ਕਸ਼ਮੀਰ 'ਚ ਮਾਰਿਆ ਗਿਆ 'ਅੱਤਵਾਦੀ ਪ੍ਰੋਫੈਸਰ' ਕੌਣ ਸੀ?

ਪ੍ਰੋਫੈਸਰ ਡਾਕਟਰ ਮੁਹੰਮਦ ਰਫੀ ਬਟ Image copyright RAFI BHAT/BBC

ਭਾਰਤ ਪ੍ਰਸ਼ਾਸ਼ਿਤ ਕਸ਼ਮੀਰ ਵਿੱਚ ਐਤਵਾਰ ਨੂੰ ਸ਼ੋਪੀਆਂ ਜਿਲ੍ਹੇ ਵਿੱਚ ਸੁਰਖਿਆ ਬਲਾਂ ਨੇ ਪੰਜ ਅੱਤਵਾਦੀਆਂ ਨੂੰ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ।

ਮਾਰੇ ਗਏ ਪੰਜ ਅੱਤਵਾਦੀਆਂ ਵਿੱਚ ਹਿਜ਼ਬੁਲ ਦੇ ਇੱਕ ਸਿਰਮੌਰ ਕਮਾਂਡਰ ਸੱਦਾਮ ਪਡਰ ਦੇ ਨਾਲ ਇੱਕ ਅਸਿਸਟੈਂਟ ਪ੍ਰੋਫੈਸਰ ਡਾਕਟਰ ਮੁਹੰਮਦ ਰਫੀ ਬਟ ਵੀ ਸ਼ਾਮਲ ਸਨ।

ਜਿਲ੍ਹਾ ਗਾਂਦੇਰਬਲ ਨਿਵਾਸੀ ਬਟ ਕਸ਼ਮੀਰ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਪੜ੍ਹਾਉਂਦੇ ਸਨ। ਉਹ ਤਿੰਮ ਦਿਨ ਪਹਿਲਾਂ ਗਾਇਬ ਹੋ ਗਏ ਸਨ। ਉਨ੍ਹਾਂ ਦੇ ਗਾਇਬ ਹੋਣ ਤੋਂ ਇੱਕ ਦਿਨ ਬਾਅਦ ਕਸ਼ਮੀਰ ਯੂਨੀਵਰਸਿਟੀ ਵਿੱਚ ਮੁਜਾਹਰੇ ਵੀ ਹੋਏ ਸਨ।

31 ਸਾਲਾ ਡਾਕਟਰ ਬਟ ਕੁਝ ਦਿਨ ਪਹਿਲਾਂ ਇੱਕ ਸੁਲਝੇ ਹੋਏ ਬੌਧਿਕ ਅਤੇ ਹਰਮਨ ਪਿਆਰੇ ਪ੍ਰੋਫੈਸਰ ਅਤੇ ਇੱਕ ਬਿਹਤਰੀਨ ਖੋਜਾਰਥੀ ਵਜੋਂ ਜਾਣੇ ਜਾਂਦੇ ਸਨ।

5 ਮਈ ਦੀ ਦੁਪਹਿਰ ਉਨ੍ਹਾਂ ਨੇ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿੱਚ ਆਪਣਾ ਆਖਰੀ ਲੈਕਚਰ ਦਿੱਤਾ ਅਤੇ ਫਿਰ ਗਾਇਬ ਹੋ ਗਏ।

40 ਘੰਟਿਆਂ ਬਾਅਦ ਮੌਤ

ਸਿਰਫ 40 ਘੰਟਿਆਂ ਬਾਅਦ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਕੱਟੜਪੰਥੀਆਂ ਦੇ ਨਾਲ ਉਨ੍ਹਾਂ ਨੂੰ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਘੇਰ ਲਿਆ ਗਿਆ ਅਤੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

ਉਨ੍ਹਾਂ ਦੀ ਇਹ ਨਵੀਂ ਪਛਾਣ ਪਿਛਲੀਆਂ ਸਾਰੀਆਂ ਪਛਾਣਾਂ 'ਤੇ ਭਾਰੂ ਪੈ ਗਈ। ਲੋਕ ਉਨ੍ਹਾਂ ਨੂੰ 'ਅੱਤਵਾਦੀ ਪ੍ਰੋਫੈਸਰ' ਕਹਿ ਰਹੇ ਹਨ।

ਸ਼੍ਰੀਨਗਰ ਦੇ ਜ਼ਿਲ੍ਹੇ ਗਾਂਦੇਰਬਲ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਏ ਡਾ. ਰਫੀ ਵਿਲਖੱਣ ਪ੍ਰਤਿਭਾ ਦੇ ਮਾਲਕ ਸਨ।

ਉਨ੍ਹਾਂ ਨੇ ਸਮਾਜ ਸ਼ਾਸ਼ਤਰ ਵਿੱਚ ਮਾਸਟਰਜ਼ ਕਰਨ ਤੋਂ ਬਾਅਦ ਨੈੱਟ ਪਾਸ ਕੀਤਾ ਅਤੇ ਉਨ੍ਹਾਂ ਨੂੰ ਯੂਜੀਸੀ ਦੀ ਸਕਾਲਰਸ਼ਿਪ ਵੀ ਮਿਲੀ ਸੀ।

Image copyright KASHMIR UNIVERSITY/BBC

ਬਾਅਦ ਵਿੱਚ ਉਨ੍ਹਾਂ ਨੇ ਪੀਐੱਚਡੀ ਕੀਤੀ ਅਤੇ ਕੁਝ ਸਾਲ ਪਹਿਲਾਂ ਹੀ ਕਸ਼ਮੀਰ ਯੂਨੀਵਰਸਿਟੀ ਦੇ ਸਮਾਜ ਸ਼ਾਸ਼ਤਰ ਵਿਭਾਗ ਵਿੱਚ ਬਤੌਰ ਲੈਕਚਰਾਰ ਨਿਯੁਕਤ ਹੋਏ ਸਨ।

ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਦੇ ਪ੍ਰਸ਼ੰਸ਼ਕ ਸਨ। ਉਹ ਹੁਣ ਗੱਲ ਕਰਨ ਤੋਂ ਝਿਜਕਦੇ ਹਨ ਅਤੇ ਸਾਹਮਣੇ ਨਹੀਂ ਆਉਣਾ ਚਾਹੁੰਦੇ।

ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਰਫ਼ੀ ਬਾਰੇ ਅਜਿਹਾ ਸੁਫਨੇ ਵਿੱਚ ਵੀ ਨਹੀਂ ਸੋਚਿਆ ਜਾ ਸਕਦਾ ਸੀ।

ਇੱਕ ਵਿਦਿਆਰਥੀ ਨੇ ਕਿਹਾ, "ਉਹ ਤਾਂ ਸਾਨੂੰ ਕਿਤਾਬਾਂ ਤੋਹਫ਼ੇ ਵਿੱਚ ਦਿੰਦੇ ਸਨ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਸਮਾਜ ਸ਼ਾਸ਼ਤਰ ਦੀ ਇੱਕ ਕਿਤਾਬ ਦੇਣਗੇ। ਮੇਰਾ ਦਿਮਾਗ ਫਟ ਰਿਹਾ ਹੈ ਕਿ ਇਹ ਸਭ ਕੀ ਹੋਇਆ ਅਤੇ ਕਿਉਂ ਹੋਇਆ।"

ਹਥਿਆਰ ਕਿਉਂ ਚੁੱਕਿਆ?

ਹਾਲਾਂਕਿ ਡਾ. ਰਫ਼ੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਮੀਡੀਆ ਵਿੱਚ ਹੋ ਰਹੀਆਂ ਜ਼ਿਆਦਤੀਆਂ ਬਾਰੇ ਸੁਣਦੇ ਤਾਂ ਪ੍ਰੇਸ਼ਾਨ ਹੋ ਜਾਂਦੇ ਸਨ।

ਉਨ੍ਹਾਂ ਦਾ ਕਹਿਣਾ ਹੈ, "ਉਨ੍ਹਾਂ ਨੇ ਅਜਿਹਾ ਇਸ਼ਾਰਾ ਕਦੇ ਨਹੀਂ ਦਿੱਤਾ ਕਿ ਉਹ ਹਥਿਆਰ ਚੁੱਕ ਕੇ ਲੜਨਾ ਚਾਹੁੰਦੇ ਹਨ।"

ਜੰਮੂ-ਕਸ਼ਮੀਰ ਪੁਲਿਸ ਮੁਖੀ ਐੱਸਪੀ ਵੈਦਿਆ ਨੇ ਕਿਹਾ ਕਿ ਮੁਕਾਬਲੇ ਵਿੱਚ ਡਾਕਟਰ ਰਫ਼ੀ ਦੇ ਦੋ ਕਜ਼ਨ ਮਾਰੇ ਗਏ ਹਨ। ਹੋ ਸਕਦਾ ਹੈ ਉਨ੍ਹਾਂ ਨੇ ਉਨ੍ਹਾਂ ਕਰਕੇ ਹੀ ਇਹ ਕਦਮ ਚੁੱਕਿਆ ਹੋਵੇ।

Image copyright Getty Images

ਉਨ੍ਹਾਂ ਦਾ ਦਾਅਵਾ ਹੈ ਕਿ ਕੱਟੜਪੰਥ ਵੀ ਉਨ੍ਹਾਂ ਦੇ ਮਾਨਸਿਕ ਬਦਲਾਅ ਦਾ ਕਾਰਨ ਹੋ ਸਕਦਾ ਹੈ।

ਕੁਝ ਮਹੀਨੇ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੀਐੱਚਡੀ ਸਕਾਲਰ ਮਨਾਨ ਵਾਨੀ ਵੀ ਗਾਇਬ ਹੋ ਕੇ ਹਿਜ਼ਬੁਲ ਮੁਜਾਹਿਦੀਨ ਵਿੱਚ ਸ਼ਾਮਲ ਹੋ ਗਏ ਹਨ।

ਡਾਕਟਰ ਰਫ਼ੀ ਹਥਿਆਰ ਚੁੱਕਣ ਵਾਲੇ ਪਹਿਲੇ ਪ੍ਰੋਫੈਸਰ ਸਨ।

30 ਸਾਲ ਪਹਿਲਾਂ ਜਦੋਂ ਕਸ਼ਮੀਰ ਯੂਨੀਵਰਸਿਟੀ ਵਿੱਚ ਹਥਿਆਰਬੰਦ ਬਗਾਵਤ ਸ਼ੁਰੂ ਹੋਈ ਸੀ ਤਾਂ ਕਈ ਪ੍ਰੋਫੈਸਰ ਅੱਤਵਾਦੀਆਂ ਸੰਗਠਨਾਂ ਦੀ ਹਮਾਇਤ ਕਰਨ ਦੇ ਸ਼ੱਕ ਵਿੱਚ ਮਾਰੇ ਗਏ ਸਨ।

ਇਨ੍ਹਾਂ ਵਿੱਚ ਡਾਕਟਰ ਅਬਦੁਲ ਅਹਿਮਦ ਗੁਰੂ, ਪ੍ਰੋਫੈਸਰ ਅਹਿਮਦ ਵਾਨੀ, ਡਾ. ਗ਼ੁਲਾਮ ਕਦੀਰ ਵਾਨੀ, ਐਡਵੋਕੇਟ ਅਜੀਲ ਅੰਦਰਾਬੀ ਆਦਿ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ