ਹਰਿਆਣਾ ਦੇ ਇਸ ਪਿੰਡ ਦੀਆਂ ਕੁੜੀਆਂ ਦੀ 'ਕਿੱਕ' ਦੁਨੀਆਂ ਭਰ 'ਚ ਮਸ਼ਹੂਰ

ਕੁੜੀਆਂ ਦੀ ਫੁੱਟਬਾਲ ਟੀਮ Image copyright Sat Singh/BBC

ਹਰਿਆਣਾ ਪਿੱਤਰ ਸ਼ਾਹੀ ਸੋਚ ਅਤੇ ਅਸਮਾਨ ਲਿੰਗ ਅਨੁਪਾਤ ਲਈ ਚਰਚਾ ਵਿੱਚ ਰਹਿੰਦਾ ਹੈ। ਪਰ ਭਿਵਾਨੀ ਦੇ ਪਿੰਡ ਅਲਖਪੁਰਾ ਦੀ ਇਹ ਕਹਾਣੀ ਖਾਸ ਹੈ।

ਕਹਾਣੀ 450 ਗ੍ਰਾਮ ਦੀ ਇੱਕ ਫੁੱਟਬਾਲ ਤੋਂ ਸ਼ੁਰੂ ਹੁੰਦੀ ਹੈ।

ਪਿਛਲੇ 11 ਸਾਲਾਂ ਵਿੱਚ ਫੁੱਟਬਾਲ ਪ੍ਰਤੀ ਜਜ਼ਬੇ ਨੇ ਇਸ ਪਿੰਡ ਦੀਆਂ 20 ਤੋਂ ਵੱਧ ਕੁੜੀਆਂ ਨੂੰ ਭਾਰਤ ਲਈ ਕੌਮਾਂਤਰੀ ਪੱਧਰ 'ਤੇ ਖੇਡਣ ਦਾ ਮੌਕਾ ਦਿੱਤਾ ਹੈ।

ਅਲਖਪੁਰਾ ਫੁੱਟਬਾਲ ਕਲੱਬ ਦੀ ਸ਼ੁਰੂਆਤ 2012 ਵਿੱਚ ਹੋਈ ਸੀ। 2017 ਵਿੱਚ ਇਸ ਕਲੱਬ ਦੀਆਂ ਕੁੜੀਆਂ ਨੇ ਭਾਰਤੀ ਮਹਿਲਾ ਲੀਗ ਵਿੱਚ ਹਿੱਸਾ ਲਿਆ ਜਿੱਥੇ ਪਿੰਡ ਦੀ ਸੰਜੂ ਯਾਦਵ 11 ਗੋਲ ਕਰਕੇ ਅੱਵਲ ਆਈ ਸੀ।

ਮੁੰਡਿਆਂ ਵਰਗਾ ਹੇਅਰਸਟਾਈਲ ਰੱਖਣ ਵਾਲੀਆਂ ਇਹ ਕੁੜੀਆਂ 2015-16, 2016-17 ਵਿੱਚ ਅੰਡਰ-17 ਕੈਟੇਗਰੀ 'ਚ ਸੁਬਰੋਤੋ ਕੱਪ ਵੀ ਆਪਣੇ ਨਾਂ ਕਰ ਚੁੱਕੀਆਂ ਹਨ।

ਹਾਲ ਹੀ ਵਿੱਚ ਪਿੰਡ ਦੀਆਂ ਕੁੜੀਆਂ ਦੀ ਟੀਮ ਨੇ ਮੁੰਬਈ ਵਿੱਚ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਯੂਪੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ।

Image copyright Sat Singh/BBC

ਅੰਡਰ-14, ਅੰਡਰ-17 ਅਤੇ ਅੰਡਰ-19 ਕੈਟੇਗਰੀ ਵਿੱਚ ਪਿੰਡ ਦੀਆਂ 54 ਕੁੜੀਆਂ ਨੂੰ ਸਰਕਾਰ ਵੱਲੋਂ ਵਜੀਫ਼ਾ ਮਿਲਦਾ ਹੈ।

ਇਹ ਸਭ ਕੁੜੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਹਨ ਜੋ ਸਰਕਾਰੀ ਸਕੂਲਾਂ ਦੇ ਚਿੱਕੜ ਅਤੇ ਟੋਏ ਵਾਲੇ ਗਰਾਉਂਡਾਂ ਵਿੱਚ ਖੇਡਦੀਆਂ ਹਨ।

ਇਨ੍ਹਾਂ ਦੀ ਕਾਮਯਾਬੀ ਨੂੰ ਵੇਖ ਕੇ ਪਿੰਡ ਦੇ ਹਰ ਪਰਿਵਾਰ ਨੇ ਆਪਣੀਆਂ ਕੁੜੀਆਂ ਨੂੰ ਸਵੇਰੇ ਸ਼ਾਮ ਘਰ ਦੇ ਕੰਮਾਂ 'ਚੋਂ ਹਟਾ ਕੇ ਫੁੱਟਬਾਲ ਖੇਡਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਹੈ।

Image copyright Sat Singh/BBC

ਇਹ ਕੁੜੀਆਂ ਮਸ਼ਹੂਰ ਫੁੱਟਬਾਲ ਖਿਡਾਰੀ ਕ੍ਰਿਸਟੀਐਨੋ ਰੋਨਾਲਡੋ ਅਤੇ ਮੈਸੀ ਦੀਆਂ ਮੁਰੀਦ ਹਨ।

ਉਹ ਕਈ ਵਾਰ ਕੌਮਾਂਤਰੀ ਖੇਡ ਅਤੇ ਖਿਡਾਰੀਆਂ ਬਾਰੇ ਗੱਲਾਂ ਵੀ ਕਰਦੀਆਂ ਹਨ ਕਿ ਉਨ੍ਹਾਂ ਨੇ ਕਿਹੋ ਜਿਹੀ ਗੇਮ ਖੇਡੀ।

ਭਾਵੇਂ ਮੀਂਹ ਹੋਵੇ ਜਾਂ ਧੁੱਪ 200 ਕੁੜੀਆਂ ਨਿੱਕਰਾਂ ਅਤੇ ਟੀ-ਸ਼ਰਟਾਂ ਪਾਕੇ ਸਵੇਰੇ ਸ਼ਾਮ ਫੁੱਟਬਾਲ ਨਾਲ ਮੈਦਾਨ ਵਿੱਚ ਨਜ਼ਰ ਆਉਂਦੀਆਂ ਹਨ।

Image copyright Sat Singh/BBC

ਫੁੱਟਬਾਲ ਕੋਚ ਸੋਨੀਕਾ ਬਿਜਰਨੀਆ ਨੇ ਦੱਸਿਆ, ''ਕਿਸੇ ਵੀ ਦਿਨ ਛੁੱਟੀ ਨਹੀਂ ਹੁੰਦੀ, ਭਾਵੇਂ ਹੋਲੀ ਹੋਵੇ, ਦਿਵਾਲੀ ਹੋਵੇ, ਮੀਂਹ ਪੈਂਦਾ ਹੋਵੇ, ਠੰਢ ਹੋਵੇ ਜਾਂ ਗਰਮੀ।''

ਸੋਨੀਕਾ ਨੂੰ ਖੁਦ ਵੀ ਕੌਮੀ ਸੀਨੀਅਰ ਵੁਮੈਂਜ਼ ਫੁੱਟਬਾਲ ਟੂਰਨਾਮੈਂਟ ਵਿੱਚ ਆਪਣੀ ਪਰਫੌਰਮੰਸ ਦੇ ਦਮ 'ਤੇ ਇਹ ਨੌਕਰੀ ਮਿਲੀ ਸੀ।

ਹਰ ਸਾਲ ਖੇਡ ਵਿਭਾਗ ਕੁੜੀਆਂ ਲਈ ਇੱਕ ਹਜ਼ਾਰ ਫੁੱਟਬਾਲਾਂ ਦਿੰਦਾ ਹੈ ਪਰ ਕੁੜੀਆਂ ਇੰਨੇ ਜੋਸ਼ ਵਿੱਚ ਖੇਡਦੀਆਂ ਹਨ ਕਿ ਕੁਝ ਮਹੀਨੇ ਮਰਗੋਂ ਹੋਰ ਮੰਗਣੀਆ ਪੈ ਜਾਂਦੀਆਂ ਹਨ।

ਕੀ ਬਦਲਿਆ ਹੈ?

ਇਨ੍ਹਾਂ ਕੁੜੀਆਂ ਦੇ ਮਸ਼ਹੂਰ ਹੋਣ ਤੋਂ ਬਾਅਦ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧ ਗਈ ਹੈ।

ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 60 ਤੋਂ ਵੱਧ ਕੇ ਹੁਣ 600 ਹੋ ਗਈ ਹੈ।

ਸਕੂਲ ਵਿੱਚ ਇੰਨੇ ਬੱਚਿਆਂ ਲਈ ਬੁਨਿਆਦੀ ਸਹੂਲਤਾਂ ਨਹੀਂ ਹਨ ਪਰ ਫੇਰ ਵੀ ਮਾਪੇ ਬੱਚਿਆਂ ਨੂੰ ਖੇਡਾਂ ਵਿੱਚ ਚੰਗ ਭਵਿੱਖ ਲਈ ਉੱਥੇ ਹੀ ਪੜ੍ਹਾਉਣਾ ਚਾਹੁੰਦੇ ਹਨ।

Image copyright SAT SINGH/BBC

ਦਾਸ ਨਾਂ ਦੇ ਕੋਚ ਨੇ ਪਿੰਡ ਵਿੱਚ ਫੁੱਟਬਾਲ ਖਿਡਾਉਣਾ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਕੁੜੀਆਂ ਨੂੰ ਫੁੱਟਬਾਲ ਸਿਖਾਈ ਸੀ।

ਪਿੰਡ ਦੇ ਇੱਕ ਸ਼ਖਸ ਨੇ ਦੱਸਿਆ ਕਿ ਦੱਸ ਸਾਲ ਪਹਿਲਾਂ ਜਦ ਉਸਨੇ ਸ਼ੁਰੂਆਤ ਕੀਤੀ ਤਾਂ ਉਸਦੀ ਕਾਫੀ ਆਲੋਚਨਾ ਹੋਈ ਸੀ।

ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਪਿੱਛੇ ਮੁੜਿਆ।

Image copyright SAT SINGH/BBC

ਪਿੰਡ ਦੇ ਮੁੰਡਿਆਂ ਦੀ ਇੱਕ ਟੋਲੀ ਕੁੜੀਆਂ ਦੇ ਖੇਡਣ ਵੇਲੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਉਨ੍ਹਾਂ ਦੀ ਰੱਖਿਆ ਕਰਦੀ ਹੈ।

ਹੁਣ ਮੁੰਡੇ ਵੀ ਖੇਡਣ ਲੱਗੇ ਹਨ ਅਤੇ ਕੌਮੀ ਖੇਡਾਂ ਵਿੱਚ ਜਿੱਤਣ ਵੀ ਲੱਗੇ ਹਨ। ਇਸ ਨਾਲ ਪੂਰਾ ਮਾਹੌਲ ਬਦਲ ਗਿਆ ਹੈ।

ਕਬੱਡੀ ਵੀ ਖੇਡੀ ਜਾਂਦੀ ਹੈ ਇੱਥੇ। ਇੱਕ ਕਬੱਡੀ ਖਿਡਾਰੀ ਨੇ ਕਿਹਾ, ''ਫੁੱਟਬਾਲ ਖੇਡਣ ਵਾਲੀਆਂ ਆਪਣੀਆਂ ਭੈਣਾਂ ਵਾਂਗ ਅਸੀਂ ਵੀ ਨਾਂ ਕਮਾਉਣਾ ਚਾਹੁੰਦੇ ਹਾਂ।''

ਸੰਘਰਸ਼ ਹਾਲੇ ਮੁੱਕਿਆ ਨਹੀਂ

15 ਸਾਲ ਦੀ ਅਨੇ ਬਾਈ ਦਲਿਤ ਇਲਾਕੇ ਵਿੱਚ ਆਪਣੀ ਮਾਂ ਅਤੇ ਦੋ ਭੈਣ ਭਰਾਵਾਂ ਨਾਲ 2 ਕਮਰਿਆਂ ਦੇ ਘਰ ਵਿੱਚ ਰਹਿੰਦੀ ਹੈ।

ਉਸਨੇ ਪੀਟੀ ਟੀਚਰ ਦਾਸ ਤੋਂ ਪ੍ਰੇਰਣਾ ਲੈ ਕੇ ਚੌਥੀਂ ਜਮਾਤ ਤੋਂ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਗਿਆਹਰਵੀਂ ਜਮਾਤ ਵਿੱਚ ਹੈ।

ਉਹ 2016 ਵਿੱਚ ਤਜ਼ਾਕਿਸਤਾਨ ਅਤੇ 2017 ਵਿੱਚ ਬੰਦਲਾਦੇਸ਼ ਵਿੱਚ ਖੇਡੀ ਸੀ ਅਤੇ ਦੋਹਾਂ ਵਾਰ ਦੂਜੇ ਨੰਬਰ 'ਤੇ ਆਈ।

ਉਹ ਅੰਡਰ-17 ਸੁਬਰੋਤੋ ਕੱਪ ਲਈ ਵੀ ਪਿਛਲੇ ਤਿੰਨ ਸਾਲਾਂ ਤੋਂ ਖੇਡ ਰਹੀ ਹੈ।

Image copyright SAT SINGH/BBC

ਉਸਨੇ ਕਿਹਾ, ''ਘਰ ਆਉਣ ਤੋਂ ਬਾਅਦ ਮੈਨੂੰ ਵੀ ਹੋਰ ਕੁੜੀਆਂ ਵਾਂਗ ਸਾਰੇ ਕੰਮ ਕਰਨੇ ਪੈਂਦੇ ਹਨ। ਖੇਤਾਂ ਵਿੱਚ ਕਣਕ ਵੱਢਦੀ ਹਾਂ ਪਰ ਫੁੱਟਬਾਲ ਦੀ ਪ੍ਰੈਕਟਿਸ ਨਹੀਂ ਛੱਡਦੀ।''

ਪਿਤਾ ਦੀ ਮੌਤ ਤੋਂ ਬਾਅਦ ਉਸਨੂੰ ਮਿਲਦੇ ਵਜੀਫੇ ਨਾਲ ਹੀ ਉਸਦਾ ਘਰ ਚਲਦਾ ਹੈ।

16 ਸਾਲ ਦੀ ਸਮੀਕਸ਼ਾ ਜਾਖੜ ਇੱਕ ਕਿਸਾਨ ਦੀ ਕੁੜੀ ਹੈ। ਉਸਨੇ ਦੱਸਿਆ ਕਿ ਜਦ ਖੇਤੀ ਤੋਂ ਗੁਜ਼ਾਰਾ ਨਹੀਂ ਹੁੰਦਾ ਤਾਂ ਵਜੀਫੇ ਨਾਲ ਘਰ ਚਲਾਉਣ ਵਿੱਚ ਮਦਦ ਹੁੰਦੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹਰ ਰੋਜ਼ ਇੱਥੇ 200 ਕੁੜੀਆਂ ਫੁੱਟਬਾਲ ਖੇਡਣ ਲਈ ਆਉਂਦੀਆਂ ਹਨ।

ਅਨੇ ਅੰਡਰ-17 ਸੁਬਰੋਤੋ ਕੱਪ ਲਈ ਕਪਤਾਨੀ ਕਰ ਚੁੱਕੀ ਹੈ। ਉਸਨੇ ਕਿਹਾ, ''ਗਰਾਉਂਡ ਵਿੱਚ ਵੱਧ ਮਿਹਨਤ ਕਰਨ ਲਈ ਵਾਧੂ ਪ੍ਰੋਟੀਨ ਜਾਂ ਵਧੀਆ ਖਾਣ ਨੂੰ ਨਹੀਂ ਮਿਲਦਾ।''

ਅਲਖਪੁਰਾ ਦੇ ਸਰਪੰਚ ਸੰਜੇ ਚੌਹਾਨ ਨੇ ਦੱਸਿਆ ਕਿ ਪਿੰਡ ਨੂੰ ਸਿਰਫ ਸੱਤ ਤੋਂ ਅੱਠ ਘੰਟਿਆਂ ਲਈ ਬਿਜਲੀ ਮਿਲਦੀ ਹੈ।ਜ਼ਮੀਨ ਹੇਠਲਾ ਪਾਣੀ ਕਾਲਾ ਹੋ ਗਿਆ ਹੈ ਅਤੇ 100 ਫੁੱਟ ਡੂੰਘਾ ਹੈ।

ਇਹ ਪਿੰਡ ਵੱਡੇ ਦਾਨੀ ਸੇਠ ਛੱਜੂ ਰਾਮ ਅਤੇ ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਦਾ ਪਿੰਡ ਹੋਣ ਕਾਰਨ ਵੀ ਮਸ਼ਹੂਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ