ਨਜ਼ਰੀਆ꞉ ਜਦੋਂ ਜਿਨਾਹ ਨੇ ਪੁੱਛਿਆ 'ਤੁਸੀਂ ਪਹਿਲਾਂ ਭਾਰਤੀ ਹੋ ਜਾਂ ਮੁਸਲਮਾਨ'

ਮੁਹੰਮਦ ਅਲੀ ਜਿਨਾਹ Image copyright Getty Images

ਕਿਸੇ ਸੰਸਥਾ ਦੀ ਸਥਾਪਨਾ ਵਿੱਚ ਆਰਥਿਕ ਸਹਿਯੋਗ ਦੇਣ ਵਾਲੇ ਨੂੰ ਬਣਦਾ ਮਾਣ ਦੇਣ ਵਿੱਚ ਕੀ ਮਾੜਾ ਹੈ। ਇਸੇ ਤਰ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕੰਧ 'ਤੇ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਲਾਉਣਾ ਸਹੀ ਲਗਦਾ ਹੈ।

ਇਸ ਯੂਨੀਵਰਸਿਟੀ ਨੂੰ ਆਪਣੀ ਜਾਇਦਾਦ ਦਾ ਇੱਕ ਵੱਡਾ ਹਿੱਸਾ ਦਾਨ ਕਰਨ ਵਾਲੇ ਜਿਨਾਹ ਆਪਣੇ ਸਮੇਂ ਦੇ ਇੱਕੋ-ਇੱਕ ਸਿਆਸਤਦਾਨ ਸਨ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਦਾਨ

ਆਜ਼ਾਦੀ ਤੋਂ ਪਹਿਲਾਂ ਜਿਨਾਹ ਦੇਸ ਦੇ ਸਭ ਤੋਂ ਧਨਾਢ ਲੋਕਾਂ ਵਿੱਚੋਂ ਇੱਕ ਅਤੇ ਬਦਕਿਸਮਤੀ ਨਾਲ ਕੰਜੂਸਾਂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਪੂਰੀ ਜਾਇਦਾਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਅਤੇ ਦੋ ਹੋਰ ਯੂਨੀਵਰਸਿਟੀਆਂ- ਪਿਸ਼ਾਵਰ ਦੇ ਇਸਲਾਮੀਆ ਕਾਲਜ ਅਤੇ ਕਰਾਚੀ ਦੇ ਸਿੰਧ ਸਦਰੇਸਾਤੁਲ ਲਈ ਛੱਡ ਦਿੱਤੀ ਸੀ।

ਹਾਲਾਂਕਿ ਇੱਕ ਸਕੂਲੀ ਵਿਦਿਆਰਥੀ ਵਜੋਂ ਉਨ੍ਹਾਂ ਨੇ ਸਿੰਧ ਸਦਰੇਸਾਤੁਲ ਨੂੰ ਛੱਡ ਕੇ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪੜ੍ਹਾਈ ਨਹੀਂ ਕੀਤੀ ਸੀ।

ਇਨ੍ਹਾਂ ਸੰਸਥਾਵਾਂ ਨੂੰ ਆਪਣੀ ਜਾਇਦਾਦ ਦਾਨ ਕਰਨ ਦਾ ਫੈਸਲਾ ਉਨ੍ਹਾਂ ਨੇ ਪਾਕਿਸਤਾਨ ਬਣਨ ਤੋਂ 8 ਸਾਲ ਪਹਿਲਾਂ 30 ਮਈ 1939 ਵਿੱਚ ਹੀ ਲੈ ਲਿਆ ਸੀ।

Image copyright Getty Images

ਜਦੋਂ ਉਨ੍ਹਾਂ ਨੂੰ ਇਹ ਸਪੱਸ਼ਟ ਵੀ ਹੋ ਗਿਆ ਸੀ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਉਹ ਪਾਕਿਸਤਾਨ ਵਿੱਚ ਸ਼ਾਮਲ ਨਹੀਂ ਕਰਾ ਸਕਦੇ ਅਤੇ ਅਖੀਰ ਵਿੱਚ ਜਦੋਂ ਉਹ ਆਪਣੀ ਮੌਤ ਦੇ ਨੇੜੇ ਸਨ, ਤਾਂ ਉਨ੍ਹਾਂ ਨੇ ਇੱਕ ਵਾਰ ਵੀ ਆਪਣਾ ਮਨ ਨਹੀਂ ਬਦਲਿਆ ਅਤੇ ਨਾ ਹੀ ਆਪਣੀ ਵਸੀਅਤ ਬਦਲੀ।

ਬਰਤਾਨਵੀ ਸਰਕਾਰ ਦੇ ਕੱਟੜ ਦੁਸ਼ਮਣ

ਜਾਇਦਾਦ ਹੀ ਜਿਨਾਹ ਦੀ ਭਾਰਤ ਨੂੰ ਇੱਕ ਮਾਤਰ ਸੁਗਾਤ ਨਹੀਂ ਸੀ। ਸਰੋਜਨੀ ਨਾਇਡੂ ਨੇ ਉਨ੍ਹਾਂ ਬਾਰੇ ਕਿਹਾ ਸੀ ਕਿ ਉਹ ਇੱਕ ਸ਼ਰਮੀਲੇ ਅਤੇ ਆਦਰਸ਼ਵਾਦ ਵਾਲੇ ਵਿਅਕਤੀ ਸਨ ਅਤੇ ਆਪਣੇ ਵੱਖਰੇ ਅਤੇ ਰੋਹਬਦਾਰ ਜੁੱਸੇ ਦੇ ਨਾਲ ਹੀ ਉਹ ਬੈਰਿਸਟਰ ਦੇ ਰੂਪ ਵਿੱਚ ਬੰਬਈ ਆਉਣ ਮਗਰੋਂ ਉਹ ਇੱਕ ਪ੍ਰੇਰਣਾਦਾਇਕ ਆਗੂ ਬਣੇ।

ਉਹ ਆਪਣੀ ਯੋਗਤਾ ਅਤੇ ਮਿਹਨਤ ਸਦਕਾ ਆਪਣੇ ਪੇਸ਼ੇ ਦੇ ਸਿਖਰ 'ਤੇ ਪਹੁੰਚੇ ਸਨ। ਉਹ ਜਨਤਕ ਜੀਵਨ ਦੀ ਥਾਂ ਸ਼ਰਾਬਖਾਨੇ ਵਿੱਚ ਆਪਣਾ ਜੀਵਨ ਨਹੀਂ ਖ਼ਤਮ ਕਰਨਾ ਚਾਹੁੰਦੇ ਸਨ।

Image copyright Getty Images

ਜਦੋਂ ਉਹ ਅਸੈਂਬਲੀ ਜਾਂ ਇਸ ਦੇ ਬਾਹਰ 'ਬਰਤਾਨਵੀ ਸਰਕਾਰ ਦੇ ਕੱਟੜ ਦੁਸ਼ਮਣ' ਵਜੋਂ ਰੁੱਝੇ ਨਹੀਂ ਹੁੰਦੇ ਸਨ ਤਾਂ ਉਹ ਆਪਣੇ ਚੈਂਬਰ ਦੇ ਬਾਹਰ ਜੁਟੇ ਹੋਏ ਨੌਜਵਾਨਾਂ ਨੂੰ ਸਿਆਸਤ ਵਿੱਚ ਸਰਗਰਮ ਹੋਣ ਦੀ ਸਲਾਹ ਦਿੰਦੇ ਸਨ।

ਉਹ ਇਹ ਕੰਮ ਇੱਕ ਆਦਰਸ਼ ਵਜੋਂ ਕਰਦੇ ਸਨ। ਕਾਨੂੰਨੀ ਮਾਹਿਰ ਐਮਸੀ ਚਗਲਾ ਉਨ੍ਹਾਂ ਨੂੰ ਬੌਂਬੇ ਦਾ ਬੇਤਾਜ ਬਾਦਸ਼ਾਹ ਕਹਿੰਦੇ ਸਨ।

ਉਹ 'ਮੁਸਲਿਮ ਗੋਖਲੇ' ਬਣਨਾ ਚਾਹੁੰਦੇ ਸਨ

ਉਦਾਰਵਾਦੀ ਸੁਧਾਰਕ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਪੂਰਾ ਭਰੋਸਾ ਸੀ ਕਿ ਜਿਨਾਹ ਵਿੱਚ ਸਚਾਈ ਹੈ ਅਤੇ ਉਹ ਧਰਮਾਂ ਬਾਰੇ ਪੂਰਬ ਧਾਰਨਾਵਾਂ ਤੋਂ ਵੀ ਮੁਕਤ ਹਨ। ਜਿਸ ਕਰਕੇ ਉਹ ਹਿੰਦੂ-ਮੁਸਲਿਮ ਏਕਤਾ ਦੇ ਸਮਰਥਕ ਸਨ।

ਗੋਖਲੇ ਦੀ ਸਲਾਹ ਨਾਲ ਹੀ ਉਹ ਮੁਸਲਿਮ ਲੀਗ ਵਿੱਚ ਸ਼ਾਮਲ ਹੋਏ। ਸ਼ਰਤ ਇਹ ਸੀ, "ਮੁਸਲਿਮ ਲੀਗ ਅਤੇ ਮੁਸਲਮਾਨਾਂ ਦੇ ਸਰੋਕਾਰਾਂ ਪ੍ਰਤੀ ਵਫ਼ਾਦਾਰੀ ਦਾ ਇਹ ਅਰਥ ਨਹੀਂ ਹੋਵੇਗਾ ਕਿ ਉਸ ਦਾ ਪ੍ਰਛਾਵਾਂ ਵੀ ਦੇਸ ਪ੍ਰਤੀ ਉਨ੍ਹਾਂ ਦੀ ਨਿਸ਼ਠਾ 'ਤੇ ਪਵੇ ਜਿਸ ਲਈ ਉਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ।" ਉਹ ਮੁਸਲਿਮ ਗੋਖਲੇ ਬਣਨਾ ਚਾਹੁੰਦੇ ਸਨ।

Image copyright Getty Images
ਫੋਟੋ ਕੈਪਸ਼ਨ ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫ਼ਾਤਿਮਾ

ਜਦੋਂ ਉਹ 1916 ਵਿੱਚ ਕਾਂਗਰਸ ਅਤੇ ਮੁਸਲਿਮ ਲੀਗ ਨੂੰ ਇਕੱਠੇ ਕਰਨ ਵਿੱਚ ਕਾਮਯਾਬ ਹੋਏ ਤਾਂ ਉਨ੍ਹਾਂ ਦਾ ਸੁਫਨਾ ਲਗਭਗ ਪੂਰਾ ਹੋ ਗਿਆ ਸੀ।

ਇਹ ਸੁਫਨਾ ਚਾਰ ਸਾਲ ਬਾਅਦ ਉਸ ਸਮੇਂ ਟੁੱਟਿਆ ਜਦੋਂ ਉਨ੍ਹਾਂ ਨੇ ਉਤਾਵਲੇਪਣ ਵਿੱਚ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਅਸਹਿਯੋਗ ਦੀ ਸਿਆਸਤ, ਜਿਸ ਬਾਰੇ ਉਨ੍ਹਾਂ ਦੀ ਧਾਰਨਾ ਸੀ ਕਿ ਇਹ ਅਰਾਜਕਤਾ ਅਤੇ ਹਿੰਸਾ ਫੈਲਾਵੇਗੀ, ਦਾ ਵਿਰੋਧ ਕੀਤਾ। ਇਸ ਕਰਕੇ ਉਨ੍ਹਾਂ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ।

ਹਿੰਦੂ-ਮੁਸਲਿਮ ਏਕਤਾ ਦੇ ਪੈਰੋਕਾਰ

ਕਾਂਗਰਸ ਛੱਡਣ ਲਈ ਮਜਬੂਰ ਹੋਣ ਮਗਰੋਂ ਵੀ ਉਨ੍ਹਾਂ ਵਿੱਚ ਹਿੰਦੂ-ਮੁਸਲਿਮ ਏਕਤਾ ਦੀ ਉਮੀਦ ਨਹੀਂ ਮਰੀ ਸੀ।

ਉਨ੍ਹਾਂ ਨੇ ਮੁਸਲਮਾਨਾਂ ਦੀਆਂ ਫਿਰਕੂ ਤਾਕਤਾਂ ਨਾਲ ਸੁਲਾਹ ਕਰਨ ਤੋਂ ਇਨਕਾਰ ਕਰ ਦਿੱਤਾ।

ਕਾਂਗਰਸ ਛੱਡਣ ਮਗਰੋਂ ਵੀ ਉਨ੍ਹਾਂ ਦਾ ਕੌਮੀ ਲੀਡਰ ਵਾਲਾ ਵਕਾਰ ਕਾਇਮ ਰਿਹਾ। ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਹਿੱਤਾਂ ਨੂੰ ਦੇਸ ਦੇ ਹਿੱਤਾਂ ਤੋਂ ਉੱਪਰ ਰੱਖਣ ਤੋਂ ਇਨਕਾਰ ਕਰ ਦਿੱਤਾ।

ਮਹਿਮੂਦਾਬਾਦ ਦੇ ਰਾਜਾ ਯਾਦ ਕਰਦਿਆਂ ਕਹਿੰਦੇ ਹਨ। ਸਾਲ 1926 ਵਿੱਚ ਜਦੋਂ ਉਹ ਬੱਚੇ ਸਨ ਤਾਂ ਜਿਨਾਹ ਨੇ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਪਹਿਲਾਂ ਕੀ ਹੋ, ਮੁਸਲਮਾਨ ਜਾਂ ਭਾਰਤੀ?" ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਮੁਸਲਮਾਨ ਹਾਂ ਤੇ ਬਾਅਦ ਵਿੱਚ ਭਾਰਤੀ। ਇਸ ਗੱਲ 'ਤੇ ਜਿਨਾਹ ਨੇ ਝਿੜਕਿਆ ਤੇ ਕਿਹਾ, "ਮੇਰੇ ਬੱਚੇ, ਨਹੀਂ, ਤੁਸੀਂ ਪਹਿਲਾਂ ਭਾਰਤੀ ਹੋ ਫਿਰ ਮੁਸਲਮਾਨ।"

Image copyright Getty Images

ਕਾਂਗਰਸ ਵਿੱਚੋਂ ਕੱਢੇ ਜਾਣ ਮਗਰੋਂ ਉਨ੍ਹਾਂ ਨੇ ਆਪਣੀ ਸਾਰੀ ਊਰਜਾ ਅਸੈਂਬਲੀ ਦੇ ਅੰਦਰੋਂ ਹੀ ਬਰਤਾਨਵੀ ਸਾਮਰਾਜ ਖਿਲਾਫ਼ ਲੜਨ ਵਿੱਚ ਲਾ ਦਿੱਤੀ।

ਉਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਦੀ ਪਾਰਟੀ ਬਣਾਈ ਅਤੇ ਗਾਂਧੀ ਦੀ ਸਿਆਸਤ ਦੇ ਵਿਰੋਧੀਆਂ ਨਾਲ ਸਹਿਯੋਗ ਕੀਤਾ।

ਉਹ ਸਵਰਾਜ ਪਾਰਟੀ ਦੇ ਮੈਂਬਰ ਵਜੋਂ ਅਸੈਂਬਲੀ ਵਿੱਚ ਦਾਖਲ ਹੋਏ ਪਰ ਇਸ ਸਭ ਦੌਰਾਨ ਉਹ ਲਗਾਤਾਰ ਕਾਂਗਰਸ ਵਿੱਚ ਰਲੇਵੇਂ ਦੇ ਮੌਕੇ ਤਲਾਸ਼ਦੇ ਰਹੇ।

ਰੌਲਟ ਐਕਟ ਦੇ ਵਿਰੋਧੀਆਂ ਵਿੱਚ ਸਭ ਤੋਂ ਮੂਹਰੇ

ਜਿੰਨੇ ਸਾਲ ਵੀ ਉਹ ਅਸੈਂਬਲੀ ਵਿੱਚ ਰਹੇ ਉਹ ਸਰਕਾਰ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਵੱਲੋਂ ਚੁੱਕੇ ਮਸਲਿਆਂ ਨੇ ਭਵਿੱਖ ਦੇ ਭਾਰਤ ਨੂੰ ਆਕਾਰ ਦਿੱਤਾ। ਜਿਵੇਂ- ਮੁੱਢਲੀ ਸਿੱਖਿਆ, ਫੌਜ ਦਾ ਭਾਰਤੀਕਰਨ, ਸਿਵਲ ਸੇਵਾ ਅਤੇ ਆਰਥਿਕ ਆਜ਼ਾਦੀ ਵਰਗੇ ਮਸਲੇ।

ਉਨ੍ਹਾਂ ਨੇ ਰੌਲਟ ਐਕਟ ਖਿਲਾਫ਼ ਅੰਤ ਤੱਕ ਲੜਾਈ ਲੜੀ। ਇਸ ਦੇ ਪਾਸ ਹੋਣ ਦੇ ਵਿਰੋਧ ਵਜੋਂ ਉਨ੍ਹਾਂ ਨੇ ਆਪਣੀ ਸੀਟ ਤੋਂ ਅਸਤੀਫ਼ਾ ਦਿੱਤਾ।

ਉਹ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲੇ ਪਹਿਲੇ ਸ਼ਖਸ ਸਨ। ਇਸ ਵਿੱਚ ਕੋਈ ਭਾਰਤੀ ਨਹੀਂ ਸੀ ਜਦਕਿ ਇਸ ਨੂੰ ਸਰਕਾਰ ਵਿੱਚ ਸੁਧਾਰ ਕਰਨ ਲਈ ਭੇਜਿਆ ਗਿਆ ਸੀ। ਇਸ ਦੀ ਕੀਮਤ ਉਨ੍ਹਾਂ ਨੂੰ ਮੁਸਲਿਮ ਲੀਗ ਦੀ ਵੰਡ ਨਾਲ ਚੁਕਾਉਣੀ ਪਈ।

Image copyright Getty Images

ਮੁਹੰਮਦ ਸ਼ਫੀ ਦੀ ਅਗਵਾਈ ਵਿੱਚ ਮੁਸਲਿਮ ਲੀਗ ਦੇ ਇੱਕ ਧੜੇ ਨੇ ਲੀਗ ਛੱਡ ਦਿੱਤੀ ਅਤੇ ਸਾਈਮਨ ਕਮਿਸ਼ਨ ਦਾ ਸਹਿਯੋਗ ਕਰ ਰਹੀ ਹਿੰਦੂ ਮਹਾਂ ਸਭਾ ਨਾਲ ਹੱਥ ਮਿਲਾ ਕੇ ਨਵੀਂ ਪਾਰਟੀ ਬਣਾ ਲਈ।

ਜਦੋਂ ਹਿੰਦੂ-ਮੁਸਲਿਮ ਏਕਤਾ ਦੀਆਂ ਉਮੀਦਾਂ ਟੁੱਟੀਆਂ

ਇੱਕ ਸਰਬ ਪਾਰਟੀ ਸੰਮੇਲਨ ਵਿੱਚ ਹਿੰਦੂ ਮਹਾਂ ਸਭਾ ਨੇ ਉਨ੍ਹਾਂ ਦੇ ਮੁਸਲਿਮ ਲੀਗ ਅਤੇ ਕਾਂਗਰਸ ਦੇ ਏਕੇ ਦੇ ਯਤਨਾਂ ਨੂੰ ਨਾਕਾਮ ਕਰ ਦਿੱਤਾ।

ਸਮਾਗਮ ਤੋਂ ਬਾਅਦ ਉਹ ਰੋਏ ਅਤੇ ਇਸ ਘਟਨਾ ਨੂੰ ਉਨ੍ਹਾਂ ਨੇ ਕਾਂਗਰਸ ਤੋਂ ਵੱਖ ਹੋਣਾ ਦੱਸਿਆ। ਜਦਕਿ ਉਨ੍ਹਾਂ ਨੂੰ 8 ਸਾਲ ਪਹਿਲਾਂ ਹੀ ਕਾਂਗਰਸ ਵਿੱਚੋਂ ਕੱਢਿਆ ਜਾ ਚੁੱਕਿਆ ਸੀ।

Image copyright Getty Images
ਫੋਟੋ ਕੈਪਸ਼ਨ ਭਾਰਤ ਦੀ ਵੰਡ ਦੇ ਸਮੇਂ ਦੀ ਹਿਜਰਤ ਦੀ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਹਿਜਰਤਾਂ ਵਿੱਚ ਗਿਣੀ ਜਾਂਦੀ ਹੈ।

ਇਸ ਮਗਰੋਂ ਵੀ ਉਹ ਰਾਸ਼ਟਰਵਾਦੀ ਬਣੇ ਰਹੇ ਅਤੇ ਉਨ੍ਹਾਂ ਨੇ ਇਕਬਾਲ ਦੀ ਪਾਕਿਸਤਾਨ ਵਾਲੀ ਗੱਲ ਨੂੰ ਇੱਕ ਕਵੀ ਦਾ ਸੁਫਨਾ ਕਿਹਾ।

ਅਸਲ ਵਿੱਚ ਉਹ 1936 ਵਿੱਚ ਆਪਣੇ ਆਪ ਨੂੰ ਦਿੱਤੇ ਦੇਸ ਨਿਕਾਲੇ ਤੋਂ ਬਾਅਦ ਦੇਸ਼ ਭਗਤ ਅਤੇ ਉਦਾਰਵਾਦੀ ਮੁਸਲਿਮ ਧੜੇ ਨੂੰ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਸਨ। ਜਿਹੜਾ ਸਮਾਜ ਦੇ ਹੋਰ ਪ੍ਰਗਤੀਵਾਦੀ ਧੜਿਆਂ ਨਾਲ ਮਿਲ ਕੇ ਕੰਮ ਕਰ ਸਕੇ।

ਕੀ ਦੇਸ ਦੀ ਵੰਡ ਲਈ ਜਿਨਾਹ ਜ਼ਿੰਮੇਵਾਰ ਸਨ?

ਅਜਿਹੇ ਸਮਕਾਲੀ ਲੋਕ ਵੀ ਹਨ ਜੋ ਵੰਡ ਲਈ ਕਾਂਗਰਸ ਨੂੰ ਜ਼ਿੰਮੇਵਾਰ ਮੰਨਦੇ ਹਨ, ਜਿਨਾਹ ਨੂੰ ਨਹੀਂ।

ਉਨ੍ਹਾਂ ਦੇ ਕਰੀਬੀ ਦੋਸਤ ਕਾਂਜੀ ਰਾਮ ਦਵਾਰਕਾਦਾਸ ਨੇ ਆਪਣੀ ਕਿਤਾਬ "ਟੈਨ ਈਅਰਜ਼ ਟੂ ਫਰੀਡਮ" ਵਿੱਚ 28 ਅਗਸਤ 1942 ਦੀ ਹੋਈ ਆਪਣੀ 90 ਮਿੰਟਾਂ ਦੀ ਮੁਲਾਕਾਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਜਿਨਾਹ ਨੇ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਪਾਕਿਸਤਾਨ ਕਦੇ ਹੋਂਦ ਵਿੱਚ ਆਵੇਗਾ।

Image copyright Getty Images

ਜਦੋਂ ਕਾਂਜੀ ਨੇ ਜਿਨਾਹ ਨੂੰ ਉਨ੍ਹਾਂ ਦੇ ਪਾਕਿਸਤਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਮੇਰੇ ਪਿਆਰੇ ਕਾਂਜੀ, ਮੈਂ ਸਿਰਫ ਇੱਕ ਇਸ਼ਾਰਾ, ਇੱਕ ਦੋਸਤਾਨਾ ਇਸ਼ਾਰਾ ਚਾਹੁੰਦਾ ਸੀ ਅਤੇ ਇਹ ਕਾਂਗਰਸ ਵੱਲੋਂ ਨਹੀਂ ਮਿਲ ਰਿਹਾ। ਜੇ ਕਾਂਗਰਸ ਇਹ ਇਸ਼ਾਰਾ ਕਰਦੀ ਹੈ ਤਾਂ ਇਸ ਪੂਰੀ ਸਮੱਸਿਆ ਨੂੰ ਹੱਲ ਕਰਨਾ ਮੁਸ਼ਕਿਲ ਨਹੀਂ ਹੋਵੇਗਾ।"

ਇਸ ਦੇ ਬਦਲੇ ਕਾਂਗਰਸ ਨੇ ਉਨ੍ਹਾਂ ਦਾ ਨਾਮ ਆਪਣੇ ਤਰੀਕੇ ਨਾਲ ਉਛਾਲਣ ਦਾ ਫੈਸਲਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)