ਪ੍ਰੈੱਸ ਰਿਵੀਊ: ਕਠੂਆ ਗੈਂਗਰੇਪ ਇੱਕ ਛੋਟੀ ਘਟਨਾ: ਕਵਿੰਦਰ ਗੁਪਤਾ

ਕਵਿੰਦਰ ਗੁਪਤਾ Image copyright MOHIT KANDHARI/BBC

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜੰਮੂ-ਕਸ਼ਮੀਰ ਦੇ ਨਵੇਂ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਸਹੁੰ ਚੁੱਕਦਿਆਂ ਹੀ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ।

ਉਨ੍ਹਾਂ ਨੇ ਕਠੂਆ ਗੈਂਗਰੇਪ ਤੇ ਕਤਲ ਨੂੰ ਇੱਕ ਛੋਟੀ ਘਟਨਾ ਕਰਾਰ ਦਿੱਤਾ।

ਉਨ੍ਹਾਂ ਕਿਹਾ, ''ਹੁਣ ਇਸ ਮੁੱਦੇ ਨੂੰ ਵੱਧ ਮਹੱਤਤਾ ਨਹੀਂ ਦਿੱਤੀ ਜਾਣੀ ਚਾਹੀਦੀ। ਹੁਣ ਸੁਪਰੀਮ ਕੋਰਟ ਹੀ ਇਸ ਬਾਰੇ ਫੈਸਲਾ ਕਰੇਗਾ।''

ਨਿਰਮਲ ਸਿੰਘ ਦੇ ਅਸਤੀਫ਼ਾ ਦੇਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਨੂੰ ਨਵਾਂ ਡਿਪਟੀ ਸੀਐਮ ਬਣਾਇਆ ਗਿਆ ਹੈ।

ਕਵਿੰਦਰ ਗੁਪਤਾ ਦੇ ਨਾਲ ਬੀਤੇ ਦਿਨੀਂ 8 ਹੋਰ ਵਿਧਾਇਕਾਂ ਨੇ ਕੈਬਿਨੇਟ ਮੰਤਰੀ ਵਜੋਂ ਸਹੁੰ ਚੁੱਕੀ।

ਕਠੂਆ ਗੈਂਗਰੇਪ ਮਾਮਲੇ ਵਿੱਚ ਬੀਜੇਪੀ ਦੇ ਦੋ ਮੰਤਰੀਆਂ ਨੇ ਕੁਝ ਦਿਨ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ।

Image copyright NARINDER NANU/AFP/GETTY IMAGES

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਹਰਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਦੇ ਸਿਲੇਬਸ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਨੂੰ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ ਇਸ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ 'ਤੇ ਸਿਆਸਤ ਕਰਕੇ ਵਿਰੋਧੀ ਧਿਰ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਦੀ ਉਨ੍ਹਾਂ ਨੇ ਸਖ਼ਤ ਅਲੋਚਨਾ ਕੀਤੀ।

ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਹੁਣ 12ਵੀਂ ਦੀ ਥਾਂ 11ਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ।

ਕਿਤਾਬਾਂ ਦੇ ਅਧਿਆਇਆਂ ਵਿੱਚ ਕੁਝ ਫੇਰਬਦਲ ਕੀਤੇ ਜਾਣ 'ਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਚਕੁਲਾ ਅਦਾਲਤ ਨੇ ਡੇਰਾ ਸਿਰਸਾ ਹਿੰਸਾ ਦਾ ਇੱਕ ਕੇਸ ਖ਼ਤਮ ਕਰ ਦਿੱਤਾ ਹੈ।

Image copyright Getty Images
ਫੋਟੋ ਕੈਪਸ਼ਨ 25 ਅਗਸਤ 2017 ਦੀ ਤਸਵੀਰ ਜਦੋਂ ਪੰਚਕੁਲਾ 'ਚ ਹਿੰਸਾ ਹੋਈ ਸੀ

ਜ਼ਿਲ੍ਹਾ ਅਤੇ ਸੈਸ਼ਨ ਜੱਜ ਰਿਤੂ ਟੈਗੋਰ ਨੇ ਸੋਮਵਾਰ ਨੂੰ ਇਸ ਮਾਮਲੇ ਵਿੱਚ 6 ਮੁਲਜ਼ਮਾ ਨੂੰ ਬਰੀ ਕਰ ਦਿੱਤਾ ਹੈ।

ਇਹ ਮਾਮਲਾ 25 ਅਗਸਤ 2017 ਦਾ ਹੈ ਜਦੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਦੌਰਾਨ ਪੰਚਕੁਲਾ 'ਚ ਹੋਈ ਹਿੰਸਾ ਮਾਮਲੇ 'ਚ ਇਨ੍ਹਾਂ 6 ਮੁਲਜ਼ਮਾ ਦੀ ਸ਼ਮੂਲੀਅਤ ਮੰਨੀ ਗਈ ਸੀ।

ਡੌਨ ਅਖ਼ਬਾਰ ਮੁਤਾਬਕ ਚੀਨ ਦੇ ਵਿੱਚ ਬੈਂਕ ਦੀ ਪਹਿਲੀ ਅਜਿਹੀ ਬ੍ਰਾਂਚ ਖੁੱਲੀ ਹੈ ਜਿੱਥੇ ਸਾਰੇ ਰੋਬੋਟ ਹੀ ਕੰਮ ਕਰਨਗੇ।

ਇਸ ਬ੍ਰਾਂਚ ਵਿੱਚ ਕਿਸੇ ਵਿਅਕਤੀ ਨੂੰ ਕਾਮੇ ਵਜੋਂ ਨਹੀਂ ਰੱਖਿਆ ਗਿਆ। ਬਲਕਿ ਗਾਹਕਾਂ ਨੂੰ ਡੀਲ ਕਰਨ ਤੱਕ ਦਾ ਕੰਮ ਰੋਬੋਟ ਦੇ ਹਵਾਲੇ ਹੈ।

ਇਸ ਤੋਂ ਇਲਾਵਾ ਬੈਂਕ ਨੇ ਅਜਿਹੇ ਰਿਐਲਟੀ ਰੂਮ ਬਣਾਏ ਹਨ ਜਿੱਥੇ ਗਾਹਕ ਸੋਨਾ ਅਤੇ ਪ੍ਰਾਪਰਟੀ ਕੁਝ ਵੀ ਖ਼ਰੀਦ ਸਕਦੇ ਹਨ।

ਗਾਹਕਾਂ ਦੇ ਬਿੱਲ ਦੀਆਂ ਰਸੀਦਾਂ ਅਤੇ ਮੈਂਬਰਸ਼ਿਪ ਫੀਸ ਤੱਕ ਦੇ ਲਈ ਟੱਚ ਸਕਰੀਨਾਂ ਲਗਾਈਆਂ ਗਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)