ਭਾਰਤ 'ਚ ਝੱਖੜ ਭਿਆਨਕ ਹੋਣ ਦੇ 4 ਕਾਰਨ

ਝੱਖੜ ਵਿੱਚ ਲੰਘਦਾ ਵਿਅਕਤੀ Image copyright Getty Images

ਮੌਸਮ ਵਿਭਾਗ ਨੇ ਉੱਤਰ ਭਾਰਤ ਵਿੱਚ ਤੂਫਾਨ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ 6 ਮਈ ਨੂੰ ਮੌਸਮ ਵਿਭਾਗ ਵੱਲੋਂ ਇੱਕ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।

ਇਸ ਐਡਾਈਜ਼ਰੀ ਵਿੱਚ ਅਗਲੇ 48 ਘੰਟਿਆਂ ਲਈ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸਿੱਕਿਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਵਿੱਚ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ।

ਉੱਤਰ ਭਾਰਤ ਵਿਚ ਆਏ ਭਾਰੀ ਝੱਖੜ ਅਤੇ ਤੂਫਾਨ ਨਾਲ 125 ਦੇ ਕਰੀਬ ਲੋਕਾਂ ਦੀ ਜਾਨ ਗਈ ਹੈ। ਇਸ ਖਿੱਤੇ ਵਿੱਚ ਝੱਖੜ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਤਾਂ ਇਸ ਨੇ ਮੌਤ ਦਾ ਤਾਂਡਵ ਹੀ ਕਰਵਾ ਦਿੱਤਾ ਤੇ ਇਹ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਖਤਰਨਾਕ ਰੂਖ ਅਖ਼ਤਿਆਰ ਕਰ ਲਿਆ।

ਬੀਬੀਸੀ ਦੇ ਵਾਤਾਵਰਨ ਮਾਮਲਿਆਂ ਦੇ ਪੱਤਰਕਾਰ ਨਵੀਨ ਸਿੰਘ ਖੜਕਾ ਨੇ ਚਾਨਣਾ ਪਾਇਆ ਕਿ ਭਾਰਤ ਵਿੱਚ ਝੱਖੜ ਪਰਲੋ ਵਰਗੇ ਹਾਲਾਤ ਕਿਉਂ ਬਣਾ ਦਿੰਦਾ ਹੈ।

ਝੱਖੜ ਦੇ ਝੁੱਲਣ ਦਾ ਸਮਾਂ

ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਝੱਖੜ ਤੇ ਤੂਫ਼ਾਨ ਉਦੋਂ ਭਿਆਨਕ ਬਣ ਜਾਂਦਾ ਹੈ , ਜਦੋਂ ਇਹ ਰਾਤ ਵੇਲੇ ਆਵੇ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਹੇਠ ਸੁੱਤੇ ਪਏ ਹੋਣ।

ਜ਼ਿਆਦਾਤਰ ਮੌਤਾਂ ਘਰਾਂ ਅਤੇ ਦੂਜੇ ਢਾਂਚਿਆਂ ਦੇ ਢਹਿ-ਢੇਰੀ ਹੋਣ ਕਾਰਨ ਹੋਈਆਂ ਹਨ। ਇਸ ਦੇ ਨਾਲ ਨਾਲ ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਤੇਜ਼ ਹਨ੍ਹੇਰੀ ਜਿਸ ਤਰੀਕੇ ਨਾਲ ਅਚਾਨਕ ਆਉਂਦੀ ਹੈ ਉਸ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ।

ਇਸ ਨੂੰ ਤਕਨੀਕੀ ਭਾਸ਼ਾਂ ਵਿੱਚ ਡਾਊਨ ਬਰੱਸਟ ਕਹਿੰਦੇ ਹਨ ,ਕਿਉਂ ਕਿ ਇਸ ਦੌਰਾਨ ਹਵਾ ਦਾ ਰੁਖ ਨੀਵੇਂ ਇਲਾਕਿਆਂ ਵੱਲ ਨੂੰ ਹੁੰਦਾ ਹੈ।

ਹਵਾ ਦੀ ਰਫ਼ਤਾਰ

Image copyright Getty Images

ਹਵਾ ਦੀ ਰਫ਼ਤਾਰ ਬੈਠੇਦਾਹ( ਹੌਰੀਜੈਂਟਲ) ਦੀ ਬਜਾਇ ਖੜੇਦਾਹ( ਵਰਟੀਕਲ) ਹੁੰਦੀ ਹੈ। ਜਿਸ ਕਾਰਨ ਇਸ ਦੇ ਰਾਹ ਵਿੱਚ ਆਉਣ ਵਾਲੀਆਂ ਇਮਾਰਤਾਂ ਅਤੇ ਉੱਚੇ ਢਾਂਚੇ ਤਬਾਹ ਹੋ ਜਾਂਦੇ ਹਨ ਅਤੇ ਮੌਤਾਂ ਦਾ ਕਾਰਨ ਬਣਦੇ ਹਨ।

ਭਾਰਤ ਦੇ ਇਨ੍ਹਾਂ ਹਿੱਸਿਆ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਸਰਹੱਦ ਤੋਂ ਪਾਰ ਪਾਕਿਸਤਾਨ ਤੋਂ ਮਿਲੀਆਂ ਮੀਡੀਆਂ ਰਿਪੋਰਟਾਂ ਮੁਤਾਬਕ ਮੁਲਕ ਦੇ ਸੂਬੇ ਨਵਾਬਸ਼ਾਹ ਵਿੱਚ ਅਪ੍ਰੈਲ ਮਹੀਨੇ ਦੀ ਗਰਮੀ ਦਾ ਰਿਕਾਰਡ ਟੁੱਟ ਗਿਆ , ਇੱਥੇ ਪਾਰਾ 50.2 ਡਿਗਰੀ ਤੱਕ ਚੜ੍ਹ ਗਿਆ।

ਤਾਪਮਾਨ ਦਾ ਵਾਧਾ

Image copyright Getty Images

ਵਿਗਿਆਨੀਆਂ ਦਾ ਕਹਿਣਾ ਹੈ ਕਿ ਖਿੱਤੇ ਵਿੱਚ ਤਾਪਮਾਨ ਵਧਣ ਨਾਲ ਉੱਤਰ-ਪੱਛਮੀ ਰੇਗਿਸਤਾਨ ਵਿੱਚ ਹਵਾ ਦਾ ਦਬਾਅ ਘਟਣ ਕਰਕੇ ਉੱਧਰੋਂ ਹਵਾ ਵਗਣ ਲੱਗਦੀ ਹੈ ਅਤੇ ਅੱਗੇ ਪੱਛਮ ਵੱਲ ਜਾਂਦੀ ਹੈ।

ਪਰ ਇਹ ਸਿਰਫ਼ ਹਵਾ ਨਹੀਂ ਰਹਿੰਦੀ ਬਲਕਿ ਖੁਸ਼ਕੀ ਹੋਣ ਕਾਰਨ ਧੂੜ ਭਰਿਆ ਢੱਖੜ ਬਣ ਜਾਂਦੀ ਹੈ।

ਭਾਰੀ ਮੀਂਹ ਦਾ ਵਰਨਾ

ਜਦੋਂ ਇਹ ਗੁਆਂਢੀ ਸੂਬੇ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚੋਂ ਹੁੰਦੀ ਹੋਈ ਅੱਗੇ ਪੂਰਬ ਵੱਲ ਵੱਧਦੀ ਹੈ ਤਾਂ ਇਹ ਡੂਫ਼ਾਨ ਦੇ ਨਾਲ-ਨਾਲ ਮੀਂਹ ਦੇ ਰੂਪ ਵਿੱਚ ਵੀ ਵਰਨ ਲੱਗਦੀ ਹੈ। ਇਸ ਹਵਾ ਵਿੱਚ ਬੰਗਾਲ ਦੀ ਖਾੜੀ ਵਿੱਚ ਨਮੀ ਰਲ੍ਹਣ ਕਰਕੇ ਇਹ ਮਾਰੂ ਮੀਂਹ ਦਾ ਰੁਖ ਅਖਤਿਆਰ ਕਰ ਲੈਂਦੀ ਹੈ।

Image copyright Getty Images

ਮਾਹਿਰਾਂ ਮੁਤਾਬਕ ਤਾਪਮਾਨ ਦਾ ਵਧਣਾ, ਇਸ ਵਿੱਚ ਨਮੀ ਦੇ ਮਿਲਣ ਨਾਲ ਇਹ ਵਾਤਾਵਰਨ ਨੂੰ ਖਤਰਨਾਕ ਤੂਫ਼ਾਨ ਤੇ ਮੀਂਹ ਦਾ ਰੂਪ ਦੇ ਦਿੰਦਾ ਹੈ।

ਭਾਰਤੀ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਤਾਜ਼ਾ ਤੂਫ਼ਾਨ ਨੇ ਪਿਛਲੇ ਦੋ ਦਹਾਕਿਆ ਦੌਰਾਨ ਹੋਏ ਸਭ ਤੋਂ ਭਿਆਨਕ ਤਬਾਹੀ ਕੀਤੀ ਹੈ। ਅਗਲੇ ਦਿਨਾਂ ਵਿੱਚ ਹੋਰ ਜ਼ਿਆਦਾ ਡੂਫ਼ਾਨ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ।

ਰੇਗਿਸਤਾਨੀਕਰਨ

ਰੇਤੀਲੇ ਝੱਖੜ ਤੇ ਤੂਫਾਨ ਦਾ ਮਾਮਲਾ ਭਾਰਤ ਵਿੱਚ ਚਿੰਤਾਜਨਕ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਕਈ ਰਾਜਾਂ ਦਾ ਰੇਗਿਸਤਾਨੀਕਰਨ ਹੋ ਰਿਹਾ ਹੈ।

ਮੁਲਕ ਦੇ ਵਾਤਾਵਰਨ ਮਹਿਕਮੇ ਮੁਤਾਬਕ ਚੌਥਾ ਹਿੱਸਾ ਜ਼ਮੀਨ ਰੇਗਿਸਤਾਨ ਵਿੱਚ ਬਦਲ ਰਹੀ ਹੈ ਜਦਕਿ ਗੈਰ-ਸਰਕਾਰੀ ਮਾਹਰ ਇਸ ਅੰਕੜੇ ਨੂੰ ਹੋਰ ਵੀ ਵੱਡਾ ਦੱਸ ਰਹੇ ਨੇ। ਰੇਤਲੀ ਜ਼ਮੀਨ ਦੇ ਵਧਣ ਦਾ ਅਰਥ ਹੈ ਹੋਰ ਜ਼ਿਆਦਾ ਰੇਤੀਲੇ ਤੂਫ਼ਾਨ।

Image copyright Getty Images

ਵਾਤਾਵਰਨ ਮਾਹਰਾਂ ਮੁਤਾਬਕ ਮੌਸਮੀ ਬਦਲਾਅ ਕਾਰਨ ਦੱਖਣੀ ਏਸ਼ੀਆ ਵਿੱਚ ਸੋਕਾ ਵੀ ਭਿਆਨਕ ਸੰਕਟ ਬਣਦਾ ਜਾ ਰਿਹਾ ਹੈ । ਇਸੇ ਕਰਕੇ ਤੂਫ਼ਾਨ ਤੇ ਰੇਤੀਲੇ ਝੱਖੜ ਹੋਰ ਜ਼ਿਆਦਾ ਵਧਣ ਦਾ ਖ਼ਦਸ਼ਾ ਹੈ।

ਕਿਉਂ ਕਿ ਉੱਤਰ-ਪੱਛਮੀ ਭਾਰਤ ਵਿੱਚ ਹਰ ਸਾਲ ਅਜਿਹੇ ਹੀ ਤੂਫਾਨ ਆਉਂਦੇ ਹਨ ਅਤੇ ਹਰ ਵਾਰ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਪਿਛਲੇ ਦੋ ਸਾਲਾਂ ਵਿੱਚ ਇਹ ਕਾਫ਼ੀ ਗੰਭੀਰ ਰੂਪ ਵਿੱਚ ਦੇਖਿਆ ਗਿਆ ਹੈ। ਸ਼ਾਇਦ ਇਹੀ ਵਰਤਾਰਾ ਵਧ ਰਿਹਾ ਹੈ ਅਤੇ ਭਾਰਤ ਵਿੱਚ ਤੂਫਾਨ ਇੰਨੇ ਘਾਤਕ ਹੋ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)