ਆਸਾਰਾਮ ਨੂੰ ਸਜ਼ਾ ਦਿਵਾਉਣ ਵਾਲੇ ਪਰਿਵਾਰ ਨੇ ਭੋਗਿਆ ਇਹ ਸੰਤਾਪ: BBC SPECIAL

ਆਸਾਰਾਮ

ਹਵਾ ਵਿੱਚ ਘੁੱਲੀ ਚੀਨੀ ਮਿਲਾਂ ਦੀ ਬਦਬੂ ਦੱਸ ਦਿੰਦੀ ਹੈ ਕਿ ਮੈਂ ਦਿੱਲੀ ਤੋਂ 360 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਪਹੁੰਚ ਗਈ ਹਾਂ।

ਕਾਕੋਰੀ ਕਾਂਡ ਦੇ ਮਹਾਨਾਇਕ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕਉੱਲਾ ਖ਼ਾਨ ਵਰਗੇ ਕ੍ਰਾਂਤੀਕਾਰੀਆਂ ਦੇ ਇਸ ਸ਼ਹਿਰ ਸ਼ਾਹਜਹਾਂਪੁਰ ਦੀ ਮਿੱਟੀ ਵਿੱਚ ਹੀ ਜਿਵੇਂ ਨਿਰਭੈ ਅਤੇ ਸਾਹਸ ਘੁਲਿਆ ਹੋਇਆ ਹੈ।

ਇੱਥੇ ਹੀ ਜੰਮੀ-ਪਲੀ ਪੀੜਤਾ ਅਤੇ ਉਸ ਦੇ ਪਰਿਵਾਰ ਨੇ ਆਸਾਰਾਮ ਦੇ ਖਿਲਾਫ਼ ਆਪਣੀ ਪੰਜ ਸਾਲ ਲੰਬੀ ਇਸ ਲੜਾਈ ਦੌਰਾਨ ਇਸੇ ਹਿੰਮਤ ਅਤੇ ਨਿਡਰਤਾ ਦਾ ਨਮੂਨਾ ਪੇਸ਼ ਕੀਤਾ ਹੈ।

ਉਹ ਪਰਿਵਾਰ ਜਿਸ ਨੇ ਲੰਬੀ ਲੜਾਈ ਲੜੀ

ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ ਪੀੜਤਾ ਦੇ ਪਰਿਵਾਰ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ।

ਮੁਕੱਦਮੇ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਪੁਲਿਸ ਚੌਕੀ ਬਣਾ ਦਿੱਤੀ ਗਈ ਅਤੇ ਇਸ ਚੌਕੀ ਵਿੱਚ ਰੱਖੇ ਰਜਿਸਟਰ 'ਤੇ ਨਾਂ ਅਤੇ ਪਤਾ ਲਿਖ ਕੇ ਮੈਂ ਘਰ ਦੇ ਬਰਾਂਡੇ ਵਿੱਚ ਦਾਖਿਲ ਹੋਈ। ਘਰ ਦੇ ਬਾਹਰ ਤਿੰਨ ਟਰੱਕ ਖੜ੍ਹੇ ਸੀ।

ਪੀੜਤਾ ਦੇ ਵੱਡੇ ਭਰਾ ਨੇ ਦੱਸਿਆ ਕਿ ਟਰੱਕਾਂ ਵਿੱਚ ਸਾੜੀਆਂ ਭਰ ਕੇ ਮਾਲ ਸੂਰਤ ਭੇਜਿਆ ਜਾ ਰਿਹਾ ਹੈ।

ਉਸ ਨੇ ਦੱਸਿਆ, "ਇਹ ਸੀਜ਼ਨ ਦਾ ਵੇਲਾ ਹੈ ਇਸ ਲਈ ਇਹ ਕੰਮ ਮਿਲਿਆ ਹੈ ਵਰਨਾ ਪਹਿਲਾਂ ਨਾਲੋਂ ਕੰਮ ਬਹੁਤ ਘੱਟ ਹੋ ਗਿਆ ਹੈ।"

ਘਰ ਦੇ ਬਰਾਂਡੇ ਵਿੱਚ ਹੀ ਬਣੇ ਦਫ਼ਤਰ ਵਿੱਚ ਕੁਰਤਾ-ਪਜਾਮਾ ਪਹਿਨ ਕੇ ਬੈਠੇ ਪੀੜਤਾ ਦੇ ਪਿਤਾ ਤੇਜ਼ੀ ਨਾਲ ਸਾਮਾਨ ਦੇ ਡਿਸਪੈਚ ਨਾਲ ਜੁੜੇ ਕਾਗਜ਼ਾਂ ਤੇ ਦਸਤਖ਼ਤ ਕਰ ਰਹੇ ਸਨ।

ਮੇਰੇ ਅੰਦਰ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੇ ਕੁਝ ਮੀਡੀਆ ਵਾਲਿਆਂ ਦੇ ਰਵੱਈਏ ਤੇ ਨਾਰਾਜ਼ਗੀ ਜ਼ਾਹਿਰ ਕੀਤੀ।

ਮੀਡੀਆ ਤੋਂ ਖਫ਼ਾ ਪੀੜਤਾ ਦਾ ਪਰਿਵਾਰ

ਉਨ੍ਹਾਂ ਨੇ ਕਿਹਾ, "ਜਦੋਂ ਅਸੀਂ ਜੋਧਪੁਰ ਵਿੱਚ ਸੀ ਤਾਂ ਕੋਈ ਪੁੱਛਣ ਨਹੀਂ ਆਇਆ। ਪੂਰੀ ਸੁਣਵਾਈ ਹੋ ਗਈ ਅਤੇ ਕਿਸੇ ਮੀਡੀਆ ਨੇ ਨਹੀਂ ਪੁੱਛਿਆ। ਕਈ ਅਖ਼ਬਾਰ ਵਾਲੇ ਆਸਾਰਾਮ ਦੇ ਹਮਾਇਤੀਆਂ ਦੇ ਬਿਆਨ ਛਾਪਦੇ ਸੀ ਅਤੇ ਜਦੋਂ ਅਸੀਂ ਕਹਿੰਦੇ ਕਿ ਉਨ੍ਹਾਂ ਦੇ ਨਾਲ-ਨਾਲ ਸਾਡੀ ਵੀ ਗੱਲ ਲਿਖੋ ਤਾਂ ਕੋਈ ਨਹੀਂ ਲਿਖਦਾ, ਹੁਣ ਫੈਸਲੇ ਤੋਂ ਬਾਅਦ ਸਭ ਆ ਗਏ ਹਨ।"

ਲਗਾਤਾਰ ਆਉਂਦੇ-ਜਾਂਦੇ ਪੱਤਰਕਾਰਾਂ ਤੋਂ ਬਚਣ ਦੇ ਲਈ ਉਨ੍ਹਾਂ ਨੇ ਮੈਨੂੰ ਪੁੱਤਰ ਦੇ ਨਾਲ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ ਵਿੱਚ ਇੰਤਜ਼ਾਰ ਕਰਨ ਲਈ ਭੇਜ ਦਿੱਤਾ।

ਪੀੜਤਾ ਦੇ ਭਰਾ ਨੇ ਦੱਸਿਆ ਕਿ ਨਵੇਂ ਸਖ਼ਤ ਕਾਨੂੰਨਾਂ ਦੇ ਬਾਵਜੂਦ ਮੀਡੀਆ ਅਦਾਰਿਆਂ ਨੇ ਉਨ੍ਹਾਂ ਦੇ ਘਰ ਦੀਆਂ ਪੂਰੀਆਂ ਤਸਵੀਰਾਂ ਟੀਵੀ ਤੇ ਦਿਖਾਈਆਂ ਸਨ।

ਚਿੰਤਾ ਜ਼ਾਹਿਰ ਕਰਦੇ ਹੋਏ ਉਸ ਨੇ ਕਿਹਾ, "ਇਸ ਨਾਲ ਸਾਡੇ ਲਈ ਖ਼ਤਰਾ ਵਧਦਾ ਹੈ। ਅੱਜ ਪੂਰੇ ਸ਼ਹਿਰ ਨੂੰ ਪਤਾ ਹੈ ਕਿ ਆਸਾਰਾਮ 'ਤੇ ਕੇਸ ਕਰਨ ਵਾਲਾ ਪਰਿਵਾਰ ਕਿੱਥੇ ਰਹਿੰਦਾ ਹਾ। ਤੁਸੀਂ ਸ਼ਹਿਰ ਦੇ ਬਾਜ਼ਾਰ ਵਿੱਚ ਜਾ ਕੇ ਕਿਸੇ ਵੀ ਬੱਚੇ ਨੂੰ ਪੁੱਛ ਲਓ, ਉਹ ਤੁਹਾਨੂੰ ਸਾਡੇ ਘਰ ਤੱਕ ਛੱਡ ਆਵੇਗਾ। ਸਾਡੀ ਆਮ ਜ਼ਿੰਦਗੀ ਤਾਂ ਕਦੋਂ ਦੀ ਖ਼ਤਮ ਹੋ ਚੁੱਕੀ ਹੈ।"

ਪੰਜ ਸਾਲ ਲੰਬੀ ਲੜਾਈ ਦੇ ਜ਼ਖ਼ਮ

ਤਕਰੀਬਨ 40 ਮਿੰਟ ਬਾਅਦ ਪੀੜਤਾ ਦੇ ਪਿਤਾ ਹੱਥ ਵਿੱਚ ਠੰਢਾ ਤੇ ਬਿਸਕਿਟ ਲੈ ਕੇ ਕਮਰੇ ਵਿੱਚ ਆਏ। ਤੇਜ਼ ਗਰਮੀ ਦਾ ਜ਼ਿਕਰ ਕਰਦੇ ਹੋਏ ਮੈਨੂੰ ਠੰਢਾ ਪੀਣ ਲਈ ਕਿਹਾ, ਪੀੜਤਾ ਦੇ ਪਿਤਾ ਨੂੰ ਦੇਖ ਕੇ ਮੈਨੂੰ ਪੰਜ ਸਾਲ ਪੁਰਾਣਾ ਅਕਸ ਯਾਦ ਆ ਗਿਆ।

Image copyright Getty Images

ਉਹ ਪਹਿਲਾਂ ਨਾਲੋਂ ਕਮਜ਼ੋਰ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਸਿਰ ਦੇ ਵਾਲ ਵੀ ਝੜ ਗਏ ਸਨ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਇਸ ਲੰਬੀ ਲੜਾਈ ਨੇ ਉਨ੍ਹਾਂ ਦਾ ਵਜ਼ਨ ਅੱਧਾ ਕਰ ਦਿੱਤਾ ਹੈ।

ਮੁਕੱਦਮੇ ਦੇ ਵੇਲੇ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ, "ਬੀਤੇ ਪੰਜ ਸਾਲ ਤਾਂ ਸਾਡੇ ਅਜਿਹੇ ਗੁਜ਼ਰੇ, ਕੀ ਦੱਸਾਂ, ਸ਼ਬਦ ਘੱਟ ਪੈ ਜਾਣਗੇ। ਇੰਨਾ ਮਾਨਸਿਕ ਅਤੇ ਸਰੀਰਕ ਕਸ਼ਟ ਸੀ ਕਿ ਮੈਂ ਦੱਸ ਵੀ ਨਹੀਂ ਸਕਦਾ। ਵਿਚਾਲੇ ਮੇਰਾ ਵਪਾਰ ਠੱਪ ਹੋ ਗਿਆ ਸੀ। ਪੰਜ ਸਾਲ ਵਿੱਚ ਯਾਦ ਨਹੀਂ ਕਦੋਂ ਢਿੱਡ ਭਰ ਕੇ ਖਾਣਾ ਖਾਧਾ ਸੀ। ਭੁੱਖ ਲੱਗਣੀ ਹੀ ਬੰਦ ਹੋ ਗਈ ਸੀ। ਨੀਂਦ ਨਹੀਂ ਆਉਂਦੀ ਸੀ। ਰਾਤ ਨੂੰ ਉੱਠ ਕੇ ਬੈਠ ਜਾਂਦਾ ਸੀ।"

"ਜਾਨ ਦਾ ਖ਼ਤਰਾ ਇੰਨਾ ਰਿਹਾ ਕਿ ਬੀਤੇ ਪੰਜ ਸਾਲਾਂ ਤੋਂ ਆਪਣੇ ਹੱਥ ਦਾ ਖਰੀਦਿਆ ਕੋਈ ਕੱਪੜਿਆ ਨਹੀਂ ਪਾਇਆ। ਆਪਣੇ ਹੱਥੋਂ ਖਰੀਦੀ ਕੋਈ ਫਲ-ਸਬਜ਼ੀ ਨਹੀਂ ਖਾਧੀ। ਘੁੰਮਣਾ-ਫਿਰਨਾ ਤਾਂ ਦੂਰ, ਬੀਮਾਰ ਪਏ ਤਾਂ ਇਲਾਜ ਲਈ ਨਹੀਂ ਨਿਕਲੇ। ਡਾਕਟਰ ਨੂੰ ਘਰੇ ਸੱਦਿਆ। ਆਪਣੇ ਘਰ ਵਿੱਚ ਕੈਦ ਹੋ ਕੇ ਰਹਿ ਗਏ ਸੀ।"

ਫ਼ੈਸਲੇ ਤੋਂ ਬਾਅਦ ਲਿਆ ਲੰਬਾ ਸਾਹ

ਉਹ ਅੱਗੇ ਕਹਿੰਦੇ ਹਨ, "ਜਿਸ ਦਿਨ ਅਸੀਂ ਆਸਾਰਾਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਉਸ ਦਿਨ ਸਾਡੇ ਘਰ 'ਚ ਦੁੱਖ ਕਾਰਨ ਕਿਸੇ ਨੇ ਕੁਝ ਨਹੀਂ ਖਾਦਾ ਸੀ ਅਤੇ ਫੇਰ 25 ਅਪ੍ਰੈਲ ਨੂੰ ਜਦੋਂ ਅਸੀਂ ਕੇਸ ਜਿੱਤ ਗਏ ਤਾਂ ਉਸ ਦਿਨ ਅਸੀਂ ਸਾਰਿਆਂ ਨੇ ਖੁਸ਼ੀ ਨਾਲ ਕੁਝ ਨਹੀਂ ਖਾਦਾ, ਖਾਦਾ ਹੀ ਨਹੀਂ ਜਾ ਰਿਹਾ ਸੀ।"

Image copyright AFP

"ਫੇਰ ਅਗਲੇ ਦਿਨ ਅਸੀਂ ਸਾਲਾਂ ਬਾਅਦ ਚੰਗੀ ਤਰ੍ਹਾਂ ਖਾਣਾ ਖਾਦਾ। ਫੈਸਲੇ ਤੋਂ ਬਾਅਦ ਅਸੀਂ ਸਭ ਨੂੰ ਨੀਂਦ ਆਉਣ ਲੱਗੀ ਹੈ। ਕੱਲ੍ਹ ਮੈਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸੂਰਜ ਉਗਣ ਤੋਂ ਬਾਅਦ ਉਠਿਆ।"

ਅਗਸਤ 2013 ਵਿੱਚ ਆਸਾਰਾਮ ਖ਼ਿਲਾਫ਼ ਕੇਸ ਦਰਜ ਕਰਨ ਵੇਲੇ ਪੀੜਤਾ ਸਿਰਫ਼ 16 ਸਾਲ ਦੀ ਸੀ। ਇਸ ਸੁਣਵਾਈ ਦੌਰਾਨ ਪੀੜਤਾਂ ਦੇ ਜੀਵਨ 'ਤੇ ਪਏ ਪ੍ਰਭਾਵ ਦਾ ਜ਼ਿਕਰ ਕਰਦਿਆਂ ਹੀ ਪਿਤਾ ਦੀਆਂ ਅੱਖਾਂ ਭਰ ਆਉਂਦੀਆਂ ਹਨ।

ਉਹ ਦੱਸਦੇ ਹਨ, "ਮੇਰੀ ਬੱਚੀ ਦੇ ਸਾਰੇ ਸੁਫ਼ਨੇ ਚੂਰ-ਚੂਰ ਹੋ ਗਏ। ਉਹ ਪੜ੍ਹ ਲਿਖ ਕੇ ਆਈਏਐੱਸ ਬਣਨਾ ਚਾਹੁੰਦੀ ਸੀ ਪਰ ਵਿਚਾਲੇ ਹੀ ਪੜ੍ਹਾਈ ਰੁੱਕ ਗਈ। 2013 ਵਿੱਚ ਮੁਕਦਮਾ ਹੋਇਆ ਤਾਂ ਉਸ ਦਾ ਪੂਰਾ ਸਾਲ ਇੰਝ ਹੀ ਖ਼ਰਾਬ ਹੋ ਗਿਆ। 2014 ਪੂਰਾ ਗਵਾਹੀ ਵਿੱਚ ਲੱਗ ਗਿਆ, ਦੋ ਸਾਲ ਤਾਂ ਇੰਝ ਹੀ ਖ਼ਰਾਬ ਹੋ ਗਏ। "

Image copyright Getty Images

ਹੁਣ ਉਸ ਦੀ ਜ਼ਿੰਦਗੀ ਨੂੰ ਕਿਸੇ ਤਰ੍ਹਾਂ ਨਾਲ ਸਾਂਭਣ ਦਾ ਕੋਸ਼ਿਸ਼ ਜਾਰੀ ਹੈ।

ਉਹ ਕਹਿੰਦੇ ਹਨ, "ਅਜੇ ਬੀਏ ਵਿੱਚ ਦਾਖ਼ਲਾ ਕਰਵਾਇਆ ਹੈ। ਦੂਜੇ ਸਾਲ ਦੀ ਪ੍ਰੀਖਿਆ ਦਿੱਤੀ ਹੈ। ਇੰਨੀ ਆਫਤ ਆਈ, ਸਾਡੇ 'ਤੇ ਦੁੱਖਾਂ ਦੇ ਅਜਿਹੇ ਪਹਾੜ ਟੁੱਟੇ ਕਿ ਕਿਹੜਾ ਬੱਚਾ ਇਸ ਤਰ੍ਹਾਂ ਪੜ੍ਹ ਸਕੇਗਾ? ਪਰ ਮੇਰੀ ਬੇਟੀ ਅਜੇ ਵੀ ਪ੍ਰੀਖਿਆਵਾਂ ਵਿੱਚ ਅੱਵਲ ਆਈ ਹੈ। ਉਸ ਦੇ 85 ਫੀਸਦ ਨੰਬਰ ਆਏ ਹਨ। ਅਜੇ ਵੀ ਜੇਕਰ ਮੈਂ ਉਸ ਦੇ ਕੋਲ ਜਾਵਾ ਤਾਂ ਪੜ੍ਹਦੀ ਹੋਈ ਹੀ ਮਿਲੇਗੀ।"

ਆਸਾਰਾਮ ਦੀਆਂ ਧਮਕੀਆਂ ਨਾਲ ਭਰਿਆ ਜੀਵਨ

ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਆਸਾਰਾਮ ਨੇ ਉਨ੍ਹਾਂ ਨੂੰ ਕੇਸ ਵਾਪਸ ਲੈਣ ਲਈ ਪੈਸਿਆਂ ਦੇ ਨਾਲ ਨਾਲ ਜਾਨ ਤੋਂ ਮਾਰਨ ਦੀਆਂ ਧਮਕੀਆਂ ਖੁਲੇਆਮ ਭੇਜੀਆਂ ਸਨ।

ਉਹ ਦੱਸਦੇ ਹਨ, "ਜਦੋਂ ਸੁਣਵਾਈ ਚੱਲ ਰਹੀ ਸੀ ਤਾਂ ਛਿਕਾਰਾ ਨਾਮ ਦਾ ਆਸਾਰਾਮ ਦਾ ਇੱਕ ਗੁੰਡਾ ਸਾਡੇ ਦਫ਼ਤਰ ਆਇਆ। ਦਰਵਾਜ਼ੇ 'ਤੇ ਬੈਠੀ ਪੁਲਿਸ ਨੂੰ ਉਸ ਨੇ ਦੱਸਿਆ ਸੀ ਕਿ ਉਹ ਸਾਡੇ ਟਰੱਕ ਵਿੱਚ ਮਾਲ ਬੁੱਕ ਕਰਵਾਉਣ ਆਇਆ ਹੈ।

ਉਸ ਦੇ ਨਾਲ ਇੱਕ ਹੋਰ ਹਥਿਆਰਬੰਦ ਆਦਮੀ ਵੀ ਸੀ। ਮੈਂ ਬੈਠਿਆਂ ਕੰਮ ਕਰ ਰਿਹਾ ਸੀ ਪਰ ਉਸ ਨੂੰ ਦੇਖਦਿਆਂ ਹੀ ਮੈਂ ਉਸ ਨੂੰ ਪਛਾਣ ਲਿਆ।

"ਮੈਂ ਉਸ ਨੂੰ ਪਹਿਲਾਂ ਵੀ ਆਸਾਰਾਮ ਦੇ ਸਤਸੰਗਾਂ ਵਿੱਚ ਦੇਖਿਆ ਸੀ। ਇਸ ਲਈ ਉਸ ਵੇਲੇ ਤੱਕ ਦੇ ਗਵਾਹਾਂ ਦੇ ਕਤਲ ਸ਼ੁਰੂ ਹੋ ਗਏ ਸਨ। ਇਸ ਲਈ ਮੈਂ ਸਾਵਧਾਨ ਸੀ। ਉਸ ਨੇ ਮੈਨੂੰ ਕਿਹਾ ਕਿ ਮੈਂ ਕੇਸ ਵਾਪਸ ਲੈ ਲਵਾਂ ਤਾਂ ਮੈਨੂੰ ਮੂੰਹ ਮੰਗੇ ਪੈਸੇ ਮਿਲਣਗੇ ਨਹੀਂ ਤਾਂ ਜਾਨ ਤੋਂ ਜਾਵਾਂਗਾ।"

Image copyright Getty Images

ਉਸ ਦਿਨ ਜਾਨ ਬਚਾਉਣ ਲਈ ਉਨ੍ਹਾਂ ਨੇ ਕਹਿ ਦਿੱਤਾ ਕਿ ਉਹ ਕੇਸ ਵਾਪਸ ਲੈ ਲੈਣਗੇ, ਉਹ ਗੱਲ ਆਸਾਰਾਮ ਤੱਕ ਪਹੁੰਚ ਗਈ ਹੋਵੇਗੀ।

ਉਹ ਦੱਸਦੇ ਹਨ, "ਸੁਣਵਾਈ ਵਾਲੇ ਦਿਨ ਮੈਂ ਆਪਣੇ ਸੱਚੇ ਬਿਆਨ ਅਦਾਲਤ ਵਿੱਚ ਦਿੱਤੇ ਤਾਂ ਆਸਾਰਾਮ ਚੌਂਕ ਗਿਆ। ਅਦਾਲਤ ਤੋਂ ਬਾਹਰ ਨਿਕਲਣ ਵੇਲੇ ਦੋਵੇਂ ਹੱਥਾਂ ਦੀਆਂ ਉਂਗਲੀਆਂ ਹਿਲਾਉਂਦਾ ਜਾ ਰਿਹਾ ਸੀ। ਉਸ ਵੱਲੋਂ ਇੱਕ ਜੂਨੀਅਰ ਵਕੀਲ ਨੇ ਮੈਨੂੰ ਕਿਹਾ ਕਿ ਬਾਬੇ ਦੇ ਇਸ ਇਸ਼ਾਰੇ ਦਾ ਮਤਲਬ ਹੈ ਕਿ ਇਸ ਆਦਮੀ ਨੂੰ ਖ਼ਤਮ ਕਰ ਦਿਓ। ਗਵਾਹ ਤਾਂ ਮਾਰੇ ਹੀ ਜਾ ਰਹੇ ਸਨ, ਦੇਖੋ, ਇਸ ਤਰ੍ਹਾਂ ਉਹ ਸਾਨੂੰ ਖੁਲ੍ਹੇਆਮ ਧਮਕੀਆਂ ਦਿੰਦਾ ਰਿਹਾ ਅਤੇ ਅਸੀਂ ਚੁੱਪਚਾਪ ਸਹਿੰਦੇ ਰਹੇ।"

ਹੁਣ ਤੱਕ ਤਿੰਨ ਗਵਾਹਾਂ ਦਾ ਕਤਲ

ਗੌਰਤਲਬ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 9 ਗਵਾਹਾਂ 'ਤੇ ਹਮਲੇ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਤਿੰਨ ਦਾ ਕਤਲ ਹੋ ਗਿਆ ਹੈ ਜਦਕਿ ਇੱਕ ਗਵਾਹ ਅੱਜ ਵੀ ਗੁਮਸ਼ੁਦਾ ਹੈ। ਪਿਤਾ ਦੇ ਨਾਲ ਨਾਲ ਬੇਟੀ ਨੂੰ ਵੀ ਅਦਾਲਤ ਵਿੱਚ ਧਮਕਾਇਆ ਜਾਂਦਾ ਸੀ।

Image copyright Getty Images

ਪੀੜਤਾ ਦੇ ਪਿਤਾ ਯਾਦ ਕਰਦੇ ਹਨ, "ਜਦੋਂ ਮੇਰੀ ਬੇਟੀ ਅਦਾਲਤ ਵਿੱਚ ਗਵਾਹੀ ਦਿੰਦੀ ਸੀ ਤਾਂ ਸਾਹਮਣੇ ਬੈਠਿਆਂ ਆਸਾਰਾਮ ਘੂਰਦਾ ਰਹਿੰਦਾ ਸੀ ਅਤੇ ਅਜੀਬ-ਅਜੀਬ ਆਵਾਜ਼ਾਂ ਕੱਢ ਕੇ ਬੇਟੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਸੀ। ਇਸ ਨੂੰ ਚੁੱਪ ਕਰਾਉਣ ਲਈ ਜੱਜ ਨੂੰ ਪੁਲਿਸ ਵਾਲਿਆਂ ਤੱਕ ਨੂੰ ਕਹਿਣਾ ਪੈਂਦਾ ਸੀ ਅਤੇ ਇਹ ਸਭ ਅਦਾਲਤ ਦੀ ਕਾਰਵਾਈ ਦੌਰਾਨ ਹੁੰਦਾ ਸੀ।"

ਸੁਣਵਾਈ ਦੌਰਾਨ ਸ਼ਾਹਜਹਾਂਪੁਰ ਤੋਂ ਲਗਭਗ ਹਜ਼ਾਰ ਕਿਲੋਮੀਟਰ ਦੂਰ ਜੋਧਪੁਰ ਜਾਣਾ ਵੀ ਪੀੜਤ ਪਰਿਵਾਰ ਲਈ ਚੁਣੌਤੀ ਸੀ।

ਗਵਾਹੀ ਦੇ ਦਿਨਾਂ ਵਿੱਚ ਦਿੱਕਤਾਂ

ਪਿਤਾ ਦੱਸਦੇ ਹਨ ਕਿ ਮਾਮਲੇ ਵਿੱਚ ਉਨ੍ਹਾਂ ਦੀ ਬੇਟੀ ਦੀ ਗਵਾਹੀ ਸਾਢੇ ਤਿੰਨ ਮਹੀਨੇ ਜੋਧਪੁਰ ਚੱਲੀ ਜਦਕਿ ਉਨ੍ਹਾਂ ਦੀ ਪਤਨੀ ਅਤੇ ਪੀੜਤਾ ਦੀ ਮਾਂ ਦਾ ਗਵਾਹੀ ਡੇਢ ਮਹੀਨੇ।

ਉਹ ਦੱਸਦੇ ਹਨ ਕਿ, "ਇਸ ਵਿਚਾਲੇ ਜਿਵੇਂ ਦਾ ਸਾਧਨ ਮਿਲਦਾ ਉਸ ਨਾਲ ਜੋਧਪੁਰ ਲਈ ਨਿਕਲ ਜਾਂਦੇ। ਕਦੇ ਬਸ ਰਾਹੀਂ, ਕਦੇ ਟਰੇਨ ਰਾਹੀਂ, ਕਦੇ ਸਲੀਪਰ ਵਿੱਚ ਟਿਕਟ ਮਿਲ ਜਾਂਦਾ ਤਾਂ ਕਦੇ ਜਨਰਲ ਵਿੱਚ ਹੀ ਬੈਠ ਕੇ ਜਾਣਾ ਪੈਂਦਾ। ਅਦਾਲਤ ਵਿੱਚ ਕਦੇ ਗਵਾਹੀ ਸਾਰਾ ਦਿਨ ਚੱਲਦੀ ਤਾਂ ਕਦੇ 10 ਮਿੰਟ ਵਿੱਚ ਖ਼ਤਮ ਹੋ ਜਾਂਦੀ।"

"ਫੇਰ ਸਾਰਾ ਦਿਨ ਕੀ ਕਰਦੇ ਅਸੀਂ? ਹੋਟਲ ਵਿੱਚ ਪਏ ਰਹਿੰਦੇ, ਇੰਨੇ ਲੰਬੇ ਦਿਨ ਹੁੰਦੇ ਸਨ, ਇੰਨੀਆਂ ਲੰਬੀਆਂ ਰਾਤਾਂ, ਸਮੇਂ ਲੰਘਦਾ ਨਹੀਂ ਸੀ। ਇਸ ਦੌਰਾਨ ਅਦਾਲਤ ਦੀਆਂ ਛੁੱਟੀਆਂ ਪੈ ਜਾਂਦੀਆਂ ਸਨ। ਸਮਝ ਨਹੀਂ ਆਉਂਦਾ ਸੀ ਕਿ ਇਸ ਦੂਰ ਦੇਸ ਵਿੱਚ ਅਸੀਂ ਆਪਣਾ ਸਾਮਾਨ ਚੁੱਕੀ ਕਿਉਂ ਤੁਰੇ ਆਉਂਦੇ ਹਾਂ, ਨਾ ਕੋਈ ਪਛਾਣ, ਨਾ ਕੋਈ ਘਰ ਇੱਥੇ?"

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਸੁਣਵਾਈ ਲਈ ਪੀੜਤਾ ਆਪਣਏ ਮਾਤਾ-ਪਿਤਾ ਦੇ ਨਾਲ ਜੋਧਪੁਰ ਜਾਂਦੀ ਸੀ ਅਤੇ ਉਨ੍ਹਾਂ ਦੇ ਦੋਵੇਂ ਭਰਾ ਸ਼ਾਹਜਹਾਂਪੁਰ ਵਿੱਚ ਹੀ ਰਹਿੰਦੇ ਸਨ। ਲੰਬੇ ਸਮੇਂ ਤੱਕ ਘਰ ਨਾ ਰਹਿਣ ਕਰਕੇ ਪੀੜਤਾ ਦੇ ਪਿਤਾ ਦਾ ਕਾਰੋਬਾਰ ਵੀ ਡਿੱਗਣ ਲੱਗਾ।

ਜਦੋਂ ਵੇਚਣੇ ਪਏ ਆਪਣੇ ਟਰੱਕ

ਉਹ ਦੱਸਦੇ ਹਨ ਕਿ ਵਿਚਾਲੇ ਉਨ੍ਹਾਂ ਨੂੰ ਕੰਮ ਮਿਲਣਾ ਪੂਰੇ ਤਰੀਕੇ ਨਾਲ ਬੰਦ ਹੋ ਗਿਆ ਸੀ। ਸੁਣਵਾਈ ਅਤੇ ਘਰ ਦੇ ਖਰਚ ਪੂਰੇ ਕਰਨ ਲਈ ਉਨ੍ਹਾਂ ਨੂੰ ਆਪਣੇ ਟਰੱਕ ਵੇਚਣੇ ਪਏ ਸੀ।

"ਜਦੋਂ ਅਸੀਂ ਜੋਧਪੁਰ ਵਿੱਚ ਹੁੰਦੇ ਤਾਂ ਸਾਨੂੰ ਪੁੱਤਰਾਂ ਦੀ ਫਿਕਰ ਲੱਗੀ ਰਹਿੰਦੀ ਅਤੇ ਉਨ੍ਹਾਂ ਨੂੰ ਸਾਡੀ। ਵੱਡਾ ਪੁੱਤਰ ਕਾਰੋਬਾਰ ਸਾਂਭਦਾ ਸੀ, ਪੜ੍ਹਦਾ ਸੀ ਅਤੇ ਛੋਟੇ ਦੀ ਵੀ ਦੇਖਭਾਲ ਕਰਦਾ ਸੀ। ਵਿਚਾਲੇ ਛੋਟੇ ਪੁੱਤਰ ਨੂੰ ਟਾਈਫਡ ਹੋ ਗਿਆ ਸੀ। ਅਸੀਂ ਤਿੰਨੇ ਉਸ ਵੇਲੇ ਗਵਾਹੀ ਲਈ ਜੋਧਪੁਰ ਵਿੱਚ ਸੀ ਅਤੇ ਬਹੁਤ ਪ੍ਰੇਸ਼ਾਨ ਹੋਏ, ਕਾਫੀ ਮੁਸ਼ਕਿਲ ਵਕਤ ਸੀ।"

ਇੰਨੀਆਂ ਮੁਸ਼ਕਿਲਾਂ ਵਿੱਚ ਵੀ ਪੀੜਤਾ ਦਾ ਪਰਿਵਾਰ ਡੱਟ ਕੇ ਖੜ੍ਹਾ ਰਿਹਾ ।

ਪਿਤਾ ਦੱਸਦੇ ਹਨ ਕਿ ਪਰਿਵਾਰ ਵਿੱਚ ਸਾਰਿਆਂ ਨੂੰ ਦੂਜਿਆਂ ਦੀ ਫਿਕਰ ਰਹਿੰਦੀ ਸੀ। ਮਾਪਿਆਂ ਨੂੰ ਬੱਚਿਆਂ ਦੀ ਚਿੰਤਾ ਰਹਿੰਦੀ ਸੀ ਕਿ ਕੋਈ ਹਮਲਾ ਨਾ ਕਰਵਾ ਦੇਵੇ ਅਤੇ ਬੱਚਿਆਂ ਨੂੰ ਇਸ ਗੱਲ ਦੀ ਫਿਕਰ ਰਹਿੰਦੀ ਸੀ ਕਿ ਮਾਪਿਆਂ ਨੂੰ ਕੁਝ ਨਾ ਹੋ ਜਾਵੇ।

Image copyright Getty Images

ਪਰ ਡਰ ਦੇ ਸਾਏ ਹੇਠਾਂ ਜੀ ਰਹੇ ਇਸ ਪਰਿਵਾਰ ਦਾ ਇੱਕ ਹੀ ਟੀਚਾ ਸੀ, ਆਸਾਰਾਮ ਨੂੰ ਉਸ ਦੀ ਕਰਨੀ ਦੀ ਸਜ਼ਾ ਦਿਵਾਉਣਾ। ਇੰਨੀ ਲੰਬੀ ਲੜਾਈ ਲੜ ਕੇ ਆਸਾਰਾਮ ਵਰਗੇ ਰਸੂਖ਼ ਰੱਖਣ ਵਾਲੇ ਵਿਅਕਤੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਉਣ ਵਾਲੇ ਇਸ ਪਰਿਵਾਰ ਨੂੰ ਆਖਿਰਕਾਰ ਸਮਾਜ ਨੇ ਹਰਾ ਦਿੱਤਾ।

ਪੀੜਤਾ ਦੇ ਪਿਤਾ ਦੱਸਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨਾਲ ਕੋਈ ਵਿਆਹ ਕਰਨ ਨੂੰ ਰਾਜ਼ੀ ਨਹੀਂ ਹੋ ਰਿਹਾ ਹੈ।

ਉਹ ਕਹਿੰਦੇ ਹਨ, "ਮੁੰਡਾ ਵੀ 25 ਦਾ ਹੈ ਅਤੇ ਧੀ ਵੀ 21 ਦੀ ਹੋ ਗਈ ਹੈ। ਦੋਵਾਂ ਦੇ ਵਿਆਹ ਦੇ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਪਰ ਕੋਈ ਰਾਜ਼ੀ ਨਹੀਂ ਹੁੰਦਾ ਹੈ। ਧੀ ਲਈ ਵੀ ਮੈਂ ਤਿੰਨ-ਚਾਰ ਘਰਾਂ ਵਿੱਚ ਗੱਲ ਕੀਤੀ ਸੀ।"

"ਮੈਂ ਕਿਹਾ ਸੀ ਕਿ ਮੇਰੀ ਧੀ ਬਹੁਤ ਹੋਣਹਾਰ ਹੈ, ਸਾਡੇ ਨਾਲ ਰਿਸ਼ਤਾ ਕਰ ਲਓ ਪਰ ਮੁਕੱਦਮੇ ਦਾ ਪਤਾ ਲੱਗਦੇ ਹੀ ਕੁਝ ਲੋਕਾਂ ਨੇ ਡਰ ਕਾਰਨ ਆਪਣੇ ਦਰਵਾਜ਼ੇ ਬੰਦ ਕਰ ਲਏ ਅਤੇ ਕੁਝ ਲੋਕਾਂ ਨੇ ਤਾਂ ਮੈਨੂੰ ਕਿਹਾ ਕਿ ਤੁਹਾਡੀ ਧੀ ਵਿੱਚ ਦਾਗ ਹੈ।"

ਅੱਖਾਂ ਵਿੱਚ ਪਾਣੀ ਅਤੇ ਚਿਹਰੇ ਤੇ ਦ੍ਰਿੜਤਾ ਦੇ ਨਾਲ ਉਨ੍ਹਾਂ ਨੇ ਕਿਹਾ, "ਤੁਸੀਂ ਚਾਹੋ ਤਾਂ ਇਸ ਨੂੰ ਇਸੇ ਤਰੀਕੇ ਨਾਲ ਲਿਖ ਦੇਣਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੀ ਧੀ ਵਿੱਚ ਦਾਗ ਹੈ ਇਸ ਲਈ ਉਸ ਨਾਲ ਵਿਆਹ ਨਹੀਂ ਕਰਾਂਗੇ। ਬੇਟੇ ਦੀ ਵੀ ਉਮਰ ਨਿਕਲੀ ਜਾ ਰਹੀ ਹੈ ਕੋਈ ਵਿਆਹ ਲਈ ਰਾਜ਼ੀ ਨਹੀਂ ਹੁੰਦਾ।''

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

"ਲੋਕ ਮਿਲਣ ਲਈ ਆਉਂਦੇ ਹਨ ਤਾਂ ਬਾਹਰ ਪੁਲਿਸ ਚੌਕੀ ਦੇਖ ਕੇ ਡਰ ਜਾਂਦੇ ਹਨ। ਇੱਕ ਪਰਿਵਾਰ ਨੇ ਕਿਹਾ ਕਿ ਤੁਹਾਡੇ ਬੇਟੇ ਤੇ ਤਾਂ ਕਦੇ ਵੀ ਹਮਲਾ ਹੋ ਸਕਦਾ ਹੈ ਫਿਰ ਸਾਡੀ ਧੀ ਦਾ ਕੀ ਹੋਵੇਗਾ? ਮੇਰੀ ਧੀ ਲਈ ਜੋ ਵੀ ਰਿਸ਼ਤੇ ਆਉਂਦੇ ਹਨ ਉਹ ਵੱਡੀ ਉਮਰ ਦੇ ਮਰਦਾਂ ਜਾਂ ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੁੰਦੀ ਹੈ, ਉਨ੍ਹਾਂ ਦੇ ਹਨ। ਉਨ੍ਹਾਂ ਦੇ ਨਾਲ ਕਿਉਂ ਕਰਾਂਗਾ ਮੈਂ ਆਪਣੀ ਧੀ ਦਾ ਵਿਆਹ?"

ਪਹਿਲਾਂ ਹਜ਼ਾਰ ਕਿਲੋਮੀਟਰ ਦੂਰ ਚੱਲ ਰਿਹਾ ਮੁਕੱਦਮਾ, ਫਿਰ ਠੱਪ ਪਏ ਵਪਾਰ, ਗਵਾਹਾਂ ਦਾ ਕਤਲ, ਪੀੜਤਾ ਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀਆਂ ਅਤੇ ਹੁਣ ਬੱਚਿਆਂ ਦੇ ਭਵਿੱਖ ਦੀ ਚਿੰਤਾ।

ਮੇਰੇ ਜਾਣ ਤੋਂ ਪਹਿਲਾਂ ਪੀੜਤਾ ਦੇ ਪਿਤਾ ਨੇ ਕਿਹਾ, "ਆਸਾਰਾਮ ਨੇ ਸਾਡੇ ਚਾਰੇ ਪਾਸੇ ਜਾਲ ਬੁਣਿਆ ਅਤੇ ਸਾਨੂੰ ਹਰ ਪਾਸੇ ਤੋਂ ਘੇਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਇਹ ਸਭ ਕਿਵੇਂ ਬਰਦਾਸ਼ਤ ਕੀਤਾ, ਇਹ ਸਿਰਫ਼ ਅਸੀਂ ਜਾਣਦੇ ਹਾਂ। ਇਨ੍ਹਾਂ ਫਿਕਰਾਂ ਕਾਰਨ ਮੇਰਾ ਵਜ਼ਨ ਘੱਟ ਹੋ ਰਿਹਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)