ਪ੍ਰੈੱਸ ਰਿਵੀਊ: ਪ੍ਰਬੰਧਕੀ ਕਮੇਟੀ ਨੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਿਆ

Dyal Singh College Image copyright Dyal Singh College Website

ਦਿਆਲ ਸਿੰਘ ਕਾਲਜ (ਈਵਨਿੰਗ) ਦੀ ਪ੍ਰਬੰਧਕੀ ਕਮੇਟੀ ਨੇ ਕਾਲਜ ਦਾ ਨਾਮ ਚੁਪ-ਚਪੀਤੇ ਬਦਲ ਕੇ ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਦਿੱਲੀ ਯੂਨੀਵਰਸਿਟੀ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਗੱਲ ਕਾਲਜ ਦੇ 25 ਅਪ੍ਰੈਲ ਨੂੰ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਬੈਨਰਾਂ ਤੋਂ ਸਾਹਮਣੇ ਆਈ।

ਖ਼ਬਰ ਮੁਤਾਬਕ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨਹਾ ਨਾਲ ਰਾਬਤਾ ਕਰਨ ਦਾ ਯਤਨ ਕੀਤਾ ਗਿਆ ਪਰ ਹੋ ਨਹੀਂ ਸਕਿਆ। ਦਿਆਲ ਸਿੰਘ ਕਾਲਜ ਅਰੰਭ ਵਿੱਚ ਲਾਹੌਰ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸੰਸਥਾਪਕ ਸਰਦਾਰ ਦਿਆਲ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ।

ਖ਼ਬਰ ਮੁਤਾਬਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਨੇ ਕਿਹਾ ਕਿ ਉਹ ਕਾਲਜ ਦਾ ਅਸਲੀ ਨਾਮ ਬਹਾਲ ਕਰਾਉਣ ਲਈ ਹਰ ਹੀਲਾ ਵਰਤਣਗੇ।

ਖ਼ਬਰ ਮੁਤਾਬਕ ਜਦੋਂ ਪਿਛਲੇ ਸਾਲ ਕਾਲਜ ਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਵਿਵਾਦ ਹੋ ਗਿਆ ਸੀ ਜਿਸ ਤੋਂ ਬਾਅਦ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਲੋਕ ਸਭਾ ਵਿੱਚ ਭਰੋਸਾ ਦਿੱਤਾ ਸੀ ਕਿ ਅਜਿਹਾ ਨਹੀਂ ਕੀਤਾ ਜਾਵੇਗਾ।

Image copyright Reuters

ਕਸੌਲੀ ਵਿੱਚ ਇੱਕ ਹੋਟਲ ਮਾਲਕ ਨੇ ਸੋਲਨ ਦੀ ਸਹਾਇਕ ਟਾਊਨ ਪਲੈਨਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 51 ਸਾਲਾ ਸ਼ਾਹਿਲ ਬਾਲਾ ਆਪਣੀ ਟੀਮ ਨਾਲ ਸ਼ਹਿਰ ਵਿਚਲੇ ਹੋਟਲਾਂ ਦੀਆਂ ਨਾਜਾਇਜ਼ ਉਸਾਰੀਆਂ ਢਹਾਉਣ ਗਏ ਸਨ ਜਦੋਂ ਉਨ੍ਹਾਂ ਦੀ ਹੋਟਲ ਮਾਲਕ ਵਿਜੇ ਸਿੰਘ ਨਾਲ ਬਹਿਸਬਾਜ਼ੀ ਹੋ ਗਈ ਜਿਸ 'ਤੇ ਵਿਜੇ ਸਿੰਘ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਦਿੱਤੀ।

ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕ ਨਿਰਮਾਣ ਵਿਭਾਗ ਦੇ ਇੱਕ ਹੋਰ ਕਰਮਚਾਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਖ਼ਬਰ ਮੁਤਾਬਕ ਹੋਟਲ ਮਾਲਕ ਜੋ ਕਿ ਅਜੇ ਫੜਿਆ ਨਹੀਂ ਜਾ ਸਕਿਆ ਦੇ ਸਿਰ 'ਤੇ ਪੁਲਿਸ ਨੇ ਇੱਕ ਲੱਖ ਦਾ ਇਨਾਮ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਹੋਟਲ ਮਾਲਕਾਂ ਨੇ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ ਜਿਸ 'ਤੇ ਅਦਾਲਤ ਨੇ ਕੋਈ ਨਰਮੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਕਸੌਲੀ ਵਿੱਚ ਸਿਰਫ ਦੋ ਮੰਜਿਲਾਂ ਤੱਕ ਉਸਾਰੀ ਦੀ ਇਜਾਜ਼ਤ ਹੈ ਜਦਕਿ ਕਈ ਹੋਟਲਾਂ ਨੇ ਛੇ-ਛੇ ਮੰਜ਼ਿਲ ਤੱਕ ਉਸਾਰੀ ਕਰ ਰੱਖੀ ਹੈ।

Image copyright Getty Images

ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਅਸਰ ਕਰਕੇ ਤਾਜ ਮਹਿਲ ਦੇ ਬਦਲਦੇ ਰੰਗ 'ਤੇ ਇੱਕ ਵਾਰ ਫੇਰ ਫਿਕਰ ਜ਼ਾਹਰ ਕੀਤਾ ਹੈ ਤੇ ਸਰਕਾਰ ਨੂੰ ਝਾੜਿਆ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ ਇਹ ਵਿਰਾਸਤੀ ਇਮਾਰਤ ਪਹਿਲਾਂ ਪੀਲ਼ੀ ਪੈਣ ਲੱਗੀ ਸੀ ਅਤੇ ਹੁਣ ਭੂਰੀ ਤੇ ਹਰੀ ਭਾਅ ਮਾਰਨ ਲੱਗੀ ਹੈ।

ਇਹ ਵਿਚਾਰ ਜਸਟਿਸ ਐਮ.ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਐਮ.ਸੀ. ਮਹਿਤਾ ਦੀ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਰੱਖੇ ਅਤੇ ਐਡੀਸ਼ਨਲ ਸੌਲੀਸਿਟਰ ਜਨਰਲ ਏ.ਐਨ.ਐਸ. ਨਾਦਕਰਨੀ ਨੂੰ 9 ਮਈ ਤੱਕ ਠੋਸ ਜਾਣਕਾਰੀ ਪੇਸ਼ ਕਰਨ ਲਈ ਕਿਹਾ ਹੈ।

ਖਬਰ ਮੁਤਾਬਕ ਬੈਂਚ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਇਸ ਸਬੰਧੀ ਮੁਹਾਰਤ ਹੈ ਜਾਂ ਨਹੀਂ। ਜੇ ਮੁਹਾਰਤ ਹੈ ਵੀ, ਤਾਂ ਵੀ ਤੁਸੀਂ ਉਸ ਦਾ ਇਸਤੇਮਾਲ ਨਹੀਂ ਕਰ ਰਹੇ, ਜਾਂ ਸ਼ਾਇਦ ਤੁਹਾਨੂੰ ਪ੍ਰਵਾਹ ਹੀ ਨਹੀਂ ਹੈ।''

Image copyright Getty Images
ਫੋਟੋ ਕੈਪਸ਼ਨ ਸੰਕੇਤਕ ਸਤਵੀਰ

ਹੁਣ ਤੁਸੀਂ ਹਵਾਈ ਜਹਾਜ਼ ਵਿੱਚ ਵੀ ਟੈਲੀਫੋਨ ਕਾਲ ਕਰ ਸਕੋਂਗੇ ਅਤੇ ਇੰਟਰਨੈੱਟ ਚਲਾ ਸਕੋਂਗੇ। ਦਿ ਇੰਡੀਅਨ ਐਸਕਪ੍ਰੈਸ ਮੁਤਾਬਕ ਟੈਲੀਕਾਮ ਵਿਭਾਗ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਦੀ ਜਨਵਰੀ ਵਿੱਚ ਕੀਤੀ ਸਿਫਾਰਸ਼ ਮਗਰੋਂ ਮਸੌਦਾ ਦੇਸ ਟੈਲੀਕਾਮ ਕਮਿਸ਼ਨ ਨੂੰ ਮਨਜ਼ੂਰੀ ਲਈ ਭੇਜਿਆ ਸੀ।

ਖ਼ਬਰ ਮੁਤਾਬਕ ਉਮੀਦ ਹੈ ਕਿ ਸਾਰੀਆਂ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਆਉਂਦੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ 3000 ਮੀਟਰ ਦੀ ਉਚਾਈ 'ਤੇ ਉੱਡ ਰਹੇ ਜਹਾਜ਼ ਵਿੱਚ ਮੁਸਾਫਰ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰ ਸਕਣਗੇ।

ਇਸ ਲਈ ਸੇਵਾ ਦੇਣ ਵਾਲੀਆਂ ਕੰਪਨੀਆਂ ਤੋਂ ਅਰਜੀਆਂ ਦੀ ਮੰਗ ਕੀਤੀ ਜਾਵੇਗੀ ਅਤੇ ਕਾਨੂੰਨ ਵਿੱਚ ਵੀ ਲੋੜੀਂਦੀ ਸੋਧ ਕਰਨੀ ਪਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)