ਆਸਾਰਾਮ ਦਾ ਭਗਤ ਬਣਨ ਲਈ ਕੀ ਕੀਮਤ ਚੁਕਾਉਣੀ ਪੈਂਦੀ ਸੀ?

ਮਹਿੰਦਰ ਚਾਵਲਾ

ਆਸਾਰਾਮ ਅਤੇ ਉਨ੍ਹਾਂ ਦੇ ਮੁੰਡੇ ਨਾਰਾਇਣ ਸਾਈਂ 'ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾ ਦੀ ਸੁਣਵਾਈ ਦੌਰਾਨ ਜਿਨ੍ਹਾਂ ਨੌ ਗਵਾਹਾਂ 'ਤੇ ਜਾਨਲੇਵਾ ਹਮਲਾ ਹੋਇਆ, ਮਹਿੰਦਰ ਚਾਵਲਾ ਉਨ੍ਹਾਂ ਵਿੱਚੋਂ ਇੱਕ ਹੈ।

ਹਾਲਾਂਕਿ ਤਿੰਨ ਪੁਲਿਸ ਵਾਲਿਆਂ ਦੀ ਟੀਮ 24 ਘੰਟੇ ਉਨ੍ਹਾਂ ਦੇ ਨਾਲ ਰਹਿੰਦੀ ਹੈ ਪਰ ਮਹਿੰਦਰ ਦੇ ਚਿਹਰੇ 'ਤੇ ਤਣਾਅ ਤੇ ਡਰ ਸਾਫ਼ ਨਜ਼ਰ ਆਉਂਦਾ ਹੈ।

ਪਾਣੀਪਤ ਦੇ ਸਲੋਨੀ ਪਿੰਡ ਵਿੱਚ ਰਹਿਣ ਵਾਲੇ ਮਹਿੰਦਰ ਨੇ ਖ਼ੁਦ ਨੂੰ ਧਰਮਗੁਰੂ ਕਹਿਣ ਵਾਲੇ ਆਸਾਰਾਮ ਖ਼ਿਲਾਫ਼ ਜੋਧਪੁਰ ਅਤੇ ਸੂਰਤ ਵਿੱਚ ਚੱਲ ਰਹੇ ਦੋ ਵੱਡੇ ਮੁਕੱਦਮਿਆਂ ਵਿੱਚ ਗਵਾਹੀ ਦਿੱਤੀ ਹੈ।

ਮਹਿੰਦਰ ਮੁਤਾਬਕ ਗਵਾਹੀ ਦੇਣ ਤੋਂ ਪਹਿਲਾਂ ਉਨ੍ਹਾਂ 'ਤੇ ਰਿਸ਼ਵਤ ਲੈ ਕੇ ਚੁੱਪ ਕਰ ਜਾਣ ਦਾ ਦਬਾਅ ਪਾਇਆ ਗਿਆ ਸੀ। ਉਨ੍ਹਾਂ ਨੇ ਰਿਸ਼ਵਤ ਲੈਣ ਤੋਂ ਨਾਂਹ ਕਰ ਦਿੱਤੀ ਤਾਂ ਗਵਾਹੀਆਂ ਤੋਂ ਬਾਅਦ 13 ਮਈ 2015 ਨੂੰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਬੰਦੂਕ ਨਾਲ ਹਮਲਾ ਕੀਤਾ।

ਮੋਢੇ 'ਤੇ ਲੱਗੀ ਗੋਲੀ ਨੇ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਅਪਾਹਿਜ ਕਰ ਦਿੱਤਾ ਪਰ ਕਿਸੇ ਤਰ੍ਹਾਂ ਉਨ੍ਹਾਂ ਦੀ ਜਾਨ ਬੱਚ ਗਈ।

'ਕਿਸੇ ਨੇ ਬਦਲਾ ਲੈਣ ਲਈ ਹਮਲਾ ਕਰ ਦਿੱਤਾ ਤਾਂ?'

40 ਸਾਲਾ ਮਹਿੰਦਰ ਨੂੰ ਲਗਦਾ ਹੈ ਕਿ ਫ਼ੈਸਲਾ ਆਉਣ ਤੋਂ ਬਾਅਦ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਵੱਧ ਸਕਦਾ ਹੈ।

''ਆਮ ਤੌਰ 'ਤੇ ਸਭ ਦੇ ਮਾਮਲੇ ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਖ਼ਤਮ ਹੋ ਜਾਂਦੇ ਹਨ ਪਰ ਮੇਰੇ ਲਈ ਅਸਲੀ ਲੜਾਈ ਫ਼ੈਸਲਾ ਆਉਣ ਤੋਂ ਬਾਅਦ ਸ਼ੁਰੂ ਹੋਵੇਗੀ। ਜੇਕਰ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਮੇਰਾ ਜਾਨ ਨੂੰ ਖ਼ਤਰਾ ਵੱਧ ਜਾਵੇਗਾ।''

Image copyright STRDEL/AFP/Getty Images

ਨਾਰਾਇਣ ਸਾਈਂ ਦੇ ਨਿੱਜੀ ਸਕੱਤਰ ਦੇ ਤੌਰ 'ਤੇ ਕੰਮ ਕਰ ਚੁੱਕੇ ਮਹਿੰਦਰ ਨੇ ਕਰੀਬ 10 ਸਾਲ ਤੱਕ ਇੱਕ 'ਸੇਵਾਦਾਰ' ਦੀ ਤਰ੍ਹਾਂ ਆਸਾਰਾਮ ਦੇ ਆਸ਼ਰਮਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।

'ਮੁਫ਼ਤ ਵਿੱਚ ਕੰਮ ਕਰਵਾਉਂਦੇ ਸੀ'

ਮਹਿੰਦਰ ਦਾਅਵਾ ਕਰਦੇ ਹਨ ਕਿ ਸ਼ੁਰੂਆਤ ਵਿੱਚ ਆਸਾਰਾਮ ਨੇ ਉਨ੍ਹਾਂ ਨੂੰ 'ਈਸ਼ਵਰ ਪ੍ਰਾਪਤੀ' ਦਾ ਲਾਲਚ ਦਿੱਤਾ।

ਉਹ ਦੱਸਦੇ ਹਨ, ''ਕੁਝ ਮੇਰੇ ਘਰ ਦੇ ਸੰਸਕਾਰ ਸੀ ਅਤੇ ਕੁਝ ਈਸ਼ਵਰ ਪ੍ਰਾਪਤੀ ਦੀ ਇੱਛਾ। ਮੈਂ ਸਮਰਪਿਤ ਹੋ ਗਿਆ। ਉਸ ਸਮੇਂ ਪਾਨੀਪਤ ਵਿੱਚ ਉਨ੍ਹਾਂ ਦਾ ਇੱਕ ਆਸ਼ਰਮ ਬਣ ਰਿਹਾ ਸੀ। ਉਸ ਆਸ਼ਰਮ ਨੂੰ ਬਣਵਾਉਣ ਲਈ ਮੈਂ ਮਜ਼ਦੂਰ ਦੀ ਤਰ੍ਹਾਂ ਕੰਮ ਕੀਤਾ।''

ਇਸ ਤੋਂ ਬਾਅਦ ਮਹਿੰਦਰ ਨੂੰ ਆਸਾਰਾਮ ਦੇ ਅਹਿਮਦਾਬਾਦ ਸਥਿਤ ਆਸ਼ਰਮ ਭੇਜ ਦਿੱਤਾ ਗਿਆ। ਉੱਥੇ ਆਸ਼ਰਮ ਦੇ ਵਪਾਰਕ ਗੋਦਾਮ ਵਿੱਚ ਉਹ ਡਿਸਪੈਚ ਦਾ ਕੰਮ ਦੇਖਣ ਲੱਗੇ।

ਮਹਿੰਦਰ ਦੱਸਦੇ ਹਨ ਆਸ਼ਰਮ ਵਿੱਚ ਬਣ ਰਹੀਆਂ ਦੇਸ ਦਵਾਈਆਂ, ਅਗਰਬੱਤੀਆਂ ਅਤੇ ਸ਼ਹਿਦ ਵਰਗੇ ਸਮਾਨ ਨੂੰ 'ਪੂਜਾ ਗੱਡੀਆਂ' ਜ਼ਰੀਏ ਵੇਚਣਾ ਵੀ ਉਨ੍ਹਾਂ ਦੇ ਕੰਮ ਵਿੱਚ ਸ਼ਾਮਲ ਸੀ।

Image copyright SAM PANTHAKY/AFP/Getty Images

ਇਸ ਤੋਂ ਬਾਅਦ ਉਨ੍ਹਾਂ ਨੂੰ ਕੋਟਾ ਸ਼ਹਿਰ ਦੇ ਨੇੜੇ ਮੌਜੂਦ ਲਖਾਵਾ ਪਿੰਡ ਵਿੱਚ ਆਸਾਰਾਮ ਦਾ ਇੱਕ ਨਵਾਂ ਆਸ਼ਰਮ ਖੋਲਣ ਦੀ ਜ਼ਿੰਮੇਦਾਰੀ ਦਿੱਤੀ ਗਈ।

''2001 ਵਿੱਚ ਲਖਾਵਾ ਦਾ ਆਸ਼ਰਮ ਬਣਵਾਉਣ ਦੇ ਦੌਰਾਨ ਮੇਰੀ ਲਗਾਤਾਰ ਆਸਾਰਾਮ ਅਤੇ ਸਾਈਂ ਨਾਲ ਗੱਲਬਾਤ ਹੋਣ ਲੱਗੀ। ਮੈਂ ਉਨ੍ਹਾਂ ਨੂੰ ਆਸ਼ਰਮ ਦੇ ਕੰਮ ਬਾਰੇ ਅਪਡੇਟ ਦੇਣਾ ਹੁੰਦਾ ਸੀ। ਇੱਥੋਂ ਹੀ ਉਹ ਦੋਵੇਂ ਸਿੱਧੇ ਮੇਰੇ ਸਪੰਰਕ ਵਿੱਚ ਆਏ ਅਤੇ ਸਾਈਂ ਨੇ ਮੈਨੂੰ ਆਪਣਾ ਸਕੱਤਰ ਬਣਾ ਲਿਆ।''

'ਤੰਤਰ-ਮੰਤਰ ਕਰਦੇ ਸੀ ਨਾਰਾਇਣ ਸਾਈਂ'

ਮਹਿੰਦਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿੱਚ ਨਾਰਾਇਣ ਸਾਈਂ ਨੂੰ ਤਾਂਤਰਿਕ ਗਤੀਵਿਧੀਆਂ ਵਿੱਚ ਸ਼ਾਮਲ ਦੇਖਿਆ।

''2002 ਵਿੱਚ ਦੀਵਾਲੀ ਤੋਂ ਪਹਿਲਾਂ ਦੀ ਰਾਤ ਸੀ। ਅਸੀਂ ਝਾਬੂਆ ਵਿੱਚ ਸੀ ਜਿੱਥੇ ਇੱਕ ਨਵੇਂ ਆਸ਼ਰਮ ਦਾ ਨਿਰਮਾਣ ਚੱਲ ਰਿਹਾ ਸੀ। ਮੈਂ ਰਾਤ ਨੂੰ ਬਾਥਰੂਮ ਜਾਣ ਲਈ ਉੱਠਿਆ ਤਾਂ ਦੇਖਿਆ ਕਿ ਆਸ਼ਰਮ ਦੇ ਸੈਂਟਰ ਵਾਲੇ ਬਰਾਂਡੇ ਵਿੱਚ ਨਾਰਾਇਣ ਸਾਈਂ ਬੈਠੇ ਹੋਏ ਸੀ। ਉਨ੍ਹਾਂ ਸਾਹਮਣੇ ਹਵਨ ਦੀ ਅੱਗ ਭਖ ਰਹੀ ਸੀ। ਮੈਂ ਦੇਖਿਆ ਕਿ ਅੱਗ ਦੇ ਸਾਹਮਣੇ ਇੱਕ ਮਨੁੱਖੀ ਸਰੀਰ ਰੱਖਿਆ ਹੋਇਆ ਸੀ ਅਤੇ ਉਸ ਸਰੀਰ ਦੇ ਉੱਪਰ ਨਰਕੰਕਾਲ ਦੀ ਇੱਕ ਖੋਪੜੀ ਰੱਖੀ ਹੋਈ ਸੀ। ਆਸ਼ਰਮ ਦੇ ਸੰਸਕਾਰਾਂ ਅਨੁਸਾਰ ਮੈਂ ਸਾਈਂ ਨੂੰ ਪ੍ਰਣਾਮ ਕਰਕੇ ਪਿੱਛੇ ਬੈਠ ਗਿਆ। ਉਦੋਂ ਸਾਈਂ ਨੇ ਕਿਹਾ-ਜਾਓ, ਰੁਕਾਵਟ ਨਾ ਪੈਦਾ ਕਰੋ।''

Image copyright SAM PANTHAKY/AFP/Getty Images

ਉਹ ਅੱਗੇ ਦੱਸਦੇ ਹਨ,''ਸਾਈਂ ਨੇ ਅਗਲੀ ਸਵੇਰ ਆ ਕੇ ਮੈਨੂੰ ਕੁਝ ਤੰਤਰ ਵਿੱਦਿਆ ਨਾਲ ਜੁੜੇ ਮੰਤਰ ਦਿੱਤੇ। ਬਹੁਤ ਜਲਦੀ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਸਾਈਂ ਲੋਭੀ ਹੈ। ਮੈਂ ਖ਼ੁਦ ਸਾਈਂ ਨੂੰ ਵੱਖ-ਵੱਖ ਆਸ਼ਰਮਾਂ ਵਿੱਚ ਕੁੜੀਆਂ ਨੂੰ ਬੁਲਾਉਂਦੇ ਹੋਏ ਦੇਖਿਆ ਹੈ। ਇਹ ਸਭ ਦੇਖ ਕੇ ਮੇਰਾ ਗੁਰੂਆਂ ਪ੍ਰਤੀ ਭਰੋਸਾ ਟੁੱਟ ਗਿਆ।''

2005 ਵਿੱਚ ਮਹਿੰਦਰ ਨੇ ਆਸ਼ਰਮ ਤਾਂ ਛੱਡ ਦਿੱਤਾ ਪਰ ਆਸ਼ਰਮ ਨੇ ਉਨ੍ਹਾਂ ਨੂੰ ਨਹੀਂ ਛੱਡਿਆ।

ਕਿਵੇਂ ਦਾ ਸੀ ਆਸਾਰਾਮ ਦਾ 'ਸੇਵਾਦਾਰ' ਹੋਣਾ

ਮਹਿੰਦਰ ਦੱਸਦੇ ਹਨ ਕਿ ਆਸ਼ਰਮਾਂ ਵਿੱਚ 10 ਸਾਲ ਬੜੇ ਹੀ ਮੁਸ਼ਕਿਲ ਭਰੇ ਰਹੇ।

ਉਨ੍ਹਾਂ ਮੁਤਾਬਿਕ, ''ਮਜ਼ਦੂਰੀ ਤੋਂ ਲੈ ਕੇ ਲਿਖਣ-ਪੜ੍ਹਨ ਤੱਕ ਦੇ ਸਾਰੇ ਕੰਮ ਕਰਵਾਉਂਦੇ ਰਹੇ ਪਰ ਇੱਕ ਰੁਪਿਆ ਤੱਕ ਨਹੀਂ ਦਿੱਤਾ। ਆਸਾਰਾਮ ਤੇ ਨਾਰਾਇਣ ਸਾਈਂ ਦੀ ਜੀਵਨ ਸ਼ੈਲੀ ਅਤੇ ਸਾਡੇ ਵਰਗੇ ਸੇਵਾਦਾਰਾਂ ਦੀ ਜੀਵਨ-ਸ਼ੈਲੀ ਵਿੱਚ ਉਹੀ ਫ਼ਰਕ ਸੀ ਜਿਹੜਾ ਇੱਕ ਰਾਜਾ ਅਤੇ ਗੁਲਾਮ ਦੀ ਜੀਵਨ-ਸ਼ੈਲੀ ਵਿੱਚ ਹੁੰਦਾ ਹੈ। ਉਹ ਦੋਵੇਂ ਮਹਿੰਗੇ ਕੱਪੜੇ ਪਾਉਂਦੇ, ਮੇਵੇ ਖਾਂਦੇ, ਕੇਸਰ ਵਾਲਾ ਦੁੱਧ ਪੀਂਦੇ ਅਤੇ ਸਾਨੂੰ ਸੇਵਾਦਾਰਾਂ ਨੂੰ ਦੁਪਹਿਰ ਸਮੇਂ ਰੋਟੀ ਅਤੇ ਬਾਕੀ ਸਮੇਂ ਮੂੰਗ ਖਿੱਚੜੀ ਦਿੱਤੀ ਜਾਂਦੀ ਸੀ। ਠੰਡ ਦੇ ਸਮੇਂ ਜਦੋਂ ਅਸੀਂ ਕੱਪੜੇ ਮੰਗਦੇ ਸੀ ਤਾਂ ਆਸਾਰਾਮ ਕਹਿੰਦਾ ਸੀ ਤੁਹਾਡਾ ਸਰੀਰ ਤਾਂ ਗੁਰੂ ਲਈ ਹੈ। ਤੁਸੀਂ ਕੱਪੜਿਆਂ ਦਾ ਕੀ ਕਰਨਾ ਹੈ?''

'ਸਭ ਕੁਝ ਗੁਰੂ ਦਾ ਹੈ ਇਸ ਲਈ ਗੁਰੂ ਨੂੰ ਹੀ ਜਾਵੇ'

ਮਹਿੰਦਰ ਦੀ ਮਾਂ ਗੋਪਾਲੀ ਦੇਵੀ ਉਸ ਸਮੇਂ ਨੂੰ ਯਾਦ ਕਰਕੇ ਅੱਜ ਵੀ ਡਰ ਜਾਂਦੀ ਹੈ ਜਦੋਂ ਮਹਿੰਦਰ ਆਸਾਰਾਮ ਦੇ ਆਸ਼ਰਮ ਵਿੱਚ ਸੀ।

ਉਹ ਕਹਿੰਦੀ ਹੈ,''ਇਸ ਨੂੰ ਉੱਥੇ ਕੁਝ ਨਹੀਂ ਦਿੱਤਾ ਜਾਂਦਾ ਸੀ। ਸਭ ਕੁਝ ਘਰੋਂ ਮੈਂ ਦਿੰਦੀ ਸੀ ਜਿਸ ਤਰ੍ਹਾਂ ਕੁੜੀ ਨੂੰ ਵਿਦਾਈ ਸਮੇਂ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਮੈਂ ਸਮਾਨ ਬੰਨ ਕੇ ਦਿੰਦੀ ਸੀ। ਕੱਪੜੇ, ਸਾਬੁਨ, ਤੇਲ, ਘਿਓ ਸਭ ਕੁਝ। ਇੱਥੋਂ ਤੱਕ ਕਿ ਸੋਣ ਲਈ ਬਿਸਤਰਾ ਤੇ ਉੱਪਰ ਲੈਣ ਲਈ ਕੰਬਲ ਵੀ ਮੈਂ ਹੀ ਦਿੰਦੀ ਸੀ। ਦਿਨ ਭਰ ਮੁੰਡੇ ਤੋਂ ਮਜ਼ਦੂਰੀ ਕਰਵਾਉਂਦੇ ਸੀ ਤੇ ਇੱਕ ਪੈਸਾ ਨਹੀਂ ਦਿੰਦੇ ਸੀ। ਜਿਹੜੇ ਥੋੜ੍ਹੇ ਬਹੁਤੇ ਪੈਸੇ ਮੈਂ ਭੇਜਦੀ ਸੀ ਉਹ ਵੀ ਆਸ਼ਰਮ ਵਾਲੇ ਰੱਖ ਲੈਂਦੇ ਸੀ। ਆਸ਼ਰਮ ਦਾ ਕਹਿਣਾ ਸੀ ਕਿ ਸਭ ਕੁਝ ਗੁਰੂ ਦਾ ਹੈ ਇਸ ਲਈ ਗੁਰੂ ਨੂੰ ਹੀ ਜਾਵੇ।''

'ਭਗਵਾਨ ਦੀ ਤਸਵੀਰ ਉਤਰਵਾ ਕੇ ਆਪਣੀ ਲਗਵਾਈ'

ਮਹਿੰਦਰ ਮੁਤਾਬਕ ਆਸ਼ਰਮਾਂ ਵਿੱਚ ਪਹਿਲਾ ਸਬਕ 'ਗੁਰੂ 'ਤੇ ਸਵਾਲ ਨਾ ਚੁੱਕਣ' ਦਾ ਸਿਖਾਇਆ ਜਾਂਦਾ ਹੈ।

Image copyright Sanjay Kanojia/AFP/Getty Images

ਉਹ ਕਹਿੰਦੇ ਹਨ,''ਆਸਾਰਾਮ ਦੀ ਰਿਸ਼ੀ ਪ੍ਰਸਾਦ ਵਰਗੀਆਂ ਮੈਗਜ਼ੀਨਾਂ ਭਗਤਾਂ ਵਿੱਚ ਵੰਡੀਆਂ ਜਾਂਦੀਆਂ ਹਨ। ਇਸ ਵਿੱਚ ਇਹੀ ਲਿਖਿਆ ਹੁੰਦਾ ਹੈ ਕਿ ਗੁਰੂ ਈਸ਼ਵਰ ਤੋਂ ਪਹਿਲਾਂ ਅਤੇ ਵੱਡਾ ਹੈ।

ਆਸਾਰਾਮ ਨੇ ਆਪਣੇ ਭਗਤਾਂ ਦੇ ਘਰਾਂ 'ਚੋਂ ਰਾਮ ਅਤੇ ਕ੍ਰਿਸ਼ਨ ਵਰਗੇ ਦੇਵਤਾਵਾਂ ਦੀਆਂ ਤਸਵੀਰਾਂ ਉਤਰਵਾ ਕੇ ਆਪਣੀਆਂ ਤਸਵੀਰਾਂ ਲਗਵਾ ਦਿੱਤੀਆਂ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ