ਦੂਜੀ ਵਾਰ ਸਿਵਿਲ ਸੇਵਾ ਪਾਸ ਕਰਨ ਵਾਲੇ ਅਨੁਦੀਪ ਦਾ ਕੌਣ ਹੈ ਆਦਰਸ਼? - BBC EXCLUSIVE

ਅਨੁਦੀਪ ਦੁਰੀਸ਼ੇਟੀ Image copyright ANUDEEP DURISHETTY

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਾਲ 2017 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਕੁੱਲ 990 ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਅਤੇ ਹੈਦਰਾਬਾਦ ਦੇ ਅਨੁਦੀਪ ਦੁਰੀਸ਼ੇਟੀ ਅੱਵਲ ਰਹੇ ਹਨ।

ਬਿਟਸ ਪਿਲਾਨੀ, ਰਾਜਸਥਾਨ ਤੋਂ ਬੀਈ (ਇਲੈਕਟ੍ਰਾਨਿਕਸ ਅਤੇ ਇੰਸਟੂਮੈਂਟੇਸ਼ਨ) ਕਰ ਚੁੱਕੇ ਅਨੁਦੀਪ ਦਾ ਬਦਲ ਵਿਸ਼ਾ ਐਨਥ੍ਰੋਪੋਲਜੀ ਸੀ।

ਬੀਬੀਸੀ ਨਾਲ ਅਨੁਦੀਪ ਦੀ ਖ਼ਾਸ ਗੱਲਬਾਤ

"ਮੈਂ ਬੇਹੱਦ ਖੁਸ਼ ਹਾਂ ਅਤੇ ਅੱਗੇ ਜੋ ਜ਼ਿੰਮੇਵਾਰੀ ਮੇਰਾ ਇੰਤਜ਼ਾਰ ਕਰ ਰਹੀ ਹੈ ਉਸ ਨਾਲ ਵਾਕਿਫ਼ ਹਾਂ। ਰੈਂਕ ਤੋਂ ਵੱਧ ਜ਼ਿੰਮੇਵਾਰੀ ਹੈ ਜੋ ਮੇਰੇ ਅੱਗੇ ਹੈ। ਮੈਂ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ।"

Image copyright ANUDEEP DURISHETTY

ਅਨੁਦੀਪ ਕਹਿੰਦੇ ਹਨ ਕਿ ਮੈਂ ਅੱਜ ਇੱਥੇ ਸਿਰਫ਼ ਆਪਣੀ ਮਿਹਨਤ ਸਕਦਾ ਹੀ ਪਹੁੰਚਿਆ ਹਾਂ। ਮਿਹਨਤ ਦਾ ਕੋਈ ਬਦਲ ਨਹੀਂ ਹੁੰਦਾ।

ਉਹ ਦੱਸਦੇ ਹਨ, "ਅਸੀਂ ਜੋ ਵੀ ਕਰੀਏ, ਭਾਵੇਂ ਪ੍ਰੀਖਿਆ ਦੇ ਰਹੀਏ ਹੋਈਏ ਜਾਂ ਕੋਈ ਖੇਡ ਖੇਡ ਰਹੇ ਹੋਈਏ, ਸਾਡਾ ਟੀਚਾ ਸਦਾ ਵਿਸ਼ੇਸ਼ਤਾ ਹਾਸਿਲ ਕਰਨਾ ਹੋਣਾ ਚਾਹੀਦਾ ਹੈ। ਮੈਂ ਇਹੀ ਆਪਣੇ ਪਿਤਾ ਕੋਲੋਂ ਸਿੱਖਿਆ ਅਤੇ ਪ੍ਰੀਖਿਆ ਦੀ ਤਿਆਰੀ ਵਿੱਚ ਇਸ ਨੂੰ ਲਾਗੂ ਕੀਤਾ।"

ਅਬ੍ਰਰਾਹੀਮ ਲਿੰਕਨ ਤੋਂ ਪ੍ਰਭਾਵਿਤ

ਅਨੁਦੀਪ ਨੂੰ ਇਤਿਹਾਸ ਪੜ੍ਹਨ ਦਾ ਸ਼ੌਕ ਹੈ। ਉਹ ਅਮਰੀਕਾ ਦੇ ਰਾਸ਼ਟਰਪਤੀ ਰਹੇ ਮਹਾਨ ਨੇਤਾ ਅਬ੍ਰਾਹਿਮ ਲਿੰਕਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ।

ਅਨੁਦੀਪ ਕਹਿੰਦੇ ਹਨ, "ਅਬ੍ਰਾਹੀਮ ਲਿਕੰਨ ਹਮੇਸ਼ਾ ਮੇਰੇ ਪ੍ਰੇਰਣਾ ਸਰੋਤ ਰਹੇ ਹਨ। ਉਹ ਇੱਕ ਮਹਾਨ ਨੇਤਾ ਦੀ ਮਿਸਾਲ ਹਨ। ਬੇਹੱਦ ਮੁਸ਼ਕਿਲ ਹਾਲਤਾਂ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦੇਸ਼ ਦੀ ਅਗਵਾਈ ਕੀਤੀ। ਮੈਂ ਸਦਾ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹਾਂ।"

ਆਪਣੀ ਤਿਆਰੀ ਬਾਰੇ ਅਨੁਦੀਪ ਕਹਿੰਦੇ ਹਨ, "ਇਹ ਬੇਹੱਦ ਮੁਸ਼ਕਲ ਪ੍ਰੀਖਿਆ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਕਾਬਿਲ ਲੋਕ ਇਸ ਲਈ ਤਿਆਰੀ ਕਰਦੇ ਹਨ। ਅੱਜ ਵੀ ਬਹੁਤ ਸਾਰੇ ਕਾਬਿਲ ਲੋਕਾਂ ਦਾ ਨਾਮ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਵਿੱਚ ਹੈ। ਤੁਸੀਂ ਕਿੰਨੇ ਪੜ੍ਹ ਰਹੇ ਹੋ, ਇਸ ਤੋਂ ਵਧੇਰੇ ਮਹੱਤਵਪੂਰਨ ਇਹ ਹੈ ਕਿ ਤੁਸੀਂ ਕੀ ਪੜ੍ਹ ਰਹੇ ਹੋ ਅਤੇ ਕਿਵੇਂ ਪੜ੍ਹ ਰਹੇ ਹੋ।"

ਅਨੁਦੀਪ 2013 ਵਿੱਚ ਸਿਵਿਲ ਸੇਵਾ ਵਿੱਚ ਚੁਣੇ ਗਏ ਸਨ। ਉਦੋਂ ਉਨ੍ਹਾਂ ਦੀ ਚੋਣ ਭਾਰਤੀ ਮਾਲੀਆ ਸੇਵਾ ਲਈ ਹੋਇਆ ਸੀ।

Image copyright ANUDEEP DURISHETTY

ਅਨੁਦੀਪ ਕਹਿੰਦੇ ਹਨ, "ਮੈਂ ਹੈਦਰਾਬਾਦ ਵਿੱਚ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਹਾਂ। ਨੌਕਰੀ ਕਰਦੇ ਹੋਏ ਮੈਂ ਤਿਆਰੀ ਕਰ ਰਿਹਾ ਸੀ। ਹਫਤੇ ਦੇ ਅਖ਼ੀਰ ਵਿੱਚ ਮੈਨੂੰ ਵੀ ਸਮਾਂ ਮਿਲਦਾ ਸੀ ਅਤੇ ਮੈਂ ਤਿਆਰੀ ਕਰਦਾ ਸੀ। ਮੇਰਾ ਇਹੀ ਮੰਨਣਾ ਹੈ ਕਿ ਪੜ੍ਹਾਈ ਦੀ ਗੁਣਵੱਤਾ ਅਤੇ ਇਕਾਂਤ ਮਾਅਨੇ ਰੱਖਦਾ ਹੈ।"

ਅਨੁਦੀਪ ਨੂੰ ਫੁੱਟਬਾਲ ਖੇਡਣਾ ਪਸੰਦ

"ਸਾਨੂੰ ਹਮੇਸ਼ਾ ਸਭ ਤੋਂ ਉਤਮ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਰਫ਼ ਮਿਹਨਤ ਅਤੇ ਲਗਨ ਦੀਆਂ ਕੋਸ਼ਿਸ਼ਾਂ ਹੀ ਮਾਅਨੇ ਰੱਖਦੀਆਂ ਹਨ। ਨਤੀਜਾ ਆਪਣੇ ਆਪ ਆ ਜਾਂਦਾ ਹੈ।"

ਅਨੁਦੀਪ ਨੂੰ ਪੜਣ ਦਾ ਸ਼ੌਂਕ ਹੈ ਅਤੇ ਉਨ੍ਹਾਂ ਦੀ ਫੁੱਟਬਾਲ ਵਿੱਚ ਦਿਲਚਸਪੀ ਹੈ। ਬਚਪਨ ਤੋਂ ਹੀ ਉਹ ਫੁੱਟਬਾਲ ਮੈਚ ਦੇਖਦੇ ਹਨ।

ਅਨੁਦੀਪ ਕਹਿੰਦੇ ਹਨ, "ਫੁੱਟਬਾਲ ਮੇਰੇ ਜੀਵਨ ਦਾ ਹਮੇਸ਼ਾ ਤੋਂ ਅਹਿਮ ਹਿੱਸਾ ਰਿਹਾ ਹੈ। ਮੈਂ ਬਹੁਤ ਖੇਡਦਾ ਵੀ ਹਾਂ। ਜਦੋਂ ਵੀ ਤਣਾਅ ਮਹਿਸੂਸ ਹੁੰਦਾ ਹੈ ਤਾਂ ਇਸ ਨੂੰ ਦੂਰ ਕਰਨ ਲਈ ਵੀ ਇਸ ਦੀ ਵਰਤੋਂ ਕਰਦਾ ਹਾਂ।"

"ਇਸ ਤੋਂ ਇਲਾਵਾ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਮੈਂ ਜ਼ਿਆਦਾ ਵਾਰਤਕ ਨਹੀਂ ਪੜ੍ਹਦਾ ਬਲਕਿ ਅਸਲ ਵਿਸ਼ਿਆਂ 'ਤੇ ਕਿਤਾਬਾਂ ਪੜ੍ਹਦਾ ਹਾਂ।"

ਅਨੁਦੀਪ ਕਹਿੰਦੇ ਹਨ, "ਮੈਨੂੰ ਜਦੋਂ ਵੀ ਖਾਲੀ ਸਮਾਂ ਮਿਲਦਾ ਹੈ ਮੈਂ ਜਾਂ ਤਾਂ ਖੇਡਦਾ ਹਾਂ, ਜਾਂ ਪੜ੍ਹਦਾ ਹਾਂ। ਮੈਨੂੰ ਲਗਦਾ ਹੈ ਕਿ ਸਾਰਿਆਂ ਨੂੰ ਆਪਣੇ ਸ਼ੌਂਕ ਰਖਣੇ ਚਾਹੀਦੇ ਹਨ।"

"ਇਹ ਨਾ ਸਿਰਫ਼ ਸਾਨੂੰ ਤਣਾਅ ਤੋਂ ਮੁਕਤ ਰਖਦੇ ਹਨ ਬਲਕਿ ਸਾਡੇ ਚਰਿੱਤਰ ਦਾ ਨਿਰਮਾਣ ਵੀ ਕਰਦੇ ਹਨ। ਮੈਂ ਤਾਂ ਕਹਾਂਗਾ ਸਾਡੇ ਸ਼ੌਂਕ ਹੀ ਸਾਨੂੰ ਇਨਸਾਨ ਬਣਾਉਂਦੇ ਹਨ।"

ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਅਨੁਦੀਪ

ਅਨੁਦੀਪ ਦੇ ਪਰਿਵਾਰ ਲਈ ਸਭ ਤੋਂ ਵੱਡੀ ਖੁਸ਼ੀ ਹੈ। ਉਹ ਕਹਿੰਦੇ ਹਨ, "ਇਹ ਸੁਣਨ ਤੋਂ ਬਾਅਦ ਮੇਰੀ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ, ਮੇਰੇ ਪਿਤਾ ਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ। ਇਹ ਬੇਹੱਦ ਖੁਸ਼ੀ ਦਾ ਪਲ ਹੈ, ਮੈਨੂੰ ਆਪ ਅਜੇ ਵਿਸ਼ਵਾਸ਼ ਨਹੀਂ ਹੋ ਰਿਹਾ। ਮੈਂ ਸਭ ਦਾ ਧੰਨਵਾਦ ਕਰਦਾ ਹਾਂ।"

Image copyright ANUDEEP DURISHETTY

ਅਨੁਦੀਪ ਦਾ ਮੰਨਣਾ ਹੈ ਕਿ ਜੋ ਵੀ ਕੰਮ ਉਨ੍ਹਾਂ ਨੂੰ ਦਿੱਤਾ ਜਾਵੇਗਾ ਉਹ ਕਰਨਗੇ ਪਰ ਉਹ ਚਾਹੁੰਦੇ ਹਨ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸਾਨੂੰ ਸਿਖਿਆ ਦੇ ਖੇਤਰ ਵਿੱਚ ਅੱਗੇ ਵਧਣ ਦੀ ਲੋੜ ਹੈ। ਦੁਨੀਆਂ ਦੇ ਵਿਕਸਿਤ ਦੇਸ, ਉਦਾਹਰਨ ਵਜੋਂ ਸਕੈਨਿਡਨੇਵੀਅਨ ਦੇਸਾਂ ਵਿੱਚ ਸਭ ਤੋਂ ਵਧ ਜ਼ੋਰ ਸਿੱਖਿਆ 'ਤੇ ਹੀ ਦਿੱਤਾ ਜਾਂਦਾ ਹੈ। ਮਜ਼ਬੂਤ ਸਿੱਖਿਆ ਵਿਵਸਥਾ ਹੀ ਉਨ੍ਹਾਂ ਦੇ ਵਿਕਾਸ ਦੀ ਜੜ੍ਹ ਹੈ।"

"ਜੇਕਰ ਸਾਨੂੰ ਨਵਾਂ ਭਾਰਤ ਬਣਾਉਣਾ ਹੈ ਤਾਂ ਆਪਣੇ ਸਿੱਖਿਆ ਪ੍ਰਬੰਧ ਨੂੰ ਸੁਧਾਰਨਾ ਹੋਵੇਗਾ। ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਅਤੇ ਅੱਗੇ ਹੋਰ ਵੀ ਵੱਧ ਵੀ ਕੰਮ ਕਰਨ ਦੀ ਲੋੜ ਹੈ। ਮੈਂ ਆਪਣੇ ਦੇਸ ਦੀ ਵਿਕਾਸ ਦੀ ਯਾਤਰਾ ਵਿੱਚ ਛੋਟੀ ਜਿਹੀ ਹੀ ਸਹੀ ਪਰ ਕੋਈ ਭੂਮਿਕਾ ਅਦਾ ਕਰਨਾ ਚਾਹੁੰਦਾ ਹਾਂ।"

ਤੇਲੰਗਾਨਾ ਦੇ ਇੱਕ ਪਿੰਡ ਨਾਲ ਸਬੰਧਤ ਹੈ ਅਨੁਦੀਪ ਦਾ ਪਰਿਵਾਰ

ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦੇ ਹੋਏ ਉਹ ਕਹਿੰਦੇ ਹਨ, "ਮੇਰੇ ਪਿਤਾ ਮੇਰੇ ਰੋਲ ਮਾਡਲ ਹਨ। ਉਹ ਤੇਲੰਗਾਨਾ ਦੇ ਇੱਕ ਦੂਰ-ਦਰਾਂਡੇ ਦੇ ਪਿੰਡ ਤੋਂ ਹਨ। ਆਪਣੀ ਮਿਹਨਤ ਦੇ ਦਮ 'ਤੇ ਉਹ ਅੱਗੇ ਵਧੇ ਅਤੇ ਮੈਨੂੰ ਬਿਹਤਰ ਸਿਖਿਆ ਮਿਲ ਸਕੀ।"

"ਉਨ੍ਹਾਂ ਨੇ ਹਮੇਸ਼ਾ ਮੇਰਾ ਸਹਿਯੋਗ ਕੀਤਾ ਹੈ। ਉਹ ਆਪਣੇ ਕੰਮ ਵਿੱਚ ਮਿਹਨਤ ਕਰਦੇ ਹਨ ਅਤੇ ਉੱਚੇ ਸਟੈਂਡਰਡ ਦਾ ਪਾਲਣ ਕਰਦੇ ਹਨ। ਮੈਂ ਆਪਣੇ ਜੀਵਨ ਵਿੱਚ ਹਮੇਸ਼ਾ ਉਨ੍ਹਾਂ ਵਰਗਾ ਬਣਨਾ ਚਾਹਿਆ ਹੈ।"

ਅਨੁਦੀਪ ਮੁਤਾਬਕ, "ਸਾਡੇ ਪ੍ਰੇਰਣਾਸਰੋਤ ਸਾਡੇ ਆਸੇ-ਪਾਸੇ ਹੀ ਹੁੰਦੇ ਹਨ ਬਸ ਅਸੀਂ ਉਨ੍ਹਾਂ ਨੂੰ ਪਛਾਨਣ ਦੀ ਲੋੜ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)