ਫ਼ਗਵਾੜਾ ਸ਼ਹਿਰ ਕਿਸ ਡਰ ਤੇ ਸਹਿਮ ਦੇ ਸਾਏ ਹੇਠ: Ground Report

ਫ਼ਗਵਾੜਾ

ਸ਼ੂਗਰ ਮਿੱਲ ਦੀ ਚਿਮਨੀ ਤੋਂ ਉੱਡਦੇ ਧੂੰਏਂ ਨੇ ਦੂਰ ਤੋਂ ਹੀ ਦੱਸ ਦਿੱਤਾ ਕਿ ਅਸੀਂ ਚੰਡੀਗੜ੍ਹ ਤੋਂ ਕਰੀਬ 125 ਕਿੱਲੋਮੀਟਰ ਦੂਰ ਨੈਸ਼ਨਲ ਹਾਈਵੇਅ ਨੰਬਰ ਇੱਕ ਉੱਤੇ ਵਸੇ ਸ਼ਹਿਰ ਫਗਵਾੜਾ ਪਹੁੰਚ ਗਏ ਹਾਂ।

ਆਮ ਤੌਰ 'ਤੇ ਫਗਵਾੜਾ ਦੀ ਪਛਾਣ ਕੱਪੜਾ ਮਿੱਲ, ਜੇਸੀਟੀ ਅਤੇ ਫੁਟਬਾਲ ਟੀਮ ਕਰ ਕੇ ਵੀ ਦੇਸ਼ ਵਿਚ ਬਣੀ ਹੋਈ ਹੈ, ਪਰ ਇਸ ਵਾਰ ਇਹ ਸ਼ਹਿਰ ਦੋ ਧਿਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਕਾਰਨ ਚਰਚਾ 'ਚ ਹੈ।

ਹਾਈਵੇਅ ਨੂੰ ਛੱਡ ਕੇ ਜਦੋਂ ਅਸੀਂ ਫਗਵਾੜਾ ਸ਼ਹਿਰ ਵੱਲ ਮੁੜੇ ਤਾਂ ਸ਼ਹਿਰ ਦੀ ਐਂਟਰੀ ਉੱਤੇ ਭਾਰੀ ਗਿਣਤੀ ਵਿੱਚ ਪੰਜਾਬ ਪੁਲਿਸ ਨਜ਼ਰ ਆਈ, ਜੋ ਹਰ ਆਉਣ-ਜਾਣ ਵਾਲੇ ਵਾਹਨ ਉੱਤੇ ਸਖ਼ਤ ਨਜ਼ਰ ਰੱਖ ਰਹੀ ਸੀ।

ਬਜ਼ਾਰ ਵਿੱਚ ਵੀ ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਪੁਲਿਸ ਤਾਇਨਾਤ ਸੀ। ਦੁਕਾਨਾਂ ਭਾਵੇ ਖੁੱਲ੍ਹੀਆਂ ਸਨ ਪਰ ਗਾਹਕਾਂ ਨਾਲੋਂ ਪੁਲਿਸ ਜ਼ਿਆਦਾ ਨਜ਼ਰ ਆ ਰਹੀ ਸੀ।

ਪਿਛਲੇ 30 ਸਾਲਾਂ ਤੋਂ ਫਗਵਾੜਾ 'ਚ ਕਰਿਆਨੇ ਦੀ ਦੁਕਾਨ ਚਲਾ ਰਹੇ ਵਿਨੋਦ ਕੁਮਾਰ ਤੋਂ ਸ਼ਹਿਰ ਦੇ ਹਾਲਾਤ ਜਾਣਨੇ ਚਾਹੇ ਤਾਂ ਉਨ੍ਹਾਂ ਦੱਸਿਆ, '' ਹਾਲਾਤ ਠੀਕ ਨਹੀਂ, ਪਰ ਪਤਾ ਨਹੀਂ ਕਦੋਂ ਦੁਕਾਨ ਬੰਦ ਕਰ ਕੇ ਘਰ ਜਾਣਾ ਪਵੇ।''

ਫੋਟੋ ਕੈਪਸ਼ਨ ਵਿਨੋਦ ਕੁਮਾਰ, ਦੁਕਾਨਦਾਰ

ਵਿਨੋਦ ਮੁਤਾਬਕ ਪਹਿਲਾਂ 2009 ਦੇ ਵਿਆਨਾ ਕਾਂਡ ਸਮੇਂ ਫਗਵਾੜਾ 'ਚ ਭਾਰੀ ਹਿੰਸਾ ਹੋਈ ਸੀ ਅਤੇ ਦੂਜੀ ਵਾਰ ਹੁਣ।

ਵੱਖ-ਵੱਖ ਨਾਵਾਂ ਵਾਲਾ ਚੌਂਕ !

ਉਹ ਦੱਸਦੇ ਹਨ, ''ਗਾਹਕ ਬਿਲਕੁਲ ਨਹੀਂ ਆ ਰਹੇ, ਜਿਸ ਕਰਕੇ ਕਾਰੋਬਾਰ ਨੂੰ ਭਾਰੀ ਸੱਟ ਲੱਗੀ ਹੈ। ਜਿਸ ਚੌਂਕ ਨੂੰ ਲੈ ਕੇ ਲੜਾਈ ਹੋਈ ਹੈ, ਉਸ ਦੇ ਅਸਲ ਨਾਂ ਵੱਖ-ਵੱਖ ਹਨ।''

''ਕੋਈ ਇਸ ਨੂੰ ਗੋਲ ਚੌਂਕ ਆਖਦਾ ਹੈ ਤਾਂ ਕੋਈ ਪੇਪਰ ਚੌਂਕ, ਕਿਉਂਕਿ ਇੱਥੋਂ ਸ਼ਹਿਰ ਨੂੰ ਅਖ਼ਬਾਰਾਂ ਦੀ ਸਪਲਾਈ ਹੁੰਦੀ ਹੈ।''

ਉਨ੍ਹਾਂ ਮੁਤਾਬਕ ਗੂਗਲ ਇਸ ਚੌਂਕ ਨੂੰ ਸ਼ਹੀਦ ਭਗਤ ਸਿੰਘ ਚੌਂਕ ਦਰਸਾਉਂਦਾ ਹੈ।

ਬੌਬੀ ਦਾ ਘਰ

ਇਸ ਤੋਂ ਬਾਅਦ ਬੀਬੀਸੀ ਪੰਜਾਬੀ ਦੀ ਟੀਮ ਸਿੱਧਾ ਵਾਲਮੀਕ ਮੁਹੱਲੇ ਪਹੁੰਚੀ, ਜਿੱਥੋਂ ਦਾ ਇੱਕ 19 ਸਾਲ ਦਾ ਨੌਜਵਾਨ ਯਸ਼ਵੰਤ ਬੌਬੀ ਦੋ ਧਿਰਾਂ ਵਿਚਾਲੇ ਹੋਈ ਹਿੰਸਾ 'ਚ ਗੋਲੀ ਲੱਗਣ ਕਰਕੇ ਮਾਰਿਆ ਗਿਆ ਸੀ।

ਬਾਜ਼ਾਰ ਵਿੱਚੋਂ ਹੁੰਦੇ ਹੋਏ ਜਦੋਂ ਅਸੀਂ ਇੱਕ ਭੀੜੀ ਜਿਹੀ ਗਲੀ ਵਿੱਚੋਂ ਅੱਗੇ ਵੱਧ ਰਹੇ ਸੀ ਤਾਂ ਉੱਥੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ "ਬੌਬੀ" ਦਾ ਘਰ ਸਾਹਮਣੇ ਹੈ।

ਘਰ ਦੇ ਬੂਹੇ ਉੱਤੇ ਇੱਕ ਬੱਚਾ ਖੜ੍ਹਾ ਸੀ ਉਸ ਨੇ ਦੱਸਿਆ ਕਿ ਉਹ ਬੌਬੀ ਦਾ ਛੋਟਾ ਭਰਾ ਹੈ ਤੇ 9ਵੀਂ ਜਮਾਤ 'ਚ ਪੜ੍ਹਦਾ ਹੈ।

ਛੋਟੇ ਜਿਹੇ ਘਰ 'ਚ ਜਦੋਂ ਅਸੀਂ ਦਾਖਲ ਹੋਏ ਤਾਂ ਮੁਹੱਲੇ ਦੇ ਕੁਝ ਲੋਕ ਪਰਿਵਾਰ ਨਾਲ ਅਫ਼ਸੋਸ ਕਰਨ ਆਏ ਹੋਏ ਸਨ।

ਫੋਟੋ ਕੈਪਸ਼ਨ ਮ੍ਰਿਤਕ ਬੌਬੀ ਦੇ ਪਰਿਵਾਰਿਕ ਮੈਂਬਰ

ਪੌੜੀਆਂ ਤੋਂ ਲੰਘ ਜਦੋਂ ਉੱਪਰ ਗਏ ਤਾਂ ਬੌਬੀ ਦੇ ਪਿਤਾ ਚਰਨਜੀਤ ਕੁਮਾਰ ਜ਼ਮੀਨ ਉੱਤੇ ਇਕੱਲੇ ਬੈਠੇ ਸਨ।

''ਪੁੱਤਰ ਦੇ ਤੁਰ ਜਾਣ ਦਾ ਦੁੱਖ ਤਾਂ ਹੁਣ ਸਾਰੀ ਉਮਰ ਹੀ ਰਹੇਗਾ''

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਫਗਵਾੜਾ ਨਗਰ ਨਿਗਮ ਵਿੱਚ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਉੱਤੇ ਸੱਟ ਲੱਗੀ ਹੋਈ ਹੈ, ਇਸ ਲਈ ਉਹ ਜ਼ਿਆਦਾ ਤੁਰ ਫਿਰ ਨਹੀਂ ਸਕਦੇ।

ਬੌਬੀ ਦੇ ਪਿਤਾ ਚਰਨਜੀਤ ਨੇ ਦੱਸਿਆ, ''ਮੇਰਾ ਪੁੱਤਰ 12ਵੀਂ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਆਈਲੈਟਸ ਕਰ ਰਿਹਾ ਸੀ ਅਤੇ ਪਾਸਪੋਰਟ ਦੀ ਪੜਤਾਲ ਵੀ ਹੋ ਚੁੱਕੀ ਸੀ।''

''ਸਾਡੇ ਪਰਿਵਾਰ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ।''

13 ਅਪ੍ਰੈਲ ਦੀ ਉਸ ਰਾਤ ਨੂੰ ਯਾਦ ਕਰਦਿਆਂ ਬੌਬੀ ਦੇ ਪਿਤਾ ਚਰਨਜੀਤ ਭਾਵੁਕ ਹੋ ਜਾਂਦੇ ਹਨ, ਜਦੋਂ ਉਨ੍ਹਾਂ ਦੇ ਪੁੱਤਰ ਨੂੰ ਗੋਲੀ ਵੱਜੀ ਸੀ।

ਭਾਵੁਕ ਹੋਏ ਚਰਨਜੀਤ ਕਹਿੰਦੇ ਹਨ, "ਜਿਸ ਗੋਲ ਚੌਕ ਨੂੰ ਲੈ ਕੇ ਲੜਾਈ ਸੀ, ਉਹ ਬੈਠ ਕੇ ਵੀ ਹੱਲ ਹੋ ਸਕਦਾ ਸੀ।''

''ਪੱਥਰ ਬਾਜ਼ੀ ਤੇ ਗੋਲੀਆਂ ਨਾਲ ਕੁਝ ਵੀ ਹੱਲ ਨਹੀਂ ਹੋ ਸਕਦਾ, ਲੜਾਈ ਕਰਕੇ ਅੱਜ ਮੇਰਾ ਪੁੱਤ ਮਾਰਿਆ ਗਿਆ,ਕੱਲ ਨੂੰ ਕਿਸੇ ਹੋਰ ਦਾ ਪੁੱਤਰ ਚਲਾ ਜਾਵੇਗਾ।''

ਚਰਨਜੀਤ ਕੁਮਾਰ ਅੱਗੇ ਕਹਿੰਦੇ ਹਨ, "ਹੁਣ ਵੀ ਮੇਰੇ ਪੁੱਤਰ ਦੇ ਨਾਮ ਉੱਤੇ ਸਿਆਸਤ ਹੋ ਰਹੀ ਹੈ, ਪੁੱਤਰ ਦੇ ਤੁਰ ਜਾਣ ਦਾ ਦੁੱਖ ਤਾਂ ਹੁਣ ਸਾਰੀ ਉਮਰ ਹੀ ਰਹੇਗਾ।"

''ਮੇਰੇ ਪੁੱਤਰ ਦਾ ਭਲਾ ਕਸੂਰ ਕੀ ਸੀ''

ਫੋਟੋ ਕੈਪਸ਼ਨ ਬੌਬੀ ਦੀ ਮਾਤਾ ਰਜਨੀ

ਬੌਬੀ ਦੀ ਮਾਤਾ ਰਜਨੀ ਆਪਣੇ ਹੰਝੂ ਅਜੇ ਵੀ ਨਹੀਂ ਸੀ ਰੋਕ ਪਾ ਰਹੇ।

ਸ਼ਹਿਰ ਦੇ ਹਾਲਾਤ ਬਾਰੇ ਜਦੋਂ ਅਸੀਂ ਉਨ੍ਹਾਂ ਨੂੰ ਸਵਾਲ ਪੁੱਛਿਆਂ ਤਾਂ ਉਨ੍ਹਾਂ ਕਿਹਾ, ''ਮੈਂ ਨਹੀਂ ਚਾਹੁੰਦੀ ਕਿ ਹੋਰ ਲੜਾਈ ਝਗੜੇ ਹੋਣ ਤੇ ਉਸ ਵਾਂਗ ਕਿਸੇ ਹੋਰ ਮਾਂ ਦਾ ਪੁੱਤ ਜਾਵੇ।"

ਉਹ ਵਾਰ-ਵਾਰ ਲੋਕਾਂ ਤੋਂ ਸਵਾਲ ਕਰ ਰਹੇ ਸਨ, ''ਮੇਰੇ ਪੁੱਤਰ ਦਾ ਭਲਾ ਕਸੂਰ ਕੀ ਸੀ।''

ਖ਼ੁਸ਼ਦਿਲ ਇਨਸਾਨ ਸੀ ਬੌਬੀ

ਯਸ਼ਵੰਤ ਬੌਬੀ ਦੇ ਨਾਲ ਪਹਿਲੀ ਤੋਂ ਬਾਰ੍ਹਵੀਂ ਤੱਕ ਪੜਾਈ ਕਰਨ ਵਾਲੇ ਉਸ ਦੇ ਦੋਸਤ ਈਸ਼ਾਤ ਨੇ ਦੱਸਿਆ ਕਿ ਉਹ ਬਹੁਤ ਹੀ ਖ਼ੁਸ਼ਦਿਲ ਇਨਸਾਨ ਸੀ।

ਮਿਊਜ਼ਿਕ ਦਾ ਉਸ ਨੂੰ ਬਹੁਤ ਸ਼ੌਂਕ ਸੀ ਅਤੇ ਉਹ ਗੀਤ ਵੀ ਲਿਖਦਾ ਸੀ।

ਈਸ਼ਾਂਤ ਨੇ ਦੱਸਿਆ ਕਿ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਸਾਡੇ ਵਿਚਕਾਰ ਨਹੀਂ ਹੈ।

Image copyright BBv
ਫੋਟੋ ਕੈਪਸ਼ਨ ਬੌਬੀ ਦਾ ਦੋਸਤ ਈਸ਼ਾਂਤ

ਈਸ਼ਾਂਤ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਖਿਆ ਕਿ ਜੇਕਰ ਪੁਲਿਸ ਸਮਾਂ ਰਹਿੰਦਿਆਂ ਦੋਹਾਂ ਧਿਰਾਂ ਉੱਤੇ ਕਾਬੂ ਪਾ ਲੈਂਦੀ ਤਾਂ ਬੌਬੀ ਸਾਡੇ ਵਿਚਕਾਰ ਜ਼ਰੂਰ ਹੁੰਦਾ।

ਹੋਇਆ ਕੀ ਸੀ ਬੌਬੀ ਨੂੰ?

ਫਗਵਾੜਾ ਦੇ ਗੋਲ ਚੌਕ ਜਾਂ ਫਿਰ ਪੇਪਰ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ 13 ਅਪ੍ਰੈਲ ਦੇਰ ਰਾਤ ਦੋ ਧਿਰਾਂ (ਜਨਰਲ ਭਾਈਚਾਰਾ ਅਤੇ ਦਲਿਤ ਭਾਈਚਾਰਾ) ਵਿੱਚ ਪੈਦਾ ਹੋਏ ਵਿਵਾਦ ਦੌਰਾਨ ਭੜਕੀ ਹਿੰਸਾ 'ਚ ਯਸ਼ਵੰਤ ਉਰਫ਼ ਬੌਬੀ ਬੁਰੀ ਤਰਾਂ ਜ਼ਖਮੀ ਹੋ ਗਿਆ ਸੀ।

ਬਾਅਦ ਵਿੱਚ ਜ਼ੇਰੇ-ਇਲਾਜ ਬੌਬੀ ਦੀ ਬੀਤੇ ਦਿਨੀਂ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਫਗਵਾੜਾ 'ਚ ਹਲਾਤ ਇੱਕ ਵਾਰ ਫਿਰ ਤੋਂ ਤਣਾਅ ਵਾਲੇ ਹੋ ਗਏ।

ਫੋਟੋ ਕੈਪਸ਼ਨ ਆਪਣੇ ਪੁੱਤਰ ਬੌਬੀ ਦੀ ਤਸਵੀਰ ਦਿਖਾਉਂਦੇ ਚਰਨਜੀਤ ਕੁਮਾਰ

13 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਸ਼ਹਿਰ 'ਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹੈ।

ਆਖਿਰ ਕੀ ਸੀ ਵਿਵਾਦ?

ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਉੱਤੇ ਸਥਿਤ ਫਗਵਾੜਾ ਦੇ ਬੱਸ ਸਟੈਂਡ ਦੇ ਨੇੜੇ ਗੋਲ ਚੌਕ ਦਾ ਨਾਮ ਇੱਕ ਭਾਈਚਾਰੇ ਵੱਲੋਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਨਾਮ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਗਈ।

ਭਾਈਚਾਰੇ ਦੇ ਲੋਕਾਂ ਨੇ ਬਾਬਾ ਸਾਹਿਬ ਦੀ ਤਸਵੀਰ ਅਤੇ ਸੰਵਿਧਾਨ ਚੌਂਕ ਨਾਮ ਦਾ ਬੋਰਡ ਤੱਕ ਉੱਥੇ ਲੱਗਾ ਦਿੱਤਾ।

ਕਪੂਰਥਲਾ ਦੇ ਐਸ ਐਸ ਪੀ ਸੰਦੀਪ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਦੂਜੀ ਧਿਰ ਨੇ ਵੀ ਮੌਕੇ ਉੱਤੇ ਪਹੁੰਚੇ ਕੇ ਇਸ ਦਾ ਵਿਰੋਧ ਕੀਤਾ ਅਤੇ ਟਕਰਾਅ ਹੋ ਗਿਆ।

ਫੋਟੋ ਕੈਪਸ਼ਨ ਕਪੂਰਥਲਾ ਦੇ ਐਸ ਐਸ ਪੀ ਸੰਦੀਪ ਸ਼ਰਮਾ ਜਾਣਕਾਰੀ ਦਿੰਦੇ ਹੋਏ

ਇਸ ਦੌਰਾਨ ਉੱਥੇ ਗੋਲੀ ਵੀ ਚੱਲੀ ਜਿਸ 'ਚ ਇੱਕ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਚੌਕ ਦਾ ਨਾਮ ਕੀ ਰੱਖਣਾ ਹੈ, ਇਸ ਦਾ ਫ਼ੈਸਲਾ ਹੁਣ ਨਗਰ ਕੌਂਸਲ ਕਰੇਗੀ।

ਜਾਂਚ ਸਬੰਧੀ ਉਨ੍ਹਾਂ ਕਿਹਾ ਕਿ ਮਾਮਲੇ 'ਚ ਦੋਹਾਂ ਧਿਰਾਂ ਦੇ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੀ ਕਹਿੰਦੇ ਨੇ ਸ਼ਹਿਰ ਦੇ ਬੁੱਧੀਜੀਵੀ

ਪੇਸ਼ੇ ਤੋਂ ਡਾਕਟਰ ਅਤੇ ਲੇਖਕ ਜਵਾਹਰ ਧੀਰ ਨਾਲ ਜਦੋਂ ਸ਼ਹਿਰ ਦੇ ਹਲਾਤ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਦੋ ਧਿਰਾਂ ਵਿਚਾਲੇ ਟਕਰਾਅ ਕੋਈ ਨਵੀਂ ਗੱਲ ਨਹੀਂ ਹੈ।

ਫੋਟੋ ਕੈਪਸ਼ਨ ਡਾਕਟਰ ਅਤੇ ਲੇਖਕ ਜਵਾਹਰ ਧੀਰ

ਉਹ ਕਹਿੰਦੇ ਹਨ, ''ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਅਤੇ ਫਗਵਾੜਾ ਵੀ ਇਸ ਤੋਂ ਪਿੱਛੇ ਨਹੀਂ ਰਿਹਾ।''ਡਾਕਟਰ ਧੀਰ ਮੁਤਾਬਕ ਸੋਸ਼ਲ ਮੀਡੀਆ ਅਜਿਹੀਆਂ ਘਟਨਾਵਾਂ ਦੌਰਾਨ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕਰਦਾ ਹੈ।

ਇਸ ਬਾਰੇ ਉਹ ਕਹਿੰਦੇ ਹਨ, 'ਜੇਕਰ ਸੋਸ਼ਲ ਮੀਡੀਆ ਉੱਤੇ ਕਾਬੂ ਪਾ ਲਿਆ ਜਾਵੇ ਤਾਂ ਸ਼ਹਿਰ 'ਚ ਸ਼ਾਂਤੀ ਬਹਾਲੀ ਨੂੰ ਕੋਈ ਨਹੀਂ ਰੋਕ ਸਕਦਾ।' 'ਰਾਖਵੇਂਕਰਨ ਖ਼ਿਲਾਫ਼ ਜਨਰਲ ਸਮਾਜ ਵਿੱਚ ਗ਼ੁੱਸਾ ਜ਼ਰੂਰ ਹੈ ਅਤੇ ਪਹਿਲੀ ਵਾਰ ਸਾਰਿਆਂ ਨੇ ਇੱਕ ਜੁੱਟ ਹੋ ਕੇ ਇਸ ਖ਼ਿਲਾਫ਼ ਆਵਾਜ਼ ਵੀ ਬੁਲੰਦ ਕੀਤੀ ਹੈ।''

ਡਾ. ਧੀਰ ਨੇ ਗੋਲੀ ਕਾਰਨ ਨੌਜਵਾਨ ਦੀ ਹੋਈ ਮੌਤ ਦੀ ਘਟਨਾ ਨੂੰ ਵੀ ਮੰਦਭਾਗਾ ਦੱਸਿਆ।

ਦੂਜੇ ਪਾਸੇ ਪੇਸ਼ੇ ਤੋਂ ਵਕੀਲ ਅਤੇ ਦਲਿਤ ਲੇਖਕ ਸੰਤੋਖ ਲਾਲ ਵਿਰਦੀ ਨੇ ਕਿਹਾ ਕਿ ਇਸ ਟਕਰਾਅ ਦਾ ਮੁੱਢ ਭਾਵੇਂ ਗੋਲ ਚੌਕ ਹੈ, ਪਰ ਇਹ ਦਲਿਤ ਭਾਈਚਾਰੇ ਦਾ ਗੁੱਸਾ ਸੁਪਰੀਮ ਕੋਰਟ ਵੱਲੋਂ SC/BC ਐਕਟ ਬਾਰੇ ਦਿੱਤੇ ਗਏ ਫ਼ੈਸਲੇ ਖ਼ਿਲਾਫ਼ ਹੈ।

ਵਿਰਦੀ ਮੁਤਾਬਕ ਚੌਕ ਦੀ ਗੱਲ ਤਾਂ 13 ਅਪ੍ਰੈਲ ਨੂੰ ਸ਼ੁਰੂ ਹੁੰਦੀ ਹੈ, ਪਰ ਦੋ ਅਪ੍ਰੈਲ ਨੂੰ ਜਿਹੜਾ ਦਲਿਤ ਭਾਈਚਾਰੇ ਵੱਲੋਂ ਬੰਦ ਦਾ ਸੱਦਾ ਗਿਆ ਸੀ ਉਸ ਦੌਰਾਨ ਵੀ ਕਾਫ਼ੀ ਗ਼ੁੱਸਾ ਦੇਖਣ ਨੂੰ ਮਿਲਿਆ ਸੀ।

ਇਸ ਤੋਂ ਬਾਅਦ ਜਨਰਲ ਸਮਾਜ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ, ਜਿਸਦਾ ਫਗਵਾੜਾ ਵਿੱਚ ਕਾਫ਼ੀ ਅਸਰ ਦੇਖਣ ਨੂੰ ਮਿਲਿਆ।

ਫੋਟੋ ਕੈਪਸ਼ਨ ਸ਼ਹਿਰ ਵਿੱਚ ਤੈਨਾਤ ਪੁਲਿਸ ਬਲ

ਇੱਥੋਂ ਹੀ ਦੋਹਾਂ ਧਿਰਾਂ ਵਿਚਾਲੇ ਲੜਾਈ ਦਾ ਮੁੱਢ ਬੰਨ੍ਹਿਆ ਗਿਆ ਸੀ। ਵਿਰਦੀ ਨੇ ਦੱਸਿਆ ਕਿ ਸ਼ਹਿਰ 'ਚ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ, ਪਰ ਰਾਜਨੀਤਿਕ ਆਗੂ ਆਪੋ ਆਪਣੇ ਹਿਤਾਂ ਲਈ ਦੋਹਾਂ ਧਿਰਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸ਼ਾਂਤੀ ਬਹਾਲੀ ਲਈ ਜ਼ਰੂਰੀ ਹੈ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)