ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੱਚ ਤੇ ਝੂਠ ਦਾ ਫ਼ੈਸਲਾ ਗੁਰੂਘਰ 'ਤੇ ਛੱਡਿਆ

ਨਾਡਾ ਸਾਹਿਬ Image copyright Fb/Nada sahib

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਧਿਰਾਂ ਵਿੱਚ ਚੱਲ ਰਹੇ ਵਿਵਾਦ ਦਾ ਫ਼ੈਸਲਾ ਰੱਬ ਉੱਤੇ ਛੱਡ ਦਿੱਤਾ ਗਿਆ ਹੈ। ਉਹ ਹੀ ਫ਼ੈਸਲਾ ਕਰੇਗਾ ਕੌਣ ਸੱਚਾ ਹੈ ਅਤੇ ਕੌਣ ਝੂਠਾ।

ਆਪਣੀ ਤਰਾਂ ਦਾ ਇਹ ਅਨੋਖਾ ਮਾਮਲਾ ਹੈ, ਜਿਸ ਦਾ ਫ਼ੈਸਲਾ ਗੁਰੂਘਰ ਉੱਤੇ ਛੱਡਿਆ ਗਿਆ ਹੈ।ਇਸ ਮਾਮਲੇ ਦੀ ਸੂਬੇ ਵਿਚ ਅੱਜਕੱਲ੍ਹ ਕਾਫ਼ੀ ਚਰਚਾ ਹੈ।

ਕੀ ਹੈ ਮਾਮਲਾ

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮੌੜ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੇ ਹਾਈ ਕੋਰਟ ਵਿਚ ਦਲੀਲ ਦਿੱਤੀ ਹੈ ਕਿ ਉਸ ਨੇ ਆਪਣੇ ਰਿਸ਼ਤੇਦਾਰ ਨਰਿੰਦਰਪਾਲ ਸਿੰਘ ਤੋਂ ਜਾਇਦਾਦ ਚਾਰ ਲੱਖ 60 ਹਜ਼ਾਰ ਵਿਚ ਖ਼ਰੀਦੀ ਸੀ। ਕੁੱਲ ਰਾਸ਼ੀ ਵਿੱਚੋਂ ਉਸ ਨੇ ਚਾਰ ਲੱਖ 30,000 ਰੁਪਏ ਦਾ ਭੁਗਤਾਨ ਨਰਿੰਦਰਪਾਲ ਕਰ ਦਿੱਤਾ ਸੀ ।

ਦੂਜੇ ਪਾਸੇ ਨਰਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਜਾਇਦਾਦ ਬਦਲੇ ਕਿਸੇ ਵੀ ਤਰਾਂ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ । ਜੋ ਵੀ ਪੈਸੇ ਦੇ ਲੈਣ-ਦੇਣ ਸਬੰਧੀ ਦਸਤਾਵੇਜ਼ ਦਿਖਾਏ ਜਾ ਰਹੇ ਹਨ ਉਹ ਜਾਅਲੀ ਹਨ।

Image copyright Getty Images

ਕਸ਼ਮੀਰ ਸਿੰਘ ਦੇ ਵਕੀਲ ਬਰਿੰਦਰ ਰਾਣਾ ਨੇ ਦੱਸਿਆ ਕਿ "ਅਸੀਂ ਅਦਾਲਤ ਵਿਚ ਇਸ ਗੱਲ ਦਾ ਪ੍ਰਸਤਾਵ ਦਿੱਤਾ ਸੀ ਕਿ ਸੱਚ ਅਤੇ ਝੂਠ ਦਾ ਫ਼ੈਸਲਾ ਗੁਰਦੁਆਰਾ ਨਾਡਾ ਸਾਹਿਬ ਵਿਖੇ ਸਹੁੰ ਚੁੱਕ ਕੇ ਕੀਤਾ ਜਾਵੇ, ਦੂਜੀ ਧਿਰ ਦੇ ਵੀ ਇਸ ਦਲੀਲ ਨਾਲ ਸਹਿਮਤ ਹੋਣ ਤੋਂ ਬਾਅਦ ਅਦਾਲਤ ਵੀ ਇਸ ਨਾਲ ਸਹਿਮਤ ਹੋ ਗਈ"।

ਇਸ ਤੋਂ ਬਾਅਦ ਅਦਾਲਤ ਨੇ ਆਦੇਸ਼ ਦਿੱਤਾ ਕਿ ਜੇਕਰ ਨਰਿੰਦਰਪਾਲ ਸਿੰਘ ਗੁਰਦੁਆਰਾ ਨਾਢਾ ਸਾਹਿਬ ਵਿਖੇ ਜਾ ਕੇ ਸਹੁੰ ਚੁੱਕ ਲੈਂਦਾ ਹੈ ਕਿ ਉਸ ਨੂੰ ਕੋਈ ਪੈਸਾ ਨਹੀਂ ਮਿਲਿਆ ਤਾਂ ਕਸ਼ਮੀਰ ਸਿੰਘ ਆਪਣੀ ਪਟੀਸ਼ਨ ਅਦਾਲਤ ਵਿਚ ਵਾਪਸ ਲੈ ਲਵੇਗਾ। ਪਰ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅਦਾਲਤ ਕਸ਼ਮੀਰ ਸਿੰਘ ਦੀ ਅਪੀਲ ਮਨਜ਼ੂਰ ਕਰ ਲਵੇਗੀ।

ਕੀ ਕਹਿੰਦੇ ਹਨ ਵਕੀਲ

ਇਸ ਸਬੰਧ ਵਿਚ ਅਦਾਲਤ ਨੇ ਇੱਕ ਵਕੀਲ ਨੂੰ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਹੈ ਜੋ ਮਿਥੀ ਹੋਈ ਤਾਰੀਖ਼ ਨੂੰ ਗੁਰਦੁਆਰਾ ਨਾਢਾ ਸਾਹਿਬ ਵਿਖੇ ਦੋਹਾਂ ਧਿਰਾਂ ਦੀ ਹਾਜ਼ਰੀ ਵਿਚ ਇਸ ਪੂਰੇ ਮਾਮਲੇ ਨੂੰ ਅਮਲ ਵਿਚ ਲੈ ਕੇ ਆਵੇਗੀ। ਅਦਾਲਤ ਨੇ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਆਦੇਸ਼ ਵੀ ਦਿੱਤੇ ਹਨ। ਇਸ ਤੋਂ ਬਾਅਦ ਕਮਿਸ਼ਨਰ ਪੂਰੀ ਕਾਰਵਾਈ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰੇਗਾ।

Image copyright FB/ advocate rajwinder singh

ਆਪਣੀ ਕਿਸਮ ਦੇ ਇਸ ਵੱਖਰੀ ਤਰਾਂ ਦੇ ਆਦੇਸ਼ ਉੱਤੇ ਕਾਨੂੰਨ ਦੇ ਜਾਣਕਾਰਾਂ ਦੀ ਰਾਏ ਵੱਖੋ ਵੱਖਰੀ ਹੈ।

ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਕਹਿਣਾ ਕਿ ਕਈ ਵਾਰ ਲੋਕ ਅਦਾਲਤ ਸਾਹਮਣੇ ਵਿਅਕਤੀ ਝੂਠ ਬੋਲ ਜਾਂਦੇ ਹਨ ਜਦੋਂ ਕਿ ਗੱਲ ਗੁਰੂ ਗ੍ਰੰਥ ਦੀ ਹੈ ਤਾਂ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।

ਬੈਂਸ ਮੁਤਾਬਿਕ "ਇਹ ਆਦੇਸ਼ ਵਿਹਾਰਕ ਅਤੇ ਸਮਝਦਾਰ ਪੂਰਨ ਹੈ ਅਤੇ ਸਥਾਨਕ ਪਰੰਪਰਾਵਾਂ ਦੇ ਅਨੁਸਾਰ ਵੀ ਹੈ। ਉਨ੍ਹਾਂ ਆਖਿਆ ਕਿ ਅਦਾਲਤ ਦੀ ਜ਼ਿੰਮੇਵਾਰੀ ਵਿਵਾਦ ਨੂੰ ਇੱਕ ਵਿਚੋਲੇ ਦੇ ਤੌਰ ਉੱਤੇ ਹੱਲ ਕਰਨ ਦੀ ਹੈ ਅਤੇ ਇਹ ਕਾਨੂੰਨ ਦੇ ਵਿਰੁੱਧ ਨਹੀਂ ਹੈ"।

ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਸੀਨੀਅਰ ਵਕੀਲ ਨੇ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, "ਅਦਾਲਤ ਵੱਲੋਂ ਅਜਿਹਾ ਆਦੇਸ਼ ਦੇਣਾ ਅਜੀਬ ਲੱਗਦਾ ਹੈ"।

ਕੀ ਹੈ ਨਾਢਾ ਸਾਹਿਬ ਦਾ ਇਤਿਹਾਸ

ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਸ਼ਹਿਰ ਪੰਚਕੂਲਾ ਦੇ ਪਿੰਡ ਨਾਢਾ ਵਿਖੇ ਸਥਿਤ ਹੈ ਗੁਰਦੁਆਰਾ ਸ੍ਰੀ ਨਾਢਾ ਸਾਹਿਬ।

ਗੁਰਦੁਆਰਾ ਨਾਢਾ ਸਾਹਿਬ ਘੱਗਰ ਦਰਿਆ ਕੰਢੇ ਬਣਿਆ ਉਹ ਇਤਿਹਾਸਕ ਸਥਾਨ ਹੈ, ਜਿੱਥੇ 1678 ਵਿੱਚ ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਭੰਗਾਣੀ ਦੀ ਜੰਗ ਵਿੱਚ ਹਰਾਉਣ ਤੋਂ ਬਾਅਦ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਨੇ ਅਨੰਦਪੁਰ ਸਾਹਿਬ ਪਰਤਦੇ ਸਮੇਂ ਕੁਝ ਸਮਾਂ ਆਪਣੀ ਜੇਤੂ ਫੌਜ ਨਾਲ ਕੈਂਪ ਕੀਤਾ ਸੀ।

ਇੱਥੇ ਸਥਾਨਕ ਸ਼ਰਧਾਵਾਨ ਨਾਢੂ ਸ਼ਾਹ ਦੀ ਸੇਵਾ ਤੋਂ ਖੁਸ਼ ਹੋਕੇ ਗੁਰੂ ਸਾਹਿਬ ਨੇ ਇਸ ਜੰਗਲ ਵਾਲੇ ਏਰੀਏ ਨੂੰ ਨਾਡਾ ਸਾਹਿਬ ਦਾ ਨਾਂ ਦਿੱਤਾ ਸੀ। ਇਸ ਕਰ ਕੇ ਸਿੱਖਾਂ ਅਤੇ ਪੰਜਾਬੀਆਂ ਦੀ ਇਸ ਅਸਥਾਨ ਵਿਚ ਅਥਾਹ ਸ਼ਰਧਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ