਆ।

ਕੰਪਨੀ ਨੇ ਇਹੀ ਟਵੀਟ ਸਾਂਝਾ ਕੀਤਾ ਜਿਸ ਤੋਂ ਬਾਅਦ ਟਵਿੱਟਰ 'ਤੇ #BoycottAmazon ਵਰਤਿਆ ਜਾਣ ਲੱਗਿਆ।

ਸਜੀਥ ਸਸੀਧਰਨ ਨੇ ਲਿਖਿਆ ਕਿ ਉਨ੍ਹਾਂ ਨੇ ਐਮੇਜ਼ੋਨ ਤੋਂ ਹੀ ਸਾਰੀਆਂ ਕਿਤਾਬਾਂ ਖ਼ਰੀਦੀਆਂ ਹਨ ਪਰ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਅਪੀਲ ਵੀ ਕੀਤੀ ਕਿ ਉਨ੍ਹਾਂ ਨਾਲ ਨਾ ਜੁੜੋ ਜੋ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।

ਹਮ ਭਾਰਤ ਕੇ ਲੋਗ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਉਹ ਐਮੇਜ਼ੋਨ ਪ੍ਰਾਈਮ ਦੇ ਗਾਹਕ ਹਨ ਅਤੇ ਹਰ ਮਹੀਨੇ ਔਸਤ 5 ਚੀਜ਼ਾਂ ਇਸ ਤੋਂ ਖ਼ਰੀਦ ਦੇ ਹਨ ਪਰ ਉਨ੍ਹਾਂ ਨੂੰ ਦੁੱਖ ਹੋਇਆ ਹੈ ਕਿ ਐਮੇਜ਼ੋਨ ਉਨ੍ਹਾਂ ਦੀ ਸਭਿੱਅਤਾ ਦੇ ਦੁਸ਼ਮਣਾਂ ਦਾ ਪ੍ਰਚਾਰ ਕਰ ਰਿਹਾ ਹੈ।

ਨਮਰਤਾ ਨਾਮ ਦੇ ਵਰਤੋਂਕਾਰ ਨੇ ਲਿਖਿਆ ਕਿ ਸਨੈਪਡੀਲ ਦੇ ਬਾਈਕਾਟ ਦੇ ਪੱਧਰ ਦੀ ਮੁਹਿੰਮ ਚਲਾਉਣੀ ਪਵੇਗੀ ਤਾਂ ਕਿ ਐਮੇਜ਼ੋਨ ਨੂੰ ਸਵਰਾ ਵਰਗੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਕੱਢਣ ਲਈ ਸਮਝਾਇਆ ਜਾ ਸਕੇ।

ਕੁਝ ਲੋਕ ਸਵਰਾ ਦੇ ਪੱਖ ਵਿੱਚ ਵੀ ਉੱਤਰੇ।

ਸਾਕਸ਼ੀ ਜੋਸ਼ੀ ਨੇ ਲਿਖਿਆ, ਹੇ ਮੇਰੇ ਪ੍ਰਮਾਤਮਾਂ। ਜਦੋਂ ਮੈਂ #BoycottAmazon ਛਾਇਆ ਹੋਇਆ ਦੇਖਿਆ ਤਾਂ ਮੈਨੂੰ ਲੱਗਿਆ ਕਿ ਗਾਹਕਾਂ ਨਾਲ ਕੋਈ ਧੋਖਾ ਹੋਇਆ ਹੋਵੇਗਾ। ਮੈਂ ਸੋਚ ਵੀ ਨਹੀਂ ਸੀ ਸਕਦੀ ਕਿ ਬਲਾਤਕਾਰ ਦੇ ਹਮਾਇਤੀ ਇਸ ਦੇ ਪਿੱਛੇ ਹੋ ਸਕਦੇ ਹਨ। ਮੈਂ ਐਮੇਜ਼ੋਨ ਤੋਂ ਖ਼ਰੀਦ ਦਾਰੀ ਕਰਦੀ ਹਾਂ ਅਤੇ ਮੈਂ ਇਹ ਜਾਰੀ ਰਖਾਂਗੀ।

ਜਿੱਥੇ ਕੁਝ ਲੋਕਾਂ ਨੇ ਕੰਪਨੀ ਦੀ ਟਵੀਟ ਡਿਲੀਟ ਕਰਨ ਦੀ ਅਪੀਲ ਕੀਤੀ ਤਾਂ ਕੁਝ ਨੇ ਲਿਖਿਆ ਕਿ ਉਹ ਆਪਣੇ ਆਰਡਰ ਰੱਦ ਕਰ ਰਹੇ ਹਨ। ਲੋਕਾਂ ਨੇ ਐਪਲੀਕੇਸ਼ਨ ਨੂੰ ਐਪ ਸਟੋਰ ਉੱਤੇ ਨੀਵੀਂ ਰੇਟਿੰਗ ਦੇਣ ਦੀ ਵੀ ਅਪੀਲ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)