'ਅਪਨਾ ਘਰ' 'ਚ ਕਿਵੇਂ ਚੱਲਦਾ ਸੀ ਜਸਵੰਤੀ ਦੇਵੀ ਦਾ 'ਸਮਰਾਜ'?

ਆਪਣਾ ਘਰ Image copyright Sat singh/bbc

ਮਈ 8, 2012 ਨੂੰ ਸ਼੍ਰੀ ਨਗਰ ਕਲੋਨੀ ਵਿੱਚ ਅਚਾਨਕ 'ਨੈਸ਼ਨਲ ਕਾਉਂਸਲ ਫਾਰ ਦਿ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ' ਦੇ ਛਾਪੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਜਸਵੰਤੀ ਦੇਵੀ ਬਾਰੇ ਜਾਣਨ ਵਾਲਿਆਂ ਨੂੰ ਉਸ ਦੀ ਬੇਟੀ ਦਾ ਵੱਡੇ ਪੱਧਰ 'ਤੇ ਹੋਇਆ ਵਿਆਹ ਹੀ ਯਾਦ ਹੈ।

ਜਸਵੰਤੀ ਦੇਵੀ ਉੱਤੇ ਆਪਣਾ ਘਰ ਵਿੱਚ ਰਹਿ ਰਹੀਆਂ ਬੇਸਹਾਰਾ ਅਤੇ ਮਾਨਸਿਕ ਤੌਰ 'ਤੇ ਬਿਮਾਰ ਕੁੜੀਆਂ ਦਾ ਸਰੀਰਕ ਸੋਸ਼ਣ ਕਰਵਾਉਣ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਕੰਮ ਕਰਾਉਣ ਦੇ ਇਲਜ਼ਾਮ ਸਨ।

ਇਸ ਕੇਸ ਵਿੱਚ ਜਸਵੰਤੀ ਦੇਵੀ ਦੇ ਨਾਲ ਉਸ ਦੇ ਨੌਂ ਸਾਥੀਆਂ ਨੂੰ ਸ਼ੁੱਕਰਵਾਰ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜਸਵੰਤੀ ਦੇਵੀ ਅਤੇ ਦੋ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

ਪੁਲਿਸ ਨੇ 120 ਕੁੜੀਆਂ ਨੂੰ ਅਪਨਾ ਘਰ ਤੋਂ ਬਚਾਇਆ ਸੀ।

ਜਸਵੰਤੀ ਦੇਵੀ ਬਾਰੇ ਕਲੋਨੀ ਦੇ ਨਿਵਾਸੀ ਕੀ ਸੋਚਦੇ ਹਨ ਇਹ ਜਾਣਨ ਲਈ ਬੀਬੀਸੀ ਪੰਜਾਬੀ ਲਈ ਪੱਤਰਕਾਰ ਸੱਤ ਸਿੰਘ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਕੁਝ ਅੰਸ਼꞉

ਹਰਪਾਲ ਹੂਡਾ ਕਦੇ ਜਸਵੰਤੀ ਦੇਵੀ ਦੇ ਭਰੋਸੇਮੰਦ ਵਿਅਕਤੀਆਂ ਵਿੱਚੋਂ ਸਨ। ਉਹ ਗਾਂਧੀ ਕੈਂਪ ਇਲਾਕੇ ਵਿੱਚ ਨਾਈ ਦੀ ਦੁਕਾਨ ਕਰਦੇ ਹਨ। ਉਨ੍ਹਾਂ ਨੇ ਦੱਸਿਆ, "ਮੇਰਾ ਘਰ ਜਸਵੰਤੀ ਦੇਵੀ ਦੇ ਉਸ ਤਿੰਨ ਮੰਜਿਲੇ ਘਰ ਦੇ ਸਾਹਮਣੇ ਹੈ ਜਿੱਥੋਂ ਉਹ 17 ਸਾਲ ਤੱਕ ਦੀਆਂ ਬੇਸਹਰਾ ਅਤੇ ਮਜਬੂਰ ਔਰਤਾਂ ਲਈ ਆਸ਼ਰਮ ਚਲਾਉਂਦੀ ਸੀ।"

Image copyright Sat singh/bbc

ਉਹ ਹਮੇਸ਼ਾ ਹਲਕੇ ਚਿੱਟੇ ਰੰਗ ਦੀ ਪੌਸ਼ਾਕ ਪਹਿਨਦੀ, ਐੱਸਯੂਵੀ ਵਿੱਚ ਘੁੰਮਦੀ ਅਤੇ ਉਸ ਦਾ ਫੌਨ ਹਮੇਸ਼ਾ ਵਜਦਾ ਰਹਿੰਦਾ ਸੀ।

47 ਸਾਲਾ ਹੂਡਾ ਨੇ ਕਿਹਾ,"ਰੱਬ ਜਾਣੇ ਉਹ ਕੀ ਗੱਲਾਂ ਕਰਦੇ ਸਨ ਪਰ ਕਾਲੋਨੀ ਦੀ ਗਲੀ ਵਿੱਚ ਕਾਰਾਂ ਦੀ ਕਤਾਰ ਲੱਗੀ ਰਹਿੰਦੀ ਅਤੇ ਧਨਾਡ ਲਗਦੇ ਵਿਅਕਤੀ ਉਸਨੂੰ ਮਿਲਣ ਆਉਂਦੇ ਸੀ।"

"ਸਾਰਾ ਸਾਲ ਚਲਦੀਆਂ ਗਤੀਵਿਧੀਆਂ ਤੋਂ ਕੋਈ ਵੀ ਅੰਦਾਜ਼ਾ ਲਾ ਸਕਦਾ ਸੀ ਕਿ ਉਸ ਦੀ ਪਹੁੰਚ ਕਿੱਥੇ ਤੱਕ ਸੀ ਅਤੇ ਆਪਣੇ ਨਾਲ ਪੰਗਾ ਲੈਣ ਵਾਲੇ ਨਾਲ ਉਹ ਕੀ ਕਰ ਸਕਦੀ ਸੀ।"

"ਜਸਵੰਤੀ ਦੇਵੀ ਦੀ ਧੀ ਸਿੰਮੀ ਦੇ ਵਿਆਹ ਦਾ ਰੋਹਤਕ ਵਿੱਚ ਦਿੱਲੀ ਬਾਈਪਾਸ 'ਤੇ ਹੋਇਆ ਸਮਾਗਮ ਮੈਨੂੰ ਚੰਗੀ ਤਰ੍ਹਾਂ ਯਾਦ ਹੈ।''

''ਸਾਲ 2011 ਵਿੱਚ ਹੋਏ ਇਸ ਵਿਆਹ ਵਿੱਚ ਰੋਹਤਕ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਉੱਘੇ ਲੋਕ ਪਹੁੰਚੇ ਸਨ। ਤਿਆਰੀਆਂ ਤੋਂ ਲਗਦਾ ਸੀ ਕਿ ਜਸਵੰਤੀ ਦੇਵੀ ਦਾ ਇਨ੍ਹਾਂ 'ਤੇ 50 ਲੱਖ ਰੁਪਏ ਤੱਕ ਖ਼ਰਚਾ ਆਇਆ ਹੋਵੇਗਾ।"

'ਹਰ ਰੋਜ਼ ਸਵੇਰੇ 4 ਵਜੇ ਚੀਕਾਂ ਸੁਣਦੀਆਂ'

ਹੂਡਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਦਾ ਹੀ ਜਸਵੰਤੀ ਦੇਵੀ, ਉਸ ਦੀ ਧੀ ਸਿੰਮੀ ਅਤੇ ਇੱਕ ਪੁੱਤਰ ਨਾਲ ਵਧੀਆ ਰਿਸ਼ਤੇ ਸਨ ਪਰ ਇਸ ਬਾਰੇ ਕਦੇ ਗੱਲ ਨਹੀਂ ਹੋਈ ਕਿ 'ਆਪਣਾ ਘਰ' ਦੀ ਚਾਰ ਦਿਵਾਰੀ ਵਿੱਚ ਕੀ ਚਲਦਾ ਹੈ।

ਸੀਬੀਆਈ ਦੀ ਰਿਪੋਰਟ ਵਿੱਚ ਮਜਬੂਰ ਲੜਕੀਆਂ ਦੇ ਵਪਾਰ ਅਤੇ ਜਸਵੰਤੀ ਦੇਵੀ ਵੱਲੋਂ ਸ਼ੋਸ਼ਣ ਕਰਵਾਉਣ ਦੇ ਵੇਰਵੇ ਸਾਹਮਣੇ ਆਉਣ ਬਾਰੇ ਉਨ੍ਹਾਂ ਕਿਹਾ, "ਹਰ ਰੋਜ਼ ਸਵੇਰੇ 4 ਵਜੇ ਚੀਕਾਂ ਸੁਣਦੀਆਂ ਸਨ ਅਤੇ ਪੀੜਤ ਔਰਤਾਂ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਸਨ। ਪੁੱਛਣ 'ਤੇ ਮੇਰੀ ਪਤਨੀ ਕਹਿੰਦੀ ਸੀ ਕਿ ਜਸਵੰਤੀ ਦੇਵੀ ਆਪਣੀ ਗੱਲ ਨਾ ਮੰਨਣ ਵਾਲੀਆਂ ਔਰਤਾਂ ਨੂੰ ਕੁੱਟ ਰਹੀ ਹੋਵੇਗੀ।"

Image copyright Sat singh/bbc

ਉਨ੍ਹਾਂ ਕਿਹਾ, "ਇੱਕ ਵਾਰ ਮੈਂ ਆਪਣੇ ਪਿਤਾ ਨੂੰ ਹਸਪਤਾਲ ਲਿਜਾਣ ਲਈ ਸਵੇਰੇ ਤਿੰਨ ਵਜੇ ਉਠਿਆ ਤਾਂ ਦੇਖਿਆ ਕਿ ਆਪਣਾ ਘਰ ਦੇ ਬਾਹਰ ਹਰਿਆਣੇ ਤੋਂ ਬਾਹਰ ਦੇ ਨੰਬਰ ਵਾਲੀਆਂ ਦੋ ਐੱਸਯੂਵੀ ਗੱਡੀਆਂ ਖੜ੍ਹੀਆਂ ਸਨ।''

''ਬਾਹਰ ਵਾਲਿਆਂ ਦੇ ਅੰਦਰ ਜਾਣ 'ਤੇ ਮਨਾਹੀ ਸੀ ਇਸ ਕਰਕੇ ਛਾਪੇ ਤੋਂ ਪਹਿਲਾਂ ਕਦੇ ਸੱਚਾਈ ਸਾਹਮਣੇ ਹੀ ਨਹੀਂ ਆਈ।"

'ਸਿਰਫ਼ ਗੇਟ ਤੱਕ ਜਾਣ ਦਿੱਤਾ ਜਾਂਦਾ'

ਸੰਜੇ ਖੁਰਾਣਾ ਜੋ ਰੋਹਤਕ ਤੋਂ ਚਲਦੇ ਹਰੀ ਓਮ ਸੇਵਾ ਦਲ ਦੇ ਸੰਸਥਾਪਕ ਹਨ। ਉਨ੍ਹਾਂ ਨੇ ਹੀ ਪੀਜੀਆਈਐਮਐਸ ਵਿੱਚ ਅਣਪਛਾਤੇ ਪੀੜਤਾਂ ਦੀ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਹ ਜਸਵੰਤੀ ਦੇਵੀ ਨੂੰ ਉਸਦੀ ਸ਼੍ਰੀ ਨਗਰ ਕਲੋਨੀ ਵਿੱਚ ਸ਼ੁਰੂਆਤ ਕਰਨ ਦੇ ਸਮੇਂ ਤੋਂ ਜਾਣਦੇ ਹਨ।

"ਮੈਂ ਜਦੋਂ ਵੀ ਜਸਵੰਤੀ ਦੇਵੀ ਦੇ ਆਸ਼ਰਮ ਵਿੱਚ ਪੀੜਤ ਔਰਤਾਂ ਨੂੰ ਛੱਡਣ ਜਾਂਦਾ, ਤਾਂ ਹਰ ਵਾਰ ਮੈਂ ਦੇਖਦਾ ਕਿ ਇਹ ਵੱਡਾ ਹੁੰਦਾ ਜਾ ਰਿਹਾ ਹੈ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਜਾਣ ਵਾਲਿਆਂ ਨੂੰ ਸਿਰਫ਼ ਗੇਟ ਤੱਕ ਜਾਣ ਦਿੱਤਾ ਜਾਂਦਾ ਸੀ ਅਤੇ ਹਰ ਕਦਮ 'ਤੇ ਲੋਹੇ ਦੀਆਂ ਗਰਿਲਾਂ ਵਾਲੇ ਗੇਟ ਲੱਗੇ ਹੋਏ ਸਨ।"

ਉਨ੍ਹਾਂ ਨੂੰ ਹੈਰਾਨੀ ਹੁੰਦੀ ਸੀ ਕਿ ਕਿਵੇਂ ਉਹ ਆਪਣੀ ਸਿਆਸੀ ਪਹੁੰਚ ਵਰਤਕੇ ਇੰਨੀਆਂ ਗਰਾਟਾਂ ਅਤੇ ਇਨਾਮ ਹਾਸਲ ਕਰਨ ਵਿੱਚ ਸਫ਼ਲ ਹੋ ਗਈ।

ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਹੈਰਾਨੀ ਦੀ ਗੱਲ ਹੈ ਕਿ ਕਾਰੇ ਦੇ ਉਜਾਗਰ ਹੋਣ ਤੋਂ ਪਹਿਲਾਂ ਜਸਵੰਤੀ ਦੇਵੀ ਨੂੰ ਸਥਾਨਕ ਜੁਵਿਨਾਈਲ ਜਸਟਿਸ ਬੋਰਡ ਦੇ ਮੈਂਬਰ ਵਜੋਂ ਵੀ ਨਾਮਜੱਦ ਕਰ ਦਿੱਤਾ ਗਿਆ ਸੀ। ਜਸਵੰਤੀ ਦੇਵੀ ਨੂੰ ਤਤਕਾਲੀ ਹਰਿਆਣਾ ਸਰਕਾਰ ਵੱਲੋਂ ਇੰਦਰਾ ਗਾਂਧੀ ਸ਼ਕਤੀ ਅਵਾਰਡ ਵੀ ਦਿੱਤਾ ਗਿਆ ਸੀ।

ਤਿਆਗੇ ਹੋਏ, ਮਾਨਿਸਕ ਰੋਗੀਆਂ ਅਤੇ ਔਰਤਾਂ ਲਈ ਭਿਵਾਨੀ-ਰੋਹਤਕ ਸੜਕ 'ਤੇ ਲੋਕਾਂ ਲਈ ਜਨ ਸੇਵਾ ਸੰਸਥਾਨ ਚਲਾਉਣ ਵਾਲੇ ਸਵਾਮੀ ਪਰਮਾਨੰਦ ਦਸਦੇ ਹਨ ਕਿ ਜਸਵੰਤੀ ਦੇਵੀ ਨੂੰ ਉੱਚ ਪੱਧਰੀ ਪ੍ਰਸ਼ਾਸ਼ਨ ਤੱਕ ਪਹੁੰਚ ਦਾ ਬਹੁਤ ਮਾਣ ਸੀ।

"ਮੈਂ ਉਸਦੇ ਸੱਦੇ 'ਤੇ 'ਆਪਣਾ ਘਰ' ਗਿਆ ਸੀ ਪਰ ਮੈਨੂੰ ਭਰੇ ਹੋਏ ਅਤੇ ਘੱਟ ਰੌਸ਼ਨੀ ਅਤੇ ਨਿਵਾਸੀਆਂ ਦੀ ਗਹਿਰੀ ਸ਼ਾਂਤੀ 'ਤੇ ਬੜੀ ਹੈਰਾਨੀ ਹੋਈ ਸੀ। ਉਸ ਸਮੇਂ ਮੈਂ ਸਮਝ ਨਹੀਂ ਸਕਿਆ ਪਰ ਹੁਣ ਮੈਨੂੰ ਇਸ ਗੱਲ ਦਾ ਸਦਮਾ ਹੈ।"

Image copyright Sat singh/bbc

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਲੇਰ ਔਰਤ ਸੀ ਜੋ ਆਪਣੇ ਸਵੈ-ਵਿਸ਼ਵਾਸ਼ ਕਰਕੇ ਕਿਸੇ ਤੋਂ ਨਹੀਂ ਡਰਦੀ ਸੀ ਸਗੋਂ ਹੁਕਮ ਚਲਾਉਂਦੀ ਸੀ।

ਆਪਣਾ ਘਰ ਦੀ ਇੱਕ ਸਾਬਕਾ ਮੁਲਾਜ਼ਮ ਦਾ ਕਹਿਣਾ ਹੈ ਕਿ ਉਸਨੂੰ ਦਫਤਰ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਸੀ।

"ਜਸਵੰਤੀ ਦੇਵੀ ਨੇ ਮੈਨੂੰ ਨਿਵਾਸੀਆਂ ਨੂੰ ਸਿਲਾਈ ਸਿਖਾਉਣ ਲਈ ਰੱਖਿਆ ਹੋਇਆ ਸੀ ਪਰ ਮੈਨੂੰ ਉਨ੍ਹਾਂ ਨਾਲ ਪਾਬੰਦੀ ਵਾਲੇ ਮਾਹੌਲ ਵਿੱਚ ਹੀ ਗੱਲਬਾਤ ਕਰਨ ਦਿੱਤੀ ਜਾਂਦੀ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)