ਕਾਂਗਰਸ ਦੀ 'ਜਨ ਆਕ੍ਰੋਸ਼ ਰੈਲੀ' ਵਿੱਚ ਰਾਹੁਲ ਗਾਂਧੀ ਦੇ ਭਾਸ਼ਨ ਦੀਆਂ 7 ਅਹਿਮ ਗੱਲਾਂ

ਰਾਹੁਲ ਗਾਂਧੀ Image copyright @INCINDIA/TWITTER

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਐਤਵਾਰ ਨੂੰ ਹੋਈ ਕਾਂਗਰਸ ਦੀ 'ਜਨ ਆਕ੍ਰੋਸ਼ ਰੈਲੀ' ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਸੰਘ 'ਤੇ ਨਿਸ਼ਾਨਾ ਲਾਇਆ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇਸ ਵਿੱਚ ਵੱਧ ਰਹੀ ਨਫ਼ਰਤ, ਬੇਰੁਜ਼ਗਾਰੀ, ਹਿੰਸਾ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਸਾਰੇ ਮਾਮਲਿਆਂ ਬਾਰੇ ਚੁੱਪ ਹਨ।

ਉਨ੍ਹਾਂ ਕਿਹਾ, "ਦੇਸ ਨੂੰ ਹੁਣ ਭਾਜਪਾ ਦੀ ਨਹੀਂ ਸਗੋਂ ਕਾਂਗਰਸ ਦੀ ਲੋੜ ਹੈ ਅਤੇ ਉਨ੍ਹਾਂ ਦੀ ਪਾਰਟੀ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਦਿਖਾਵੇਗੀ।

ਇਨ੍ਹਾਂ ਦੇ ਨਾਲ ਹੀ 2019 ਦੀਆਂ ਲੋਕ ਸਭਾ ਚੋਣਾਂ ਵੀ ਜਿੱਤੇਗੀ।

ਰਾਹੁਲ ਤੋਂ ਪਹਿਲਾਂ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਨੇ ਜੁੜੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕੀਤਾ। ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਅਤੇ ਉਨ੍ਹਾਂ ਦੀਆਂ ਨੀਤੀਆਂ ਕਰਕੇ ਦੇਸ ਦੇ ਅਰਥਚਾਰੇ ਦਾ ਭੱਠਾ ਬੈਠ ਗਿਆ ਹੈ।

ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਢੁਕਾਵਾਂ ਮੁੱਲ ਦੇਣ ਦੇ ਵਾਅਦੇ ਕੀਤੇ ਜੋ ਵਫਾ ਨਹੀਂ ਕੀਤੇ ਗਏ ਅਤੇ ਸਰਕਾਰ ਕਿਸਾਨ ਵਿਰੋਧੀ ਹੈ।

Image copyright Getty Images

ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ ਦੇ ਭਾਰ ਥੱਲੇ ਦਬਿਆ ਜਾ ਰਿਹਾ ਹੈ ਅਤੇ ਕਰਜ ਮਾਫ ਕਰਨ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਦੇਸ ਦੀ ਹਾਲਤ ਬਦਲਣ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਜਾਵੇ।

ਰਾਹੁਲ ਦੇ ਭਾਸ਼ਨ ਦੀਆਂ 7 ਗੱਲਾਂ

  1. ਮੈਂ ਜਿੱਥੇ ਵੀ ਜਾਂਦਾ ਹਾਂ, ਲੋਕਾਂ ਨਾਲ ਗੱਲ ਕਰਦਾ ਹਾਂ। ਵਰਕਰਾਂ, ਕਿਸਾਨ, ਮਜਦੂਰਾਂ ਸਾਰਿਆਂ ਨੂੰ ਸਿੱਧਾ ਸਵਾਲ ਕਰਦਾ ਹਾਂ, ਖ਼ੁਸ਼ ਹੋ, ਤਾਂ ਜਵਾਬ ਇਹੀ ਆਉਂਦਾ ਹੈ ਕਿ ਅਸੀਂ ਸਰਕਾਰ ਤੋਂ ਗੁੱਸੇ ਹਾਂ।
  2. ਭਾਰਤ ਆਸਥਾ ਦਾ ਦੇਸ ਹੈ ਅਤੇ ਆਸਥਾ ਦਾ ਰੁੱਖ ਭਰੋਸੇ 'ਤੇ ਖੜ੍ਹਦਾ ਹੈ। ਸਾਡੇ ਪ੍ਰਧਾਨ ਮੰਤਰੀ ਕੋਈ ਵੀ ਵਾਅਦਾ ਕਰਦੇ ਹਨ ਪਰ ਉਨ੍ਹਾਂ ਦੇ ਵਾਅਦਿਆਂ 'ਚ ਸਚਾਈ ਨਹੀਂ ਹੁੰਦੀ।
  3. ਸਟੇਜ 'ਤੇ ਖੜ੍ਹੇ ਹੋ ਕੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੀਆਂ ਗੱਲਾਂ ਕਰਦੇ ਹਨ ਜਦਕਿ ਕਰਨਾਟਕ ਦੀ ਸਟੇਜ 'ਤੇ ਯੇਦੂਰੱਪਾ ਅਤੇ ਚਾਰ ਹੋਰ ਸਾਬਕਾ ਮੰਤਰੀ ਬੈਠੇ ਹਨ ਜੋ ਆਪ ਜੇਲ੍ਹ ਜਾ ਚੁੱਕੇ ਹਨ। ਪਿਊਸ਼ ਗੋਇਲ ਮੰਤਰੀ ਬਣਨ ਮਗਰੋਂ ਆਪਣੀ ਕੰਪਨੀ ਬਾਰੇ ਕੁਝ ਨਹੀਂ ਦੱਸਦੇ ਅਤੇ ਕੰਪਨੀ ਵੇਚ ਦਿੰਦੇ ਹਨ। ਇਸ ਬਾਰੇ ਮੋਦੀ ਜੀ ਦੇ ਮੂੰਹੋਂ ਕੋਈ ਸ਼ਬਦ ਨਹੀਂ ਨਿਕਲਦਾ।
  4. ਨੀਰਵ ਮੋਦੀ ਪੈਸੇ ਲੈ ਕੇ ਭੱਜ ਗਿਆ ਅਤੇ ਪ੍ਰਧਾਨ ਮੰਤਰੀ ਕਾਲੇ ਧਨ ਖਿਲਾਫ਼ ਲੜਾਈ ਦੀ ਗੱਲ ਕਰਦੇ ਹਨ। ਜਨਤਾ ਨੂੰ ਲਾਈਨ 'ਚ ਲਾ ਦਿੰਦੇ ਹਨ ਪਰ ਦੇਸ ਦੇ ਚੌਂਕੀਦਾਰ ਨੇ ਨੀਰਵ ਮੋਦੀ ਬਾਰੇ ਇੱਕ ਲਾਈਨ ਨਹੀਂ ਕਹੀ।
  5. ਅਮਿਤ ਸ਼ਾਹ ਦਾ ਪੁੱਤਰ 50 ਹਜ਼ਾਰ ਨੂੰ 80 ਹਜ਼ਾਰ ਕਰੋੜ ਰੁਪਏ ਵਿੱਚ ਬਦਲ ਦਿੰਦਾ ਹੈ ਪਰ ਦੇਸ ਦੇ ਚੌਂਕੀਦਾਰ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ।
  6. 70 ਸਾਲ ਵਿੱਚ ਪਹਿਲੀ ਵਾਰ ਹਿੰਦੁਸਤਾਨ ਵਿੱਚ ਸੁਪਰੀਮ ਕੋਰਟ ਦੇ ਜੱਜ ਹੱਥ ਬੰਨ੍ਹ ਕੇ ਦੇਸ ਦੀ ਜਨਤਾ ਕੋਲ ਜਾਂਦੇ ਹਨ ਅਤੇ ਉਨ੍ਹਾਂ ਤੋਂ ਇਨਸਾਫ਼ ਮੰਗਦੇ ਹਨ ਪਰ ਉਨ੍ਹਾਂ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ।
  7. ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ ਦੇ ਪ੍ਰਧਾਨ ਮੰਤਰੀ ਨੂੰ ਵਿਦੇਸ਼ ਵਿੱਚ ਦੱਸਿਆ ਗਿਆ ਕਿ ਤੁਸੀਂ ਭਾਰਤੀ ਔਰਤਾਂ ਦੀ ਰਾਖੀ ਨਹੀਂ ਕਰ ਰਹੇ। ਉਨਾਓ ਅਤੇ ਜੰਮੂ ਬਲਾਤਕਾਰ ਕੇਸਾਂ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਇੱਕ ਸ਼ਬਦ ਨਹੀਂ ਬੋਲਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)