20 ਲੱਖ ਦੀ ਨੌਕਰੀ ਛੱਡ UPSC 'ਚ ਝੰਡੇ ਗੱਡਣ ਵਾਲੀ ਅਨੁ ਕੁਮਾਰੀ ਦੀ ਕਹਾਣੀ

ਅਨੁ ਕੁਮਾਰੀ Image copyright BBC/anu kumari
ਫੋਟੋ ਕੈਪਸ਼ਨ UPSC ਪ੍ਰੀਖਿਆ 'ਚ ਦੂਜੇ ਸਥਾਨ ਉੱਤੇ ਆਈ ਅਨੁ ਕੁਮਾਰੀ

ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਚਾਰ ਸਾਲ ਦੇ ਪੁੱਤਰ ਦੀ ਮਾਂ ਅਨੁ ਕੁਮਾਰੀ ਨੇ ਯੂਪੀਐਸਸੀ ਪ੍ਰੀਖਿਆ 'ਚ ਦੂਜਾ ਰੈਂਕ ਹਾਸਿਲ ਕੀਤਾ ਹੈ।

ਅਨੁ ਕੁਮਾਰੀ ਨੇ ਦੋ ਸਾਲ ਪਹਿਲਾਂ 20 ਲੱਖ ਰੁਪਏ ਸਲਾਨਾ ਦੇ ਪੈਕੇਜ ਦੀ ਇੱਕ ਪ੍ਰਾਈਵੇਟ ਨੌਕਰੀ ਛੱਡ ਕੇ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕੀਤੀ ਸੀ।

ਇੱਕ ਵਾਰ ਤਾਂ ਉਨ੍ਹਾਂ ਲਈ ਨੌਕਰੀ ਛੱਡਣਾ ਮੁਸ਼ਕਿਲ ਸੀ ਪਰ ਇਹ ਫ਼ੈਸਲਾ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਚੰਗਾ ਫ਼ੈਸਲਾ ਵੀ ਸਾਬਿਤ ਹੋ ਗਿਆ ਹੈ।

ਸ਼ੁੱਕਰਵਾਰ ਨੂੰ ਯੂਪੀਐਸਸੀ ਨੇ ਸਿਵਲ ਸੇਵਾ ਪ੍ਰੀਖਿਆ-2017 ਦੇ ਨਤੀਜੇ ਜਾਰੀ ਕੀਤੇ। ਅਨੁ ਕੁਮਾਰੀ ਇਸ ਸੂਚੀ 'ਚ ਦੂਜੇ ਅਤੇ ਔਰਤਾਂ 'ਚ ਪਹਿਲੀ ਥਾਂ 'ਤੇ ਹਨ।

Image copyright BBC/anu kumari
ਫੋਟੋ ਕੈਪਸ਼ਨ ਆਪਣੇ ਪੁੱਤਰ ਨਾਲ ਅਨੁ

ਬੀਬੀਸੀ ਨੇ ਅਨੁ ਕੁਮਾਰੀ ਨਾਲ ਗੱਲਬਾਤ ਕੀਤੀ ਅਤੇ ਕਾਮਯਾਬੀ ਦੇ ਇਸ ਸਫ਼ਰ ਨੂੰ ਉਨ੍ਹਾਂ ਤੋਂ ਜਾਣਿਆ...

ਅਨੁ ਨੇ ਦੱਸਿਆ, ''ਮੈਨੂੰ ਨਿੱਜੀ ਖ਼ੇਤਰ 'ਚ ਨੌਕਰੀ ਕਰਦੇ ਹੋਏ ਨੌਂ ਸਾਲ ਹੋ ਗਏ ਸਨ। ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ ਲੱਗਿਆ ਸੀ ਕਿ ਇਹ ਕੰਮ ਮੈਂ ਸਾਰੀ ਉਮਰ ਨਹੀਂ ਕਰ ਸਕਦੀ ਅਤੇ ਜੇ ਮੈਂ ਇਹ ਕਰਦੀ ਰਹੀ ਤਾਂ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਨਹੀਂ ਜੀ ਸਕਾਂਗੀ। ਮੈਂ ਕਈ ਵਾਰ ਇਸ 'ਤੇ ਵਿਚਾਰ ਕੀਤਾ ਅਤੇ ਨੌਕਰੀ ਛੱਡਣ ਦਾ ਫ਼ੈਸਲਾ ਲੈ ਲਿਆ।''

ਕੀ ਨੌਕਰੀ ਛੱਡਣ ਦਾ ਫ਼ੈਸਲਾ ਇੱਕ ਵੱਡਾ ਫ਼ੈਸਲਾ ਨਹੀਂ ਸੀ?

ਇਸ ਸਵਾਲ ਦੇ ਜਵਾਬ 'ਚ ਅਨੁ ਕਹਿੰਦੇ ਹਨ, ''ਮੈਂ ਤੈਅ ਕੀਤਾ ਸੀ ਕਿ ਸਿਵਲ ਸੇਵਾ ਦੀ ਤਿਆਰੀ ਕਰਾਂਗੀ ਅਤੇ ਜੇ ਕਾਮਯਾਬ ਨਾ ਰਹੀ ਤਾਂ ਅਧਿਆਪਕ ਬਣ ਜਾਵਾਂਗੀ, ਮੈਂ ਦੁਬਾਰਾ ਨਿੱਜੀ ਖ਼ੇਤਰ 'ਚ ਨਹੀਂ ਪਰਤਣਾ ਚਾਹੁੰਦੀ ਸੀ।''

Image copyright BBC/anu kumari
ਫੋਟੋ ਕੈਪਸ਼ਨ ਆਪਣੇ ਭਰਾ ਦੇ ਨਾਲ ਅਨੁ ਕੁਮਾਰੀ

ਭਰਾ ਨੇ ਕੀਤੀ ਮਦਦ

ਸਿਵਲ ਸੇਵਾ ਦੀ ਤਿਆਰੀ ਕਰਨ ਲਈ ਅਨੁ ਨੂੰ ਉਨ੍ਹਾਂ ਦੇ ਛੋਟੇ ਭਰਾ ਨੇ ਰਾਜ਼ੀ ਕੀਤਾ।

ਅਨੁ ਦੱਸਦੇ ਹਨ, ''ਮੇਰੇ ਮਾਮਾ ਜੀ ਅਤੇ ਮੇਰੇ ਭਰਾ ਨੇ ਮੇਰੇ 'ਤੇ ਕਾਫ਼ੀ ਜ਼ੋਰ ਦਿੱਤਾ ਕਿ ਮੈਂ ਨੌਕਰੀ ਛੱਡ ਦੇਵਾਂ। ਜਦੋਂ ਟੀਨਾ ਡਾਬੀ ਨੇ ਸਿਵਲ ਸੇਵਾ 'ਚ ਟੌਪ ਕੀਤਾ ਤਾਂ ਮੇਰੇ ਮਾਮਾ ਜੀ ਨੇ ਮੈਨੂੰ ਮੈਸੇਜ ਭੇਜ ਕੇ ਕਿਹਾ ਬੇਟਾ ਜੇ ਤੂੰ ਨੌਕਰੀ ਛੱਡ ਕੇ ਸਿਵਲ ਸੇਵਾ ਦੀ ਤਿਆਰੀ ਕਰਨਾ ਚਾਹੁੰਦੀ ਹੈ ਤਾਂ ਤੇਰਾ ਸਾਲ ਡੇਢ ਸਾਲ ਦਾ ਖ਼ਰਚ ਮੈਂ ਚੁੱਕਣ ਨੂੰ ਤਿਆਰ ਹਾਂ।''

''ਉਸ ਸਮੇਂ ਮੈਨੂੰ ਲੱਗਿਆ ਕਿ ਲੋਕਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ, ਇਸ ਵਿਚਾਲੇ ਮੇਰੇ ਭਰਾ ਨੇ ਮੈਨੂੰ ਬਿਨ੍ਹਾਂ ਦੱਸੇ ਹੀ ਮੇਰਾ ਪ੍ਰੀ ਦਾ ਫ਼ਾਰਮ ਭਰ ਦਿੱਤਾ। ਉਸ ਨੂੰ ਭਰੋਸਾ ਸੀ ਕਿ ਉਹ ਮੈਨੂੰ ਨੌਕਰੀ ਛੱਡਣ ਲਈ ਰਾਜ਼ੀ ਕਰ ਲਵੇਗਾ।''

ਅਨੁ ਨੇ ਆਪਣੀ ਪਹਿਲੀ ਕੋਸ਼ਿਸ਼ 'ਚ ਡੇਢ ਮਹੀਨੇ ਦੀ ਤਿਆਰੀ ਦੇ ਬਾਅਦ ਸਿਵਲ ਸੇਵਾ ਦੀ ਪ੍ਰੀ ਪਰੀਖਿਆ ਦਿੱਤੀ ਅਤੇ ਨਾਕਾਮ ਰਹੇ। ਪਰ ਉਨ੍ਹਾਂ ਅਗਲੇ ਸਾਲ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਅਨੁ ਦੱਸਦੇ ਹਨ, ''ਮੈਂ ਹਰ ਮਹੀਨੇ ਇੱਕ ਲੱਖ ਸੱਠ ਹਜ਼ਾਰ ਕਮਾ ਰਹੀ ਸੀ। ਇਸ ਕਰਕੇ ਮੈਨੂੰ ਸਮੇਂ ਦੇ ਨਾਲ ਆਰਥਿਕ ਸਥਿਰਤਾ ਹਾਸਲ ਹੋ ਗਈ। ਪੈਸਾ ਹੁਣ ਮੇਰੇ ਲਈ ਰੁਕਾਵਟ ਨਹੀਂ ਰਿਹਾ ਸੀ। ਮੈਨੂੰ ਇਹ ਭਰੋਸਾ ਵੀ ਸੀ ਕਿ ਜੇਕਰ ਮੈਂ ਯੂਪੀਐਸਸੀ 'ਚ ਪਾਸ ਨਹੀਂ ਵੀ ਹੋ ਸਕੀ ਤਾਂ ਆਪਣੇ ਪੁੱਤਰ ਦਾ ਢਿੱਡ ਭਰ ਹੀ ਸਕਦੀ ਹਾਂ।''

ਨਿੱਜੀ ਖ਼ੇਤਰ ਦੀ ਨੌਕਰੀ ਦੌਰਾਨ ਅਨੁ ਨੂੰ ਕਾਫ਼ੀ ਸਮਾਂ ਦਫ਼ਤਰ 'ਚ ਦੇਣਾ ਪੈਂਦਾ ਸੀ।

ਅਨੁ ਦੱਸਦੇ ਹਨ ਕਿ ਇੱਕ ਸਮੇਂ ਉਨ੍ਹਾਂ ਦੇ ਸਹੁਰੇ ਪਰਿਵਾਰ 'ਚ ਲੋਕਾਂ ਨੂੰ ਲੱਗਣ ਲੱਗਿਆ ਸੀ ਕਿ ਜੇਕਰ ਨੌਂ ਤੋਂ ਪੰਜ ਦੀ ਨੌਕਰੀ ਹੁੰਦੀ ਤਾਂ ਚੰਗਾ ਰਹਿੰਦਾ।

ਅਨੁ ਦੇ ਸਹੁਰੇ ਨੇ ਉਨ੍ਹਾਂ ਨੂੰ ਸੀਜੀਐਲ (ਕੰਬਾਈਂਡ ਗ੍ਰੇਜੁਏਟ ਲੇਵਲ) ਦੀ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਿਹਾ ਪਰ ਅਨੁ ਦੇ ਭਰਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਸ ਵਿੱਚ ਇਸ ਤੋਂ ਬਿਹਤਰ ਕਰਨ ਦੀ ਸਮਰੱਥਾ ਹੈ।

ਜਦੋਂ ਅੱਖਾਂ 'ਚ ਆਏ ਹੰਝੂ...

ਅਨੁ ਇੱਕ ਚਾਰ ਸਾਲ ਦੇ ਪੁੱਤਰ ਦੀ ਮਾਂ ਹਨ, ਜਦੋਂ ਉਨ੍ਹਾਂ ਤਿਆਰੀ ਸ਼ੁਰੂ ਕੀਤੀ ਸੀ ਤਾਂ ਉਹ ਲਗਭਗ ਤਿੰਨ ਸਾਲ ਦਾ ਸੀ। ਆਪਣੇ ਪੁੱਤਰ ਬਾਰੇ ਗੱਲਬਾਤ ਕਰਦੇ ਹੋਏ ਅਨੁ ਭਾਵੁਕ ਹੋ ਗਏ।

ਉਹ ਦੱਸਦੇ ਹਨ, ''ਮੇਰਾ ਪੁੱਤਰ ਮੇਰੇ ਬਗੈਰ ਰਹਿ ਨਹੀਂ ਪਾਉਂਦਾ ਸੀ। ਉਸ ਤੋਂ ਦੂਰ ਰਹਿਣਾ ਸਭ ਤੋਂ ਮੁਸ਼ਕਿਲ ਸੀ। ਮੈਂ ਆਪਣੀ ਮਾਸੀ ਦੇ ਘਰ ਦੀ ਛੱਤ ਤੇ ਜਾਕੇ ਉਸ ਨੂੰ ਯਾਦ ਕਰਦਿਆਂ ਬਹੁਤ ਦੇਰ ਤੱਕ ਰੌਂਦੀ ਰਹਿੰਦੀ ਸੀ।''

Image copyright BBC/anu kumari
ਫੋਟੋ ਕੈਪਸ਼ਨ ਆਪਣੀ ਮਾਂ ਨਾਲ ਅਨੁ ਕੁਮਾਰੀ

ਅਨੁ ਦੇ ਪਿਤਾ ਇੱਕ ਨਿੱਜੀ ਕੰਪਨੀ 'ਚ ਨੌਕਰੀ ਕਰਦੇ ਸਨ।

ਅਨੁ ਦੀ ਮਾਂ ਨੇ ਦੱਸਿਆ, ''ਬਚਪਨ 'ਚ ਅਸੀਂ ਪਸ਼ੂ ਪਾਲਦੇ ਸੀ, ਪੂਰੀ ਛੱਤ 'ਤੇ ਪਾਥੀਆਂ ਹੁੰਦੀਆਂ ਸਨ, ਅਨੁ ਨੁੱਕਰ 'ਚ ਕੁਰਸੀ ਡਾਹ ਕੇ ਪੜ੍ਹਦੀ ਹੁੰਦੀ...ਇਹ ਬਚਪਨ ਤੋਂ ਹੀ ਬਹੁਤ ਤੇਜ਼ ਸੀ।''

ਨੌਕਰੀ ਦੀ ਚੁਣੌਤੀਆਂ ਕਿਵੇਂ ਝੱਲਣਗੇ ਅਨੁ?

ਇੱਕ ਸਿਵਲ ਸਰਵੇਂਟ ਦੇ ਤੌਰ 'ਤੇ ਆਉਣ ਵਾਲੀਆਂ ਦਿੱਕਤਾਂ ਦੇ ਲਈ ਅਨੁ ਕਿੰਨੇ ਤਿਆਰ ਹਨ?

ਇਸ ਸਵਾਲ 'ਤੇ ਉਹ ਕਹਿੰਦੇ ਹਨ, ''ਮੈਂ ਜਾਣਦੀ ਹਾਂ ਕਿ ਸਾਡੀ ਵਿਵਸਥਾ 'ਚ ਕੁਝ ਖ਼ਾਮੀਆਂ ਹਨ, ਅਸੀਂ ਇਸ ਤੋਂ ਨਜ਼ਰ ਨਹੀਂ ਹਟਾ ਸਕਦੇ।''

''ਕਿਉਂਕਿ ਮੈਂ ਨਿੱਜੀ ਨੌਕਰੀ ਦੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ ਹੈ ਇਸ ਲਈ ਮੈਨੂੰ ਭਰੋਸਾ ਸੀ ਕਿ ਅੱਗੇ ਜੋ ਵੀ ਚੁਣੌਤੀਆਂ ਹੋਣਗੀਆਂ ਮੈਂ ਉਨ੍ਹਾਂ ਦਾ ਸਾਹਮਣਾ ਕਰ ਲਵਾਂਗੀ।''

Image copyright BBC/anu kumari

ਉਹ ਅੱਗੇ ਕਹਿੰਦੇ ਹਨ, ''ਮੈਂ ਬਹੁਤ ਇਮਾਨਦਾਰ ਹਾਂ ਅਤੇ ਮੈਨੂੰ ਆਪਣੀ ਇਮਾਨਦਾਰੀ 'ਤੇ ਪੂਰਾ ਭਰੋਸਾ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਤੁਹਾਡੇ ਅੰਦਰ ਭਾਵੇਂ ਕੁਝ ਗੁਣ ਨਾ ਹੋਣ ਪਰ ਜੇ ਜਜ਼ਬਾ ਹੋਵੇ ਤਾਂ ਤੁਹਾਡੇ ਅੰਦਰ ਉਹ ਗੁਣ ਵੀ ਆਉਂਦੇ ਜਾਣਗੇ।''

''ਹੋ ਸਕਦਾ ਹੈ ਕਿ ਅੱਜ ਮੇਰੇ ਅੰਦਰ ਕੁਝ ਗੁਣ ਨਾ ਹੋਣ ਪਰ ਮੈਨੂੰ ਭਰੋਸਾ ਹੈ ਕਿ ਸਮੇਂ ਦੇ ਨਾਲ ਮੇਰੇ ਅੰਦਰ ਉਹ ਗੁਣ ਵੀ ਆ ਜਾਣਗੇ।''

ਅਨੁ ਕਹਿੰਦੇ ਹਨ, ''ਮੈਂ ਹਮੇਸ਼ਾ ਤੋਂ ਹੀ ਕਾਬਿਲ ਮਹਿਸੂਸ ਕਰਦੀ ਰਹੀ ਹਾਂ। ਇੱਕ ਵਾਰ ਇੰਟਰਵਿਊ 'ਚ ਮੈਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਖ਼ੁਦ ਨੂੰ ਕਾਬਿਲ ਮਹਿਸੂਸ ਕਰਦੇ ਹੋ ਤਾਂ ਉਦੋਂ ਵੀ ਮੈਂ ਕਿਹਾ ਸੀ ਕਿ ਹਾਂ ਮੈਂ ਕਾਬਿਲ ਹਾਂ ਕਿਉਂਕਿ ਕਾਬਿਲ ਹੋਣ ਲਈ ਸਿੱਖਿਆ ਅਤੇ ਆਤਮ ਨਿਰਭਰਤਾ ਚਾਹੀਦੀ ਹੁੰਦੀ ਹੈ, ਬਿਹਤਰ ਸਿਹਤ ਚਾਹੀਦੀ ਹੁੰਦੀ ਹੈ ਅਤੇ ਰੱਬ ਦੀ ਮਿਹਰ ਨਾਲ ਮੇਰੇ ਕੋਲ ਇਹ ਸਭ ਕੁਝ ਸੀ।''

''ਮੈਂ ਉਸ ਸਮੇਂ ਵੀ ਕਾਬਿਲ ਸੀ ਪਰ ਅੱਜ ਜਿਹੜਾ ਅਹਿਸਾਸ ਹੈ ਉਹ ਵੱਖਰਾ ਹੈ, ਅੱਜ ਹਰਿਆਣਾ ਦੀਆਂ ਕੁੜੀਆਂ ਮੈਨੂੰ ਪ੍ਰੇਰਣਾ ਸਰੋਤ ਦੇ ਤੌਰ 'ਤੇ ਦੇਖ ਰਹੀਆਂ ਹਨ। ਉਨ੍ਹਾਂ ਨੂੰ ਮੇਰੀ ਕਹਾਣੀ ਚੰਗੀ ਲੱਗਦੀ ਹੈ।''

ਬੀਬੀਸੀ ਨਾਲ ਗੱਲ ਕਰਦਿਆਂ ਉਹ ਅੱਗੇ ਕਹਿੰਦੇ ਹਨ, ''ਜਦੋਂ ਇੱਕ ਔਰਤ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਮਹਿਸੂਸ ਕਰਦੀ ਹੈ ਤਾਂ ਉਸ ਦੇ ਅੰਦਰ ਡਰ ਨਹੀਂ ਹੁੰਦਾ ਹੈ, ਉਹ ਆਰਥਿਕ ਤੌਰ 'ਤੇ ਆਜ਼ਾਦ ਹੁੰਦੀ ਹੈ। ਆਪਣੇ ਬੱਚਿਆਂ ਲਈ ਫ਼ੈਸਲੇ ਲੈਂਦੀ ਹੈ ਤਾਂ ਉਹ ਸਹੀ ਮਾਅਨਿਆਂ 'ਚ ਕਾਬਿਲ ਹੁੰਦੀ ਹੈ।''

ਅਨੁ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਤੇ ਮਾਸੀ ਨੂੰ ਦਿੰਦੇ ਹਨ। ਉਹ ਕਹਿੰਦੇ ਹਨ, ''ਮੇਰੀ ਮਾਂ ਨੇ ਮੇਰੇ ਪੁੱਤਰ ਨੂੰ ਪਾਲਿਆ ਹੈ ਅਤੇ ਮੇਰੀ ਮਾਂ ਨੇ ਮੈਨੂੰ ਪਾਲਿਆ ਹੈ। ਉਹ ਹੀ ਮੇਰੀ ਕਾਮਯਾਬੀ ਦਾ ਆਧਾਰ ਹੈ, ਜਦੋਂ ਮੈਂ ਤਿਆਰੀ ਕਰਦੀ ਸੀ ਤਾਂ ਮੇਰੀ ਮਾਸੀ ਮੈਨੂੰ ਬੈਠੇ-ਬੈਠੇ ਖਾਣਾ ਦਿੰਦੀ ਸੀ।''

ਇੰਟਰਵਿਊ 'ਚ ਕਿਹੋ ਜਿਹੀਆਂ ਚੁਣੌਤੀਆਂ ਸਨ?

ਆਪਣੀ ਇੰਟਰਵਿਊ ਦੇ ਬਾਰੇ ਅਨੁ ਦੱਸਦੇ ਹਨ, ''ਇੰਟਰਵਿਊ 'ਚ ਸਿਰਫ਼ ਸ਼ਖ਼ਸੀਅਤ ਦੇਖੀ ਜਾਂਦੀ ਹੈ, ਉਹ ਗਿਆਨ ਤੋਂ ਵਧੇਰੇ ਤੁਹਾਡਾ ਚਰਿੱਤਰ ਦੇਖਦੇ ਹਨ। ਉਹ ਦੇਖਦੇ ਹਨ ਕਿ ਬੰਦਾ ਕਿਨਾਂ ਠੰਡਾ ਅਤੇ ਸ਼ਾਂਤ ਚਿੱਤ ਦਾ ਹੈ।''

''ਉਹ ਇਹ ਪਰਖਦੇ ਹਨ ਕਿ ਉਮੀਦਵਾਰ ਤਣਾਅ ਝੱਲ ਸਕੇਗਾ ਜਾਂ ਨਹੀਂ, ਮੁਸ਼ਕਿਲ ਮਾਹੌਲ 'ਚ ਸ਼ਾਂਤ ਰਹਿ ਸਕੇਗਾ ਜਾਂ ਨਹੀਂ।''

''ਮੈਂ ਜਦੋਂ ਇੰਟਰਵਿਊ ਦੇਣ ਜਾ ਰਹੀ ਸੀ ਮੈਂ ਸੋਚਿਆ ਕਿ ਆਪਣੇ ਪਰਿਵਾਰ ਦੇ ਬਜ਼ੁਰਗਾਂ ਨਾਲ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਨਾਲ ਮੈਂ ਖੁੱਲ੍ਹ ਕੇ ਗੱਲ ਕਰ ਸਕਦੀ ਹਾਂ।

''ਉਨ੍ਹਾਂ ਬਜ਼ੁਰਗਾਂ ਨਾਲ ਜਿਹੜੇ ਬਹੁਤ ਸਮਝਦਾਰ ਹਨ, ਜਿਨ੍ਹਾਂ ਨੂੰ ਬਹਤ ਕੁਝ ਪਤਾ ਹੈ। ਮੈਂ ਇੰਟਰਵਿਊ ਲਈ ਜਾਂਦੇ ਸਮੇਂ ਖ਼ੁਸ਼ ਸੀ।''

''ਬੋਰਡ ਦੇ ਮੈਂਬਰ ਮੈਨੂੰ ਦੇਖ ਕੇ ਮੁਸਕੁਰਾਏ ਅਤੇ ਮੈਂ ਉਨ੍ਹਾਂ ਨੂੰ ਦੇਖ ਕੇ ਮੁਸਕੁਰਾਈ, ਬੋਰਡ ਮੈਂਬਰ ਸਮਿਤਾ ਨਾਗਰਾਜ ਬੇਹੱਦ ਸ਼ਾਂਤ ਅਤੇ ਸਥਿਰ ਹੋਕੇ ਬੈਠੇ ਸਨ।''

ਇੰਟਰਵਿਊ ਦੌਰਾਨ ਕੋਈ ਤਣਾਅ ਸੀ?

ਅਨੁ ਇਸ ਬਾਰੇ ਕਹਿੰਦੇ ਹਨ, ''ਕੁਝ ਉਮੀਦਵਾਰ ਦੱਸਦੇ ਹਨ ਕਿ ਉਨ੍ਹਾਂ ਤੋਂ ਕਾਊਂਟਰ ਸਵਾਲ ਕੀਤੇ ਗਏ, ਉਨ੍ਹਾਂ ਨੇ ਮੈਨੂੰ ਵੀ ਸਵਾਲ ਪੁੱਛੇ ਸੀ ਪਰ ਮੈਨੂੰ ਲੱਗਦਾ ਹੈ ਕਿ ਉਹ ਸਵਾਲ ਡਰਾਉਣ ਜਾਂ ਤਣਾਅ ਦੇਣ ਦੀ ਥਾਂ ਤਰਕ ਸ਼ਕਤੀ ਸਮਝਾਉਣ ਲਈ ਕੀਤੇ ਗਏ ਸਨ।''

''ਇੰਟਰਵਿਊ ਦੌਰਾਨ ਇੱਕੋ ਸਾਰ ਬੈਠੇ ਸਨ, ਜਿਨ੍ਹਾਂ ਨੇ ਪੂਰਾ ਸਮਾਂ ਆਪਣਾ ਚਿਹਰਾ ਬੇਹੱਦ ਕਠੋਰ ਅਤੇ ਸਥਿਰ ਬਣਾਈ ਰੱਖਿਆ, ਬੋਰਡ ਦੇ ਹੋਰ ਮੈਂਬਰ ਮੁਸਕੁਰਾ ਰਹੇ ਸਨ ਪਰ ਉਹ ਸਿਰਫ਼ ਦੇਖ ਰਹੇ ਸਨ।''

''ਜਦੋਂ ਉਨ੍ਹਾਂ ਦਾ ਸਵਾਲ ਪੁੱਛਣ ਦਾ ਸਮਾਂ ਆਇਆ ਤਾਂ ਮੈਂ ਉਨ੍ਹਾਂ ਨੂੰ ਦੇਖ ਕੇ ਮੁਸਕੁਰਾ ਦਿੱਤਾ ਅਤੇ ਉਹ ਵੀ ਮੈਨੂੰ ਦੇਖ ਕੇ ਮੁਸਕਰਾ ਦਿੰਦੇ ਸਨ, ਮੇਰੀ ਇੰਟਰਵਿਊ ਬਹੁਤ ਚੰਗੀ ਰਹੀ।''

Image copyright BBC/anu kumari

ਰਾਜਨੇਤਾਵਾਂ ਖ਼ਾਸ ਤੌਰ 'ਤੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਤੁਸੀਂ ਕਿਵੇਂ ਤਾਲਮੇਲ ਬਿਠਾਓਗੇ?

ਇਸ ਸਵਾਲ 'ਤੇ ਅਨੁ ਕਹਿੰਦੇ ਹਨ, ''ਅਜੇ ਮੇਰੇ ਵਿਚਾਰ ਬਹੁਤ ਸਾਦੇ ਹਨ, ਮੈਂ ਜਾਣਦੀ ਹਾਂ ਕਿ ਤੁਸੀਂ ਕਿਸੇ ਨੇਤਾ ਜਾਂ ਸਰਕਾਰ ਦਾ ਹੁਕਮ ਮੰਨਣ ਦੀ ਥਾਂ ਸੰਵਿਧਾਨ, ਕਾਨੂੰਨ ਅਤੇ ਦੇਸ਼ ਹਿੱਤ ਲਈ ਬਜਿੱਦ ਹੋ ਅਤੇ ਅਜਿਹੇ ਹਲਾਤ ਤੋਂ ਨਜਿੱਠਣ ਦੀ ਸਾਨੂੰ ਟ੍ਰੇਨਿੰਗ ਦਿੱਤੀ ਜਾਵੇਗੀ।''

''ਭਵਿੱਖ ਵਿੱਚ ਅਜਿਹੇ ਹਲਾਤ ਵੀ ਆਉਣਗੇ ਜਦੋਂ ਸਾਨੂੰ ਕੋਈ ਇੱਕ ਰਾਹ ਚੁਣਨਾ ਪਵੇਗਾ, ਮੈਨੂੰ ਉਮੀਦ ਹੈ ਕਿ ਮੈਂ ਆਪਣੀ ਟ੍ਰੇਨਿੰਗ ਅਤੇ ਮੂਲ ਸਿਧਾਂਤਾ ਦੇ ਦਮ 'ਤੇ ਅਜਿਹੇ ਹਲਾਤ ਤੋਂ ਨਜਿੱਠ ਸਕਾਂਗੀ।''

ਸ਼ਖ਼ਸੀਅਤ ਨਿਰਮਾਣ ਦੇ ਬਾਰੇ 'ਚ ਪੁੱਛੇ ਗਏ ਸਵਾਲ 'ਤੇ ਅਨੁ ਕਹਿੰਦੇ ਹਨ, ''ਸ਼ਖ਼ਸੀਅਤ ਨੂੰ ਬਹੁਤ ਘੱਟ ਸਮੇਂ 'ਚ ਵਿਕਸਿਤ ਕਰਨਾ ਮੁਸ਼ਕਿਲ ਹੁੰਦਾ ਹੈ। ਸ਼ਖ਼ਸੀਅਤ ਨੂੰ ਤੁਸੀਂ ਹੌਲੀ-ਹੌਲੀ ਵਿਕਸਿਤ ਕਰ ਸਕਦੇ ਹੋ।''

''ਤੁਸੀਂ ਕਿਹੋ ਜਿਹੇ ਕੱਪੜੇ ਪਾਉਂਦੇ ਹੋ, ਕਿਸ ਹਲਾਤ 'ਚ ਕਿਵੇਂ ਪ੍ਰਤੀਕਿਰਿਆ ਦਿੰਦੇ ਹੋ, ਇਸ ਦਾ ਤੁਹਾਡੀ ਸ਼ਖ਼ਸੀਅਤ 'ਤੇ ਅਸਰ ਪੈਂਦਾ ਹੈ, ਪਰ ਕੁਝ ਤਿਆਰੀ ਦੇ ਨਾਲ ਸ਼ਖ਼ਸੀਅਤ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।''

Image copyright BBC/anu kumari

ਕੀ ਤਿਆਰੀ ਦੌਰਾਨ ਨਿਰਾਸ਼ਾ ਹੋਈ?

ਨਿਰਾਸ਼ਾ ਬਾਰੇ ਅਨੁ ਕਹਿੰਦੇ ਹਨ, ''ਪ੍ਰੀ ਦੀ ਤਿਆਰੀ ਦੇ ਬਾਅਦ ਮੈਂ ਆਪਣੇ ਔਪਸ਼ਨਲ ਵਿਸ਼ੇ, ਸਮਾਜ ਸ਼ਾਸਤਰ, ਦੀ ਤਿਆਰੀ ਲਈ ਟੈਸਟ ਸੀਰੀਜ਼ ਜੁਆਇਨ ਕੀਤੀ ਸੀ। ਇਸ ਦਾ ਮੈਂ ਦੋ ਵਾਰ ਟੈਸਟ ਦਿੱਤਾ ਅਤੇ ਦੋਵੇਂ ਵਾਰੀ ਮੈਂ ਵੀਹ ਵਿੱਚੋਂ ਪੰਦਰਾਂ ਸਵਾਲ ਹੀ ਕਰ ਸਕੀ।''

''ਉਸ ਦੌਰਾਨ ਮੈਂ ਦਿੱਲੀ 'ਚ ਰਹਿ ਕੇ ਤਿਆਰੀ ਕਰ ਰਹੀ ਸੀ, ਸਵਾਲਾਂ ਦੇ ਜਵਾਬ ਨਾ ਲਿਖ ਪਾਉਣ ਦੇ ਬਾਅਦ ਮੈਂ ਬਹੁਤ ਨਿਰਾਸ਼ ਹੋ ਗਈ ਸੀ।''

''ਉਸ ਰਾਤ ਮੈਂ ਕਰੀਬ ਦੋ ਘੰਟੇ ਤੱਕ ਰੋਈ ਅਤੇ ਰੌਂਦੇ-ਰੌਂਦੇ ਸੌਂ ਗਈ, ਅਗਲੇ ਦਿਨ ਸਵੇਰੇ ਉੱਠ ਕੇ ਫ਼ਿਰ ਤੋਂ ਆਪਣੀਆਂ ਕਮੀਆਂ ਨੂੰ ਧਿਆਨ 'ਚ ਰੱਖ ਕੇ ਤਿਆਰੀ ਸ਼ੁਰੂ ਕੀਤੀ।''

ਆਪਣੇ ਪ੍ਰੇਰਣਾ ਸਰੋਤ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, ''ਮੈਂ ਆਪਣੇ ਜਜ਼ਬੇ ਦੇ ਨਾਲ ਸ਼ੁਰੂਆਤ ਕੀਤੀ ਸੀ, ਇੱਕ ਸਮਾਂ ਸੀ ਜਦੋਂ ਮੈਂ ਆਪਣੇ ਨਿੱਜੀ ਖ਼ੇਤਰ ਦੀ ਨੌਕਰੀ ਤੋਂ ਨਿਰਾਸ਼ ਸੀ ਅਤੇ ਵਾਰ-ਵਾਰ ਇਹੀ ਸੋਚ ਰਹੀ ਸੀ ਕਿ ਮੈਨੂੰ ਆਪਣਾ ਜਜ਼ਬਾ ਬਰਕਰਾਰ ਰੱਖਣਾ ਹੈ।''

''ਮੁਸ਼ਕਿਲ ਸਮਾਂ ਸਭ ਦੀ ਜ਼ਿੰਦਗੀ 'ਚ ਆਉਂਦਾ ਹੈ ਅਤੇ ਬੀਤ ਜਾਂਦਾ ਹੈ, ਮੈਂ ਵੀ ਆਪਣੇ ਆਪ ਨੂੰ ਇਹੀ ਕਹਿ ਰਹੀ ਸੀ ਕਿ ਮੇਰੀ ਜ਼ਿੰਦਗੀ ਦਾ ਮੁਸ਼ਕਿਲ ਸਮਾਂ ਵੀ ਬੀਤ ਜਾਵੇਗਾ।''

Image copyright BBC/anu kumari

ਅਨੁ ਮੰਨਦੇ ਹਨ ਕਿ ਸਿਵਲ ਸੇਵਾ ਦੀ ਪਰੀਖਿਆ ਬਹੁਤ ਮੁਸ਼ਕਿਲ ਹੈ ਅਤੇ ਜਿਹੜੇ ਪ੍ਰਤੀਭਾਗੀ ਇਸ 'ਚ ਪਾਸ ਹੁੰਦੇ ਹਨ ਉਹ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਸਿਵਲ ਸੇਵਾ ਪਾਸ ਕਰਨ ਵਾਲੇ ਲੋਕਾਂ ਨੂੰ ਮਹਤੱਵ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਮਾਜ ਅਤੇ ਦੇਸ਼ ਲਈ ਬੇਹੱਦ ਅਹਿਮ ਕੰਮ ਕਰਦੇ ਹਨ।

ਅਨੁ ਦੱਸਦੇ ਹਨ ਕਿ ਉਹ ਸਿਵਲ ਸੇਵਾ ਦੀ ਤਿਆਰੀ ਕਰਨ ਤੋਂ ਪਹਿਲਾਂ ਹੀ ਬੱਚਿਆਂ ਲਈ ਕੁਝ ਕਰਨ ਦਾ ਵਿਚਾਰ ਆਪਣੇ ਮਨ ਵਿੱਚ ਰੱਖਦੇ ਹਨ।

ਉਹ ਦੱਸਦੇ ਹਨ, ''ਸਾਡੇ ਦੇਸ਼ 'ਚ ਬੱਚੀਆਂ ਖ਼ਾਸ ਤੌਰ 'ਤੇ ਔਰਤਾਂ ਦੇ ਪ੍ਰਤੀ ਜਿਹੜੇ ਅਪਰਾਧ ਹੋ ਰਹੇ ਹਨ, ਉਨਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਅਤੇ ਮੈਂ ਇਸ ਦਿਸ਼ਾ 'ਚ ਕੰਮ ਕਰਨਾ ਚਾਹੁੰਗੀ।''

ਅਨੁ ਮੰਨਦੇ ਹਨ ਕਿ ਹਰਿਆਣਾ ਨੂੰ ਇੱਕ ਪਿਤ੍ਰਸੱਤਾਤਮਕ ਸਮਾਜ ਕਹਿਣਾ ਗ਼ਲਤ ਨਹੀਂ ਹੈ ਪਰ ਚੰਗੀ ਗੱਲ ਇਹ ਹੈ ਕਿ ਬਦਲਾਅ ਆ ਰਿਹਾ ਹੈ।

ਉਹ ਕਹਿੰਦੇ ਹਨ, ''ਕੁੜੀਆਂ ਦੀ ਘੱਟ ਗਿਣਤੀ ਲਈ ਬਦਨਾਮ ਸੋਨੀਪਤ ਵਰਗੇ ਜ਼ਿਲ੍ਹੇ 'ਚ ਹਲਾਤ ਬਿਹਤਰ ਹੋ ਰਹੇ ਹਨ। ਮਾਨੂਸ਼ੀ ਛਿੱਲਰ ਅਤੇ ਸਾਕਸ਼ੀ ਮਲਿਕ ਵਰਗੀਆਂ ਕੁੜੀਆਂ ਹਰਿਆਣਾ ਤੋਂ ਨਿੱਕਲ ਰਹੀਆਂ ਹਨ, ਇਸ ਲਈ ਇਹ ਤਾਂ ਮੰਨਣਾ ਹੀ ਹੋਵੇਗਾ ਕਿ ਹਰਿਆਣਾ 'ਚ ਹਲਾਤ ਬਿਹਤਰ ਹੋ ਰਹੇ ਹਨ।''

ਆਪਣੇ ਨਿੱਜੀ ਤਜ਼ਰਬੇ ਬਾਰੇ ਅਨੁ ਦੱਸਦੇ ਹਨ, ''ਮੇਰੇ ਪਿਤਾ ਨੇ ਮੇਰੇ ਭਰਾਵਾਂ ਤੋਂ ਵੱਧ ਮੇਰੀ ਪੜ੍ਹਾਈ 'ਤੇ ਖ਼ਰਚ ਕੀਤਾ। ਸ਼ਹਿਰੀ ਖ਼ੇਤਰ 'ਚ ਕੁੜੀਆਂ ਨੂੰ ਮੌਕੇ ਮਿਲ ਰਹੇ ਹਨ ਪਰ ਪੇਂਡੂ ਖ਼ੇਤਰ 'ਚ ਕੁੜੀਆਂ ਲਈ ਹਲਾਤ ਥੋੜੇ ਮੁਸ਼ਕਿਲ ਹਨ।''

''ਮੈਂ ਸਾਰੀ ਕੁੜੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਉਹ ਤਿਆਰੀ ਸ਼ੁਰੂ ਕਰਨ ਅਤੇ ਵੱਧ ਤੋਂ ਵੱਧ ਗਿਣਤੀ 'ਚ ਸਿਵਲ ਸੇਵਾ ਵਿੱਚ ਆਉਣ, ਸੁਪਨੇ ਦੇਖਣ ਅਤੇ ਆਪਣੇ ਸੁਪਨੇ ਪੂਰੇ ਕਰਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)