ਸੋਸ਼ਲ: ਅਰੇ ਯਾਰ ਟਵਿੱਟਰ ਜੀ, ਹੁਣ ਤਾਂ ਮੇਰੇ ਨੰਬਰ ਵਧਾ ਦੋ - ਅਮਿਤਾਭ ਬੱਚਨ

ਅਮਿਤਾਭ ਬੱਚਨ Image copyright Gareth Cattermole/Getty Images

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਟਵਿੱਟਰ ਤੋਂ ਮੁੜ ਤੋਂ ਨਾਖੁਸ਼ ਹਨ। ਅਮਿਤਾਭ ਨੇ ਟਵੀਟ ਕਰ ਕੇ ਟਵਿੱਟਰ ਨੂੰ ਹੀ ਆਪਣੇ ਫੌਲੋਅਰਜ਼ ਵਧਾਉਣ ਲਈ ਗੁਜ਼ਾਰਿਸ਼ ਕੀਤੀ ਹੈ।

ਅਮਿਤਾਭ ਨੇ ਟਵੀਟ ਕੀਤਾ, ''ਅਰੇ ਯਾਰ ਟਵਿੱਟਰ ਜੀ, ਹੁਣ ਤਾਂ ਮੇਰੇ ਨੰਬਰ ਵਧਾ ਦੋ। ਕਦੋਂ ਤੋਂ ਇੰਨਾ ਕੁਝ ਪਾ ਰਿਹਾ ਹਾਂ, ਨੰਬਰ ਵਧਾਉਣ ਲਈ ਕੁਝ ਹੋਰ ਕਰਨਾ ਹੋਵੇ ਤਾਂ ਦੱਸੋ।''

ਇਸ ਟਵੀਟ ਤੋਂ ਬਾਅਦ ਟਵਿੱਟਰ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਪਰ ਕਈ ਲੋਕ ਇਸ ਟਵੀਟ 'ਤੇ ਕਮੈਂਟ ਕਰਨ ਲੱਗੇ।

ਕਈ ਯੂਜ਼ਰਜ਼ ਨੇ ਲਿਖਿਆ ਕਿ ਅਮਿਤਾਭ ਵਰਗੀ ਸ਼ਖਸੀਅਤ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

ਅਜੀਤ ਕੁਮਾਰ ਨੇ ਟਵੀਟ ਕੀਤਾ, ''ਇਹ ਲਿਖਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਤੁਹਾਡੇ ਲਈ ਇਨ੍ਹਾਂ ਨੰਬਰਾਂ ਦੇ ਕੋਈ ਮਾਅਨੇ ਨਹੀਂ ਹਨ ਪਰ ਹਰ ਵਾਰ ਤੁਹਾਡਾ ਇਸ ਤਰ੍ਹਾਂ ਲਿਖਣਾ ਚੰਗਾ ਨਹੀਂ ਹੈ।''

ਮਿਸ ਏਲੀਜਾਬੈਥ ਸਵਾਨ ਨੇ ਟਵੀਟ ਕੀਤਾ, ''ਸਰ ਕਿੱਥੇ ਮੋਹ ਮਾਇਆ ਵਿੱਚ ਫੱਸੇ ਹੋ?''

ਕੁਝ ਲੋਕ ਆਪਸ ਵਿੱਚ ਬਹਿਸ ਵੀ ਕਰਨ ਲੱਗੇ ਕਿ ਆਖਿਰ ਅਮਿਤਾਭ ਇਹ ਟਵੀਟ ਕਰ ਕਿਉਂ ਰਹੇ ਹਨ। ਅਮਿਤਾਭ ਦਾ ਸਾਥ ਦਿੰਦੇ ਹੋਏ ਮਹਿਕ ਸ਼ੁਕਲਾ ਨੇ ਟਵੀਟ ਕੀਤਾ, ''ਟਵਿੱਟਰ ਨੇ ਉਨ੍ਹਾਂ ਦੇ ਫੌਲੋਅਰ ਘਟਾ ਦਿੱਤੇ ਸਨ ਜੋ ਛੇਤੀ ਛੇਤੀ ਨਹੀਂ ਵਧਦੇ। ਇਸਲਈ ਉਹ ਵਾਰ ਵਾਰ ਇਸ ਤਰ੍ਹਾਂ ਦੇ ਟਵੀਟ ਕਰਦੇ ਹਨ।''

ਇਸ ਦੇ ਜਵਾਬ ਵਿੱਚ ਰਵੀ ਨੇ ਟਵੀਟ ਕੀਤਾ, ''ਉਹ ਨਕਲੀ ਫੌਲੋਅਰ ਸਨ ਜੋ ਟਵਿੱਟਰ ਨੇ ਡਿਲੀਟ ਕਰ ਦਿੱਤੇ। ਫੌਲੋਅਰਜ਼ ਲਈ ਇੰਨਾ ਕੌਣ ਵਾਰ ਵਾਰ ਕਹਿੰਦਾ ਹੈ, ਉਨ੍ਹਾਂ ਦੀ ਸ਼ਖਸੀਅਤ ਨਾਲ ਮੇਲ ਨਹੀਂ ਜਾਂਦਾ।''

ਲੋਕੇਸ਼ ਰਾਜ ਸਿੰਘ ਨੇ ਲਿਖਿਆ, ''ਇਹ ਨੰਬਰ ਨਹੀਂ ਅਸਲੀ ਲੋਕ ਹਨ ਜੋ ਤੁਹਾਨੂੰ ਫੌਲੋ ਕਰਦੇ ਹਨ, ਜੇ ਤੁਸੀਂ ਅਜਿਹਾ ਕਹੋਗੇ ਤਾਂ ਤੁਹਾਡੇ ਫੌਲੋਅਰ ਹੋਰ ਵੀ ਘਟਨਗੇ।''

ਦਰਅਸਲ ਅਮਿਤਾਭ ਪਹਿਲਾਂ ਵੀ ਟਵਿੱਟਰ 'ਤੇ ਘੱਟ ਫੌਲੋਅਰਜ਼ ਦੀ ਸ਼ਿਕਾਇਤ ਕਰ ਚੁੱਕੇ ਹਨ।

ਜਨਵਰੀ ਵਿੱਚ ਸ਼ਾਹਰੁਖ ਖ਼ਾਨ ਦੇ ਫੌਲੋਅਰ ਵੱਧ ਹੋਣ ਕਰਕੇ ਅਮਿਤਾਭ ਨੇ ਗੁੱਸੇ ਵਿੱਚ ਟਵੀਟ ਕੀਤਾ ਸੀ।

ਉਨ੍ਹਾਂ ਲਿਖਿਆ ਸੀ, ''ਟਵਿੱਟਰ, ਤੁਸੀਂ ਮੇਰੇ ਨੰਬਰ ਘਟਾ ਦਿੱਤੇ? ਹੁਣ ਤੁਹਾਨੂੰ ਛੱਡਣ ਦਾ ਸਮਾਂ ਆ ਗਿਆ ਹੈ। ਮਾਰਕੀਟ ਵਿੱਚ ਹੋਰ ਵੀ ਬਹੁਤ ਕੁਝ ਨਵਾਂ ਅਤੇ ਵਧੀਆ ਹੈ।''

ਟਵਿੱਟਰ 'ਤੇ ਕਿਸ ਦੇ ਕਿੰਨੇ ਫੌਲੋਅਰ?

ਅਮਿਤਾਭ ਦੇ ਇਸ ਟਵੀਟ ਨੂੰ ਵੇਖ ਕੇ ਲੱਗਦਾ ਹੈ ਕਿ ਬਾਲੀਵੁੱਡ ਸਿਤਾਰਿਆਂ ਨੂੰ ਫੌਲੋਅਰਜ਼ ਦੀ ਬਹੁਤ ਚਿੰਤਾ ਹੋ ਰਹੀ ਹੈ।

ਜਾਣਦੇ ਹਾਂ ਬਾਲੀਵੁੱਡ ਦੇ ਕਿਹੜੇ ਕਲਾਕਾਰ ਟਵਿੱਟਰ 'ਤੇ ਟੌਪ 'ਤੇ ਰਹਿੰਦੇ ਹਨ?

  • ਸ਼ਾਹਰੁਖ ਖ਼ਾਨ - 3 ਕਰੋੜ 52 ਲੱਖ
  • ਅਮਿਤਾਭ ਬੱਚਨ - 3 ਕਰੋੜ 40 ਲੱਖ
  • ਸਲਮਾਨ ਖ਼ਾਨ - 3 ਕਰੋੜ 32 ਲੱਖ
  • ਅਕਸ਼ੇ ਕੁਮਾਰ - 2 ਕਰੋੜ 66 ਲੱਖ
  • ਆਮਿਰ ਖ਼ਾਨ - 2 ਕਰੋੜ 33 ਲੱਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)