ਝੱਖੜ ਦੌਰਾਨ ਇਨ੍ਹਾਂ 5 ਹਦਾਇਤਾਂ ਦਾ ਪਾਲਣ ਕਰੋ

ਝੱਖੜ Image copyright AFP/getty images

ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਸੋਮਵਾਰ ਸ਼ਾਮ ਨੂੰ ਮਿੱਟੀ ਨਾਲ ਭਰਿਆ ਹੋਇਆ ਝੱਖੜ ਆਇਆ। ਕਈ ਥਾਵਾਂ 'ਤੇ ਬਿਜਲੀ ਵੀ ਚਲੀ ਗਈ।

ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ। ਬਿਜਲੀ ਅਤੇ ਐਮਰਜੰਸੀ ਸੇਵਾਵਾਂ ਨੂੰ ਵੀ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਹਰਿਆਣਾ ਦੀ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਕਵਿਤਾ ਜੈਨ ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।

ਹਾਲਾਂਕਿ ਅਹਿਤਿਆਤ ਦੇ ਤੌਰ 'ਤੇ ਹਰਿਆਣਾ ਵਿੱਚ ਸਕੂਲ ਪਹਿਲਾਂ ਹੀ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ।

ਸਕੂਲ ਬੰਦ ਕਰਨ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਸਨ ਪਰ ਕੁਝ ਸਕੂਲਾਂ ਨੇ ਸਾਵਧਾਨੀ ਵਰਤਦੇ ਹੋਏ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਕਿਹਾ, "ਆਉਣ ਵਾਲੇ ਦਿਨਾਂ ਵਿੱਚ ਮੀਂਹ ਤੇਜ਼ ਪਏਗਾ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਹੈ ਪਰ ਸਾਨੂੰ ਨਜ਼ਰ ਬਣਾਏ ਰੱਖਣ ਅਤੇ ਅਲਰਟ ਰਹਿਣ ਦੀ ਲੋੜ ਹੈ।"

Image copyright Arindam DEY / AFP

ਸੋਮਵਾਰ ਸ਼ਾਮ ਨੂੰ ਰਾਜਸਥਾਨ ਵਿੱਚ ਵੀ ਕਈ ਥਾਂਵਾਂ 'ਤੇ ਮਿੱਟੀ ਦੇ ਵੱਡੇ ਝੱਖੜ ਚਲੇ ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋਇਆ। ਗੰਗਾਨਗਰ ਸਣੇ ਹੋਰ ਇਲਾਕਿਆਂ ਵਿੱਚ ਝੱਖੜ ਦਾ ਅਸਰ ਦੇਖਿਆ ਗਿਆ।

ਉੱਥੇ ਹੀ ਰਾਜਧਾਨੀ ਦਿੱਲੀ-ਐੱਨਸੀਆਰ ਵਿੱਚ ਸੋਮਵਾਰ ਰਾਤ ਨੂੰ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆਇਆ। ਦਿਨ ਭਰ ਦਿੱਲੀ ਵਿੱਚ ਔਸਤਨ 39.6 ਡਿਗਰੀ ਤਾਪਮਾਨ ਸੀ।

ਦਿੱਲੀ ਸਰਕਾਰ ਨੇ ਸ਼ਾਮ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਸੀ ਅਤੇ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਸਰਚ ਅਤੇ ਬਚਾਅ ਟੀਮਾਂ ਨੂੰ ਅਲਰਟ ਰਹਿਣ ਲਈ ਕਿਹਾ ਸੀ।

Image copyright ARINDAM DEY/AFP/Getty Images

ਟਰੈਫਿਕ ਪੁਲਿਸ ਨੇ ਵੀ ਝੱਖੜ ਕਾਰਨ ਡਿੱਗੇ ਦਰਖਤਾਂ ਨੂੰ ਰਾਹ ਵਿੱਚੋਂ ਹਟਾਉਣ ਲਈ ਟੀਮ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਸਨ।

ਦਿੱਲੀ ਪੁਲਿਸ ਵੱਲੋਂ ਜਾਰੀ ਹਿਦਾਇਤਾਂ ਵਿੱਚ ਲੋਕਾਂ ਨੂੰ ਸਫ਼ਰ ਕਰਨ ਤੋਂ ਪਹਿਲਾਂ ਮੌਸਮ ਦੇ ਹਾਲ 'ਤੇ ਨਜ਼ਰ ਰੱਖਣ ਲਈ ਕਿਹਾ ਹੈ।

ਦਿੱਲੀ ਸਰਕਾਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਹੇਠ ਲਿਖੀਆਂ ਹਿਦਾਇਤਾਂ ਹਨ।

  • ਘਰਾਂ ਵਿੱਚ ਰਹੋ ਅਤੇ ਸਥਾਨਕ ਮੌਸਮ ਦੇ ਹਾਲ 'ਤੇ ਨਜ਼ਰ ਰੱਖੋ।
  • ਇਹ ਵੀ ਧਿਆਨ ਰੱਖੋ ਕਿ ਬੱਚੇ ਅਤੇ ਪਸ਼ੂ ਅੰਦਰ ਹੀ ਰਹਿਣ।
  • ਕਿਸੇ ਵੀ ਬੇਲੋੜੇ ਬਿਜਲੀ ਦੇ ਉਪਕਰਨ ਨੂੰ ਬੰਦ ਰੱਖੋ।
  • ਟੂਟੀ ਜਾਂ ਸ਼ਾਵਰ ਚਲਾ ਕੇ ਨਹਾਉਣ ਤੋਂ ਬਚੋ ਕਿਉਂਕਿ ਬਿਜਲੀ ਪਾਈਪਾਂ ਵਿੱਚ ਵੀ ਆ ਸਕਦੀ ਹੈ।
  • ਦਰਵਾਜ਼ਿਆਂ, ਖਿੜਕੀਆਂ, ਅੱਗ, ਸਟੋਵ, ਨਾਹੁਣ ਵਾਲੇ ਟੱਬ ਅਤੇ ਕਿਸੇ ਵੀ ਬਿਜਲੀ ਵਾਲੇ ਸਮਾਨ ਤੋਂ ਦੂਰ ਰਹੋ।

ਮੌਸਮ ਵਿਭਾਗ ਨੇ 10 ਤਰੀਕ ਤੱਕ ਅਲਰਟ ਰਹਿਣ ਲਈ ਕਿਹਾ ਹੈ ਅਤੇ 50-70 ਕਿਲੋਮੀਟੀਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦੀ ਚਿਤਾਵਨੀ ਦਿੱਤੀ ਹੈ।

ਇਸ ਦੌਰਾਨ ਪ੍ਰਸ਼ਾਸਨ ਕਿਸ ਤਰ੍ਹਾਂ ਕੰਮ ਕਰਦਾ ਹੈ ਇਸ ਸਬੰਧੀ ਟੀਪੀ ਗੁਪਤਾ ਨਾਲ ਬੀਬੀਸੀ ਨੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਬੰਧਤ ਜ਼ਿਲ੍ਹੇ ਦਾ ਡੀਸੀ ਸਾਰੇ ਹਾਲਾਤ 'ਤੇ ਨਜ਼ਰ ਰੱਖਦਾ ਹੈ।

ਉਨ੍ਹਾਂ ਕਿਹਾ, "ਮੌਸਮ ਵਿਭਾਗ ਦਾ ਦਾਅਵਾ ਹੈ ਕਿ ਤਿੰਨ ਘੰਟੇ ਪਹਿਲਾਂ ਪਤਾ ਲਾ ਸਕਦਾ ਹਨ ਕਿ ਕਿਸ ਜ਼ਿਲ੍ਹੇ ਵਿੱਚ ਤੂਫ਼ਾਨ ਆ ਰਿਹਾ ਹੈ। ਅਸੀਂ ਉਨ੍ਹਾਂ ਨੂੰ ਈ-ਮੇਲ ਅਤੇ ਫੋਨ ਰਾਹੀਂ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪਹੁੰਚ ਕੇ ਨੁਕਸਾਨ ਹੋਣ ਤੋਂ ਬਚਾਅ ਸਕੀਏ। ਅਲਰਟ ਮਿਲਣ 'ਤੇ ਕੱਚੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਸ਼ਿਫ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)