ਉਹ ਕੁੱਤੇ, ਜਿਨ੍ਹਾਂ ਤੋਂ ਮੋਦੀ ਕਾਂਗਰਸ ਨੂੰ ਦੇਸ ਭਗਤੀ ਸਿਖਾਉਣਾ ਚਾਹੁੰਦੇ ਹਨ

ਕੁੱਤਾ Image copyright PERCY ROMERO/PINTEREST

ਚੋਣਾਂ ਦਾ ਵੇਲਾ ਹੈ ਅਤੇ ਦੇਸ ਭਗਤੀ ਦਾ ਜ਼ਿਕਰ ਨਾ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ। ਕਰਨਾਟਕ ਵਿੱਚ ਇਨ੍ਹੀਂ ਦਿਨੀਂ ਕੁਝ ਅਜਿਹਾ ਹੀ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਜਾਮਖੰਡੀ ਸ਼ਹਿਰ ਵਿੱਚ ਸੀ ਅਤੇ ਕਾਂਗਰਸ ਨਿਸ਼ਾਨੇ 'ਤੇ ਸੀ।

ਉਨ੍ਹਾਂ ਨੇ ਕਿਹਾ, ''ਜਦੋ ਕਦੇ ਸਾਡੇ ਦੇਸ ਵਿੱਚ ਦੇਸ ਭਗਤੀ ਦੀ ਗੱਲ ਹੁੰਦੀ ਹੈ, ਰਾਸ਼ਟਰ ਭਗਤੀ, ਰਾਸ਼ਟਰ ਗੀਤ, ਵੰਦੇ ਮਾਤਰਮ ਦਾ ਜ਼ਿਕਰ ਹੁੰਦਾ ਹੈ, ਕੁਝ ਲੋਕਾਂ ਨੂੰ ਚਿੰਤਾ ਹੋ ਜਾਂਦੀ ਹੈ।''

ਕੀ ਕਦੇ ਕਿਸੇ ਨੇ ਸੋਚਿਆ ਹੋਵੇਗਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਇਸ ਹੱਦ ਤੱਕ ਚਲੀ ਜਾਵੇਗੀ ਕਿ ਉਨ੍ਹਾਂ ਦੇ ਨੇਤਾ 'ਭਾਰਤ ਦੇ ਟੁੱਕੜੇ ਹੋਣਗੇ' ਵਰਗੇ ਨਾਅਰੇ ਲਗਾਉਣ ਵਾਲਿਆਂ ਵਿੱਚ ਜਾ ਕੇ ਉਨ੍ਹਾਂ ਨੂੰ ਆਸ਼ੀਰਵਾਦ ਦੇਣਗੇ।

''ਮੈਂ ਜਾਣਦਾ ਹਾਂ ਕਿ ਕਾਂਗਰਸ ਦਾ ਹੰਕਾਰ ਸੱਤਵੇਂ ਆਸਮਾਨ 'ਤੇ ਪਹੁੰਚ ਚੁੱਕਿਆ ਹੈ। ਦੇਸ ਦੀ ਜਨਤਾ ਨੇ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ ਪਰ ਉਹ ਅਜੇ ਵੀ ਜ਼ਮੀਨ 'ਤੇ ਨਹੀਂ ਆਏ। ਇਸ ਲਈ ਉਨ੍ਹਾਂ ਤੋਂ ਇਹ ਉਮੀਦ ਵੀ ਨਹੀਂ ਕਰ ਸਕਦੇ ਕਿ ਉਹ ਮੁਧੋਲ ਕੁੱਤਿਆਂ ਤੋਂ ਹੀ ਕੁਝ ਸਿੱਖਣ।''

ਕਿਉਂ ਆਇਆ ਮੁਧੋਲ ਕੁੱਤਿਆਂ ਦਾ ਜ਼ਿਕਰ?

ਉਨ੍ਹਾਂ ਨੇ ਕਾਂਗਰਸ ਨੂੰ ਸਲਾਹ ਦਿੱਤੀ ਕਿ ਉਹ ਘੱਟੋ-ਘੱਟ ਬਗਲਕੋਟ ਦੇ ਮੁਧੋਲ ਕੁੱਤਿਆਂ ਤੋਂ ਸਿੱਖਣ ਜਿਹੜੇ ਨਵੀਂ ਬਟਾਲੀਅਨ ਨਾਲ ਮਿਲ ਕੇ ਦੇਸ ਦੀ ਰੱਖਿਆ ਕਰਨ ਜਾ ਰਹੇ ਹਨ।

ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਭਗਤੀ ਦੇ ਨਾਲ-ਨਾਲ ਮੁਧੋਲ ਕੁੱਤਿਆਂ ਦਾ ਜ਼ਿਕਰ ਕਿਉਂ ਕੀਤਾ? ਇਨ੍ਹਾਂ ਕੁੱਤਿਆਂ ਵਿੱਚ ਅਜਿਹਾ ਕੀ ਹੈ, ਜਿਹੜਾ ਉਨ੍ਹਾਂ ਨੂੰ ਦੇਸ ਭਗਤ ਦੱਸਿਆ ਜਾਂਦਾ ਹੈ? ਇਹ ਐਨੇ ਖ਼ਾਸ ਕਿਉਂ ਹਨ?

Image copyright Getty Images

ਮੁਧੋਲ ਕੁੱਤਿਆਂ ਨੂੰ ਮੁਧੋਲ ਹਾਊਂਡ ਜਾਂ ਕੈਰੇਵਨ ਹਾਊਂਡ ਵੀ ਕਿਹਾ ਜਾਂਦਾ ਹੈ। ਇਹ ਭਾਰਤੀ ਕੁੱਤਿਆਂ ਦੀ ਉਹ ਪ੍ਰਜਾਤੀ ਹੈ, ਜਿਸ ਨੂੰ ਇਹ ਨਾਮ ਉੱਤਰੀ ਕਰਨਾਟਕ ਦੇ ਬਗਲਕੋਟ ਜ਼ਿਲ੍ਹੇ ਵਿੱਚ ਮੁਧੋਲ ਸਾਮਰਾਜ ਨਾਲ ਮਿਲਿਆ ਹੈ, ਜਿੱਥੋਂ ਦੇ ਸ਼ਾਸਕਾਂ ਨੇ ਇਨ੍ਹਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਸੀ।

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਬੇਹੱਦ ਪਤਲੇ ਮੁਧੋਲ ਕੁੱਤੇ, ਭਾਰਤੀ ਫੌਜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਪ੍ਰਜਾਤੀ ਹੈ।

ਆਪਣੇ ਸ਼ਿਕਾਰ ਅਤੇ ਰਖਵਾਲੀ ਨਾਲ ਜੁੜੇ ਹੁਨਰ ਲਈ ਮਸ਼ਹੂਰ ਮੁਧੋਲ ਕੁੱਤੇ ਬੇਹੱਦ ਤੇਜ਼ ਰਫ਼ਤਾਰ ਹੁੰਦੇ ਹਨ। ਉਨ੍ਹਾਂ ਵਿੱਚ ਕਮਾਲ ਦਾ ਸਟੈਮਿਨਾ ਹੁੰਦਾ ਹੈ। ਤੇਜ਼ ਨਿਗਾਹ ਅਤੇ ਸੁੰਘਣ ਦੀ ਸਮਰੱਥਾ ਵੀ ਉਨ੍ਹਾਂ ਨੂੰ ਖਾਸ ਬਣਾਉਂਦੀ ਹੈ।

ਕੀ ਖ਼ਾਸ ਹੈ ਇਨ੍ਹਾਂ ਕੁੱਤਿਆਂ ਵਿੱਚ?

ਇੰਡੀਅਨ ਐਕਪ੍ਰੈੱਸ ਮੁਤਾਬਕ ਇਨ੍ਹਾਂ ਗੁਣਾਂ ਕਰਕੇ ਇਸ ਪ੍ਰਜਾਤੀ ਦੇ ਕੁੱਤਿਆਂ ਦੇ ਇੱਕ ਸਮੂਹ ਨੂੰ ਫਰਵਰੀ 2016 ਵਿੱਚ ਮੇਰਠ 'ਚ ਭਾਰਤੀ ਫੌਜ ਦੇ ਰਿਮਾਊਂਟ ਐਂਡ ਵੈਟਰਨਰੀ ਕੋਰ (RVC) ਵਿੱਚ ਲਿਆ ਗਿਆ

ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਪ੍ਰਜਾਤੀ ਨੂੰ ਟ੍ਰੇਨਿੰਗ ਲਈ RVC ਸੈਂਟਰ ਵਿੱਚ ਲਿਆ ਗਿਆ। ਇਹ ਥਾਂ ਲੈਬਰਾਡੋਰ ਅਤੇ ਜਰਮਨ ਸ਼ੈਫਰਡ ਵਰਗੀ ਵਿਦੇਸ਼ੀ ਬ੍ਰੀਡ ਦੇ ਕੁੱਤਿਆਂ ਨੂੰ ਸਿਖਲਾਈ ਦਿੰਦੀ ਰਹੀ ਹੈ। ਇਹ ਕੁੱਤੇ ਟ੍ਰੇਨ ਹੋ ਕੇ ਭਾਰਤੀ ਫੌਜ ਦਾ ਹਿੱਸਾ ਬਣਦੇ ਹਨ।

Image copyright GETTY IMAGES

ਫੌਜ ਦੇ ਅਧਿਕਾਰੀਆਂ ਮੁਤਾਬਕ ਟ੍ਰੇਨਿੰਗ ਲਈ ਸ਼ਾਮਲ ਹੋਣ ਵਾਲੇ 8 ਵਿੱਚੋਂ 6 ਕੁੱਤਿਆਂ ਨੂੰ ਸ਼੍ਰੀਨਗਰ ਦੇ ਹੈੱਡਕੁਆਟਰ 15 ਕੋਰ ਅਤੇ ਨਗਰੋਟਾ ਦੇ ਹੈੱਡਕੁਆਟਰ 16 ਕੋਰ ਵਿੱਚ ਫੀਲਡ ਈਵੈਲੁਏਸ਼ ਅਤੇ ਸੁਟੇਬਿਲਿਟੀ ਟਰਾਇਲ ਲਈ ਲਿਆ ਜਾਂਦਾ ਹੈ।

ਇਨ੍ਹਾਂ ਕੁੱਤਿਆਂ ਨੂੰ ਪੱਛਮੀ ਅਤੇ ਕਰਵਾਨੀ ਵੀ ਕਿਹਾ ਜਾਂਦਾ ਹੈ। ਦੇਸ ਦੇ ਦੱਖਣੀ ਪਠਾਰ ਦੇ ਕਈ ਪਿੰਡਾਂ ਵਿੱਚ ਇਨ੍ਹਾਂ ਨੂੰ ਪਾਲਿਆ ਜਾਂਦਾ ਹੈ। ਇਨ੍ਹਾਂ ਦੇ ਸਿਰ ਬਹੁਤ ਪਤਲੇ ਤੇ ਲੰਬੇ ਹੁੰਦੇ ਹਨ। ਕੰਨਾਂ ਦਾ ਆਕਾਰ ਚੌੜਾ ਹੁੰਦਾ ਹੈ ਜਬਾੜਾ ਲੰਬਾ ਤੇ ਤਾਕਤਵਰ ਹੁੰਦਾ ਹੈ।

ਅਜਿਹਾ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਜੇਕਰ ਪਿਆਰ ਤੇ ਸਨਮਾਨ ਨਾਲ ਪਾਲਿਆ ਜਾਂਦਾ ਹੈ ਇਹ ਬੇਹੱਦ ਵਫ਼ਾਦਾਰ ਸਾਬਤ ਹੁੰਦੇ ਹਨ। ਹਾਲਾਂਕਿ ਵਿਵਹਾਰ ਵਿੱਚ ਵੱਧ ਦੋਸਤਾਨਾ ਨਹੀਂ ਹੁੰਦੇ ਅਤੇ ਉਹ ਅਜਨਬੀ ਹੱਥੋਂ ਛੂਹਿਆ ਜਾਣਾ ਪਸੰਦ ਨਹੀਂ ਕਰਦੇ।

ਇਤਿਹਾਸ ਕੀ ਹੈ?

ਰਖਵਾਲੀ ਦੇ ਮਾਮਲੇ ਵਿੱਚ ਇਹ ਸਾਧਾਰਣ ਕੁੱਤਿਆਂ ਤੋਂ ਕਿਤੇ ਵੱਖਰੇ ਹੁੰਦੇ ਹਨ ਕਿਉਂਕਿ ਇਹ ਸੁਰੱਖਿਆ ਨੂੰ ਲੈ ਕੇ ਬੇਹੱਦ ਗੰਭੀਕ ਤੇ ਚੌਕਸ ਰਹਿੰਦੇ ਹਨ। ਕਰਨਾਟਕ ਦੇ ਮੁਧੋਲ ਕਸਬੇ ਵਿੱਚ ਕਰੀਬ 750 ਪਰਿਵਾਰ ਅਜਿਹੇ ਹਨ, ਜਿਹੜੇ ਇਸ ਪ੍ਰਜਾਤੀ ਦੇ ਪਿੱਲੇ ਪਾਲ ਰਹੇ ਹਨ ਤਾਂਕਿ ਵੱਡੇ ਹੋਣ 'ਤੇ ਉਨ੍ਹਾਂ ਨੂੰ ਵੇਚਿਆ ਜਾ ਸਕੇ।

Image copyright Getty Images

ਇਹ ਕੁੱਤੇ ਦੱਖਣੀ ਭਾਰਤ ਕਿਵੇਂ ਪੁੱਜੇ ਇਸਦੀ ਕਹਾਣੀ ਵੀ ਦਿਲਚਸਪ ਹੈ। ਮੱਧ ਏਸ਼ੀਆ ਅਤੇ ਅਰਬੀ ਤੋਂ ਇਹ ਪੱਛਮੀ ਭਾਰਤ ਪਹੁੰਚੇ ਅਤੇ ਕਰਨਾਟਕ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਪਾਲੇ ਗਏ।

ਇਸ ਖ਼ਾਸ ਪ੍ਰਜਾਤੀ 'ਤੇ ਧਿਆਨ ਦੇਣ ਦਾ ਸਿਹਰਾ ਮੁਧੋਲ ਦੇ ਸ਼੍ਰੀਮੰਤ ਰਾਜਾਸਾਹਿਬ ਮਲੋਜੀਰਾਓ ਗੋਰਪੜੇ ਦੇ ਸਿਰ ਬੰਨ੍ਹਿਆ ਜਾਂਦਾ ਹੈ।

ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਕੁਝ ਆਦਿਵਾਸੀ ਇਨ੍ਹਾਂ ਕੁੱਤਿਆਂ ਨੂੰ ਪਾਲ ਰਹੇ ਹਨ ਅਤੇ ਬੇਦਾਰ ਨਾਮ ਦਿੱਤਾ ਗਿਆ ਹੈ, ਜਿਸਦਾ ਮਤਲਬ ਨਿਡਰ ਹੁੰਦਾ ਹੈ।

1900 ਦੀ ਸ਼ੁਰੂਆਤ ਵਿੱਚ ਇੰਗਲੈਡ ਦੇ ਦੌਰੇ 'ਤੇ ਗਏ ਮੁਧੋਲ ਦੇ ਮਹਾਰਾਜਾ ਨੇ ਕਿੰਗ ਜਾਰਜ ਪੰਚਮ ਨੂੰ ਦੋ ਅਜਿਹੇ ਕੁੱਤੇ ਤੋਹਫ਼ੇ ਵਿੱਚ ਦਿੱਤੇ ਸੀ।

ਭਾਰਤੀ ਫੌਜ ਨੇ ਮੁਧੋਲ ਕੁੱਤਿਆਂ ਵਿੱਚ ਦਿਲਚਪੀ ਇਸ ਲਈ ਜਤਾਈ ਸੀ ਕਿਉਂਕਿ ਉਸਦੇ ਮੁਤਾਬਿਕ ਇਹ ਸਰਵਲਾਂਸ ਅਤੇ ਸੀਮਾ ਸੁਰੱਖਿਆ ਨਾਲ ਜੁੜੇ ਕੰਮ ਵਿੱਚ ਮਦਦ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)