ਪ੍ਰੈੱਸ ਰਿਵੀਊ: ਫਗਵਾੜਾ 'ਚ ਝੜਪ ਦੌਰਾਨ ਜ਼ਖ਼ਮੀ ਹੋਏ ਦਲਿਤ ਨੌਜਵਾਨ ਦੀ ਮੌਤ

ਦਲਿਤ ਨੌਜਵਾਨ ਦੀ ਮੌਤ Image copyright PAl singh nauli/bbc

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ 13 ਅਪ੍ਰੈਲ ਨੂੰ ਫਗਵਾੜੇ ਵਿੱਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਜ਼ਖ਼ਮੀ ਹੋਏ ਦਲਿਤ ਨੌਜਵਾਨ ਜਸਵੰਤ ਕੁਮਾਰ ਉਰਫ਼ ਬੌਬੀ ਦੀ ਮੌਤ ਹੋ ਗਈ।

ਸ਼ਨੀਵਾਰ ਰਾਤ ਕਰੀਬ 2 ਵਜੇ ਲੁਧਿਆਣਾ ਵਿੱਚ ਉਸ ਦੀ ਮੌਤ ਹੋਈ ਤੇ ਐਤਵਾਰ ਨੂੰ ਉਸਦਾ ਸੰਸਕਾਰ ਕੀਤਾ ਗਿਆ।

ਇਸ ਦੌਰਾਨ ਬੌਬੀ ਦੀ ਲਾਸ਼ ਨੂੰ ਰੱਖ ਕੇ ਕੁਝ ਲੋਕਾਂ ਵੱਲੋ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਦੀ ਮੰਗ ਕੀਤੀ ਗਈ।

ਇਸੇ ਮੰਗ ਨੂੰ ਲੈ ਕੇ ਹੀ ਇਹ ਝਗੜਾ ਹੋਇਆ ਸੀ ਜਿਸ ਵਿੱਚ ਬੌਬੀ ਜ਼ਖ਼ਮੀ ਹੋਇਆ ਸੀ। ਸੁਰੱਖਿਆ ਦੇ ਮੱਦੇਨਜ਼ਰ 20 ਗੱਡੀਆਂ ਦੇ ਕਾਫ਼ਲੇ ਨਾਲ ਬੌਬੀ ਦੀ ਲਾਸ਼ ਨੂੰ ਫਗਵਾੜੇ ਲਿਆਂਦਾ ਗਿਆ।

19 ਸਾਲਾ ਬੌਬੀ ਦੇ ਸਿਰ ਵਿੱਚ ਗੋਲੀ ਲੱਗੀ ਸੀ। ਡਾਕਟਰਾਂ ਨੇ ਉਸਦੀ ਗੋਲੀ ਤਾਂ ਕੱਢ ਦਿੱਤੀ ਪਰ ਉਸਦੀ ਮੌਤ ਹੋ ਗਈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ।

Image copyright Getty Images
ਫੋਟੋ ਕੈਪਸ਼ਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਉਪ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਨਿਰਮਲ ਸਿੰਘ

ਦਿੱਲੀ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਸਤੀਫ਼ਾ ਸੌਂਪਿਆ ਹੈ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਨਵੇਂ ਉਪ ਮੁੱਖ ਮੰਤਰੀ ਹੋਣਗੇ।

ਕੁਝ ਦਿਨ ਪਹਿਲਾਂ ਕਠੂਆ ਗੈਂਗਰੇਪ ਮਾਮਲੇ ਵਿੱਚ ਬੀਜੇਪੀ ਦੇ ਦੋ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਕੁਝ ਨਵੇਂ ਲੀਡਰਾਂ ਨੂੰ ਕੈਬਿਨੇਟ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮ ਮੰਦੀ ਵਿੱਚ ਆਪਣੇ ਦਿਨ ਕੱਢ ਰਹੇ ਹਨ।

ਸਿੱਖਿਆ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਮੁਲਾਜ਼ਮ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਦੀ ਉਡੀਕ ਵਿੱਚ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਤਨਖ਼ਾਹ ਨਹੀਂ ਮਿਲੀ।

ਇਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਾਂ ਤਾਂ ਰਿਸ਼ਤੇਦਾਰਾਂ ਤੋਂ ਪੈਸੇ ਮੰਗਣੇ ਪੈ ਰਹੇ ਹਨ ਜਾਂ ਫਿਰ ਉਧਾਰ ਲੈਣੇ ਪੈ ਰਹੇ ਹਨ।

ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸੂਬੇ ਦੀ ਵਿੱਤੀ ਹਾਲਤ ਹੁਣ ਠੀਕ ਹੈ ਤੇ ਉਨ੍ਹਾਂ ਨੇ ਕਿਸੇ ਦੀ ਵੀ ਤਨਖ਼ਾਹ ਨਹੀਂ ਰੋਕੀ। ਵਿਭਾਗ ਪੱਧਰ 'ਤੇ ਅਜਿਹਾ ਹੋ ਸਕਦਾ ਹੈ।

ਦਿ ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਪਾਕਿਸਤਾਨ ਅਗਲੇ ਵਿੱਤੀ ਸਾਲ ਤੋਂ ਸਪੇਸ ਪ੍ਰੋਗ੍ਰਾਮ ਲਾਂਚ ਕਰਨ ਦੀ ਤਿਆਰੀ 'ਚ ਹੈ। ਰਿਪੋਰਟਾਂ ਮੁਤਾਬਕ ਇਸ ਪ੍ਰੋਗ੍ਰਾਮ ਦਾ ਮੰਤਵ ਭਾਰਤ ਵਾਲੇ ਪਾਸੇ ਨਜ਼ਰ ਰੱਖਣਾ ਹੈ।

ਇਸਦੇ ਨਾਲ ਉਨ੍ਹਾਂ ਦਾ ਮਕਸਦ ਫੌਜੀ ਤੇ ਗ਼ੈਰ-ਫੌਜੀ ਕੰਮਾਂ ਲਈ ਵਿਦੇਸ਼ੀ ਸੈਟੇਲਾਈਟ 'ਤੇ ਨਿਰਭਰਤਾ ਨੂੰ ਘਟਾਉਣਾ ਹੈ।

ਮੀਡੀਆ ਰਿਪੋਰਟ ਮੁਤਾਬਕ ਸਵੈ-ਭਰੋਸੇ ਦੀ ਸਮਰੱਥਾ ਨੂੰ ਵਿਕਸਤ ਕਰਨ ਅਤੇ ਫ਼ੌਜੀ ਤੇ ਗ਼ੈਰਫ਼ੌਜੀ ਸੰਚਾਰ ਲਈ ਵਿਦੇਸ਼ੀ ਸੈਟੇਲਾਈਟਾਂ ਖਾਸ ਕਰਕੇ ਅਮਰੀਕਾ ਤੇ ਫਰਾਂਸ ਦੀ ਮਦਦ ਘੱਟ ਲੈਣ ਲਈ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)