ਪ੍ਰੈੱਸ ਰਿਵੀਊ: ਐਸਜੀਪੀਸੀ ਵੱਲੋਂ 12ਵੀਂ ਦੀ ਇਤਿਹਾਸ ਦੀ ਕਿਤਾਬ ਬੈਨ ਕਰਨ ਦੀ ਮੰਗ

ਵਿਦਿਆਰਥਣਾਂ Image copyright Getty Images

ਟਾਈਮਜ਼ ਆਫ਼ ਇਡੀਆ ਦੀ ਖ਼ਬਰ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਉਂਦੀ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ 'ਚ ਕੀਤੇ ਗਏ ਬਦਲਾਅ ਦੀ ਜਾਂਚ ਲਈ ਐਸਜੀਪੀਸੀ ਦੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸ ਕਮੇਟੀ ਵੱਲੋਂ ਇਤਿਹਾਸ ਦੀ ਇਸ ਕਿਤਾਬ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ।

ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਨੂੰ ਇਸ ਸਬੰਧੀ ਰਿਪੋਰਟ ਸੌਂਪੀ ਗਈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਤਿਹਾਸ ਦੀ ਕਿਤਾਬ ਵਿੱਚ ਕਈ ਬਦਲਾਅ ਕੀਤੇ ਗਏ ਹਨ ਅਤੇ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ।

ਐਸਜੀਪੀਸੀ ਦੀ ਸਬ-ਕਮੇਟੀ ਦੀ ਬੀਤੇ ਦਿਨ ਇਸ ਮਸਲੇ 'ਤੇ ਬੈਠਕ ਕੀਤੀ ਗਈ ਜਿਸ ਵਿੱਚ ਇਹ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਗਈ।

Image copyright Getty Images

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਫੌਜ ਦੇ ਖ਼ਰਚ ਮਾਮਲੇ 'ਚ ਭਾਰਤ ਦੁਨੀਆਂ ਦੇ ਟੌਪ 5 ਦੇਸਾਂ ਵਿੱਚ ਸ਼ਾਮਲ ਹੋ ਗਿਆ ਹੈ।

ਸਟੋਕਹੋਲਮ ਇੰਟਰਨੈਸ਼ਨਲ ਪੀਸ ਰਿਸਰਚ ਇੰਟੀਚਿਊਟ (ਸਿਪਰੀ) ਵੱਲੋਂ ਬੁੱਧਵਾਰ ਨੂੰ ਫੌਜ 'ਤੇ ਸਭ ਤੋਂ ਵੱਧ ਖ਼ਰਚ ਕਰਨ ਵਾਲੇ ਦੇਸਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਫਰਾਂਸ ਦੀ ਥਾਂ ਭਾਰਤ ਨੂੰ ਪੰਜਵੇਂ ਸਥਾਨ 'ਤੇ ਰੱਖਿਆ ਗਿਆ ਹੈ।

ਪਰ ਚੀਨ ਦੇ ਮੁਕਾਬਲੇ ਭਾਰਤ ਦਾ ਫੌਜ ਖ਼ਰਚ 3.6 ਗੁਣਾ ਘੱਟ ਹੈ। ਸਿਪਰੀ ਮੁਤਾਬਕ ਰੱਖਿਆ ਖੇਤਰ ਦੇ ਖਰਚ ਮਾਮਲੇ 'ਚ ਅਮਰੀਕਾ ਅਤੇ ਚੀਨ ਅਜੇ ਵੀ ਪਹਿਲੇ ਤੇ ਦੂਜੇ ਨੰਬਰ 'ਤੇ ਹੀ ਹਨ।

ਪਿਛਲੇ ਸਾਲ ਦੁਨੀਆਂ ਭਰ ਦੇ ਫੌਜ ਖਰਚੇ ਵਿੱਚ 2016 ਦੇ ਮੁਕਾਬਲੇ 1.1 ਫ਼ੀਸਦ ਦਾ ਵਾਧਾ ਦੇਖਿਆ ਗਿਆ। ਇਹ ਅੰਕੜਾ ਕੁੱਲ 1.73 ਟਰੀਲੀਅਨ ਡਾਲਰ (115 ਲੱਖ ਕਰੋੜ) ਦੇ ਕਰੀਬ ਹੈ। 2016 ਵਿੱਚ ਕੁੱਲ ਖਰਚ 1.68 ਟਰੀਲੀਅਨ ਡਾਲਰ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤ ਸ਼ਾਸਤ ਕਸ਼ਮੀਰ ਦੇ ਸ਼ਹਿਰ ਸ਼ੋਪੀਆਂ ਵਿੱਚ ਬੀਤੇ ਦਿਨੀਂ ਸਕੂਲ ਬੱਸ 'ਤੇ ਪਥਰਾਅ ਕੀਤਾ ਗਿਆ।

ਇਸ ਹਾਦਸੇ ਵਿੱਚ ਦੂਜੀ ਕਲਾਸ ਦਾ ਇੱਕ ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਹਨ।

Image copyright Getty Images

ਜ਼ਖ਼ਮੀ ਵਿਦਿਆਰਥੀ ਦੀ ਪਛਾਣ ਰੇਹਾਨ ਗੋਰਸੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਸ਼ੋਪੀਆਂ ਦੇ ਯਾਵੋਰਾ ਇਲਾਕੇ ਵਿੱਚ ਪੱਥਰਬਾਜ਼ਾਂ ਨੇ ਨਿਸ਼ਾਨਾ ਬਣਾਇਆ।

ਬੱਸ ਵਿੱਚ ਕੁੱਲ 35 ਵਿਦਿਆਰਥੀ ਸਵਾਰ ਸਨ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਖ਼ਤ ਸ਼ਬਦਾਂ ਵਿੱਚ ਘਟਨਾ ਦੀ ਨਿੰਦਾ ਕੀਤੀ ਹੈ।

ਡੀਜੀਪੀ ਐਸਪੀ ਵੈਦ ਦਾ ਕਹਿਣਾ ਹੈ ਕਿ ਹਾਦਸਾ ਬਹੁਤ ਹੀ ਗੰਭੀਰ ਸੀ ਅਤੇ ਦੋਸ਼ੀਆਂ ਨੂੰ ਇਸਦੀ ਵੱਡੀ ਸਜ਼ਾ ਮਿਲੇਗੀ।

ਡੌਨ ਅਖ਼ਬਾਰ ਮੁਤਾਬਕ ਪਾਕਿਸਤਾਨ ਦੇ ਰਾਵਲਪਿੰਡੀ ਪੁਲਿਸ ਬੰਬ ਨਿਰੋਧਕ ਦਲ (ਬੀਡੀਐਸ) ਵਿੱਚ ਪਹਿਲੀ ਮਹਿਲਾ ਸ਼ਾਮਲ ਹੋਈ ਹੈ।

27 ਸਾਲਾ ਆਥੀਆ ਬਾਤੂਲ ਪਹਿਲੀ ਅਜਿਹੀ ਮਹਿਲਾ ਹੈ ਜਿਹੜੀ ਸੱਤ ਮੈਂਬਰੀ ਟੀਮ ਵਿੱਚ ਸ਼ਾਮਲ ਹੋਈ ਹੈ।

ਕਾਂਸਟੇਬਲ ਬਤੂਲ ਵੱਲੋਂ ਬੰਬ ਨਿਰੋਧਕ ਮਾਹਰ ਵਜੋਂ ਸਿਖਲਾਈ ਲੈਣ ਦੀ ਇੱਛਾ ਜ਼ਾਹਰ ਕਰਨ ਦੇ ਤੁਰੰਤ ਬਾਅਦ ਉਸ ਨੂੰ ਦਲ 'ਚ ਸ਼ਾਮਲ ਕਰ ਦਿੱਤਾ ਗਿਆ।

ਬਾਤੂਲ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੀ ਪਹਿਲੀ ਮਹਿਲਾ ਬੰਬ ਡਿਸਪੋਸਲ ਅਫ਼ਸਰ ਰਫ਼ੀਆ ਕਾਸੀਮ ਬੇਗ ਤੋਂ ਪ੍ਰਭਾਵਿਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ