ਦਲਿਤਾਂ ਨੂੰ ਨਾਂ ਪਿੱਛੇ ‘ਸਿੰਘ’ ਲਾਉਣ ਕਰਕੇ ਧਮਕੀਆਂ ਮਿਲੀਆਂ

ਹਿਤੇਸ਼ ਦੇ ਵਿਆਹ ਦਾ ਕਾਰਡ Image copyright BHARGAV PARIKH

ਗੁਜਰਾਤ ਦੇ ਡੀਸਾ ਜ਼ਿਲ੍ਹੇ ਵਿੱਚ ਇੱਕ ਦਲਿਤ ਪਰਿਵਾਰ ਨੂੰ ਵਿਆਹ ਦੇ ਕਾਰਡ ਤੇ ਆਪਣੇ ਨਾਵਾਂ ਨਾਲ 'ਸਿੰਘ' ਕਰਕੇ ਧਮਕੀਆਂ ਮਿਲ ਰਹੀਆਂ ਹਨ।

ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਵਿਆਹ ਵਿੱਚ ਰੁਕਾਵਟ ਪਾਈ ਜਾਵੇਗੀ।

ਗੁਜਰਾਤ ਵਿੱਚ ਨਾਮ ਨਾਲ 'ਸਿੰਘ' ਜੋੜਨ ਨੂੰ ਸਤਿਕਾਰ ਵਜੋਂ ਦੇਖਿਆ ਜਾਂਦਾ ਹੈ। ਆਮ ਕਰਕੇ ਰਾਜਪੂਤ ਪੁਰਸ਼ ਆਪਣੇ ਨਾਮ ਨਾਲ 'ਸਿੰਘ' ਸ਼ਬਦ ਲਾਉਂਦੇ ਹਨ।

ਪੁਲਿਸ ਫੌਨ ਨੰਬਰ ਦੇ ਆਧਰਾ 'ਤੇ ਧਮਕੀਆਂ ਦੇਣ ਵਾਲੇ ਦਾ ਪਤਾ ਕਰਨ ਵਿੱਚ ਲੱਗੀ ਹੋਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਜੇ ਜ਼ਰੂਰਤ ਪਈ ਤਾਂ ਵਿਆਹ ਵਾਲੇ ਦਿਨ ਇਸ ਪਰਿਵਾਰ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ।

ਕਾਰਡ 'ਤੇ ਬਾਬਾ ਸਾਹਿਬ ਦੀ ਤਸਵੀਰ

ਡੀਸਾ ਨੇੜੇ ਪੈਂਦੇ ਗੋਲ ਪਿੰਡ ਦੇ ਨਿਵਾਸੀ ਸੇਂਧਾਭਾਈ ਭਦਰੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੋਟੇ ਬੇਟੇ ਹਿਤੇਸ਼ ਦੇ ਵਿਆਹ ਦੇ ਕਾਰਡ 'ਤੇ ਉਨ੍ਹਾਂ ਵੱਲੋਂ ਬਾਬਾ ਸਾਹਿਬ ਦੀ ਤਸਵੀਰ ਵੀ ਛਾਪੀ ਹੈ।

ਵਿਆਹ ਦੇ ਪ੍ਰੋਗਰਾਮ ਦੌਰਾਨ ਮਹਾਤਮਾਂ ਬੁੱਧ ਦੀ ਮੂਰਤੀ ਸਥਾਪਿਤ ਕਰਨ ਦੀ ਗੱਲ ਵੀ ਕਾਰਡ ਵਿੱਚ ਲਿਖੀ ਗਈ ਹੈ। ਇਸ ਦੇ ਨਾਲ ਹੀ ਕਾਰਡ 'ਤੇ 'ਜੈ ਭੀਮ ਅਤੇ ਨਮੋ ਬੁੱਧਾਯ' ਵੀ ਲਿਖਿਆ ਗਿਆ ਹੈ।

Image copyright BHARGAV PARIKH
ਫੋਟੋ ਕੈਪਸ਼ਨ ਸੇਂਧਾਭਾਈ ਭਦਰੂ ਦੇ ਛੋਟੇ ਬੇਟੇ ਹਿਤੇਸ਼ ਦੇ ਵਿਆਹ ਦੇ ਕਾਰਡ ਦਾ ਹੈ ਸਾਰਾ ਮਾਮਲਾ।

ਉਨ੍ਹਾਂ ਨੇ ਕਿਹਾ, "ਅਸੀਂ ਆਪਣੇ ਪਰਿਵਾਰ ਦੇ ਬੱਚਿਆਂ ਦੇ ਨਾਮ ਨਾਲ 'ਸਿੰਘ' ਲਾਇਆ ਹੈ ਇਸ ਲਈ ਸਾਨੂੰ ਧਮਕੀਆਂ ਮਿਲ ਰਹੀਆਂ ਹਨ।"

ਸੇਂਧਾਭਾਈ ਦੇ ਦੂਸਰੇ ਪੁੱਤਰ ਕਾਨਜੀਭਾਈ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਦੇ ਛੋਟੇ ਭਾਈ ਹਿਤੇਸ਼ ਦਾ ਵਿਆਹ 12 ਮਈ ਨੂੰ ਹੋਣਾ ਤੈਅ ਹੋਇਆ ਹੈ।

ਸੇਂਧਾ ਭਾਈ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਆਪਣੇ ਨਾਮ ਨਾਲ 'ਸਿੰਘ' ਲਾਇਆ ਹੈ ਇਸ ਲਈ ਸਾਡਾ ਜਿਉਣਾ ਮੁਹਾਲ ਕਰ ਦਿੱਤਾ ਗਿਆ ਹੈ। ਸਾਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ। ਸਾਨੂੰ ਵਿਆਹ ਦੀ ਖ਼ਰੀਦਦਾਰੀ ਕਰਨ ਜਾਂਦਿਆਂ ਵੀ ਡਰ ਲੱਗਦਾ ਹੈ।"

"ਸਾਡੀਆਂ ਧੀਆਂ-ਭੈਣਾਂ ਨੂੰ ਘਰੋਂ ਚੁੱਕ ਕੇ ਲਿਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।"

ਸੇਂਧਾ ਭਾਈ ਦੇ ਵੱਡੇ ਪੁੱਤਰ ਕੇਸਰ ਭਾਈ ਕਹਿੰਦੇ ਹਨ, "ਸਾਨੂੰ ਮਿਲੀਆਂ ਧਮਕੀਆਂ ਦੀ ਗੱਲ ਸਮਾਜ ਵਿੱਚ ਚਾਰੇ ਪਾਸੇ ਫੈਲ ਗਈ ਹੈ। ਹੁਣ ਸਾਡੇ ਘਰ ਵਿਆਹ "ਤੇ ਕੌਣ ਆਵੇਗਾ ਇਹ ਵੀ ਇੱਕ ਸਵਾਲ ਹੈ।''

"ਸਾਨੂੰ ਡਰ ਹੈ ਕਿ ਵਿਆਹ ਦੇ ਦਿਨ ਕੁਝ ਹੰਗਾਮਾ ਹੋਇਆ ਤਾਂ ਭੈਣਾਂ-ਧੀਆਂ ਸਲਾਮਤ ਰਹਿਣਗੀਆਂ ਜਾਂ ਨਹੀਂ।''

ਸਰਕਾਰੀ ਪੱਖ

ਪੁਲਿਸ ਅਫ਼ਸਰ ਜੇ ਐਨ ਖਾਂਟੇ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ। ਅਸੀਂ ਕਾਲ ਦੇ ਵੇਰਵੇ ਕੱਢ ਲਏ ਹਨ ਅਤੇ ਧਮਕੀ ਦੇਣ ਵਾਲੇ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ।"

ਗੁਜਰਾਤ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਨਿਆਂ ਵਿਭਾਗ ਦੇ ਮੰਤਰੀ ਈਸ਼ਵਰ ਪਰਮਾਰ ਨੇ ਦੱਸਿਆ, "ਸਾਰਿਆਂ ਨੂੰ ਆਪਣੇ ਨਾਮ ਨਾਲ ਕੋਈ ਵੀ ਨਾਮ ਲਾਉਣ ਦੀ ਆਜ਼ਾਦੀ ਹੈ। ਦਲਿਤਾਂ ਨੂੰ ਇਸ ਤਰ੍ਹਾਂ ਧਮਕਾਇਆ ਨਹੀਂ ਜਾ ਸਕਦਾ। ਅਸੀਂ ਦਲਿਤ ਪਰਿਵਾਲ ਨੂੰ ਪੂਰੀ ਸੁਰੱਖਿਆ ਦੇਵਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ