ਆਸਾਰਾਮ ਦੇ ਜੇਲ੍ਹ ਜਾਣ ਮਗਰੋਂ ਕਿਨ੍ਹਾਂ 9 ਲੋਕ 'ਤੇ ਹੋਏ ਜਾਨਲੇਵਾ ਹਮਲੇ?

ਆਸਾਰਾਮ Image copyright Getty Images

ਆਸਾਰਾਮ ਨੂੰ ਜੋਧਪੁਰ ਦੀ ਅਦਾਲਤ ਨੇ ਰੇਪ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ 30 ਅਪ੍ਰੈਲ ਤੱਕ ਜੋਧਪੁਰ ਵਿੱਚ ਧਾਰਾ 144 ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਰਿਆਣਾ ਵਰਗੀ ਹਿੰਸਾ ਰਾਜਸਥਾਨ ਵਿੱਚ ਨਾ ਹੋਵੇ, ਜ਼ਾਹਿਰ ਹੈ ਸਰਕਾਰ ਅਜਿਹਾ ਨਹੀਂ ਚਾਹੁੰਦੀ।

ਹੁਣ ਫੈਸਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹਨ। ਆਸਾਰਾਮ ਦੇ ਖ਼ਿਲਾਫ਼ 5 ਸਾਲਾਂ ਤੋਂ ਜਾਰੀ ਪੀੜਤਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਇਹ ਕਾਨੂੰਨੀ ਲੜਾਈ ਕਈ ਮਾਅਨਿਆਂ ਵਿੱਚ ਖਾਸ ਰਹੀ ਹੈ।

ਆਸਾਰਾਮ ਦੇ ਮੁੱਕਦਮੇ ਨਾਲ ਜੁੜੇ ਅਹਿਮ ਤੱਥਾਂ 'ਤੇ ਨਜ਼ਰ ਪਾਵਾਂਗੇ

ਆਸਾਰਾਮ ਅਤੇ ਉਨ੍ਹਾਂ ਦਾ ਸਮਾਜਿਕ ਪ੍ਰਭਾਵ

ਅਪ੍ਰੈਲ 1941 ਵਿੱਚ ਮੌਜੂਦਾ ਪਾਕਿਸਤਾਨ ਦੇ ਸਿੰਧ ਇਲਾਕੇ ਦੇ ਬੇਰਾਨੀ ਪਿੰਡ ਵਿੱਚ ਪੈਦਾ ਹੋਏ ਆਸਾਰਾਮ ਦਾ ਅਸਲੀ ਨਾਂ ਅਸੁਮਲ ਹਰਪਲਾਨੀ ਹੈ।

ਸਿੰਧੀ ਵਪਾਰੀ ਭਾਈਚਾਰੇ ਤੋਂ ਸਬੰਧ ਰੱਖਣ ਵਾਲਾ ਆਸਾਰਾਮ ਦਾ ਪਰਿਵਾਰ 1947 ਵਿੱਚ ਵੰਡ ਤੋਂ ਬਾਅਦ ਭਾਰਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਆ ਵਸਿਆ ਸੀ।

Image copyright Getty Images

60ਵਿਆਂ ਵਿੱਚ ਉਨ੍ਹਾਂ ਨੇ ਲੀਲਾਸ਼ਾਹ ਨੂੰ ਆਪਣਾ ਅਧਿਆਤਮਕ ਗੁਰੂ ਬਣਾਇਆ। ਬਾਅਦ ਵਿੱਚ ਲੀਲਾਸ਼ਾਹ ਨੇ ਹੀ ਅਸੁਮਲ ਦਾ ਨਾਂ ਆਸਾਰਾਮ ਰੱਖਿਆ ਸੀ।

1972 ਵਿੱਚ ਆਸਾਰਾਮ ਨੇ ਅਹਿਮਦਾਬਾਦ ਤੋਂ ਤਕਰੀਬਨ 10 ਕਿਲੋਮੀਟਰ ਦੂਰ ਮੁਟੇਰਾ ਕਸਬੇ ਵਿੱਚ ਸਾਬਰਮਤੀ ਨਦੀ ਦੇ ਕਿਨਾਰੇ ਆਪਣੀ ਪਹਿਲੀ ਕੁਟੀਆ ਬਣਾਈ ਸੀ।

ਇੱਥੋਂ ਸ਼ੁਰੂ ਹੋਇਆ ਆਸਾਰਾਮ ਦਾ ਅਧਿਆਤਮਕ ਪ੍ਰੋਜੈਕਟ ਹੌਲੀ-ਹੌਲੀ ਗੁਜਰਾਤ ਦੇ ਹੋਰ ਸ਼ਹਿਰਾਂ ਤੋਂ ਹੁੰਦਾ ਹੋਇਆ ਦੇਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੈਲ ਗਿਆ।

ਸ਼ੁਰੂਆਤ ਵਿੱਚ ਗੁਜਰਾਤ ਦੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਗਰੀਬ, ਪਿਛੜੇ ਅਤੇ ਆਦੀਵਾਸੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਉਪਦੇਸ਼, ਦੇਸੀ ਦਵਾਈਆਂ ਅਤੇ ਭਜਨ ਕੀਰਤਨ ਨਾਲ ਲੁਭਾਉਣ ਵਾਲੇ ਆਸਾਰਾਮ ਦਾ ਪ੍ਰਭਾਵ ਹੌਲੀ-ਹੌਲੀ ਸੂਬੇ ਦੇ ਸ਼ਹਿਰੀ ਮੱਧ ਵਰਗੀ ਇਲਾਕਿਆਂ ਵਿੱਚ ਵੀ ਵਧਣ ਲੱਗਾ।

Image copyright Getty Images

ਸ਼ੁਰੂਆਤੀ ਸਾਲਾਂ ਵਿੱਚ ਪ੍ਰਵਚਨ ਤੋਂ ਬਾਅਦ ਪ੍ਰਸਾਦ ਦੇ ਨਾਂ 'ਤੇ ਵੰਡੇ ਜਾਣ ਵਾਲੇ ਭੋਜਨ ਨੇ ਵੀ ਆਸਾਰਾਮ ਦੇ ਭਗਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਆਸਾਰਾਮ ਦੀ ਅਧਿਕਾਰਕ ਵੈਬਸਾਈਟ ਦੇ ਅਨੁਸਾਰ ਅੱਜ ਪੂਰੀ ਦੁਨੀਆਂ ਵਿੱਚ ਉਨ੍ਹਾਂ ਦੇ 40 ਲੱਖ ਸ਼ਰਧਾਲੂ ਹਨ।

ਆਸਾਰਾਮ ਨੇ ਆਪਣੇ ਬੇਟੇ ਨਰਾਇਣ ਸਾਈਂ ਦੇ ਨਾਲ ਮਿਲ ਕੇ ਦੇਸ-ਵਿਦੇਸ਼ ਵਿੱਚ ਫੈਲੇ ਆਪਣੇ 400 ਆਸ਼ਰਮਾਂ ਦਾ ਵੱਡਾ ਸਮਰਾਜ ਖੜ੍ਹਾ ਕਰ ਲਿਆ।

ਭਗਤਾਂ ਅਤੇ ਆਸ਼ਰਮਾਂ ਦੀ ਵੱਡੀ ਗਿਣਤੀ ਦੇ ਨਾਲ-ਨਾਲ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਵੀ ਹੈ ਜਿਸਦੀ ਜਾਂਚ-ਪੜਤਾਲ ਫਿਲਹਾਲ ਕੇਂਦਰੀ ਅਤੇ ਗੁਜਰਾਤ ਸੂਬੇ ਦੇ ਮਾਲੀਆ ਵਿਭਾਗ ਅਤੇ ਈਡੀ ਕਰ ਰਹੇ ਹਨ।

ਇਸ ਜਾਂਚ ਵਿੱਚ ਆਸ਼ਰਮ ਨਿਰਮਾਣ ਦੇ ਲਈ ਗੈਰ ਕਾਨੂੰਨੀ ਤਰੀਕੇ ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦਾ ਮਾਮਲਾ ਵੀ ਸ਼ਾਮਿਲ ਹੈ।

ਆਸਾਰਾਮ ਦਾ ਸਿਆਸੀ ਦਬਦਬਾ

ਭਗਤਾਂ ਦੀ ਗਿਣਤੀ ਵਧਾਉਣ ਦੇ ਨਾਲ ਹੀ ਸਿਆਸੀ ਆਗੂਆਂ ਨੇ ਵੀ ਆਸਰਾਮ ਦੇ ਜ਼ਰੀਏ ਇੱਕ ਵੱਡੇ ਵੋਟ ਬੈਂਕ 'ਤੇ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ।

1990 ਤੋਂ 2000 ਦੇ ਦਹਾਕੇ ਤੱਕ ਉਨ੍ਹਾਂ ਦੇ ਭਗਤਾਂ ਦੀ ਸੂਚੀ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਅਤੇ ਨਿਤਿਨ ਗਡਕਰੀ ਵਰਗੇ ਦਿੱਗਜ ਵੀ ਸ਼ਾਮਿਲ ਸਨ।

Image copyright Getty Images

ਇਸ ਸੂਚੀ ਵਿੱਚ ਦਿਗਵਿਜੇ ਸਿੰਘ, ਕਮਲ ਨਾਥ ਅਤੇ ਮੋਤੀਲਾਲ ਵੋਰਾ ਵਰਗੇ ਸੀਨੀਅਰ ਕਾਂਗਰਸੀ ਆਗੂ ਵੀ ਸ਼ਾਮਲ ਰਹੇ ਹਨ।

ਨਾਲ ਹੀ ਭਾਜਪਾ ਦੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਵਿੱਚੋਂ ਕਾਫੀ ਸਿਆਸੀ ਹਸਤੀਆਂ ਆਸਾਰਾਮ ਦੇ ਦਰਸ਼ਨਾਂ ਦੇ ਲਈ ਜਾਂਦੀਆਂ ਰਹੀਆਂ ਹਨ।

ਇਸ ਸੂਚੀ ਵਿੱਚ ਸ਼ਿਵਰਾਜ ਸਿੰਘ ਚੌਹਾਨ, ਉਮਾ ਭਾਰਤੀ, ਰਮਨ ਸਿੰਘ, ਪ੍ਰੇਮ ਕੁਮਾਰ ਧੂਮਲ ਅਤੇ ਵਸੁੰਧਰਾ ਰਾਜੇ ਦੇ ਨਾਂ ਸ਼ਾਮਿਲ ਹਨ।

ਇਨ੍ਹਾਂ ਸਾਰਿਆਂ ਤੋਂ ਉੱਤੇ 2000 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਆਸਾਰਾਮ ਦੇ ਦਰਸ਼ਨਾਂ ਲਈ ਜਾਣ ਵਾਲਾ ਸਭ ਤੋਂ ਖਾਸ ਨਾਂ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ।

ਸਾਲ 2008 ਵਿੱਚ ਆਸਾਰਾਮ ਦੇ ਮੁਟੇਰਾ ਆਸ਼ਰਮ ਵਿੱਚ 2 ਬੱਚਿਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ 'ਤੇ ਤਕਰੀਬਨ ਹਰ ਸਿਆਸੀ ਦਲ ਦੇ ਆਗੂਆਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ।

2008 ਦਾ ਮੁਟੇਰਾ ਆਸ਼ਰਮ ਕਾਂਡ

5 ਜੁਲਾਈ 2008 ਨੂੰ ਆਸਾਰਾਮ ਦੇ ਮੁਟੇਰਾ ਆਸ਼ਰਮ ਦੇ ਬਾਹਰ ਮੌਜੂਦ ਸਾਬਰਮਤੀ ਨਦੀ ਵਿੱਚ 10 ਸਾਲਾ ਅਭਿਸ਼ੇਕ ਵਾਘੇਲਾ ਅਤੇ 11 ਸਾਲਾ ਦੀਪੇਸ਼ ਵਾਘੇਲਾ ਦੀਆਂ ਜਲੀਆਂ ਲਾਸ਼ਾਂ ਬਰਾਮਦ ਹੋਈਆਂ।

ਅਹਿਮਦਾਬਾਦ ਵਿੱਚ ਰਹਿਣ ਵਾਲੇ ਇਨ੍ਹਾਂ ਚਚੇਰੇ ਭਰਾਵਾਂ ਦੇ ਮਾਪਿਆਂ ਨੇ ਮੌਤ ਤੋਂ ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਦਾ ਦਾਖਲਾ ਆਸਾਰਾਮ ਦੇ ਗੁਰੂਕੁਲ ਨਾਂ ਦੇ ਸਕੂਲ ਵਿੱਚ ਕਰਵਾਇਆ ਸੀ।

Image copyright Getty Images

ਇਸ ਮਾਮਲੇ ਦੀ ਜਾਂਚ ਦੇ ਲਈ ਤਤਕਾਲੀ ਸੂਬਾ ਸਰਕਾਰ ਨੇ ਡੀਕੇ ਤ੍ਰਿਵੇਦੀ ਕਮਿਸ਼ਨ ਦਾ ਗਠਨ ਕੀਤਾ ਸੀ ਪਰ ਇਸ ਕਮਿਸ਼ਨ ਦੇ ਜਾਂਚ ਦੇ ਨਤੀਜੇ ਜਨਤਕ ਨਹੀਂ ਕੀਤੇ ਗਏ ਸੀ।

ਇਸੇ ਵਿਚਾਲੇ 2012 ਵਿੱਚ ਸੂਬਾ ਪੁਲਿਸ ਨੇ ਮੁਟੇਰਾ ਆਸ਼ਰਮ ਦੇ 7 ਮੁਲਾਜ਼ਮਾਂ 'ਤੇ ਗੈਰ-ਇਰਾਦਤਨ ਕਤਲ ਦੇ ਇਲਜ਼ਾਮ ਤੈਅ ਕੀਤੇ ਸੀ। ਮਾਮਲੇ ਦੀ ਸੁਣਵਾਈ ਫਿਲਹਾਲ ਅਹਿਮਦਾਬਾਦ ਦੀ ਸੈਸ਼ਨ ਅਦਾਲਤ ਵਿੱਚ ਜਾਰੀ ਹੈ।

ਜੋਧਪੁਰ ਮਾਮਲਾ

ਅਗਸਤ 2013 ਵਿੱਚ ਆਸਾਰਾਮ ਦੇ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਵਾਲਾ ਸ਼ਾਹਜਹਾਂਪੁਰ ਨਿਵਾਸੀ ਪੀੜੜਾ ਦਾ ਪੂਰਾ ਪਰਿਵਾਰ ਘਟਨਾ ਤੋਂ ਪਹਿਲਾਂ ਤੱਕ ਆਸਾਰਾਮ ਦਾ ਕੱਟੜ ਭਗਤ ਸੀ।

ਪੀੜਤਾ ਦੇ ਪਿਤਾ ਨੇ ਆਪਣੇ ਖਰਚੇ 'ਤੇ ਸ਼ਾਹਜਹਾਂਪੁਰ ਵਿੱਚ ਆਸਾਰਾਮ ਦਾ ਆਸ਼ਰਮ ਬਣਵਾਇਆ ਸੀ।

ਸੰਸਕਾਰੀ ਸਿੱਖਿਆ ਦੀ ਉਮੀਦ ਵਿੱਚ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਨੂੰ ਆਸਾਰਾਮ ਦੇ ਛਿੰਦਵਾੜਾ ਸਥਿਤ ਗੁਰੂਕੁਲ ਵਿੱਚ ਪੜ੍ਹਨ ਲਈ ਭੇਜਿਆ ਸੀ।

7 ਅਗਸਤ 2013 ਨੂੰ ਪੀੜਤਾ ਦੇ ਪਿਤਾ ਨੂੰ ਛਿੰਦਵਾੜਾ ਗੁਰੂਕੁਲ ਤੋਂ ਇੱਕ ਫੋਨ ਆਇਆ। ਫੋਨ 'ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ 16 ਸਾਲਾ ਧੀ ਬੀਮਾਰ ਹੈ।

Image copyright Getty Images

ਅਗਲੇ ਦਿਨ ਜਦੋਂ ਪੀੜਤਾ ਦੇ ਮਾਤਾ-ਪਿਤਾ ਛਿੰਦਵਾੜਾ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ 'ਤੇ ਭੂਤ-ਪ੍ਰੇਤ ਦਾ ਪਰਛਾਵਾਂ ਹੈ ਜਿਸ ਨੂੰ ਆਸਾਰਾਮ ਹੀ ਠੀਕ ਕਰ ਸਕਦੇ ਹਨ।

14 ਅਗਸਤ ਨੂੰ ਪੀੜਤਾ ਦਾ ਪਰਿਵਾਰ ਆਸਾਰਾਮ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਜੋਧਪੁਰ ਆਸ਼ਰਮ ਪਹੁੰਚਿਆ।

ਮੁਕੱਦਮੇ ਵਿੱਚ ਦਾਇਰ ਚਾਰਜਸ਼ੀਟ ਅਨੁਸਾਰ ਆਸਾਰਾਮ ਨੇ 15 ਅਗਸਤ ਦੀ ਸ਼ਾਮ ਨੂੰ 16 ਸਾਲਾ ਪੀੜਤਾ ਨੂੰ ਠੀਕ ਕਰਨ ਦੇ ਬਹਾਨੇ ਆਪਣੀ ਕੁਟੀਆ ਵਿੱਚ ਬੁਲਾ ਕੇ ਬਲਾਤਕਾਰ ਕੀਤਾ।

ਪੀੜਤਾ ਦੇ ਪਰਿਵਾਰ ਦੇ ਲਈ ਇਹ ਘਟਨਾ ਉਨ੍ਹਾਂ ਦੇ ਭਗਵਾਨ ਦੇ ਸ਼ੈਤਾਨ ਵਿੱਚ ਬਦਲਣ ਵਰਗੀ ਸੀ।

ਆਪਣਾ ਵਿਸ਼ਵਾਸ ਟੁੱਟਣ ਤੋਂ ਦੁਖੀ ਇਸ ਪਰਿਵਾਰ ਨੇ ਸੁਣਵਾਈ ਦੇ ਬੀਤੇ ਪੰਜ ਸਾਲ ਆਪਣੇ ਘਰ ਵਿੱਚ ਨਜ਼ਰਬੰਦਾਂ ਵਾਂਗ ਬਿਤਾਏ ਹਨ।

ਰਿਸ਼ਵਤ ਦੀ ਪੇਸ਼ਕਸ਼ ਤੋਂ ਲੈ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਵਜੂਦ ਇਹ ਪਰਿਵਾਰ ਆਪਣੇ ਤੋਂ ਕਈ ਗੁਣਾ ਜ਼ਿਆਦਾ ਰਸੂਖਦਾਰ ਆਸਾਰਾਮ ਦੇ ਖਿਲਾਫ਼ ਜਾਰੀ ਆਪਣੀ ਕਾਨੂੰਨੀ ਲੜਾਈ ਵਿੱਚ ਹਿੰਮਤ ਨਾਲ ਡਟਿਆ ਰਿਹਾ।

ਗਵਾਹਾਂ ਦਾ ਕਤਲ

28 ਫਰਵਰੀ 2014 ਨੂੰ ਸਵੇਰ ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈਂ 'ਤੇ ਬਲਾਤਕਾਰ ਦਾ ਇਲਜ਼ਾਮ ਲਾਉਣ ਵਾਲੀ ਸੂਰਤ ਦੀਆਂ ਦੋਵੇਂ ਭੈਣਾਂ ਵਿੱਚੋਂ ਇੱਕ ਦੇ ਪਤੀ 'ਤੇ ਸੂਰਤ ਸ਼ਹਿਰ ਵਿੱਚ ਹੀ ਜਾਨਲੇਵਾ ਹਮਲਾ ਹੋਇਆ।

15 ਦਿਨਾਂ ਦੇ ਅੰਦਰ ਹੀ ਅਗਲਾ ਹਮਲਾ ਰਾਕੇਸ਼ ਪਟੇਲ ਨਾਂ ਦੇ ਆਸਾਰਾਮ ਦੇ ਵੀਡੀਓਗ੍ਰਾਫਰ 'ਤੇ ਹੋਇਆ।

ਦੂਜੇ ਹਮਲੇ ਦੇ ਕੁਝ ਦਿਨਾਂ ਦੇ ਵਿਚਾਲੇ ਹੀ ਦਿਨੇਸ਼ ਭਗਨਾਨੀ ਨਾਂ ਦੇ ਤੀਜੇ ਗਵਾਹ 'ਤੇ ਸੂਰਤ ਦੇ ਕੱਪੜਾ ਬਾਜ਼ਾਰ ਵਿੱਚ ਤੇਜ਼ਾਬ ਸੁੱਟਿਆ ਗਿਆ।

ਇਹ ਤਿੰਨੋਂ ਗਵਾਹ ਖੁਦ 'ਤੇ ਹੋਏ ਇਨ੍ਹਾਂ ਜਾਨਲੇਵਾ ਹਮਲਿਆਂ ਦੇ ਬਾਅਦ ਵੀ ਬਚ ਗਏ।

Image copyright Getty Images

ਇਸ ਤੋਂ ਬਾਅਦ 23 ਮਈ 2014 ਨੂੰ ਆਸਾਰਾਮ ਦੇ ਨਿੱਜੀ ਸਕੱਤਰ ਦੇ ਤੌਰ 'ਤੇ ਕੰਮ ਕਰ ਚੁੱਕੇ ਅੰਮ੍ਰਿਤ ਪ੍ਰਜਾਪਤੀ 'ਤੇ ਚੌਥਾ ਹਮਲਾ ਕੀਤਾ ਗਿਆ।

ਪੁਆਈਂਟ ਬਲੈਂਕ ਰੇਂਜ ਤੋਂ ਸਿੱਧੇ ਗਲੇ ਵਿੱਚ ਮਾਰੀ ਗੋਲੀ ਦੇ ਜ਼ਖਮ ਕਾਰਨ 17 ਦਿਨਾਂ ਬਾਅਦ ਅੰਮ੍ਰਿਤ ਦੀ ਮੌਤ ਹੋ ਗਈ।

ਅਗਲਾ ਨਿਸ਼ਾਨਾ ਆਸਾਰਾਮ ਮਾਮਲੇ 'ਤੇ ਕੁੱਲ 187 ਖ਼ਬਰਾਂ ਲਿਖਣ ਵਾਲੇ ਸ਼ਾਹਜਹਾਂਪੁਰ ਦੇ ਪੱਤਰਕਾਰ ਨਰਿੰਦਰ ਯਾਦਵ 'ਤੇ ਲਾਇਆ ਗਿਆ।

ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਪਰ ਉਹ 76 ਟਾਂਕਿਆਂ ਤੇ ਤਿੰਨ ਆਪਰੇਸ਼ਨਾਂ ਤੋਂ ਬਾਅਦ ਠੀਕ ਹੋ ਗਏ।

ਜਨਵਰੀ 2015 ਵਿੱਚ ਅਗਲੇ ਗਵਾਹ ਅਖਿਲ ਗੁਪਤਾ ਦਾ ਮੁਜ਼ੱਫਰਨਗਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਠੀਕ ਇੱਕ ਮਹੀਨੇ ਦੇ ਬਾਅਦ ਆਸਾਰਾਮ ਦੇ ਸਕੱਤਰ ਦੇ ਤੌਰ 'ਤੇ ਕੰਮ ਕਰ ਚੁੱਕੇ ਰਾਹੁਲ ਸਚਾਨ 'ਤੇ ਜੋਧਪੁਰ ਅਦਾਲਤ ਵਿੱਚ ਗਵਾਹੀ ਦੇਣ ਦੇ ਫੌਰਨ ਬਾਅਦ ਅਦਾਲਤ ਵਿੱਚ ਹੀ ਜਾਨਲੇਵਾ ਹਮਲਾ ਹੋਇਆ।

ਰਾਹੁਲ ਉਸ ਵੇਲੇ ਤਾਂ ਬਚ ਗਏ ਪਰ 25 ਨਵੰਬਰ 2015 ਤੋਂ ਲੈ ਕੇ ਹੁਣ ਤੱਕ ਲਾਪਤਾ ਹਨ।

ਇਸ ਮਾਮਲੇ ਵਿੱਚ ਅੱਠਵਾਂ ਸਨਸਨੀਖੇਜ਼ ਹਮਲਾ 13 ਮਈ 2015 ਨੂੰ ਗਵਾਹ ਮਹਿੰਦਰ ਚਾਵਲਾ 'ਤੇ ਪਾਣੀਪਤ ਵਿੱਚ ਹੋਇਆ।

ਹਮਲੇ ਵਿੱਚ ਵਾਲ-ਵਾਲ ਬਚੇ ਮਹਿੰਦਰ ਅੱਜ ਵੀ ਆਂਸ਼ਿਕ ਅਪਾਹਜ ਹਨ। ਇਸ ਹਮਲੇ ਦੇ ਤਿੰਨ ਮਹੀਨਿਆਂ ਦੇ ਅੰਦਰ ਜੋਧਪੁਰ ਮਾਮਲੇ ਵਿੱਚ ਗਵਾਹ 35 ਸਾਲਾ ਕਿਰਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਆਪਣੇ ਕਤਲ ਤੋਂ ਕੁਝ ਹਫ਼ਤਿਆਂ ਪਹਿਲਾਂ ਹੀ ਉਨ੍ਹਾਂ ਨੇ ਪੀੜਤਾ ਦੇ ਪੱਖ ਵਿੱਚ ਆਪਣੀ ਗਵਾਹੀ ਦਰਜ ਕਰਵਾਈ ਸੀ।

ਆਸਾਰਾਮ ਦੇ ਪੱਖ ਵਿੱਚ ਲੜਨ ਵਾਲੇ ਵਕੀਲ

ਬੀਤੇ ਪੰਜ ਸਾਲਾਂ ਵਿੱਚ ਸੁਣਵਾਈ ਦੌਰਾਨ ਆਸਾਰਾਮਰ ਨੇ ਖੁਦ ਨੂੰ ਬਚਾਉਣ ਦੇ ਲਈ ਦੇਸ ਦੇ ਸਭ ਤੋਂ ਵੱਡੇ ਅਤੇ ਮਹਿੰਗੇ ਵਕੀਲਾਂ ਦਾ ਸਹਾਰਾ ਲਿਆ ਹੈ।

ਆਸਾਰਾਮ ਦੇ ਬਚਾਅ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਲਾਉਣ ਵਾਲੇ ਵਕੀਲਾਂ ਵਿੱਚ ਰਾਮ ਜੇਠਮਲਾਨੀ, ਰਾਜੂ ਰਾਮਚੰਦਰਨ, ਸੁਬਰਮਨੀਅਮ ਸਵਾਮੀ, ਸਿਧਾਰਥ ਲੂਥਰਾ, ਸਲਮਾਨ ਖੁਰਸ਼ੀਦ, ਕੇਟੀਐੱਸ ਤੁਲਸੀ ਅਤੇ ਯੂਯੂ ਲਲਿਤ ਵਰਗੇ ਨਾਂ ਸ਼ਾਮਿਲ ਹਨ।

ਅੱਜ ਤੱਕ ਵੱਖ-ਵੱਖ ਅਦਾਲਤਾਂ ਨੇ ਆਸਾਰਾਮ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਕੁੱਲ 11 ਵਾਰ ਖਾਰਿਜ਼ ਕੀਤੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)