ਪਰਮਾਣੂ ਸਮਝੌਤੇ ਨਾਲ ਇਰਾਨ ਨੂੰ ਕੀ ਫਾਇਦਾ ਹੋਇਆ

ਇਰਾਨ Image copyright AFP

ਇਰਾਨ ਅਤੇ ਛੇ ਹੋਰ ਦੇਸ਼ਾਂ ਵਿਚਾਲੇ ਹੋਏ 2015 ਦੇ ਪਰਮਾਣੂ ਸਮਝੌਤੇ ਤਹਿਤ ਤੇਲ, ਵਪਾਰ ਅਤੇ ਬੈਂਕਿੰਗ ਦੇ ਖੇਤਰਾਂ ਵਿੱਚ ਕੌਮਾਂਤਰੀ ਪਾਬੰਦੀਆਂ ਹਟਾਈਆਂ ਗਈਆਂ ਸਨ।

ਬਦਲੇ ਵਿੱਚ, ਇਰਾਨ ਨੇ ਆਪਣੀਆਂ ਪਰਮਾਣੂ ਗਤੀਵਿਧੀਆਂ ਨੂੰ ਸੀਮਤ ਕਰਨਾ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਾਰ ਵਾਰ ਇਸ ਸਮਝੌਤੇ ਨੂੰ ਰੱਦ ਕਰਨ ਦੀਆਂ ਧਮਕੀਆਂ ਦਿੰਦੇ ਆਏ ਹਨ। 8 ਮਈ ਨੂੰ ਉਹ ਮੁੜ ਤੋਂ ਪਾਬੰਦੀਆਂ ਲਾਉਣ 'ਤੇ ਆਪਣਾ ਫੈਸਲਾ ਦੱਸਣਗੇ।

ਜਾਣਦੇ ਹਾਂ ਕਿ ਇਸ ਸਮਝੌਤੇ ਨਾਲ ਇਰਾਨ ਦੀ ਅਰਥ ਵਿਵਸਥਾ 'ਤੇ ਕੀ ਅਸਰ ਪਿਆ ਹੈ?

ਤੇਲ ਦੀ ਬਰਾਮਦ ਨਾਲ ਅਰਥਵਿਵਸਥਾ ਨੂੰ ਕਿੰਨਾ ਫਾਇਦਾ?

ਪਰਮਾਣੂ ਸਮਝੌਤੇ ਤੋਂ ਪਹਿਲਾਂ ਇਰਾਨ ਦੀ ਅਰਥ ਵਿਵਸਥਾ ਦੀ ਹਾਲਤ ਮਾੜੀ ਸੀ। ਪਰ ਆਈਐਮਐਫ (ਇੰਟਰਨੈਸ਼ਨਲ ਮੌਨੇਟਰਿੰਗ ਫੰਡ) ਮੁਤਾਬਕ ਸਮਝੌਤੇ ਦੇ ਇੱਕ ਸਾਲ ਬਾਅਦ ਇਰਾਨ ਦੀ ਜੀਡੀਪੀ 12.5 ਫੀਸਦ ਵਧੀ।

ਉਸ ਤੋਂ ਬਾਅਦ ਵਿਕਾਸ ਰੁਕ ਗਿਆ ਪਰ ਆਈਐਮਐਫ ਮੁਤਾਬਕ ਇਸ ਸਾਲ ਅਰਥ ਵਿਵਸਥਾ 4 ਫੀਸਦ ਵਧੇਗੀ ਜੋ ਚੰਗਾ ਹੈ ਪਰ 8 ਫੀਸਦ ਦੇ ਟਾਰਗੇਟ ਤੋਂ ਘੱਟ ਹੈ।

ਸ਼ੁਰੂਆਤ ਵਿੱਚ ਵਿਕਾਸ ਤੇਲ ਦੇ ਬਰਾਮਦ ਵਿੱਚ ਵਾਧੇ ਤੋਂ ਆਇਆ ਸੀ।

2013 ਵਿੱਚ ਊਰਜਾ ਦੇ ਖੇਤਰ ਵਿੱਚ ਪਾਬੰਦੀਆਂ ਕਰਕੇ ਤੇਲ ਦੀ ਬਰਾਮਦ ਅੱਧੀ ਰਹਿ ਗਈ ਸੀ, ਸਿਰਫ 1.1 ਮਿਲਿਅਨ ਬੈਰਲ ਪ੍ਰਤੀ ਦਿਨ।

ਹੁਣ ਇਰਾਨ ਰੋਜ਼ ਦੇ 2.5 ਮਿਲੀਅਨ ਬੈਰਲ ਬਰਾਮਦ ਕਰਦਾ ਹੈ।

ਇਰਾਨ ਦਾ ਦੂਜਾ ਬਰਾਮਦ ਪਿਸਤਾ

ਮਾਰਚ 2018 ਤੱਕ ਤੇਲ ਤੋਂ ਇਲਾਵਾ ਇਰਾਨ ਦੇ ਦੂਜੇ ਬਰਾਮਦ ਪਰਮਾਣੂ ਸਮਝੌਤੇ ਤੋਂ ਇੱਕ ਸਾਲ ਪਹਿਲਾਂ ਦੇ ਬਰਾਮਦ ਤੋਂ ਪੰਜ ਬਿਲਿਅਨ ਡਾਲਰ ਵੱਧ 47 ਬਿਲੀਅਨ ਡਾਲਰ 'ਤੇ ਸਨ।

ਇਰਾਨ ਦੀ ਖੇਤੀ ਬਰਾਮਦਗੀ ਜਿਵੇਂ ਕਿ ਪਿਸਤਾ ਅਤੇ ਕੇਸਰ, ਪਾਬੰਦੀਆਂ ਤੋਂ ਵੱਧ ਦੇਸ਼ ਵਿੱਚ ਆਏ ਸੌਕੇ ਤੋਂ ਪ੍ਰਭਾਵਿਤ ਹਨ।

ਸਮਝੌਤੇ ਤੋਂ ਬਾਅਦ ਅਮਰੀਕਾ ਨੇ ਇਰਾਨ ਦੇ ਲਗਜ਼ਰੀ ਆਈਟਮਾਂ 'ਤੇ ਪਾਬੰਦੀ ਹਟਾਈ।

Image copyright AFP
ਫੋਟੋ ਕੈਪਸ਼ਨ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਅਤੇ ਇਰਾਨ ਦੇ ਜਵਾਦ ਜ਼ਾਰਿਫ ਆਸਟ੍ਰੀਆ ਵਿੱਚ ਜਿਸ ਦਿਨ ਪਾਬੰਦੀਆਂ ਹਟਾਈਆਂ ਗਈਆਂ

ਪਾਬੰਦੀਆਂ ਹਟਾਉਣ ਕਰਕੇ ਇਰਾਨ ਦਾ ਯੁਰਪੀਅਨ ਯੂਨੀਅਨ ਨਾਲ ਵਪਾਰ ਵੱਧ ਗਿਆ ਹੈ ਪਰ ਚੀਨ, ਦੱਖਣੀ ਕੋਰੀਆ ਅਤੇ ਤੁਰਕੀ ਅਜੇ ਵੀ ਟੌਪ 'ਤੇ ਹਨ।

ਇਰਾਨ ਦੀ ਡਿੱਗਦੀ ਕਰੰਸੀ ਨੂੰ ਹੋਇਆ ਸਮਝੌਤੇ ਨਾਲ ਫਾਇਦਾ?

2012 ਵਿੱਚ ਡਾਲਰ ਅੱਗੇ ਇਰਾਨ ਦੀ ਕਰੰਸੀ ਰਿਆਲ ਦੀ ਕੀਮਤ ਦੋ-ਤਿਹਾਈ ਰਹਿ ਗਈ। ਪਾਬੰਦੀਆਂ ਕਰਕੇ ਇਰਾਨ ਦੇ ਤੇਲ ਤੋਂ ਹੋ ਰਹੇ ਮੁਨਾਫੇ ਅਤੇ ਗਲੋਬਲ ਬੈਂਕਿੰਗ ਸਿਸਟਮ 'ਤੇ ਅਸਰ ਪਿਆ।

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਦੇਸ਼ ਨੂੰ ਵਾਅਦਾ ਕੀਤਾ ਕਿ ਹਰ ਘੰਟੇ ਐਕਸਚੇਂਜ ਰੇਟ ਨਹੀਂ ਵਧੇਗਾ। ਉਹ ਇਸਨੂੰ ਚਾਰ ਸਾਲ ਤੱਕ ਨਿਭਾ ਸਕੇ।

2017 ਵਿੱਚ ਜਦ ਟਰੰਪ ਨੇ ਕਾਂਗਰਸ ਨੂੰ ਪਰਮਾਣੂ ਸਮਝੌਤੇ ਨੂੰ ਸਰਟੀਫ਼ਾਈ ਕਰਨ ਤੋਂ ਮਨਾ ਕਰ ਦਿੱਤਾ, ਰਿਆਲ ਦੀ ਕੀਮਤ ਮੁੜ ਤੋਂ ਡਿੱਗਣ ਲੱਗੀ।

ਪਿਛਲੇ ਸਤੰਬਰ ਤੋਂ ਹੁਣ ਤੱਕ ਰਿਆਲ ਡਾਲਰ ਦਾ ਅੱਧਾ ਹੀ ਰਹਿ ਗਿਆ ਹੈ।

ਕਈ ਲੋਕਾਂ ਨੇ ਫੌਰਨ ਕਰੰਸੀ ਦੀ ਖਰੀਦਾਰੀ ਸ਼ੁਰੂ ਕਰ ਦਿੱਤੀ ਹੈ, ਇਸ ਡਰ ਵਿੱਚ ਕਿ ਜੇ ਪਾਬੰਦੀਆਂ ਮੁੜ ਆਈਆਂ ਤਾਂ ਕੀ ਹੋਵੇਗਾ।

ਕੀ ਆਮ ਇਰਾਨੀ ਸਮਝੌਤੇ ਕਰਕੇ ਅਮੀਰ ਬਣੇ?

ਸੈਂਟਰਲ ਬੈਂਕ ਆਫ ਈਰਾਨ ਦੇ ਅੰਕੜਿਆਂ ਦਾ ਬੀਬੀਸੀ ਪਰਸ਼ੀਅਨ ਵੱਲੋਂ ਜਾਇਜ਼ਾ ਦੱਸਦਾ ਹੈ ਕਿ ਘਰੇਲੂ ਬਜਟ 2007-08 ਵਿੱਚ 14,800 ਡਾਲਰਾਂ ਤੋਂ 2016-17 ਵਿੱਚ 12,515 ਡਾਲਰ ਡਿੱਗੇ।

2014-15 ਤੱਕ ਸੱਤ ਸਾਲਾਂ ਲਈ ਇਹ ਲਗਾਤਾਰ ਡਿੱਗ ਰਹੇ ਸਨ ਅਤੇ ਸਮਝੌਤੇ ਤੋਂ ਇੱਕ ਸਾਲ ਬਾਅਦ ਸਿਰਫ਼ ਹਲਕੇ ਜਿਹੇ ਵਧੇ।

ਸਰਵੇਖਣ ਮੁਤਾਬਕ ਪਿਛਲੇ ਦੱਸ ਸਾਲਾਂ ਵਿੱਚ ਇਸ ਦਾ ਸਭ ਤੋਂ ਵੱਧ ਨੁਕਸਾਨ ਮੱਧ-ਵਰਗ ਨੂੰ ਹੋਇਆ ਹੈ।

ਮਾਹਿਰਾਂ ਮੁਤਾਬਕ ਇਸ ਦੇ ਲਈ ਅਰਥ ਵਿਵਸਥਾ ਨੂੰ ਸਾਂਭ ਕੇ ਨਾ ਰੱਖ ਪਾਉਣਾ ਅਤੇ ਕੌਮਾਂਤਰੀ ਪਾਬੰਦੀਆਂ ਦਾ ਲਾਗੂ ਹੋਣਾ ਮੁੱਖ ਕਾਰਨ ਹਨ।

ਤੇਲ ਮੁਨਾਫਿਆਂ ਕਰਕੇ ਅਰਥ ਵਿਵਸਥਾ ਸੁਧਰੀ ਹੈ ਪਰ ਉਹ ਪੈਸਾ ਸਰਕਾਰੀ ਹੱਥਾਂ ਵਿੱਚ ਪਹਿਲਾਂ ਜਾਂਦਾ ਹੈ ਅਤੇ ਲੋਕਾਂ ਦੀਆਂ ਜੇਬਾਂ ਤੱਕ ਪਹੁੰਚਣ 'ਚ ਸਮਾਂ ਲਗਾਏਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ