ਸੋਸ਼ਲ: 'ਸਿਰਫ ਨਮਾਜ਼ ਹੀ ਕਿਉਂ, ਹਰ ਧਾਰਮਿਕ ਪ੍ਰੋਗਰਾਮ ਬੈਨ ਹੋਵੇ'

Manohar Lal Khattar Image copyright Manohar Lal Khattar/Facebook

ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਨੇ ਜਨਤਕ ਥਾਵਾਂ 'ਤੇ ਮੁਸਲਮਾਨਾਂ ਦੇ ਨਮਾਜ਼ ਪੜ੍ਹਣ ਵਾਲੇ ਬਿਆਨ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਨਮਾਜ਼ ਪੜ੍ਹਣ ਤੋਂ ਰੋਕਣਾ ਨਹੀਂ ਹੈ।

ਪਰ ਜੇ ਕਿਸੇ ਨੂੰ ਇਸ ਤੋਂ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਪ੍ਰਸ਼ਾਸਨ ਨੂੰ ਦੱਸ ਸਕਦੇ ਹਨ।

ਪਹਿਲਾਂ ਉਨ੍ਹਾਂ ਨੇ ਬਿਆਨ ਦਿੱਤਾ ਸੀ, ''ਨਮਾਜ਼ ਸਿਰਫ ਮਜ਼ਜਿਦ ਜਾਂ ਫਿਰ ਈਦਗਾਹ ਵਿੱਚ ਪੜ੍ਹੀ ਜਾਣੀ ਚਾਹੀਦੀ ਹੈ। ਜੇ ਥਾਂ ਦੀ ਘਾਟ ਹੈ ਤਾਂ ਮੁਸਲਮਾਨਾਂ ਨੂੰ ਨਿੱਜੀ ਥਾਵਾਂ 'ਤੇ ਨਮਾਜ਼ ਪੜ੍ਹਣੀ ਚਾਹੀਦੀ ਹੈ।''

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਕਿਉਂ ਨਹੀਂ ਬਣ ਸਕੀ ਕੈਪਟਨ ਸਰਕਾਰ ਕਾਂਗਰਸ ਦੀ 'ਮਾਡਲ ਸਰਕਾਰ'?

ਅਗਲੇ 48 ਘੰਟੇ ਤੂਫਾਨ ਤੋਂ ਸਾਵਧਾਨ ਰਹੋ

ਮਨੋਹਰ ਲਾਲ ਖੱਟਰ ਦੇ ਇਸ ਬਿਆਨ ਤੋਂ ਬਾਅਦ ਕਾਫੀ ਵਿਵਾਦ ਛਿੜ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਆਪਣੀ ਰਾਇ ਦੇ ਰਹੇ ਹਨ।

ਆਰਤੀ ਟਿੱਕੂ ਸਿੰਘ ਨੇ ਟਵੀਟ ਕੀਤਾ, ''ਸਿਰਫ ਨਮਾਜ਼ ਹੀ ਕਿਉਂ, ਕੀਰਤਨ, ਜਗਰਾਤੇ ਅਤੇ ਲੰਗਰ ਵੀ ਜਨਤਕ ਥਾਵਾਂ 'ਤੇ ਹੁੰਦੇ ਹਨ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਫੇਰ ਸਾਰੇ ਧਾਰਮਿਕ ਪ੍ਰੋਗਰਾਮ ਬੈਨ ਹੋਣੇ ਚਾਹੀਦੇ ਹਨ।''

ਦਿਲ ਸੇ ਦੇਸ਼ ਨੇ ਟਵੀਟ ਕੀਤਾ, ''ਜੇ ਖੁੱਲ੍ਹੇ ਵਿੱਚ ਨਮਾਜ਼ ਨਹੀਂ ਪੜ ਸਕਦੇ ਤਾਂ ਖੁੱਲ੍ਹੇ ਵਿੱਚ ਯੋਗਾ ਵੀ ਨਹੀਂ ਕਰ ਸਕਦੇ।''

ਰੀਟਾ ਸ੍ਰੀਵਾਸਤਵ ਨੇ ਲਿਖਿਆ, ''ਇਹ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਦਿੱਕਤ ਹੈ। ਮੈਂ ਓਪਨ ਗਰਾਉਂਡ ਦੇ ਨੇੜੇ ਹੀ ਰਹਿੰਦੀ ਹਾਂ ਅਤੇ ਮੈਨੂੰ ਨਮਾਜ਼ੀਆਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ।''

ਜਿੱਥੇ ਲੋਕਾਂ ਨੇ ਖੱਟਰ ਦੇ ਇਸ ਬਿਆਨ ਖਿਲਾਫ਼ ਨਾਰਾਜ਼ਗੀ ਜਤਾਈ ਤਾਂ ਕੁਝ ਲੋਕ ਉਨ੍ਹਾਂ ਦੇ ਹੱਕ ਵਿੱਚ ਵੀ ਉੱਤਰੇ।

ਅਜੀਤ ਭਿੰਦਰ ਨੇ ਟਵੀਟ ਕੀਤਾ, ''ਮੁਸਲਮਾਨਾਂ ਨੂੰ ਖੁਦ ਹੀ ਨੈਸ਼ਨਲ ਹਾਈਵੇਅਜ਼ ਅਤੇ ਸ਼ਹਿਰਾਂ ਦੀਆਂ ਸੜਕਾਂ 'ਤੇ ਨਮਾਜ਼ ਪੜ੍ਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਰਿਆਣਾ ਦੇ ਸੀਐੱਮ ਸਹੀ ਕਹਿ ਰਹੇ ਹਨ।''

ਅਸ਼ੋਕ ਵਰਮਾ ਨੇ ਟਵੀਟ ਕੀਤਾ, ''ਬਹੁਤ ਵਧੀਆ ਉਪਰਾਲਾ ਹੈ ਖੱਟਰ ਸਾਬ। ਜਨਤਕ ਥਾਵਾਂ ਜਿਵੇਂ ਕਿ ਸੜਕਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਨਮਾਜ਼ ਕਿਉਂ? ਮੁਸਲਿਮ ਦੇਸਾਂ ਵਿੱਚ ਵੀ ਅਜਿਹਾ ਨਹੀਂ ਹੁੰਦਾ।''

ਸੰਜੀਵ ਕੁਮਾਰ ਦਾਸ ਨੇ ਲਿਖਿਆ, ''ਜੈਪੁਰ ਵਿੱਚ ਵੀ ਇਹ ਇੱਕ ਸਮੱਸਿਆ ਹੈ ਅਤੇ ਅਧਿਕਾਰੀ ਵੀ ਐਕਸ਼ਨ ਲੈਣ ਤੋਂ ਡਰਦੇ ਹਨ। ਘੱਟੋ-ਘੱਟ ਮਨੋਹਰ ਲਾਲ ਖੱਟਰ ਨੇ ਹਿੰਮਤ ਤਾਂ ਵਿਖਾਈ ਹੈ।''

ਪਿਛਲੇ ਕਾਫੀ ਸਮੇਂ ਤੋਂ ਦਿੱਲੀ ਨਾਲ ਸਟੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਜਨਤਕ ਥਾਵਾਂ 'ਤੇ ਨਮਾਜ਼ ਪੜ੍ਹਣ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਖੱਟਰ ਨੇ ਇਹ ਵਿਵਾਦਿਤ ਬਿਆਨ ਦਿੱਤਾ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਖੱਟਰ ਆਪਣੇ ਬਿਆਨਾਂ ਕਰਕੇ ਵਿਵਾਦ ਵਿੱਚ ਘਿਰੇ ਹੋਣ। ਜਾਣਦੇ ਹਾਂ, ਇਸ ਤੋਂ ਪਹਿਲਾਂ ਉਹ ਕਿਹੜੇ ਕਿਹੜੇ ਵਿਵਾਦਿਤ ਬਿਆਨ ਦੇ ਚੁੱਕੇ ਹਨ?

ਮਨੋਹਰ ਲਾਲ ਖੱਟਰ ਦੇ 4 ਵਿਵਾਦਿਤ ਬਿਆਨ

1. ਮੁਸਲਮਾਨਾਂ ਦੇ ਬੀਫ ਖਾਣ ਬਾਰੇ ਬਿਆਨ

ਅਕਤੂਬਰ, 2015 ਵਿੱਚ ਮਨੋਹਰ ਲਾਲ ਖੱਟਰ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਮੁਸਲਮਾਨ ਭਾਰਤ ਵਿੱਚ ਰਹਿ ਸਕਦੇ ਹਨ ਪਰ ਉਨ੍ਹਾਂ ਨੂੰ ਗਾਂ ਦੀ ਮੀਟ ਖਾਣਾ ਛੱਡਣਾ ਪਵੇਗਾ। ਇੱਥੇ ਗਾਂ ਨੂੰ ਮਾਂ ਮੰਨਿਆ ਜਾਂਦਾ ਹੈ।'' ਬਾਅਦ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।

2. ਕੁੜੀਆਂ ਦੇ ਕੱਪੜਿਆਂ ਬਾਰੇ ਬਿਆਨ

2014 ਵਿੱਚ ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ, "ਜੇ ਤੁਸੀਂ ਆਜ਼ਾਦੀ ਚਾਹੁੰਦੇ ਹੋ ਤਾਂ ਨੰਗੇ ਕਿਉਂ ਨਹੀਂ ਘੁੰਮ ਲੈਂਦੇ। ਜੇ ਇੱਕ ਕੁੜੀ ਨੇ ਸਹੀ ਕੱਪੜੇ ਪਾਏ ਹਨ, ਕੋਈ ਵੀ ਮੁੰਡਾ ਉਸ ਦੇ ਵੱਲ ਗਲਤ ਨਿਗਾਹਾਂ ਨਾਲ ਨਹੀਂ ਵੇਖੇਗਾ। ਸਾਡੇ ਦੇਸ ਦੀਆਂ ਕੁੜੀਆਂ ਨੂੰ ਸੱਭਿਆਚਾਰਕ ਕੱਪੜੇ ਪਾਉਣੇ ਚਾਹੀਦੇ ਹਨ।

3. ਪ੍ਰੀ ਮੈਰੀਟਲ ਸੈਕਸ ਬਾਰੇ ਬਿਆਨ

Image copyright Getty Images

ਪ੍ਰੀ ਮੈਰੀਟਲ ਸੈਕਸ ਤੇ ਮਨੋਹਰ ਲਾਲ ਖੱਟੜ ਨੇ ਬਿਆਨ ਦਿੱਤਾ ਸੀ ਕਿ ਇਹ ਇੱਕ ਧੱਬਾ ਹੈ। ਵਿਆਹ ਤੋਂ ਬਾਅਦ ਸੈਕਸ ਸਹੀ ਹੈ ਪਰ ਪਹਿਲਾਂ ਨਹੀਂ। ਸੈਕਸ ਵਿਆਹ ਤੋਂ ਪਹਿਲਾਂ ਓਦੋਂ ਹੁੰਦਾ ਹੈ ਜਦੋਂ ਮੁੰਡਾ ਕੁੜੀ ਗਲਤ ਰਾਹ 'ਤੇ ਪੈ ਜਾਂਦੇ ਹਨ।

4. ਖਾਪ ਪੰਚਾਇਤ ਨੂੰ ਸਮਾਜ ਦੇ ਰੱਖਿਅਕ ਕਿਹਾ

ਖਾਪ ਪੰਚਾਇਤ ਬਾਰੇ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਖਾਪ ਸਮਾਜਿਕ ਰਿਵਾਜ਼ਾਂ ਦੀ ਰੱਖਿਆ ਕਰਦੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਮੁੰਡਾ ਕੁੜੀ ਭੈਣ ਭਰਾ ਬਣ ਕੇ ਰਹਿਣ, ਇਸ ਨਾਲ ਰੇਪ ਵੀ ਘਟਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)