ਸੋਸ਼ਲ: ਅਕਸ਼ੇ ਦੀ ਵਰਦੀ ਦੀ ਨੀਲਾਮੀ 'ਤੇ ਕਿਉਂ ਛਿੜਿਆ ਵਿਵਾਦ?

akshay kumar, rustom Image copyright Getty Images

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਟਵੀਟ ਕਰਕੇ ਐਲਾਨ ਕੀਤਾ, "ਮੇਰੇ ਵੱਲੋਂ 'ਰੁਸਤਮ' ਫ਼ਿਲਮ ਵਿੱਚ ਨੇਵੀ ਅਫ਼ਸਰ ਦੀ ਪਾਈ ਗਈ ਅਸਲ ਯੂਨੀਫਾਰਮ 'ਤੇ ਤੁਸੀਂ ਬੋਲੀ ਲਾ ਸਕਦੇ ਹੋ। ਇਸ ਨੀਲਾਮੀ ਤੋਂ ਮਿਲਣ ਵਾਲੇ ਪੈਸਿਆਂ ਨੂੰ ਪਸ਼ੂਆਂ ਦੇ ਬਚਾਅ ਅਤੇ ਰੱਖਿਆ ਲਈ ਵਰਤਿਆ ਜਾਵੇਗਾ।"

ਬੱਸ ਇੰਨਾ ਟਵੀਟ ਕਰਨ ਦੀ ਦੇਰ ਸੀ ਕਿ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਹੋ ਗਏ ਟਰੋਲ।

ਖੁਦ ਨੂੰ ਮਿਲੀਟ੍ਰੀ ਇਤਿਹਾਸਕਾਰ ਦੱਸਣ ਵਾਲੇ ਵੇਟਰਨ ਮੰਨਤ ਭੱਟ ਨੇ ਟਵੀਟ ਕੀਤਾ, "ਯੂਨੀਫਾਰਮ ਨੇਵੀ ਅਫ਼ਸਰ ਦਾ ਮਾਣ ਹੁੰਦੀ ਹੈ। ਨੇਵੀ ਦਾ ਕੋਈ ਵੀ ਅਫ਼ਸਰ ਪੈਸਿਆਂ ਲਈ ਕਦੇ ਵੀ ਯੂਨੀਫਾਰਮ ਨੂੰ ਨੀਲਾਮ ਨਹੀਂ ਕਰੇਗਾ।"

ਅਕਸ਼ੇ ਕੁਮਾਰ ਦੀ ਪਤਨੀ, ਅਦਾਕਾਰਾ ਤੇ ਕਾਲਮਨਵੀਸ ਟਵਿੰਕਲ ਖੰਨਾ ਨੇ ਪਤੀ ਦੇ ਟਵੀਟ ਨੂੰ ਦੁਬਾਰਾ ਟਵੀਟ ਕਰਦਿਆਂ ਅਪੀਲ ਕੀਤੀ ਕਿ ਉਹ ਯੂਨੀਫਾਰਮ ਦੀ ਬੋਲੀ ਲਾਉਣ ਕਿਉਂਕਿ ਉਹ ਇੱਕ ਚੰਗੇ ਕੰਮ ਲਈ ਨੀਲਾਮੀ ਕਰ ਰਹੇ ਹਨ।

Image copyright Getty Images

ਇਸ ਤੋਂ ਬਾਅਦ ਫੇਸਬੁੱਕ 'ਤੇ ਸੰਦੀਪ ਅਹਿਲਾਵਤ ਨਾਮ ਦੇ ਇੱਕ ਸ਼ਖਸ ਨੇ ਟਵਿੰਕਲ ਖੰਨਾ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ, "ਤੁਹਾਡੇ ਪਤੀ ਨੇ ਰੁਸਤਮ ਫ਼ਿਲਮ ਵਿੱਚ ਜੋ ਪਾਇਆ ਤੁਹਾਡੇ ਲਈ ਉਹ ਪੋਸ਼ਾਕ ਸੀ ਨਾਂ ਕਿ ਯੂਨੀਫਾਰਮ। ਭਾਰਤੀ ਫੌਜੀਆਂ ਦੀਆਂ ਪਤਨੀਆਂ ਉਨ੍ਹਾਂ ਦੀ ਯੂਨੀਫਾਰਮ ਨੀਲਾਮ ਨਹੀਂ ਕਰਦੀਆਂ।"

ਇਸ ਦੇ ਨਾਲ ਹੀ ਇਸ ਸ਼ਖ਼ਸ ਨੇ ਅਦਾਲਤ ਦੀਆਂ ਬਰੂਹਾਂ ਤੱਕ ਲਿਜਾਣ ਦੀ ਧਮਕੀ ਦਿੱਤੀ।

ਟਵਿੰਕਲ ਖੰਨਾ ਨੇ ਇਸ ਦਾ ਜਵਾਬ ਦਿੰਦਿਆਂ ਪੁੱਛਿਆ, "ਕੀ ਕਿਸੇ ਔਰਤ ਵੱਲੋਂ ਸਮਾਜਿਕ ਭਲਾਈ ਲਈ ਪੈਸੇ ਇਕੱਠੇ ਕਰਨ ਲਈ ਯੂਨੀਫਾਰਮ ਨੀਲਾਮ ਕਰਨ 'ਤੇ ਧਮਕੀ ਦੇਣਾ ਵਾਜਿਬ ਹੈ?''

ਹਾਲਾਂਕਿ ਕਈ ਲੋਕਾਂ ਨੇ ਦੋਹਾਂ ਨੂੰ ਇਸ ਕੰਮ ਲਈ ਵਧਾਈ ਵੀ ਦਿੱਤੀ।

ਅਰੁਣ ਗੁਪਤਾ ਨੇ ਟਵੀਟ ਕੀਤਾ, "ਟਵਿੰਕਲ ਤੁਹਾਨੂੰ ਅਕਸ਼ੇ ਵਰਗਾ ਜੀਵਨ ਸਾਥੀ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ ਤੇ ਉਮੀਦ ਕਰਦੇ ਹਾਂ ਕਿ ਕੋਈ ਚੰਗੇ ਦਿਲ ਅਤੇ ਪੈਸੇ ਵਾਲਾ ਸ਼ਖ਼ਸ ਇਸ ਨੂੰ ਖਰੀਦੇਗਾ।"

ਸਰੁਸ਼ਟੀ ਦੇਸ਼ਮੁਖ ਨੇ ਟਵੀਟ ਕਰਦਿਆਂ ਸੁਝਾਅ ਦਿੱਤਾ, "ਸਮਾਜਿਕ ਕੰਮ ਲਈ ਲੋੜੀਂਦੇ ਪੈਸਿਆਂ ਨਾਲੋਂ 10 ਗੁਣਾ ਵੱਧ ਪੈਸੇ ਤੁਸੀਂ ਇਸ ਲਈ ਖਰਚ ਕਰ ਸਕਦੇ ਹੋ। ਇਹ ਸਿਰਫ਼ ਯੂਨੀਫਾਰਮ ਹੀ ਨਹੀਂ ਸਗੋਂ ਇਸ ਯੂਨੀਫਾਰਮ ਲਈ ਦਿੱਤੀਆਂ ਕੁਰਬਾਨੀਆਂ ਅਤੇ ਇਸ ਨੂੰ ਪਾਉਣ ਲਈ ਲੋੜੀਂਦੇ ਉਤਸ਼ਾਹ ਦੀ ਗੱਲ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)