75 ਸਾਲਾ ਯੇਦੁਰੱਪਾ ਨੂੰ ਸੀਐੱਮ ਬਣਨ ਦੀ ਆਸ ਕਿਉਂ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਰੈਲੀਆਂ ਨੂੰ 15 ਤੋਂ ਵਧਾ ਕੇ 21 ਕੀਤਾ Image copyright Twitter@BSYBJP
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਰੈਲੀਆਂ ਨੂੰ 15 ਤੋਂ ਵਧਾ ਕੇ 21 ਕੀਤਾ

ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐੱਸ ਯੇਦੁਰੱਪਾ ਨੂੰ ਪੂਰਾ ਭਰੋਸਾ ਹੈ ਕਿ 17 ਮਈ ਨੂੰ ਉਹ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ।

ਇਸ ਦਾਅਵੇ ਨਾਲ ਉਨ੍ਹਾਂ ਨੇ ਪਾਰਟੀ ਦੀ ਮਾਰਗਦਰਸ਼ਕ ਵਾਲੀ ਰਵਾਇਤ ਨੂੰ ਵੀ ਲਾਂਭੇ ਕਰ ਦਿੱਤਾ ਹੈ ਜਿਸ ਵਿੱਚ 75 ਸਾਲ ਤੋਂ ਉੱਤੇ ਦੇ ਆਗੂਆਂ ਨੂੰ ਸਿਰਫ਼ ਮਾਰਗਦਰਸ਼ਕ ਵਜੋਂ ਕੰਮ ਕਰਨ ਦੀ ਗੱਲ ਹੈ।

ਚੋਣ ਪ੍ਰਚਾਰ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਯੇਦੁਰੱਪਾ ਨੇ ਬੀਬੀਸੀ ਨੂੰ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉਸੇ ਦਿਨ ਮੈਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨ ਦਿੱਤਾ ਸੀ ਜਿਸ ਦਿਨ ਉਨ੍ਹਾਂ ਨੇ ਮੈਨੂੰ ਸੂਬੇ ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ ਸੀ।''

"ਉਨ੍ਹਾਂ ਨੇ ਮੈਨੂੰ ਸਤਿਕਾਰ ਦਿੱਤਾ, ਮੈਂ ਪੰਜ ਸਾਲਾਂ ਤੱਕ ਮੁੱਖ ਮੰਤਰੀ ਬਣਿਆ ਰਹਾਂਗਾ।''

ਲਿੰਗਆਤ ਭਾਈਚਾਰੇ ਦੇ ਖਦਸ਼ੇ

ਯੇਦੁਰੱਪਾ ਫਰਵਰੀ ਵਿੱਚ 75 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕਰਨਾਟਕ ਦੇ ਦੇਵਨਾਗਰੇ ਵਿੱਚ ਪ੍ਰਬੰਧਿਤ ਰੈਲੀ ਵਿੱਚ 'ਕਿਸਾਨ ਬੰਧੂ' ਵਜੋਂ ਕਿਹਾ।

ਪ੍ਰਧਾਨ ਮੰਤਰੀ ਲਗਾਤਾਰ ਆਪਣੇ ਹਰ ਭਾਸ਼ਣ ਵਿੱਚ ਯੇਦੁਰੱਪਾ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰ ਰਹੇ ਹਨ।

Image copyright Getty Images

ਲਿੰਗਆਤ ਭਾਈਚਾਰੇ ਵਿੱਚ ਯੇਦੁਰੱਪਾ ਨੂੰ ਲੈ ਕੇ ਕੁਝ ਖਦਸ਼ੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਯੇਦੁਰੱਪਾ ਉਨ੍ਹਾਂ ਦੇ ਭਾਈਚਾਰੇ ਦੇ ਵੋਟਾਂ ਦਾ ਇਸਤੇਮਾਲ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਰ ਲੈਣਗੇ।

ਉਸ ਤੋਂ ਬਾਅਦ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਲਿਆਇਆ ਜਾਵੇਗਾ।

ਖਦਸ਼ੇ ਇਸ ਲਈ ਵੀ ਪ੍ਰਗਟਾਏ ਜਾ ਰਹੇ ਹਨ ਕਿਉਂਕਿ ਯੇਦੁਰੱਪਾ ਦੀ ਉਮਰ 75 ਸਾਲ ਦੀ ਹੋ ਚੁੱਕੀ ਹੈ।

2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਕਈ ਆਗੂਆਂ ਨੂੰ ਮਾਰਗਦਰਸ਼ਕ ਬਣਾ ਦਿੱਤਾ ਸੀ।

Image copyright PTI
ਫੋਟੋ ਕੈਪਸ਼ਨ ਭਾਜਪਾ ਵਿੱਚ 75 ਸਾਲ ਤੋਂ ਵੱਡੇ ਆਗੂਆਂ ਨੂੰ ਐਕਟਿਵ ਸਿਆਸਤ ਤੋਂ ਪਰੇ ਕਰਨ ਦੀ ਰਵਾਇਤ ਹੈ

ਇਸ ਖਦਸ਼ੇ ਬਾਰੇ ਜਦੋਂ ਯੇਦੁਰੱਪਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਇਹ ਸਭ ਬੇਕਾਰ ਦੀਆਂ ਗੱਲਾਂ ਹਨ ਕਿਉਂਕਿ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਨੇ ਕਈ ਵਾਰ ਕਿਹਾ ਹੈ ਕਿ ਮੈਂ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੋਵਾਂਗਾ।''

ਕਿਉਂ ਮੋਦੀ ਦੀਆਂ ਰੈਲੀਆਂ 15 ਤੋਂ 21 ਹੋਈਆਂ?

ਯੇਦੁਰੱਪਾ ਨੇ ਅੱਗੇ ਕਿਹਾ, "ਇਸ ਬਾਰੇ ਕੋਈ ਸ਼ੱਕ ਨਹੀਂ ਕਿ ਮੈਂ 17 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਂਗਾ ਜੋ ਉੱਤਰ ਪ੍ਰਦੇਸ਼ ਵਿੱਚ ਹੋਇਆ ਉਹੀ ਇੱਥੇ ਵੀ ਹੋਵੇਗਾ।''

ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਦਲਿਤ, ਓਬੀਸੀ ਅਤੇ ਘੱਟ ਗਿਣਤੀ ਭਾਈਚਾਰੇ ਦੇ ਵੋਟ ਜਿਨ੍ਹਾਂ 'ਤੇ ਮੁੱਖ ਮੰਤਰੀ ਸਿੱਧਾਰਮਈਆ ਦੀ ਪਕੜ ਸੀ, ਉਹ ਹੁਣ ਉਨ੍ਹਾਂ ਦੇ ਨਾਲ ਆ ਜਾਣਗੇ।

Image copyright Getty Images
ਫੋਟੋ ਕੈਪਸ਼ਨ ਬੀ ਐੱਸ ਯੇਦੁਰੱਪਾ ਨੇ ਦਾਅਵਾ ਕੀਤਾ ਹੈ ਕਿ ਉਹ ਸੂਬੇ ਵਿੱਚ ਐਂਟੀ ਕੁਰੱਪਸ਼ਨ ਬਿਊਰੋ ਨੂੰ ਖ਼ਤਮ ਕਰਨਗੇ

ਉਨ੍ਹਾਂ ਕਿਹਾ, "ਸਾਰੇ ਓਬੀਸੀ ਅਤੇ ਦਲਿਤ ਭਾਈਚਾਰੇ ਦੇ ਲੋਕ ਸਿੱਧਾਰਮਈਆ ਦੇ ਖਿਲਾਫ ਹਨ। ਸਾਨੂੰ ਦਲਿਤਾਂ ਦੇ ਸੱਜੇ ਪੱਖੀਆਂ ਦੇ 40 ਫੀਸਦ ਵੋਟ ਤਾਂ ਮਿਲਣਗੇ ਹੀ ਅਤੇ ਖੱਬੇ ਪੱਖੀ ਸਾਡੇ ਨਾਲ ਪਹਿਲਾਂ ਹੀ ਹਨ।''

ਜੇ ਯੇਦੁਰੱਪਾ ਨੂੰ ਆਪਣੀ ਜਿੱਤ ਲਈ ਇੰਨਾ ਹੀ ਭਰੋਸਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਰੈਲੀਆਂ ਨੂੰ 15 ਤੋਂ 21 ਕਿਉਂ ਕੀਤੀਆਂ?

ਇਸ ਬਾਰੇ ਯੇਦੁਰੱਪਾ ਨੇ ਕਿਹਾ, "ਮੋਦੀ ਜੀ ਵੱਲੋਂ ਸੂਬੇ ਦਾ ਦੌਰਾ ਕਰਨ ਨਾਲ ਸਾਨੂੰ 224 ਚੋਂ 150 ਸੀਟਾਂ ਮਿਲਣਗੀਆਂ ਇਸ ਲਈ ਉਹ ਸੂਬੇ ਵੱਲ ਇੰਨਾ ਧਿਆਨ ਦੇ ਰਹੇ ਹਨ।

"ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਭਾਜਪਾ ਲਈ ਕਰਨਾਟਕ ਵਿੱਚ ਪ੍ਰਚਾਰ ਕੀਤਾ ਕਿਉਂਕਿ 80 ਫੀਸਦ ਹਿੰਦੂ ਉਨ੍ਹਾਂ ਦੀ ਹਮਾਇਤ ਕਰਦੇ ਹਨ ਅਤੇ ਇਸ ਨਾਲ ਵੀ ਸਾਨੂੰ ਕਾਫੀ ਫਾਇਦਾ ਹੋਵੇਗਾ।''

'ਸਿੱਧਾਰਮਈਆ ਖਿਲਾਫ਼ ਮਾਮਲਿਆਂ ਦੀ ਜਾਂਚ ਹੋਵੇਗੀ'

ਯੇਦੁਰੱਪਾ ਨੇ ਦਾਅਵਾ ਕੀਤਾ ਹੈ ਕਿ ਸੱਤਾ ਵਿੱਚ ਆਉਣ ਸਾਰ ਹੀ ਉਹ ਐਂਟੀ ਕੁਰੱਪਸ਼ਨ ਬਿਓਰੋ ਖ਼ਤਮ ਕਰ ਦੇਣਗੇ ਅਤੇ ਲੋਕਾਆਯੁਕਤ ਨੂੰ ਮਜ਼ਬੂਤ ਕਰਨਗੇ।

ਉਨ੍ਹਾਂ ਕਿਹਾ, "ਇਸ ਬਾਰੇ ਮੈਂ ਤੈਅ ਕਰ ਲਿਆ ਹੈ ਕਿ ਏਸੀਬੀ ਵੱਲੋਂ ਸਿੱਧਾਰਮਈਆ ਅਤੇ ਉਨ੍ਹਾਂ ਦੇ ਮੰਤਰੀਆਂ ਖਿਲਾਫ਼ ਦਰਜ ਜਿਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਹੋਈ, ਉਨ੍ਹਾਂ ਬਾਰੇ ਮੈਂ ਜਾਂਚ ਦੇ ਹੁਕਮ ਦੇਵਾਂਗਾ।''

Image copyright Getty Images
ਫੋਟੋ ਕੈਪਸ਼ਨ ਯੇਦੁਰੱਪਾ ਨੇ ਦਾਅਵਾ ਕੀਤਾ ਹੈ ਕਿ ਉਹ ਸਿੱਧਾਰਮਈਆ ਦੇ ਖਿਲਾਫ਼ ਦਰਜ ਮਾਮਲਿਆਂ ਦੀ ਜਾਂਚ ਕਰਵਾਉਣਗੇ

ਯੇਦੁਰੱਪਾ ਤੋਂ ਜਦੋਂ ਪੁੱਛਿਆ ਗਿਆ ਕਿ ਆਦੀਵਾਸੀ ਆਗੂ ਅਤੇ ਮਾਈਨਿੰਗ ਘੁਟਾਲੇ ਵਿੱਚ ਮੁਲਜ਼ਮ ਗਲੀ ਜਨਾਰਦਨ ਰੈੱਡੀ ਦੇ ਸਾਥੀ ਸਰੀਰਾਮੁਲੂ ਨੂੰ ਪਾਰਟੀ ਵੱਲੋਂ ਉਪ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ, "ਅਜਿਹਾ ਕੁਝ ਨਹੀਂ ਹੈ। ਅਸੀਂ ਕਿਸੇ ਨੂੰ ਕੋਈ ਵਾਅਦਾ ਨਹੀਂ ਕੀਤਾ ਹੈ।''

"ਸਰੀਰਾਮੁਲੂ ਬਾਦਾਮੀ ਹਲਕੇ ਤੋਂ ਚੋਣ ਜਿੱਤਣਗੇ ਅਤੇ ਸਿੱਧਾਰਮਈਆ ਉੱਥੋਂ ਵੀ ਅਤੇ ਚਮੁੰਦੇਸ਼ਵਰੀ ਤੋਂ ਵੀ ਚੋਣ ਹਾਰਨਗੇ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਬਾਹਰ ਕਾਂਗਰਸ ਨਾਲ ਅਤੇ ਅੰਦਰ ਆਪਣੀ ਪਾਰਟੀ ਦੇ ਲੋਕਾਂ ਨਾਲ ਲੜ ਰਹੇ ਹਨ ਤਾਂ ਯੇਦੁਰੱਪਾ ਨੇ ਕਿਹਾ, "ਅਸੀਂ ਇਕੱਠੇ ਚੋਣਾਂ ਲੜ ਰਹੇ ਹਾਂ। ਸਾਰੇ ਐਮਪੀ ਅਤੇ ਐਮਐਲਏ ਮਿਲ ਕੇ ਮੁਕਾਬਲਾ ਕਰ ਰਹੇ ਹਾਂ।''

"ਨਜ਼ਰੀਏ ਵਿੱਚ ਫਰਕ ਹੋ ਸਕਦਾ ਹੈ। ਸਾਡੀ ਲੜਾਈ ਕਾਂਗਰਸ ਨਾਲ ਹੈ ਅਤੇ ਸਾਨੂੰ ਪੂਰਨ ਬਹੁਮਤ ਮਿਲੇਗਾ।''

Image copyright Getty Images
ਫੋਟੋ ਕੈਪਸ਼ਨ ਯੂਪੀ ਦੇ ਮੁੱਖ ਮੰਤਰੀ ਅਦਿੱਤਯ ਨਾਥ ਯੋਗੀ ਨੇ ਵੀ ਕਰਨਾਟਕ ਵਿੱਚ ਪ੍ਰਚਾਰ ਕੀਤਾ ਹੈ

ਜਦੋਂ ਪੁੱਛਿਆ ਕਿ ਲੋਕ ਤੁਹਾਨੂੰ ਇਸ ਲਈ ਵੋਟ ਦੇਣਗੇ ਕਿਉਂਕਿ ਤੁਸੀਂ ਮੁੱਖ ਮੰਤਰੀ ਬਣਨ ਵਾਲੇ ਹੋ ਜਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੋਟ ਕਰਨਗੇ ਉਨ੍ਹਾਂ ਨੇ ਕਿਹਾ, "ਦੋ ਗੱਲਾਂ ਹਨ, ਲੋਕ ਮੋਦੀ ਸਰਕਾਰ ਦੇ 4 ਸਾਲ ਦੇ ਕੰਮਕਾਜ ਤੋਂ ਖੁਸ਼ ਹਨ ਅਤੇ ਸੂਬੇ ਵਿੱਚ ਪੰਜ ਸਾਲ ਦੇ ਸਾਡੇ ਰਾਜ ਨੂੰ ਵੀ ਲੋਕਾਂ ਨੇ ਕਿਸਾਨ ਅਤੇ ਸਮਾਜ ਦੇ ਹਰ ਹਿੱਸੇ ਲਈ ਫਾਇਦੇਮੰਦ ਮੰਨਿਆ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)