'ਅਜਿਹਾ ਕੌਮੀ ਫਿਲਮ ਪੁਰਸਕਾਰਾਂ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ'

ਮਨੋਜ ਪਾਹਵਾ ਤੇ ਵਿਨੇ ਪਾਠਕ Image copyright fb/manoj.pahwa - vinay.pathak

ਕੌਮੀ ਪੁਰਸਕਾਰ ਸਾਡੇ ਕਲਾਕਾਰਾਂ ਲਈ ਮਾਣ ਤੇ ਮਰਿਆਦਾ ਦਾ ਵਿਸ਼ਾ ਹੈ, ਇਸ ਪੁਰਸਕਾਰ ਨੂੰ ਲੈਣਾ ਹਰ ਕਲਾਕਾਰ ਦਾ ਸੁਪਨਾ ਤੇ ਮਨਸੂਬਾ ਹੁੰਦਾ ਹੈ ਕਿ ਸਾਨੂੰ ਇੱਕ ਦਿਨ ਵੱਡੇ ਹੋ ਕੇ ਕੌਮੀ ਪੁਰਸਕਾਰ ਮਿਲੇਗਾ।

ਇਹ ਕਹਿਣਾ ਹੈ ਹਿੰਦੀ ਫ਼ਿਲਮਾਂ ਦੇ ਨਾਮੀ ਕਲਾਕਾਰਾਂ ਵਿਨੇ ਪਾਠਕ ਤੇ ਮਨੋਜ ਪਾਹਵਾ ਦਾ।

ਨਵੀਂ ਹਿੰਦੀ ਫ਼ਿਲਮ ਖ਼ਜੂਰ ਪੇ ਅਟਕੇ ਦੇ ਇਨ੍ਹਾਂ ਕਲਾਕਾਰਾਂ ਵਿਨੇ ਪਾਠਕ ਤੇ ਮਨੋਜ ਪਾਹਵਾ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਇਹ ਵਿਚਾਰ ਸਾਂਝੇ ਕੀਤੇ।

ਕੌਮੀ ਪੁਰਸਕਾਰਾਂ ਦੀ ਆਪਣੀ ਅਹਿਮੀਅਤ

ਵਿਨੇ ਪਾਠਕ ਕਹਿੰਦੇ ਹਨ, ''ਕਲਾਕਾਰਾਂ ਦੀਆਂ ਇਸ ਐਵਾਰਡ ਤੋਂ ਉਮੀਦਾਂ ਲਾਜ਼ਮੀ ਹਨ ਤੇ ਰਾਸ਼ਟਰਪਤੀ ਹੱਥੋਂ ਇਸ ਨੂੰ ਲੈਣਾ ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਹੈ''

ਫੋਟੋ ਕੈਪਸ਼ਨ ਫੇਸਬੁੱਕ ਲਾਈਵ ਦੌਰਾਨ ਗੱਲ ਕਰਦੇ ਹੋਏ ਵਿਨੇ ਪਾਠਕ

ਮਰਹੂਮ ਅਦਾਕਾਰ ਓਮ ਪੁਰੀ ਨੂੰ ਯਾਦ ਕਰਦਿਆਂ ਵਿਨੇ ਪਾਠਕ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਦੇਸ਼-ਵਿਦੇਸ਼ ਤੋਂ ਮਿਲੇ ਬਾਕੀ ਐਵਾਰਡਜ਼ ਇੱਕ ਪਾਸੇ ਸਨ ਤੇ ਨੈਸ਼ਨਲ ਫ਼ਿਲਮ ਐਵਾਰਡ ਇੱਕ ਪਾਸੇ ਸੀ।

ਓਮ ਪੁਰੀ ਸਾਹਿਬ ਕਹਿੰਦੇ ਸਨ, ''ਇਸ ਇੱਜ਼ਤ ਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਪੁਰਸਕਾਰ ਤੁਹਾਡੀ ਆਤਮਾ 'ਚ ਕਿੰਨੀ ਊਰਜਾ ਦਾ ਵਾਧਾ ਕਰਦਾ ਹੈ।''

ਕਈ ਫ਼ਿਲਮੀ ਹਸਤੀਆਂ ਵੱਲੋਂ ਕੌਮੀ ਫ਼ਿਲਮ ਪੁਰਸਕਾਰਾਂ ਦੇ ਸਮਾਗਮ ਦੇ ਬਾਇਕਾਟ ਬਾਰੇ ਉਨ੍ਹਾਂ ਕਿਹਾ, '' ਬਾਇਕਾਟ ਜਾਇਜ਼ ਸੀ ਤੇ ਇਹ ਉਨ੍ਹਾਂ ਨਾਲ ਇੱਕ ਮਤਰੇਏ ਵਿਵਹਾਰ ਵਰਗਾ ਹੀ ਹੈ।''

ਵਿਨੇ ਪਾਠਕ ਅੱਗੇ ਕਹਿੰਦੇ ਹਨ, ''ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਐਵਾਰਡਜ਼ ਦੀ ਇੱਜ਼ਤ ਤੇ ਮਾਣ ਨੂੰ ਬਚਾ ਕੇ ਬਰਕਰਾਰ ਰੱਖਣਾ ਇਸ ਸੰਸਥਾ ਦਾ ਹੀ ਕੰਮ ਹੈ।''

11 ਹਸਤੀਆਂ ਨੂੰ ਇਹ ਪੁਰਸਕਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੱਥੋਂ ਦਿੱਤਾ ਗਿਆ ਸੀ ਤੇ ਬਾਕੀਆਂ ਨੂੰ ਇਹ ਐਵਾਰਡ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਕੇਂਦਰੀ ਰਾਜ ਮੰਤਰੀ ਰਾਜਿਆਵਰਧਨ ਸਿੰਘ ਰਾਠੌਰ ਹੱਥੋਂ ਦਿੱਤਾ ਗਿਆ ਸੀ।

ਇਸ ਸਬੰਧੀ ਵਿਨੇ ਪਾਠਕ ਨੇ ਕਿਹਾ ਕਿ ਜੇ ਇਸ ਫ਼ੈਸਲੇ ਨਾਲ ਸਾਡੇ ਕਲਾਕਾਰਾਂ ਨੂੰ ਪਰੇਸ਼ਾਨੀ ਤੇ ਦੁੱਖ ਹੋਇਆ ਹੈ ਤਾਂ ਉਹ ਲਾਜ਼ਮੀ ਹੈ ਕਿਉਂਕਿ ਅਜਿਹਾ ਇਨ੍ਹਾਂ ਐਵਾਰਡਜ਼ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ।

ਮਨੋਜ ਪਾਹਵਾ ਨੇ ਵਿਨੇ ਪਾਠਕ ਦੀਆਂ ਗੱਲਾਂ 'ਤੇ ਹਾਮੀ ਭਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ।

ਉਹ ਕਹਿੰਦੇ ਹਨ, ''ਉਮੀਦ ਹੁੰਦੀ ਹੈ ਕਿ ਜਾਵਾਂਗੇ ਤੇ ਨੈਸ਼ਨਲ ਐਵਾਰਡ ਰਾਸ਼ਟਰਪਤੀ ਦੇ ਹੱਥੋ ਮਿਲੇਗਾ''

ਫੋਟੋ ਕੈਪਸ਼ਨ ਮਨੋਜ ਪਾਹਵਾ

''ਇਹ ਤਾਂ ਉਹ ਗੱਲ ਹੋ ਗਈ ਕਿ ਤੁਸੀਂ ਮਹਿਮਾਨ ਨੂੰ ਘਰ ਖਾਣੇ 'ਤੇ ਸੱਦਾ ਦਿੱਤਾ ਅਤੇ ਫ਼ਿਰ ਘਰਦਿਆਂ ਨੂੰ ਕਹਿੰਦੇ ਹੋ ਕਿ ਇਨ੍ਹਾਂ ਨੂੰ ਰੋਟੀ ਖਵਾਓ ਮੈਨੂੰ ਕੰਮ ਪੈ ਗਿਆ ਹੈ....ਆਜੋ ਕੀ ਖਾਓਗੇ, ਬੰਦਾ ਕਹਿੰਦਾ ਹੈ ਰੋਟੀ ਤਾਂ ਮੈਂ ਖਾ ਲੈਣੀ ਹੈ ਤੇ ਜਿਸ ਨੇ ਸੱਦਾ ਦਿੱਤਾ ਸੀ ਉਹ ਕਿੱਥੇ ਚਲਾ ਗਿਆ ਹੈ।''

''ਇਸ ਤਰ੍ਹਾਂ ਹੀ ਨੈਸ਼ਨਲ ਫ਼ਿਲਮ ਐਵਾਰਡਜ਼ ਦੀ ਗੱਲ ਹੈ ਕਿ ਉਹ ਜੇ ਰਾਸ਼ਟਰਪਤੀ ਹੱਥੋ ਨਾ ਮਿਲੇ ਤਾਂ ਕੀ ਮਜ਼ਾ।''

ਬਦਲਦੇ ਦੌਰ 'ਚ ਬਦਲਦੇ ਕਿਰਦਾਰ

ਮਨੋਜ ਪਾਹਵਾ ਕਹਿੰਦੇ ਹਨ, ''ਚੰਗੀ ਕਹਾਣੀ ਕਰਕੇ ਚੰਗੇ ਅਦਾਕਾਰਾਂ ਨੂੰ ਮੌਕਾ ਮਿਲਦਾ ਹੈ''

''ਕੰਮ ਤਾਂ 80ਵੇਂ ਦਹਾਕੇ 'ਚ ਹੀ ਸ਼ੁਰੂ ਕਰ ਦਿੱਤਾ ਸੀ। ਹੁਣ ਜਿਵੇਂ-ਜਿਵੇਂ ਦੌਰ ਬਦਲ ਰਿਹਾ ਹੈ, ਉਸ ਤਰ੍ਹਾਂ ਮੈਂ ਵੀ ਖ਼ੁਦ ਵਿੱਚ ਬਦਲਾਅ ਕਰਦਾ ਰਹਿੰਦਾ ਹਾਂ।''

''ਪਹਿਲਾਂ ਸਟੇਜ ਫ਼ਿਰ ਟੀਵੀ, ਫ਼ਿਲਮਾਂ ਤੇ ਹੁਣ ਵੈੱਬ ਸੀਰੀਜ਼ ਵੀ ਕਰਦੇ ਹਾਂ।''

ਉਹ ਅੱਗੇ ਕਹਿੰਦੇ ਹਨ, ''ਸਾਰੀ ਗੱਲ ਅਦਾਕਾਰੀ ਤੇ ਰੋਜ਼ੀ ਰੋਟੀ ਦੀ ਹੈ ਕਿਉਂਕਿ ਇਸ ਨਾਲ ਖ਼ੁਸ਼ੀ ਮਿਲਦੀ ਹੈ।''

''ਹੁਣ ਦੌਰ ਬਦਲਣ ਕਰਕੇ ਵਿਸ਼ੇ ਤੇ ਮੁੱਦੇ ਵਾਲੀਆਂ ਫ਼ਿਲਮਾਂ ਬਣ ਰਹੀਆਂ ਹਨ, ਹੁਣ ਵੱਖਰੀ ਕਹਾਣੀ ਲੋਕ ਦੱਸਣਾ ਤੇ ਦਿਖਾਉਣਾ ਚਾਹੁੰਦੇ ਹਨ।''

Image copyright fb/manoj.pahwa

''ਹੁਣ ਚੰਗੀ ਕਹਾਣੀ ਨੂੰ ਚੰਗੇ ਅਦਾਕਾਰਾਂ ਦੀ ਲੋੜ ਪੈਂਦੀ ਹੈ ਅਤੇ ਇਸ ਕਰਕੇ ਹੁਣ ਕਹਾਣੀ ਤੇ ਵਿਸ਼ੇ ਨੂੰ ਧਿਆਨ 'ਚ ਰੱਖਦੇ ਹੋਏ ਬਦਲਦੇ ਦੌਰ ਨਾਲ ਕੰਮ ਚੰਗਾ ਮਿਲ ਰਿਹਾ ਹੈ।''

ਵਿਨੇ ਪਾਠਕ ਕਹਿੰਦੇ ਹਨ, ''ਚੰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਲਾਲਚ ਰਹਿੰਦਾ ਹੈ।''

''ਸ਼ੁਰੂ ਤੋਂ ਕਹਾਣੀਆਂ ਤੇ ਕਿਰਦਾਰ ਪ੍ਰਧਾਨ ਫ਼ਿਲਮਾਂ ਨਾਲ ਮੈਂ ਜੁੜਿਆ ਰਿਹਾ ਹਾਂ।''

''ਸਾਡੀ ਨਵੀਂ ਫ਼ਿਲਮ ਖਜੂਰ ਪੇ ਅਟਕੇ ਵੀ ਇਸ ਤਰ੍ਹਾਂ ਦੀ ਹੀ ਫ਼ਿਲਮ ਹੈ।''

''ਚੰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਲਾਲਚ ਮੈਨੂੰ ਹਮੇਸ਼ਾ ਰਹਿੰਦਾ ਹੈ।''

ਮੌਤ ਤੇ ਕਾਮੇਡੀ ਦੁਆਲੇ ਨਵੀਂ ਫ਼ਿਲਮ

ਮਨੋਜ ਪਾਹਵਾ ਤੇ ਵਿਨੇ ਪਾਠਕ ਦੀ ਨਵੀਂ ਫ਼ਿਲਮ ਮੌਤ ਤੇ ਕਾਮੇਡੀ ਦੇ ਦੁਆਲੇ ਘੁੰਮਦੀ ਹੈ।

ਫੋਟੋ ਕੈਪਸ਼ਨ ਵਿਨੇ ਪਾਠਕ

ਮਨੋਜ ਮੁਤਾਬਕ ਇਹ ਫ਼ਿਲਮ ਦੱਸਦੀ ਹੈ ਕਿ ਅਸੀਂ ਜਿਨੇਂ ਵੀ ਐਡਵਾਂਸ ਹੋ ਜਾਈਏ ਪਰ ਮਨੁੱਖੀ ਰਿਸ਼ਤੇ ਕਦੇ ਨਹੀਂ ਬਦਲਦੇ।

''ਪਹਿਲਾਂ ਇੱਕ ਦੂਜੇ ਨੂੰ ਖ਼ਤ ਲਿਖ ਕੇ ਗੱਲ ਕਹਿੰਦੇ ਸੀ ਤੇ ਅੱਜ ਵੱਟਸਐੱਪ 'ਤੇ ਗੱਲ ਕਹਿੰਦੇ ਹਾਂ।''

''ਮੱਧ ਵਰਗੀ ਪਰਿਵਾਰ ਦੀ ਇਹ ਕਹਾਣੀ ਹਰ ਵਿਅਕਤੀ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਹੈ।''

''ਸਾਡੀ ਜ਼ਿੰਦਗੀ ਵਿੱਚ ਵੀ ਸੰਜੀਦਾ ਮਾਹੌਲ 'ਚ ਹਾਸਾ ਕਿਤੇ ਨਾ ਕਿਤੇ ਰਹਿੰਦਾ ਹੈ।''

ਦਿੱਲੀ ਦੇ ਪੰਜਾਬੀ ਪਰਿਵਾਰ 'ਚ ਜੰਮੇ ਅਤੇ ਪੰਜਾਬੀ ਫ਼ਿਲਮਾਂ ਡਿਸਕੋ ਸਿੰਘ ਅਤੇ ਹੀਰ ਐਂਡ ਹੀਰੋ ਵਿੱਚ ਨਜ਼ਰ ਆ ਚੁੱਕੇ ਮਨੋਜ ਪਾਹਵਾ ਦਾ 80 ਦੇ ਦਹਾਕੇ ਤੋਂ ਹੁਣ ਤੱਕ ਟੀਵੀ, ਥਿਏਟਰ ਤੇ ਫ਼ਿਲਮਾਂ 'ਚ ਲੰਮਾ ਸਫ਼ਰ ਰਿਹਾ ਹੈ।

Image copyright fb/manoj.pahwa

ਉਧਰ ਦੂਜੇ ਪਾਸੇ ਵਿਨੇ ਪਾਠਕ ਦਾ ਵੀ 80 ਦੇ ਦਹਾਕੇ ਤੋਂ ਹੁਣ ਤੱਕ ਟੀਵੀ, ਫ਼ਿਲਮਾਂ ਤੇ ਥਿਏਟਰ ਦਾ ਆਪਣਾ ਤਜਰਬਾ ਹੈ।

ਆਪਣੀ ਕੌਮਿਕ ਟਾਈਮਿੰਗ ਅਤੇ ਸੰਜੀਦਾ ਅਦਾਕਾਰੀ ਕਰਕੇ ਜਾਣੇ ਜਾਂਦੇ ਇਨ੍ਹਾਂ ਦੋਵੇਂ ਅਦਾਕਾਰਾਂ ਨੂੰ ਕਈ ਐਵਾਰਡ ਮਿਲ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)