ਅੰਮ੍ਰਿਤਸਰ ਦੇ ਕਪਿਲ ਸ਼ਰਮਾ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ

ਕਪਿਲ ਸ਼ਰਮਾ Image copyright Universal PR

ਸਾਲਾਂ ਤੱਕ ਆਪਣੀ ਕਾਮੇਡੀ ਨਾਲ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬ ਦੇ ਕਪਿਲ ਸ਼ਰਮਾ ਅੱਜ ਕੱਲ ਇੱਕ ਨਵੀਂ ਲੜਾਈ ਲੜ ਰਹੇ ਹਨ। ਸਫ਼ਲਤਾ ਦੇ ਸਿਖਰ ਤੋਂ ਅਚਾਨਕ ਹੁਣ ਉਹ ਵਿਵਾਦਾਂ 'ਚ ਘਿਰ ਗਏ ਹਨ। ਉਨ੍ਹਾਂ ਦਾ ਨਵਾਂ ਟੀਵੀ ਸ਼ੋਅ ਦੋ ਹਫ਼ਤਿਆਂ 'ਚ ਹੀ ਆਫ਼ ਏਅਰ ਹੋ ਗਿਆ ਹੈ।

ਜਿਹੜੇ ਸਾਥੀ ਕਲਾਕਾਰਾਂ ਨਾਲ ਮਿਲ ਕੇ ਉਨ੍ਹਾਂ ਕਾਮੇਡੀ ਦੀ ਦੁਨੀਆਂ ਨੂੰ ਨਵੀਂ ਪਛਾਣ ਦਿੱਤੀ, ਉਨ੍ਹਾਂ ਵਿੱਚੋਂ ਬਹੁਤੇ ਕਪਿਲ ਤੋਂ ਵੱਖ ਹੋ ਗਏ ਹਨ।

ਅਜਿਹੀਆਂ ਰਿਪੋਰਟਾਂ ਹਨ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ।

ਇੱਕ ਪੱਤਰਕਾਰ ਨਾਲ ਉਨ੍ਹਾਂ ਦੀ ਲੜਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਹੈ।

ਬਾਲੀਵੁੱਡ ਸਟਾਰ ਹੋਣ ਜਾਂ ਫ਼ਿਰ ਨਾਮੀਂ ਕ੍ਰਿਕਟਰ, ਇੱਕ ਸਮੇਂ ਉਨ੍ਹਾਂ ਦੇ ਸ਼ੋਅ 'ਚ ਆਉਣ ਨੂੰ ਉਤਾਵਲੇ ਰਹਿੰਦੇ ਸਨ।

ਉਨ੍ਹਾਂ ਦੇ ਸ਼ੋਅ ਦੀ ਟੀਆਰਪੀ ਅੰਬਰਾਂ ਨੂੰ ਛੂਹ ਰਹੀ ਸੀ। ਅਦਾਕਾਰੀ ਦੀ ਦੁਨੀਆਂ 'ਚ ਵੀ ਉਹ ਆਪਣਾ ਹੱਥ ਅਜ਼ਮਾ ਰਹੇ ਸਨ।

ਉਨ੍ਹਾਂ ਦੇ ਸਾਥੀ ਕਲਾਕਾਰਾਂ ਦੀ ਉਨ੍ਹਾਂ ਬਾਰੇ ਵੱਖ-ਵੱਖ ਰਾਇ ਹੈ। ਕੋਈ ਇਹ ਕਹਿ ਰਿਹਾ ਹੈ ਕਪਿਲ ਨੇ ਜੋ ਬੀਜਿਆ ਹੈ, ਉਹੀ ਵੱਢ ਰਹੇ ਹਨ।

ਕੋਈ ਕਹਿ ਰਿਹਾ ਹੈ ਕਿ ਇਹ ਕਪਿਲ ਦਾ ਬੁਰਾ ਦੌਰ ਹੈ ਅਤੇ ਹਰ ਕਿਸੇ ਦੇ ਜੀਵਨ 'ਚ ਬੁਰਾ ਦੌਰ ਆਉਂਦਾ ਹੈ।

ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਚ ਭੂਆ ਬਣੀ ਉਪਾਸਨਾ ਸਿੰਘ ਕਹਿੰਦੇ ਹਨ, ''ਫ਼ਿਲਮ ਇੰਡਸਟਰੀ 'ਚ ਹਰ ਕਲਾਕਾਰ ਦਾ ਇੱਕ ਫੇਜ਼ ਹੁੰਦਾ ਹੈ, ਇੱਕ ਪਲ ਉਸ ਕੋਲ ਬਹੁਤ ਕੰਮ ਹੁੰਦਾ ਹੈ ਅਤੇ ਉਹ ਸਫ਼ਲਤਾ ਦੇ ਉੱਚੇ ਪਾਇਦਾਨ 'ਤੇ ਹੁੰਦਾ ਹੈ ਤਾਂ ਦੂਜੇ ਪਲ ਕੋਈ ਕੰਮ ਨਹੀਂ ਹੁੰਦਾ।''

Image copyright Universal PR

ਸਫ਼ਲਤਾ ਆਪਣੇ ਨਾਲ ਬਹੁਤ ਸਾਰੇ ਵਿਵਾਦ ਲੈ ਕੇ ਆਉਂਦੀ ਹੈ

ਪਰ ਜੇ ਜਾਣਕਾਰਾਂ ਦੀ ਮੰਨੀਏ ਤਾਂ ਕਪਿਲ ਦੀ ਅਸਲੀ ਮੁਸ਼ਕਿਲ ਉਸ ਸਮੇਂ ਸ਼ੁਰੂ ਹੋਈ ਜਦੋਂ ਪਿਛਲੇ ਸਾਲ ਸੁਨੀਲ ਗਰੋਵਰ ਨਾਲ ਉਨ੍ਹਾਂ ਦੀ ਲੜਾਈ ਹੋਈ।

ਸੁਨੀਲ ਦੇ ਨਾਲ-ਨਾਲ ਕਈ ਕਲਾਕਾਰ ਉਨ੍ਹਾਂ ਦੇ ਸ਼ੋਅ ਤੋਂ ਵੱਖ ਹੋ ਗਏ। ਕਪਿਲ ਨੂੰ ਸ਼ਾਇਦ ਇਸ ਦਾ ਅਹਿਸਾਸ ਨਹੀਂ ਸੀ ਕਿ ਸੁਨੀਲ ਗਰੋਵਰ ਅਤੇ ਬਾਕੀ ਕਲਾਕਾਰਾਂ ਦਾ ਉਨ੍ਹਾਂ ਤੋਂ ਵੱਖ ਹੋਣਾਂ ਉਨ੍ਹਾਂ 'ਤੇ ਇਨਾਂ ਭਾਰੀ ਪਵੇਗਾ।

ਸੁਨੀਲ ਗਰੋਵਰ ਅਤੇ ਬਾਕੀ ਕਈ ਕਲਾਕਾਰਾਂ ਦੇ ਸ਼ੋਅ ਛੱਡਣ ਦੇ ਬਾਅਦ ਕਪਿਲ ਨੇ ਸੋਨੀ ਟੀਨੀ ਦੇ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਕਈ ਪ੍ਰਯੋਗ ਕੀਤੇ। ਪਰ ਉਹ ਸ਼ੋਅ ਚੱਲ ਨਹੀਂ ਸਕਿਆ।

ਉਸ ਸਮੇਂ ਕਪਿਲ ਸ਼ਰਮਾ ਦੀ ਫ਼ਿਲਮ 'ਫਿਰੰਗੀ' ਆਉਣ ਵਾਲੀ ਸੀ ਅਤੇ ਕਪਿਲ ਨੂੰ ਭਰੋਸਾ ਸੀ ਕਿ ਇਸ ਫ਼ਿਲਮ ਨਾਲ ਉਹ ਸਫ਼ਲਤਾ ਦੀ ਨਵੀਂ ਕਹਾਣੀ ਲਿਖਣਗੇ ਅਤੇ ਆਪਣੇ ਆਲੋਚਕਾਂ ਨੂੰ ਮੋੜਵਾਂ ਜਵਾਬ ਵੀ ਦੇਣਗੇ।

ਪਰ ਅਜਿਹਾ ਹੋਇਆ ਨਹੀਂ। ਕਪਿਲ ਦੀ ਫ਼ਿਲਮ ਫ਼ਲਾਪ ਹੋਈ ਅਤੇ ਸ਼ੋਅ ਤੋਂ ਬ੍ਰੇਕ ਲੈਣ ਦੀ ਉਨ੍ਹਾਂ ਦੀ ਰਣਨੀਤੀ ਵੀ ਧਰੀ ਰਹਿ ਗਈ।

ਹੁਣ ਜਦੋਂ ਉਹ ਦੁਬਾਰਾ ਇੱਕ ਨਵਾਂ ਸ਼ੋਅ ਲੈ ਕੇ ਆਏ ਤਾਂ ਲੋਕਾਂ ਨੂੰ ਉਹ ਕਪਿਲ ਦੇਖਣ ਨੂੰ ਨਹੀਂ ਮਿਲਿਆ, ਜਿਸ ਨੂੰ ਉਹ ਟੀਵੀ 'ਤੇ ਦੇਖਦੇ ਆਏ ਹਨ।

ਫ਼ਿਰ ਪੱਤਰਕਾਰ ਨਾਲ ਲੜਾਈ ਅਤੇ ਗਾਲਾਂ ਨੇ ਵਿਵਾਦਾਂ ਨੂੰ ਹੋਰ ਗਹਿਰਾ ਕਰ ਦਿੱਤਾ, ਹੁਣ ਤਾਂ ਸ਼ੋਅ ਵੀ ਬੰਦ ਹੋ ਗਿਆ ਹੈ।

ਅਜਿਹੀਆਂ ਖ਼ਬਰਾਂ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਚਲ ਰਹੀ। ਕਪਿਲ ਸ਼ਰਮਾ ਦੇ ਸ਼ੋਅ ਦਾ ਅਹਿਮ ਹਿੱਸਾ ਰਹੇ ਉਪਾਸਨਾ ਸਿੰਘ ਦੀ ਮੰਨੀਏ ਤਾਂ ਕਪਿਲ ਡਿਪ੍ਰੈਸ਼ਨ 'ਚ ਹਨ।

Image copyright Universal PR

ਬੀਬੀਸੀ ਨਾਲ ਗੱਲਬਾਤ 'ਚ ਉਪਾਸਨਾ ਨੇ ਕਿਹਾ, ''ਕਪਿਲ ਦੀ ਫ਼ਿਲਮ 'ਚ ਦਿੱਕਤ ਆ ਗਈ, ਸ਼ੋਅ ਇੰਨਾਂ ਨਹੀਂ ਚੱਲਿਆਂ ਜਦੋਂ ਕਿ ਪਹਿਲਾ ਸ਼ੋਅ ਬਹੁਤ ਹਿੱਟ ਸੀ, ਫਿਰ ਝਗੜੇ ਹੋ ਗਏ ਤੇ ਉਹ ਦਬਾਅ ਹੇਠਾਂ ਆ ਗਿਆ।''

''ਚੀਜ਼ਾਂ ਨੂੰ ਸੰਭਾਲ ਨਹੀਂ ਸਕਿਆ, ਉਹ ਸਰੀਰਿਕ ਅਤੇ ਮਾਨਸਿਕ ਪਰੇਸ਼ਾਨੀ 'ਚ ਚਲਾ ਗਿਆ ਹੈ, ਉਹ ਡਿਪ੍ਰੈਸ਼ਨ 'ਚ ਚਲਾ ਗਿਆ ਹੈ, ਇਨੀਂ ਟੈਂਸ਼ਨ ਦੇ ਕਾਰਨ ਉਸ ਨੂੰ ਇਹ ਫੇਜ਼ (ਦੌਰ) ਦੇਖਣਾ ਪੈ ਰਿਹਾ ਹੈ।''

ਕਪਿਲ ਨੂੰ ਆਪਣਾ ਛੋਟਾ ਭਰਾ ਮੰਨਣ ਵਾਲੀ ਉਪਾਸਨਾ ਦਾ ਕਹਿਣਾ ਹੈ - ''ਕਪਿਲ ਮੱਧ ਵਰਗੀ ਪਰਿਵਾਰ ਤੋਂ ਆਉਂਦਾ ਹੈ, ਉਸ ਦੀ ਸਭ ਤੋਂ ਵਧੀਆਂ ਖ਼ੂਬੀ ਹੈ ਕਿ ਉਹ ਸਭ ਦੀ ਪਰਵਾਹ ਕਰਦਾ ਹੈ।''

''ਦਿਲ ਦਾ ਸਾਫ਼ ਹੈ, ਜੋ ਉਸ ਦੇ ਦਿਲ 'ਚ ਹੁੰਦਾ ਹੈ ਉਹ ਕਹਿ ਦਿੰਦਾ ਹੈ।''

''ਉਸ ਨੂੰ ਗੁੱਸਾ ਤੇ ਤਕਲੀਫ਼ ਲੁਕਾਉਣੀ ਨਹੀਂ ਆਉਂਦੀ, ਇਸ ਲਈ ਸ਼ਾਇਦ ਕਪਿਲ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।''

''ਉਹ ਇਨਸਾਨ ਹੈ ਰੱਬ ਨਹੀਂ, ਵਾਰ-ਵਾਰ ਉਸ ਨੂੰ ਭਲਾ-ਬੁਰਾ ਕਹਾਂਗੇ ਤਾਂ ਗੁੱਸਾ ਤਾਂ ਆਵੇਗਾ ਹੀ ਅਤੇ ਗੁੱਸੇ 'ਚ ਲੋਕ ਅਕਸਰ ਆਪਣਾ ਆਪਾ ਖੋ ਦਿੰਦੇ ਹਨ।''

ਲਾਫ਼ਟਰ ਚੈਲੇਂਜ ਤੋਂ ਕਪਿਲ ਦੇ ਦੋਸਤ ਰਹੇ ਸੁਨੀਲ ਪਾਲ ਉਨ੍ਹਾਂ ਨੂੰ ਵੱਡੇ ਦਿਲ ਵਾਲਾ ਮੰਨਦੇ ਹਨ।

ਪੂਰੇ ਵਿਵਾਦ ਨੂੰ ਕਪਿਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਮੰਨਣ ਵਾਲੇ ਸੁਨੀਲ ਪਾਲ ਦਾ ਕਹਿਣ ਹੈ, ''ਕਪਿਲ ਜਦੋਂ ਕਰੀਅਰ ਦੇ ਸਿਖ਼ਰ 'ਤੇ ਸਨ ਉਦੋਂ ਉਨ੍ਹਾਂ ਨੇ ਕਈ ਪੁਰਾਣੇ ਬੇਰੁਜ਼ਗਾਰ ਦੋਸਤਾਂ ਨੂੰ ਆਪਣੇ ਸ਼ੋਅ 'ਚ ਕੰਮ ਦਿਵਾਇਆ।''

''ਉਹ ਕਈ ਲੇਖਕਾਂ ਨੂੰ ਸਿਰਫ਼ ਬੈਠਣ ਅਤੇ ਟੀਮ 'ਚ ਸ਼ਾਮਿਲ ਹੋਣ ਦੇ ਪੈਸੇ ਦਿੰਦੇ ਸਨ ਤਾਂ ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਚਲ ਸਕੇ।''

Image copyright Universal PR

ਕਪਿਲ ਸ਼ਰਮਾ ਦੇ ਸ਼ੋਅ ਦਾ ਅਹਿਮ ਹਿੱਸਾ ਜਲੰਧਰ ਦੀ ਸੁਗੰਧਾ ਮਿਸ਼ਰਾ ਵੀ ਰਹੀ ਹੈ। ਕਪਿਲ ਸ਼ਰਮਾ ਕਾਲਜ ਵਿੱਚ ਸੁਗੰਧਾ ਦੇ ਸੀਨੀਅਰ ਸਨ।

ਜਦੋਂ ਲਾਫ਼ਟਰ ਚੈਲੇਂਜ ਦੇ ਚੌਥੇ ਸੀਜ਼ਨ ਲਈ ਮਹਿਲਾ ਪ੍ਰਤੀਭਾਗੀਆਂ ਦੀ ਖੋਜ ਚਲ ਰਹੀ ਸੀ ਉਦੋਂ ਕਪਿਲ ਸ਼ਰਮਾ ਨੇ ਸੁਗੰਧਾ ਮਿਸ਼ਰਾ ਦੇ ਨਾਂ ਦਾ ਸੁਝਾਅ ਦਿੱਤਾ।

ਸੁਗੰਧਾ ਦੇ ਪਰਿਵਾਰ ਵਾਲੇ ਸੁਗੰਧਾ ਨੂੰ ਮੁੰਬਈ ਭੇਜਣ ਲਈ ਰਾਜ਼ੀ ਨਹੀਂ ਸਨ, ਉਦੋਂ ਕਪਿਲ ਨੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਅਤੇ ਭਰੋਸਾ ਦਿਵਾਇਆ। ਤਾਂ ਜਾ ਕੇ ਸੁਗੰਧਾ ਮੁੰਬਈ ਆ ਸਕੀ ਅਤੇ ਸ਼ੋਅ 'ਚ ਹਿੱਸਾ ਲਿਆ।

ਫ਼ਿਲਹਾਲ ਸੁਗੰਧਾ ਦੀ ਟੀਮ ਨਾਲ ਕਪਿਲ ਦੀ ਅਨਬਨ ਹੋਣ ਦੇ ਬਾਅਦ ਤੋਂ ਉਹ ਕਪਿਲ ਦੇ ਸੰਪਰਕ 'ਚ ਨਹੀਂ ਹੈ, ਪਰ ਉਨ੍ਹਾਂ ਸਾਫ਼ ਕੀਤਾ ਕਿ ਨਿੱਜੀ ਤੌਰ 'ਤੇ ਉਨ੍ਹਾਂ ਦੀ ਕਪਿਲ ਨਾਲ ਕੋਈ ਲੜਾਈ ਨਹੀਂ ਹੈ।

ਕਪਿਲ ਨੂੰ ਭਰਾ ਕਹਿਣ ਵਾਲੀ ਸੁਗੰਧਾ ਮਿਸ਼ਰਾ ਫ਼ਿਲਹਾਲ ਸੁਨੀਲ ਗਰੋਵਰ ਨਾਲ ਉਨ੍ਹਾਂ ਦੇ ਨਵੇਂ ਸ਼ੋਅ 'ਦੇ ਦਨਾ ਦਨ' 'ਚ ਮਸਰੂਫ਼ ਹੈ ਅਤੇ ਕਪਿਲ ਦੇ ਨਾਲ ਸ਼ੋਅ ਲਈ ਸੱਦਾ ਆਵੇਗਾ ਤਾਂ ਉਹ ਜ਼ਰੂਰ ਜਾਣਗੇ।

ਲੰਮੇ ਸਮੇਂ ਤੱਕ ਕਪਿਲ ਸ਼ਰਮਾ ਨਾਲ ਜੁੜੀ ਰਹੀ ਸਾਬਕਾ ਮਨੇਜਰ ਪ੍ਰੀਤੀ ਸਿਮੋਨ ਕਹਿੰਦੇ ਹਨ, ''ਇੱਕ ਇਨਸਾਨ ਜਿਹੜਾ ਨੰਬਰ ਇੱਕ ਪੋਜ਼ੀਸ਼ਿਨ ਤੇ ਸੀ ਉਹ ਉੱਥੇ ਪਹੁੰਚਿਆ ਕਿਵੇਂ? ਇਸ ਦਾ ਕਾਰਨ ਆਰਟਿਕਲਸ ਨਹੀਂ ਹੋ ਸਕਦੇ।''

''ਮੈਂ ਕਪਿਲ ਨੂੰ ਜਾਣਦੀ ਹਾਂ, ਉਹ ਬਿਹਤਰੀਨ ਕਲਾਕਾਰ ਹਨ।''

''ਤੁਸੀਂ ਜ਼ਿੰਦਗੀ 'ਚ ਕੁਝ ਫ਼ੈਸਲੇ ਕੀਤੇ, ਫ਼ਿਲਮਾਂ ਬਣਾਉਣੀਆਂ ਚਾਹੀਆਂ, ਸ਼ੋਅ ਕਰਨਾ ਚਾਹਿਆ, ਵਿਆਹ ਕਰਨਾ ਚਾਹਿਆ, ਇਹ ਸਾਰੇ ਫ਼ੈਸਲੇ ਤੁਹਾਡੇ ਸਨ।''

''ਜੇਕਰ ਤੁਹਾਡੇ ਫ਼ੈਸਲੇ ਪਰੇਸ਼ਾਨੀ ਦਾ ਸਬੱਬ ਹਨ ਤਾਂ ਉਨ੍ਹਾ 'ਤੇ ਕੰਮ ਕਰੋ, ਦੂਜਿਆਂ 'ਤੇ ਇਲਜ਼ਾਮ ਨਾ ਲਗਾਓ।''

ਪ੍ਰੀਤੀ ਮੁਤਾਬਕ ਕਪਿਲ ਜਦੋਂ ਤੱਕ ਉਨ੍ਹਾਂ ਨਾਲ ਸੀ, ਠੀਕ ਸੀ। ਉਨ੍ਹਾਂ ਦੀ ਕਪਿਲ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ।

ਉਪਾਸਨਾ ਨੇ ਦੱਸਿਆ ਕਿ ਉਹ ਹਾਲ ਹੀ 'ਚ ਕਪਿਲ ਨੂੰ ਨਹੀਂ ਮਿਲੀ ਪਰ ਸ਼ੋਅ ਦੇ ਦੂਜੇ ਮੈਂਬਰ ਮਿਲੇ ਹਨ।

ਫ਼ਿਲਹਾਲ ਕਪਿਲ ਮੁੰਬਈ ਤੋਂ ਬਾਹਰ ਹਨ। ਉਪਾਸਨਾ ਨੂੰ ਲਗਦਾ ਹੈ ਕਿ ਫ਼ਿਲਹਾਲ ਕੰਮ ਤੋਂ ਬ੍ਰੇਕ ਲੈ ਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ। ਉਪਾਸਨਾ ਨੂੰ ਉਮੀਦ ਹੈ ਕਿ ਸਾਰੇ ਝਗੜੇ ਸੁਲਝ ਜਾਣਗੇ ਅਤੇ ਕਪਿਲ ਡਿਪ੍ਰੈਸ਼ਨ ਤੋਂ ਬਾਹਰ ਆ ਜਾਣਗੇ।

Image copyright Sony PR

ਕਪਿਲ ਦਾ ਉਤਰਾਅ-ਚੜਾਅ ਭਰਿਆ ਸਫ਼ਰ

ਕਪਿਲ ਨੇ 2007 'ਚ ਆਪਣੇ ਹੁਨਰ ਸਦਕਾ ਲਾਫ਼ਟਰ ਚੈਲੇਂਜ 3 ਜਿੱਤ ਕੇ ਇੰਡਸਟਰੀ 'ਚ ਪੈਰ ਰੱਖਿਆ। 2013 'ਚ 'ਕਾਮੇਡੀ ਨਾਈਟਸ ਵਿਦ ਕਪਿਲ' ਸ਼ੁਰੂ ਕਰਨ ਤੋਂ ਪਹਿਲਾਂ ਉਹ ਕਾਮੇਡੀ ਸਰਕਸ ਦਾ ਹਿੱਸਾ ਰਹੇ।

'ਕਾਮੇਡੀ ਨਾਈਟਸ ਵਿਦ ਕਪਿਲ' ਨੇ ਉਨ੍ਹਾਂ ਨੂੰ ਬਤੌਰ ਕਲਾਕਾਰ ਬੇਸ਼ੁਮਾਰ ਸਫ਼ਲਤਾ ਦਿੱਤੀ।

ਤਿੰਨ ਸਾਲ ਤੱਕ ਸ਼ੋਅ ਨੰਬਰ ਵਨ ਰਿਹਾ ਅਤੇ ਕਪਿਲ ਸ਼ਰਮਾ ਭਾਰਤ ਦੇ ਹਰ ਘਰ 'ਚ ਜਾਣਿਆ-ਪਛਾਣਿਆ ਨਾਂ ਬਣ ਗਿਆ।

ਇਸ ਸ਼ੋਅ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਰਸ਼ਕ ਗੁੱਥੀ, ਦਾਦੀ, ਪਲਕ ਅਤੇ ਭੂਆ ਦੇ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਸੁਨੀਲ ਗਰੋਵਰ, ਅਲੀ ਅਸਗਰ, ਕੀਕੂ ਸ਼ਾਰਦਾ ਅਤੇ ਉਪਾਸਨਾ ਸਿੰਘ ਨੂੰ ਉਨ੍ਹਾਂ ਦੇ ਅਸਲ ਨਾਂ ਤੋਂ ਘੱਟ ਅਤੇ ਸ਼ੋਅ ਦੇ ਨਾਵਾਂ ਤੋਂ ਵੱਧ ਜਾਣਦੇ ਹਨ।

ਸ਼ੋਅ ਦੀ ਵੱਧਦੀ ਸ਼ੌਹਰਤ ਨੂੰ ਦੇਖ ਕੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਉੱਥੇ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚਣ ਲੱਗੀਆਂ।

ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਅਕਸ਼ੇ ਕੁਮਾਰ, ਅਮਿਤਾਭ ਬੱਚਨ, ਅਨੁਸ਼ਕਾ ਸ਼ਰਮਾ, ਅਨਿਲ ਕਪੂਰ, ਦੀਪਿਕਾ ਪਾਦੂਕੋਣ, ਸੋਨਾਕਸ਼ੀ ਸਿਨਹਾ, ਵਿਦਿਆ ਬਾਲਨ, ਪ੍ਰਿਅੰਕਾ ਚੋਪੜਾ, ਰਣਬੀਰ ਕਪੂਰ, ਧਰਮਿੰਦਰ, ਜਿਤੇਂਦਰ, ਕਰੀਨਾ ਕਪੂਰ ਵਰਗੇ ਵੱਡੇ ਬਾਲੀਵੁੱਡ ਸਿਤਾਰਿਆਂ ਦਾ ਆਉਣਾ ਸ਼ੋਅ ਦਾ ਰੂਟੀਨ ਬਣ ਗਿਆ।

Image copyright Sony PR

ਫ਼ਿਲਮ ਇੰਡਸਟਰੀ ਦੇ ਇਲਾਵਾ ਖੇਡ ਜਗਤ ਤੋਂ ਵੀ ਮਹਿਮਾਨ ਇਸ ਸ਼ੋਅ ਦਾ ਹਿੱਸਾ ਬਣੇ ਜਿਸ 'ਚ ਸਾਨਿਆ ਮਿਰਜ਼ਾ, ਸ਼ੋਇਬ ਅਖ਼ਤਰ ਅਤੇ ਹਰਭਜਨ ਸਿੰਘ ਸ਼ਾਮਿਲ ਸਨ। ਸ਼ੋਅ ਨੇ ਕਪਿਲ ਸ਼ਰਮਾ ਨੂੰ ਵੀ ਇੱਕ ਸੇਲੇਬ੍ਰਿਟੀ ਦਾ ਦਰਜਾ ਦਿਵਾ ਦਿੱਤਾ।

ਉਨ੍ਹਾਂ ਨੇ ਨਾ ਸਿਰਫ਼ ਕਰਣ ਜੌਹਰ ਦੇ ਨਾਲ 60ਵਾਂ ਫ਼ਿਲਮਫੇਅਰ ਐਵਾਰਡ ਸ਼ੋਅ ਹੋਸਟ ਕੀਤਾ ਸਗੋਂ 2015 'ਚ ਅੱਬਾਸ ਮਸਤਾਨ ਦੇ ਨਿਰਦੇਸ਼ਨ 'ਚ ਬਣੀ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ 'ਕਿਸ-ਕਿਸ ਕੋ ਪਿਆਰ ਕਰੂੰ' 'ਚ ਵੀ ਕੰਮ ਕੀਤਾ।

ਹਾਲਾਂਕਿ ਇਹ ਫ਼ਿਲਮ ਉਮੀਦ ਮੁਤਾਬਕ ਕਾਰੋਬਾਰ ਨਹੀਂ ਕਰ ਸਕੀ।

2016 'ਚ ਕਲਰਜ਼ ਚੈਨਲ ਦੇ ਨਾਲ ਅਨਬਨ ਹੋਣ ਦੇ ਬਾਅਦ ਕਪਿਲ ਦਾ ਸ਼ੋਅ ਬੰਦ ਹੋ ਗਿਆ ਅਤੇ ਕਪਿਲ ਸ਼ਰਮਾ ਨੇ ਸੋਨੀ ਚੈਨਲ ਨਾਲ 'ਦ ਕਪਿਲ ਸ਼ਰਮਾ ਸ਼ੋਅ' ਸ਼ੁਰੂ ਕੀਤਾ ਜਿਸ 'ਚ ਚੰਪੂ ਸ਼ਰਮਾ, ਡਾਕਟਰ ਮਸ਼ਹੂਰ ਗੁਲਾਟੀ, ਰਿੰਕੂ ਦੇਵੀ ਅਤੇ ਨਾਨੀ ਵਰਗੇ ਕਿਰਦਾਰ ਮਸ਼ਹੂਰ ਹੋਏ।

Image copyright Sony PR

ਪਰ ਉਸ ਸਾਲ ਫ਼ਿਰ ਕਪਿਲ ਸ਼ਰਮਾ ਵਿਵਾਦਾਂ ਦੇ ਘੇਰੇ 'ਚ ਆ ਗਏ ਜਦੋਂ ਉਨ੍ਹਾਂ ਨੇ BMC ਦੇ ਕਰਮਚਾਰੀਆਂ 'ਤੇ ਰਿਸ਼ਵਤ ਦਾ ਦੋਸ਼ ਲਗਾਉਂਦੇ ਹੋਏ ਨਰਿੰਦਰ ਮੋਦੀ ਨੂੰ ਟਵਿੱਟਰ 'ਤੇ ਟੈਗ ਕੀਤਾ।

ਇਸ ਦੇ ਬਾਅਦ ਉਨ੍ਹਾਂ ਦੇ ਓਸ਼ੀਵਾੜਾ ਆਫ਼ਿਸ 'ਚ ਹੋਈ ਨਾਜਾਇਜ਼ ਉਸਾਰੀ ਦਾ ਮਾਮਲਾ ਸਾਹਮਣੇ ਆਇਆ।

ਹਾਲਾਂਕਿ ਕਪਿਲ ਸ਼ਰਮਾ ਨੇ ਦਾਅਵਾ ਕੀਤਾ ਕਿ ਇਮਾਰਤ ਦੀ ਉਸਾਰੀ 'ਚ ਮੰਜ਼ੂਰਸ਼ੁਦਾ ਪਲਾਨ ਮੁਤਾਬਕ ਹੋਈ ਸੀ।

2017 'ਚ ਕਪਿਲ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ 'ਚ ਉਨ੍ਹਾਂ ਦੇ ਸਾਥੀ ਕਲਾਕਾਰ ਸੁਨੀਲ ਗਰੋਵਰ ਦੇ ਨਾਲ ਕਪਿਲ ਮਾੜੀ ਭਾਸ਼ਾ 'ਚ ਗੱਲ ਕਰਦੇ ਨਜ਼ਰ ਆਏ। ਇਹ ਵਿਵਾਦ ਭਖਿਆ ਅਤੇ ਕਾਫ਼ੀ ਕਲਾਕਾਰਾਂ ਨੇ ਸ਼ੋਅ ਛੱਡ ਦਿੱਤਾ।

ਸ਼ੋਅ ਤੋਂ ਇੱਕ ਬ੍ਰੇਕ ਲੈ ਕੇ ਕਪਿਲ ਆਪਣੀ ਦੂਜੀ ਫ਼ਿਲਮ 'ਫਿਰੰਗੀ' 'ਚ ਮਸਰੂਫ਼ ਹੋ ਗਏ।

ਫ਼ਿਲਮ ਫਲਾਪ ਰਹੀ। ਕਪਿਲ ਨੇ ਟੀਵੀ ਤੇ ਵਾਪਸੀ ਕਰਨੀ ਚਾਹੀ ਪਰ ਖ਼ਰਾਬ ਸਿਹਤ ਦੇ ਕਾਰਨ ਕਈ ਵਾਰ ਸ਼ੋਅ ਦੀ ਸ਼ੂਟਿੰਗ ਰੱਦ ਹੁੰਦੀ ਰਹੀ।

ਹਾਲ ਹੀ 'ਚ ਕਪਿਲ ਸ਼ਰਮਾ ਇੱਕ ਨਵੇਂ ਵਿਵਾਦ ਦਾ ਹਿੱਸਾ ਬਣ ਗਏ ਜਦੋਂ ਉਨ੍ਹਾਂ ਨੇ ਇੱਕ ਪੱਤਰਕਾਰ 'ਤੇ ਆਪਣੇ ਟਵੀਟ ਰਾਹੀਂ ਦੋਸ਼ ਲਗਾਇਆ ਕਿ ਕਥਿਤ ਪੱਤਰਕਾਰ ਉਨ੍ਹਾਂ ਨੂੰ ਹੇਠਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਪੈਸੇ ਲੈਣ ਦੀ ਸਾਜ਼ਿਸ਼ ਹੈ।

ਬਾਅਦ ਵਿੱਚ ਉਸ ਪੱਤਰਕਾਰ ਨੇ ਦੋਸ਼ ਲਗਾਇਆ ਕਿ ਕਪਿਲ ਸ਼ਰਮਾ ਨੇ ਫੋਨ ਕਰਕੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਹਨ।

ਦੋਹਾਂ ਨੇ ਇੱਕ-ਦੂਜੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ।

ਕਪਿਲ ਦੇ ਚਾਹੁਣ ਵਾਲੇ ਇਸ ਸਾਰੇ ਮਾਮਲੇ ਤੋਂ ਨਿਰਾਸ਼ ਜ਼ਰੂਰ ਹੋਣਗੇ। ਮੱਧ ਵਰਗੀ ਪਰਿਵਾਰ ਤੋਂ ਆਉਣ ਵਾਲੇ ਕਪਿਲ ਸ਼ਰਮਾ ਨੇ ਇਹ ਮੁਕਾਮ ਹਾਸਿਲ ਕਰਨ ਲਈ ਕਾਫ਼ੀ ਸੰਘਰਸ਼ ਕੀਤਾ ਹੈ।

ਉਨ੍ਹਾਂ ਦਾ ਸਫ਼ਰ ਸੌਖਾ ਨਹੀਂ ਰਿਹਾ, ਪਰ ਉਨ੍ਹਾਂ ਦੇ ਚਾਹੁਣ ਵਾਲੇ ਜ਼ਰੂਰ ਚਾਹੁਣਗੇ ਕਿ ਕਪਿਲ ਆਪਣੇ ਪੁਰਾਣੇ ਸਾਥੀਆਂ ਦੇ ਨਾਲ ਇੱਕ ਵਾਰ ਫ਼ਿਰ ਉਸ ਰੰਗ 'ਚ ਨਜ਼ਰ ਆਉਣ, ਜਿਸ ਕਰਕੇ ਉਹ ਸ਼ੌਹਰਤ ਦੇ ਸਿਖਰ 'ਤੇ ਪਹੁੰਚੇ ਸਨ।

ਇਸ ਲਈ ਕਪਿਲ ਦੇ ਚਾਹੁਣ ਵਾਲਿਆਂ ਨੂੰ ਕਿੰਨਾਂ ਇੰਤਜ਼ਾਰ ਕਰਨਾ ਪਏਗਾ, ਇਸ ਦਾ ਜਵਾਬ ਫ਼ਿਲਹਾਲ ਕਿਸੇ ਕੋਲ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)