ਯੂਪੀ ਵਿੱਚ ਦਲਿਤ ਕਿਸਾਨ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਕਿੰਨਾ ਸੱਚ: GROUND REPORT

ਸੀਤਾਰਾਮ, ਦਲਿਤ ਕਿਸਾਨ
ਫੋਟੋ ਕੈਪਸ਼ਨ ਸੀਤਾਰਾਮ, ਦਲਿਤ ਕਿਸਾਨ

''ਮੈਂ ਉਨ੍ਹਾਂ ਦੀ ਕਣਕ ਵੱਢਣ ਤੋਂ ਇਨਕਾਰ ਕੀਤਾ ਕਿਉਂਕਿ ਮੈਂ ਆਪਣੀ ਕਣਕ ਵੱਢ ਰਿਹਾ ਸੀ। ਉਹ ਆਏ ਅਤੇ ਜੁੱਤੀਆਂ ਮਾਰਨ ਲੱਗੇ। ਕੁੱਟਦੇ-ਕੁੱਟਦੇ ਘਸੀਟਦੇ ਹੋਏ ਪਿੰਡ ਤੱਕ ਲੈ ਗਏ। ਰੱਸੀ ਨਾਲ ਸੱਥ ਵਿੱਚ ਨਿੰਮ ਦੇ ਦਰਖ਼ਤ ਨਾਲ ਬੰਨ੍ਹ ਦਿੱਤਾ। ਫੇਰ ਮੁੱਛਾਂ ਪੁੱਟੀਆਂ ਅਤੇ ਜੁੱਤੀ 'ਚ ਪਿਸ਼ਾਬ ਪਿਲਾਇਆ।''

ਬਦਾਯੂਂ ਜ਼ਿਲੇ ਦੇ ਪਿੰਡ ਆਜਮਪੁਰ ਵਿੱਚ ਰਹਿਣ ਵਾਲੇ ਦਲਿਤ ਕਿਸਾਨ ਸੀਤਾਰਾਮ ਕੁਝ ਇਸ ਤਰ੍ਹਾਂ ਆਪਣੇ ਨਾਲ ਹੋਈ ਘਟਨਾ ਦੱਸ ਰਹੇ ਹਨ।

ਉਨ੍ਹਾਂ ਤੋਂ ਇਹ ਜਾਣਕਾਰੀ ਲੈਣਾ ਕਾਫੀ ਔਖਾ ਸੀ ਕਿਉਂਕਿ ਉਨ੍ਹਾਂ ਮੁਤਾਬਕ ਉਹ ਲੋਕਾਂ ਨੂੰ ਦੱਸਦੇ ਦੱਸਦੇ ਥੱਕ ਗਏ ਹਨ।

ਦਲਿਤ ਕਿਸਾਨ ਮੁਤਾਬਕ ਪਿੰਡ ਦੇ ਠਾਕੁਰ ਜਾਤ ਦੇ ਲੋਕਾਂ ਨੇ ਉਸ ਦਾ ਸ਼ੋਸ਼ਣ ਕੀਤਾ। ਜਦੋਂ ਇਹ ਘਟਨਾ ਵਾਪਰੀ, ਉਹ ਆਪਣੇ ਛੋਟੇ ਭਰਾਵਾਂ ਦੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ।

ਛੋਟੇ ਭਰਾ ਨੇ ਘਰ ਆਕੇ ਕੁੱਟਮਾਰ ਬਾਰੇ ਦੱਸਿਆ, ਜਿਸ ਤੋਂ ਬਾਅਦ ਸੀਤਾਰਾਮ ਦੀ ਪਤਨੀ ਨੇ ਪੁਲਿਸ ਨੂੰ ਫੋਨ ਕੀਤਾ।

ਬਦਾਯੂਂ ਦੇ ਸੀਨੀਅਰ ਪੁਲਿਸ ਕਮਿਸ਼ਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਿਨ ਦੋ ਵਾਰ 100 ਨੰਬਰ 'ਤੇ ਫੋਨ ਕੀਤਾ ਗਿਆ ਅਤੇ ਦੋਵੇਂ ਵਾਰ ਪੁਲਿਸ ਪਹੁੰਚੀ।

ਉਨ੍ਹਾਂ ਕਿਹਾ, ''ਦੋਹਾਂ ਵਾਰ ਕੁੱਟ-ਮਾਰ ਦੀ ਸ਼ਿਕਾਇਤ ਸੀ। ਥਾਣੇਦਾਰ ਨੇ ਦੋਵੇਂ ਪੱਖਾਂ ਨੂੰ ਬੁਲਾਕੇ ਕਾਰਵਾਈ ਕੀਤੀ।''

''ਇੱਕ ਹਫ਼ਤੇ ਬਾਅਦ ਕਿਸਾਨ ਇਹ ਸ਼ਿਕਾਇਤ ਲੈ ਕੇ ਪਹੁੰਚੇ ਕਿ ਕੁੱਟ-ਮਾਰ ਤੋਂ ਇਲਾਵਾ ਪਿਸ਼ਾਬ ਵੀ ਪਿਲਾਇਆ ਗਿਆ ਅਤੇ ਮੁੱਛਾਂ ਵੀ ਪੱਟੀਆਂ ਗਈਆਂ।''

ਐੱਸਐੱਸਪੀ ਮੁਤਾਬਕ ਦਲਿਤ ਕਿਸਾਨ ਵੱਲੋਂ ਪਿੰਡ ਦੇ ਚਾਰ ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਗਈ ਸੀ ਅਤੇ ਅਗਲੇ ਹੀ ਦਿਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪੁਲਿਸ ਨੇ ਚਾਰਾਂ ਮੁਲਜ਼ਮਾਂ ਖਿਲਾਫ਼ ਐੱਸਸੀ-ਐੱਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਚਲ ਰਹੀ ਹੈ।

ਪਿੰਡ ਦੇ ਲੋਕ ਕੀ ਕਹਿੰਦੇ ਹਨ?

ਦੂਜੀ ਤਰਫ਼ ਮੁਲਜ਼ਮਾਂ ਦੇ ਪਰਿਵਾਰ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਪਿੰਡ ਦੇ ਰਹਿਣ ਵਾਲੇ ਸੋਮਪਾਲ ਸਿੰਘ ਦਾ ਕਹਿਣਾ ਹੈ ਕਿ ਪਿਸ਼ਾਬ ਪਿਲਾਉਣ ਤੇ ਅਤੇ ਮੁੱਛਾਂ ਪੁੱਟਣ ਵਾਲੇ ਇਲਜ਼ਾਮ ਗਲਤ ਹਨ।

ਉਨ੍ਹਾਂ ਕਿਹਾ, ''ਕੁੱਟ-ਮਾਰ ਹੋਈ ਸੀ, ਸਭ ਨੇ ਵੇਖਿਆ ਵੀ। ਇੱਕ ਵਾਰ ਕੁੱਟੇ ਜਾਣ ਤੋਂ ਬਾਅਦ ਦਲਿਤ ਕਿਸਾਨ ਵੀ ਲਾਠੀ ਨਾਲ ਪਹੁੰਚਿਆ ਸੀ, ਜਿਸ ਕਰਕੇ ਮੁੜ ਤੋਂ ਲੜਾਈ ਹੋਈ। ਪਰ ਇਹ ਪਿਸ਼ਾਬ ਪਿਲਾਉਣ, ਮੁੱਛਾਂ ਪੁੱਟਣ ਦੇ ਇਲਜ਼ਾਮ ਝੂਠ ਹਨ।''

ਫੋਟੋ ਕੈਪਸ਼ਨ ਮਹਾਵੀਰ ਸਿੰਘ

ਸੋਮਪਾਲ ਸਿੰਘ ਦੇ ਭਰਾ ਮਹਾਵੀਰ ਸਿੰਘ ਨੇ ਬੇਹੱਦ ਗੁੱਸੇ ਵਿੱਚ ਕਿਹਾ, ''ਕਿਉਂਕਿ ਉਹ ਦਲਿਤ ਹੈ, ਇਸ ਲਈ ਸਾਡੀ ਗੱਲ ਸੁਣੀ ਨਹੀਂ ਜਾ ਰਹੀ, ਫੇਰ ਭਾਵੇਂ ਉਹ ਝੂਠ ਹੀ ਬੋਲ ਰਿਹਾ ਹੋਵੇ। ਸਾਡੇ ਘਰ ਦੇ ਚਾਰ ਬੱਚੇ ਬਿਨਾਂ ਕਿਸੇ ਵਜ੍ਹਾ ਦੇ ਜੇਲ੍ਹ ਵਿੱਚ ਹਨ।''

ਕੁੱਟ ਮਾਰ ਲਈ ਜੇਲ੍ਹ 'ਚ ਭੇਜੇ ਚਾਰ ਲੋਕਾਂ ਵਿੱਚੋਂ ਇੱਕ ਮਹਾਵੀਰ ਸਿੰਘ ਦਾ ਪੁੱਤਰ ਹੈ।

ਉਹ ਰੋਂਦੇ ਹੋਏ ਕਹਿੰਦੇ ਹਨ ਕਿ ਅੱਜ ਤੱਕ ਉਨ੍ਹਾਂ ਦੇ ਘਰ ਦੇ ਬੱਚਿਆਂ ਦੇ ਖਿਲਾਫ ਨਾ ਹੀ ਕੋਈ ਕੇਸ ਹੋਇਆ ਹੈ ਅਤੇ ਨਾ ਹੀ ਕੋਈ ਥਾਣੇ ਗਿਆ ਹੈ।

'ਦਲਿਤ ਨੂੰ ਭੜਕਾਇਆ ਜਾ ਰਿਹਾ'

ਪਿੰਡ ਵਿੱਚ ਰਹਿਣ ਵਾਲੇ ਦਿਨੇਸ਼ ਨੇ ਇੱਕ ਨਵੀਂ ਗੱਲ ਦੱਸੀ।

ਉਨ੍ਹਾਂ ਕਿਹਾ, ''ਜਿਸ ਦਿਨ ਕੁੱਟ ਮਾਰ ਹੋਈ, ਉਸ ਦਿਨ ਥਾਣੇ 'ਤੇ ਗੱਲਬਾਤ ਤੋਂ ਬਾਅਦ ਮਾਮਲਾ ਸੁਲਝ ਗਿਆ ਸੀ। ਅਗਲੇ ਦਿਨ ਦਲਿਤ ਕਿਸਾਨ ਬਰੇਲੀ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਿਆ। ਉਨ੍ਹਾਂ ਨੇ ਹੀ ਉਸਨੂੰ ਐੱਸਸੀ-ਐੱਸਟੀ ਐਕਟ ਦੇ ਤਹਿਤ ਮੁਕਦਮਾ ਦਰਜ ਕਰਾਉਣ ਲਈ ਕਿਹਾ।''

ਪਿੰਡ ਦੇ ਹੋਰ ਲੋਕ ਵੀ ਕਹਿੰਦੇ ਹਨ ਕਿ ਕੁੱਟ-ਮਾਰ ਸਭ ਨੇ ਵੇਖੀ ਸੀ ਪਰ ਪਿਸ਼ਾਬ ਪਿਲਾਉਣ ਜਾਂ ਦਰਖਤ ਨਾਲ ਬੰਨਣ ਵਾਲੀ ਘਟਨਾ ਕਿਸੇ ਨੇ ਨਹੀਂ ਵੇਖੀ।

ਕੁਝ ਲੋਕਾਂ ਮੁਤਾਬਕ ਸੀਤਾਰਾਮ ਦਾ ਪਿੰਡ ਦੇ ਹੋਰ ਲੋਕਾਂ ਨਾਲ ਵੀ ਝਗੜਾ ਹੋ ਚੁੱਕਿਆ ਹੈ। ਹਾਲਾਂਕਿ ਸੀਤਾਰਾਮ ਅਤੇ ਮੁਲਜ਼ਮਾਂ ਦੀ ਇਸ ਤੋਂ ਪਹਿਲਾਂ ਕਦੇ ਲੜਾਈ ਨਹੀਂ ਹੋਈ ਹੈ।

ਇਸ ਮਾਮਲੇ 'ਤੇ ਸ਼ੁਰੂਆਤ ਤੋਂ ਰਿਪੋਰਟਿੰਗ ਕਰ ਰਹੇ ਪੱਤਰਕਾਰ ਚਿਤਰੰਜਨ ਨੇ ਕਿਹਾ, ''ਇਹ ਗੱਲ ਤਾਂ ਪੱਕੀ ਹੈ ਕਿ ਸੀਤਾਰਾਮ ਦੇ ਪਿੱਛੇ ਕੋਈ ਹੋਰ ਵੀ ਹੈ। ਜੇ ਇਹ ਗੱਲਾਂ ਹੋਈਆਂ ਹੁੰਦੀਆਂ ਤਾਂ ਪਹਿਲੇ ਦਿਨ ਦੀ ਸ਼ਿਕਾਇਤ ਵਿੱਚ ਹੀ ਪਤਾ ਲੱਗ ਜਾਣਾ ਸੀ।''

''ਪਰ ਨਾ ਹੀ ਪੁਲਿਸ ਦੀ ਐੱਫਆਈਆਰ ਅਤੇ ਨਾ ਹੀ 100 ਨੰਬਰ 'ਤੇ ਅਜਿਹੀ ਕੋਈ ਸ਼ਿਕਾਇਤ ਮਿਲੀ ਸੀ।''

ਦਲਿਤ ਪਹਿਲਾਂ ਵੀ ਕਰਦੇ ਸੀ ਕੰਮ

ਸਥਾਨਕ ਲੋਕਾਂ ਮੁਤਾਬਕ ਇਸ ਪਿੰਡ ਵਿੱਚ ਆਮ ਕਰਕੇ ਅਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ, ਛੋਟੇ-ਮੋਟੇ ਝਗੜੇ ਭਾਵੇਂ ਹੁੰਦੇ ਰਹਿੰਦੇ ਹਨ।

ਪਿੰਡ ਦੇ ਪ੍ਰਧਾਨ ਮੁਤਾਬਕ ਇੱਥੇ ਦੀ ਆਬਾਦੀ ਕਰੀਬ 1500 ਹੈ,ਜਿਨ੍ਹਾਂ 'ਚੋਂ ਚਾਰ ਸੌ ਠਾਕੁਰ, ਤਿੰਨ ਸੌ ਯਾਦਵ, ਤਿੰਨ ਸੌ ਵਾਲਮੀਕੀ ਅਤੇ ਹੋਰ ਜਾਤਾਂ ਹਨ।

ਪੀੜਤ ਦਲਿਤ ਕਿਸਾਨ ਸੀਤਾਰਾਮ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਹੈ।

ਸੀਤਾਰਾਮ ਨੇ ਮੰਨਿਆ ਕਿ ਉਹ ਪਹਿਲਾਂ ਵੀ ਇਨ੍ਹਾਂ ਲੋਕਾਂ ਦੀ ਕਣਕ ਵੱਢਦਾ ਰਿਹਾ ਹੈ ਅਤੇ ਜੇ ਸਮਾਂ ਹੁੰਦਾ ਤਾਂ ਉਹ ਮਦਦ ਕਰ ਦਿੰਦਾ ਹੈ ਜਿਸ ਦੇ ਬਦਲੇ ਉਸਨੂੰ ਅਨਾਜ ਜਾਂ ਪੈਸਾ ਮਿਲਦੇ ਹਨ।

ਸੋਮਪਾਲ ਸਿੰਘ ਦੇ ਘਰ ਦੀ ਇੱਕ ਔਰਤ ਮੁਤਾਬਕ ਪੀੜਤ ਕਿਸਾਨ ਨੇ ਇਸ ਕੰਮ ਲਈ ਪਹਿਲਾਂ ਤੋਂ ਢਾਈ ਹਜ਼ਾਰ ਰੁਪਏ ਲੈ ਰੱਖੇ ਸਨ, ਇਸ ਲਈ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਕਿਹਾ ਗਿਆ ਸੀ।

ਸੋਮਪਾਲ ਸਿੰਘ ਦੇ ਘਰ ਦੀ ਮਹਿਲਾ ਨੂੰ ਇਸ ਗੱਲ ਤੋਂ ਵੀ ਪ੍ਰੇਸ਼ਾਨੀ ਹੈ ਕਿ ਕਿਸਾਨ ਦੇ ਘਰਵਾਲਿਆਂ ਨੂੰ ਸੁਰੱਖਿਆ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਨਹੀਂ ਜਦਕਿ ਉਨ੍ਹਾਂ ਦੇ ਘਰ ਦੇ ਚਾਰੇ ਨੌਜਵਾਨ ਜੇਲ੍ਹ ਵਿੱਚ ਹਨ।

ਪੁਲਿਸ ਨੇ ਦਲਿਤ ਪਰਿਵਾਰ ਦੀ ਸੁਰੱਖਿਆ ਲਈ ਤਿੰਨ ਪੁਲਿਸ ਵਾਲਿਆਂ ਨੂੰ ਹਰ ਵੇਲੇ ਡਿਊਟੀ 'ਤੇ ਲਗਾਇਆ ਹੈ।

ਪਿੰਡ ਵਿੱਚ ਫਿਲਹਾਲ ਸ਼ਾਂਤੀ ਹੈ। ਪੀੜਤ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਪਰ ਮੁਲਜ਼ਮ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਉਸ ਜੁਰਮ ਦੀ ਸਜ਼ਾ ਦੁਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)