ਡੇਰਾ ਸੱਚਾ ਸੌਦਾ ਮੁਖੀ ਦੀ ਗੁਫ਼ਾ ਢਾਹੁਣ ਦੀ ਤਿਆਰੀ?

ਡੇਰਾ ਸੱਚਾ ਸੌਦਾ Image copyright Prabhu Dayal/bbc

ਕੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਉਸ ਦੀ ਰਹੱਸਮਈ ਗੁਫ਼ਾ ਨੂੰ ਢਾਹੁਣ ਦੀ ਤਿਆਰੀ ਹੋ ਰਹੀ ਹੈ? ਇਹ ਸਵਾਲ ਡੇਰਾ ਸਿਰਸਾ ਦੇ ਪ੍ਰਬੰਧਕਾਂ ਲਈ ਸਿਰਦਰਦੀ ਦਾ ਸਬੱਬ ਬਣ ਗਿਆ ਹੈ।

ਸਿਰਸਾ ਦੇ ਜ਼ਿਲ੍ਹਾ ਨਗਰ ਯੋਜਨਾਕਾਰ ਨੇ ਇੱਕ ਸਰਕਾਰੀ ਨੋਟਿਸ ਰਾਹੀ ਡੇਰੇ ਵਿੱਚ ਬਣੀਆਂ ਜਿਨ੍ਹਾਂ 12 ਇਮਾਰਤਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਉਨ੍ਹਾਂ ਵਿੱਚ ਡੇਰਾ ਮੁਖੀ ਦੀ ਗੁਫ਼ਾ ਵੀ ਸ਼ਾਮਲ ਹੈ।

ਇੱਕ ਸਰਕਾਰੀ ਨੋਟਿਸ ਮੁਤਾਬਕ ਡੇਰੇ ਦੇ ਕੁੱਲ 23 ਭਵਨਾਂ 'ਚੋਂ 12 ਭਵਨਾਂ ਦੀ ਸੀਐੱਲਯੂ ਅਪਲੀਕੇਸ਼ਨ ਨੂੰ ਨਗਰ ਯੋਜਨਾਕਾਰ ਵਿਭਾਗ ਵੱਲੋਂ ਰੱਦ ਕੀਤਾ ਗਿਆ ਹੈ।

ਵਿਭਾਗ ਵੱਲੋਂ ਡੇਰਾ ਪ੍ਰਬੰਧਨ ਨੂੰ ਇਸ ਸਿਲਸਿਲੇ ਵਿੱਚ 11 ਅਪ੍ਰੈਲ ਨੂੰ ਨੋਟਿਸ ਜਾਰੀ ਕਰਕੇ 24 ਅਪ੍ਰੈਲ ਤੱਕ ਜੁਆਬ ਦੇਣ ਨੂੰ ਕਿਹਾ ਗਿਆ ਸੀ।

ਡੇਰੇ ਵੱਲੋਂ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਪਰ ਡੇਰੇ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ।

Image copyright AFP/Getty Images

23 ਅਪ੍ਰੈਲ 2018 ਨੂੰ ਡੇਰਾ ਪ੍ਰਬੰਧਨ ਵੱਲੋਂ ਇਸ ਸਬੰਧੀ ਜਵਾਬ ਦਾਖ਼ਲ ਕੀਤਾ ਗਿਆ ਤੇ ਇਸੇ ਲੜੀ ਵਿੱਚ ਨਗਰ ਯੋਜਨਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਕੋਲ ਵੀ ਇੱਕ ਅਪੀਲ ਕੀਤੀ ਗਈ।

ਦਰਅਸਲ 1993 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਨਵਾਂ ਡੇਰਾ ਪਿੰਡ ਸ਼ਾਹਪੁਰ ਬੇਗੂ ਤੇ ਨੇਜੀਆ ਖੇੜਾ ਵਿਚਾਲੇ ਬਣਾਉਣਾ ਸ਼ੁਰੂ ਕੀਤਾ ਸੀ। ਸਾਲ 2000 ਤੱਕ ਡੇਰੇ ਵਿੱਚ ਕਈ ਭਵਨਾਂ ਦਾ ਨਿਰਮਾਣ ਕੀਤਾ ਗਿਆ।

ਇਹ ਇਮਾਰਤਾਂ ਦੀ ਬਿਨਾਂ ਕਿਸੇ 'ਚੇਂਜ ਆਫ ਲੈਂਡ ਯੂਜ' (ਜ਼ਮੀਨ ਦਾ ਇਸਤੇਮਾਲ ਦਾ ਤਰੀਕਾ ਬਦਲਣਾ) ਦੇ ਡੇਰਾ ਵੱਲੋਂ ਉਸਾਰੀ ਕੀਤੀ।

ਜਦੋਂ ਨਵੇਂ ਡੇਰੇ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ ਤਾਂ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਸਬੰਧੀ ਨੋਟਿਸ ਲਿਆ ਤੇ ਨਾ ਹੀ ਕਿਸੇ ਸਰਕਾਰ ਨੇ।

50 ਕਿੱਲਿਆਂ ਵਿੱਚ ਹੈ ਉਸਾਰੀ

ਡੇਰਾ ਮੁਖੀ ਦੀਆਂ ਆਲੀਸ਼ਾਨ ਇਮਾਰਤਾਂ ਤੋਂ ਇਲਾਵਾ ਰਹੱਸਮਈ ਗੁਫ਼ਾ (ਤੇਰਾ ਵਾਸ) ਕਰੀਬ ਪੰਜਾਹ ਕਿੱਲਿਆਂ ਵਿੱਚ ਬਣੀ ਹੈ।

Image copyright Prabhu Dayal/bbc

ਇਨ੍ਹਾਂ ਵਿੱਚ ਸਤਿਸੰਗ ਹਾਲ, 43 ਹਜ਼ਾਰ ਵਰਗ ਮੀਟਰ ਵਿੱਚ ਬਣਿਆ ਕ੍ਰਿਕਟ ਸਟੇਡੀਅਮ ਤੋਂ ਇਲਾਵਾ ਸ਼ਾਹੀ ਪਾਰਿਵਾਰ ਦਾ ਆਲੀਸ਼ਾਨ ਮਹਿਲ ਵੀ ਸ਼ਾਮਲ ਹੈ।

ਡੇਰਾ ਪ੍ਰਬੰਧਨ ਨੂੰ ਇਹ ਨੋਟਿਸ ਕਰੀਬ ਦੋ ਦਹਾਕੇ ਬਾਅਦ ਦਿੱਤੇ ਗਏ ਹਨ ਜਿਸ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ਉੱਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ।

ਕੀ ਹੈ ਡੇਰੇ ਦਾ ਪ੍ਰਤੀਕਰਮ?

ਡੇਰਾ ਸੱਚਾ ਸੌਦਾ ਵੱਲੋਂ ਨਗਰ ਯੋਜਨਾਕਾਰ ਵਿਭਾਗ ਵੱਲੋਂ ਭੇਜੇ ਗਏ ਨੋਟਿਸ ਦੇ ਜੁਆਬ ਵਿੱਚ ਅਪੀਲ ਦਾਇਰ ਕੀਤੀ ਹੈ, ਜਿਸ ਦਾ ਫ਼ੈਸਲਾ ਵਿਭਾਗ ਨੇ 15 ਮਈ ਤੱਕ ਦੇਣਾ ਹੈ।

ਡੇਰੇ ਵੱਲੋਂ ਇਸ ਮੁੱਦੇ 'ਤੇ ਬੋਲਣ ਲਈ ਕੋਈ ਵੀ ਤਿਆਰ ਨਹੀਂ ਹੈ। ਡੇਰੇ ਦੇ ਕਈ ਸ਼ਰਧਾਲੂਆਂ ਦਾ ਸਿਰਫ ਏਨਾ ਕਹਿਣਾ ਹੈ ਕਿ ਸਾਨੂੰ ਕਾਨੂੰਨ 'ਤੇ ਵਿਸ਼ਵਾਸ ਹੈ ਤੇ ਸਾਨੂੰ ਇਨਸਾਫ਼ ਮਿਲੇਗਾ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਡੇਰੇ ਦੀ ਹੀ ਸਾਧਵੀ ਦੇ ਬਲਾਤਕਾਰ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ 20 ਸਾਲ ਦੀ ਕੈਦ ਭੁਗਤ ਰਹੇ ਹਨ।

Image copyright Prabhu Dayal/bbc

ਡੇਰੇ ਦੇ ਸਾਬਕਾ ਸ਼ਰਧਾਲੂ ਗੁਰਦਾਸ ਸਿੰਘ ਤੂਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ, "ਰਾਜਸੀ ਰਸੂਕ ਦੇ ਚਲਦਿਆਂ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕ ਟੰਗ ਕੇ ਇਮਾਰਤਾਂ ਖੜ੍ਹੀਆਂ ਕੀਤੀਆਂ ਗਈਆਂ ਸਨ। ਜਦੋਂ ਕੋਰਟ ਨੇ ਇਨ੍ਹਾਂ ਸਾਰੇ ਮਾਮਲਿਆਂ ਦਾ ਨੋਟਿਸ ਲਿਆ ਹੈ ਤੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਖਾਨਾਪੂਰਤੀ ਲਈ ਨੋਟਿਸ ਜਾਰੀ ਕਰ ਰਹੇ ਹਨ।''

ਸ਼ਾਹ ਸਤਨਾਮਪੁਰਾ ਪਿੰਡ ਕਿਵੇਂ ਬਣਿਆ?

ਕਈ ਵਿਵਾਦਾਂ ਦੇ ਚਲਦਿਆਂ ਡੇਰਾ ਸੁਰਖੀਆਂ ਵਿੱਚ ਆਇਆ ਤੇ ਕਈ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਵੱਲੋਂ ਸ਼ੁਰੂ ਕੀਤੀ ਗਈ।

ਸਾਲ 2015 ਵਿੱਚ ਕੁਝ ਇਮਾਰਤਾਂ ਲਈ ਸੀ.ਐਲ.ਯੂ. ਲਈ ਬਿਨੈ ਪੱਤਰ ਦਾਖ਼ਲ ਕੀਤੇ ਗਏ।

ਇਸੇ ਦੌਰਾਨ ਪੰਚਾਇਤੀ ਚੋਣਾਂ ਤੋਂ ਕਰੀਬ ਦੋ ਮਹੀਨੇ ਪਹਿਲਾਂ ਡੇਰਾ ਪ੍ਰਬੰਧਨ ਨੇ ਡੇਰਾ ਸੱਚਾ ਸੌਦਾ ਵਿੱਚ ਬਣੇ ਰਿਹਾਇਸ਼ੀ ਖੇਤਰ ਨੂੰ ਨਵੰਬਰ 2015 ਵਿੱਚ ਸ਼ਾਹ ਸਤਨਾਮਪੁਰਾ ਪਿੰਡ ਵਿੱਚ ਘੋਸ਼ਿਤ ਕਰਵਾ ਲਿਆ ਗਿਆ।

Image copyright HONEYPREETINSAN.ME

ਪਿੰਡ ਲਈ ਸੀ.ਐਲ.ਯੂ. ਦੀ ਲੋੜ ਨਹੀਂ ਹੁੰਦੀ ਅਜਿਹੇ ਵਿੱਚ ਇਹ ਮਾਮਲਾ ਹੋਲਡ 'ਤੇ ਰਿਹਾ ਤੇ 31 ਦਸੰਬਰ 2015 ਨੂੰ ਨਗਰ ਯੋਜਨਾਕਰ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਡੇਰੇ ਦੀਆਂ ਇਮਾਰਤਾਂ ਨੂੰ ਸੀ.ਐਲ.ਯੂ. ਤੋਂ ਮੁਕਤ ਕਰ ਦਿੱਤਾ।

ਜਦੋਂ ਡੇਰਾ ਵਿਵਾਦ ਜਿਆਦਾ ਭੱਖ ਗਿਆ ਤੇ ਦੂਜਿਆਂ ਮਾਮਲਿਆਂ ਦੀ ਤਰ੍ਹਾਂ ਇਹ ਮਾਮਲਾ ਵੀ ਲੋਕਾਂ ਦੀਆਂ ਨਜ਼ਰੀ ਪਿਆ ਤਾਂ ਪਿਛਲੇ ਮਹੀਨੇ ਡੇਰੇ ਵੱਲੋਂ ਦਿੱਤੇ ਗਏ ਬਿਨੈ-ਪੱਤਰ ਵਿਭਾਗ ਵੱਲੋਂ ਰੱਦ ਕਰ ਦਿੱਤੇ ਗੱਏ।

ਵਿਭਾਗ ਕੋਲ ਡੇਰਾ ਪ੍ਰਬੰਧਨ ਵੱਲੋਂ ਸ਼ੋਭਾ ਇੰਸਾ ਨੇ ਫਾਰਮ ਹਾਊਸ ਦੇ ਨਾਂ 'ਤੇ 25 ਫਰਵਰੀ 2015 ਨੂੰ ਸੀ.ਐਲ.ਯੂ. ਲਈ ਬਿਨੈ ਪੱਤਰ ਦਿੱਤਾ ਸੀ।

ਵਿਭਾਗ ਨੇ ਬੀਤੀ 28 ਮਾਰਚ ਨੂੰ ਇਸ ਦੀ ਸੀ.ਐਲ.ਯੂ. ਨੂੰ ਰੱਦ ਕਰ ਦਿੱਤਾ। ਰੱਦ ਕਰਨ ਦੀ ਵਜ੍ਹਾਂ ਇਮਾਰਤ ਨੂੰ ਨਗਰ ਯੋਜਨਾਕਾਰ ਵਿਭਾਗ ਦੇ ਕਾਇਦੇ ਕਾਨੂੰਨ ਮੁਤਾਬਕ ਨਾ ਬਣਾਉਣਾ ਦੱਸਿਆ ਗਿਆ ਹੈ।

Image copyright Manoj dhaka
ਫੋਟੋ ਕੈਪਸ਼ਨ ਡੇਰੇ ਦੇ ਅੰਦਰ ਕਈ ਪ੍ਰਸਿੱਧ ਇਮਾਰਤਾ ਦੇ ਡੁਪਲੀਕੇਟ ਬਣਾਏ ਗਏ ਹਨ

ਡੇਰਾ ਮੁਖੀ ਦੀ ਬੇਟੀ ਅਮਰਪ੍ਰੀਤ ਕੌਰ ਦਾ ਡੇਰੇ ਵਿੱਚ ਕਰੀਬ 4149 ਵਰਗ ਮੀਟਰ ਵਿੱਚ ਆਲੀਸ਼ਾਨ ਮਹਲ ਬਣਿਆ ਹੋਇਆ ਹੈ।

ਇਸ ਭਵਨ ਦੇ ਨਿਰਮਾਣ ਲਈ ਅਮਰਪ੍ਰੀਤ ਕੌਰ ਵੱਲੋਂ 18 ਮਾਰਚ 2015 ਨੂੰ ਬਿਨੈ ਪੱਤਰ ਦਿੱਤਾ ਗਿਆ ਸੀ ਜਦਕਿ ਇਸ ਦਾ ਨਿਰਮਾਣ ਕਾਫੀ ਪਹਿਲਾਂ ਕੀਤਾ ਜਾ ਚੁੱਕਿਆ ਸੀ।

ਇਸ ਮਾਮਲੇ ਵਿੱਚ ਡੇਰਾ ਪ੍ਰਬੰਧਨ ਵੱਲੋਂ ਨਗਰ ਯੋਜਨਕਾਰ ਵਿਭਾਗ ਦੇ ਹਰਿਆਣਾ ਦੇ ਪ੍ਰਧਾਨ ਸਕੱਤਰ ਨੂੰ ਅਪੀਲ ਕੀਤੀ ਗਈ ਹੈ ਜਿਸ ਸਬੰਧੀ ਫੈਸਲਾ ਆਉਣਾ ਹਾਲੇ ਬਾਕੀ ਹੈ।

ਡੇਰਾ ਸਿਰਸਾ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਹੋਰ ਖ਼ਬਰਾਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ