ਦਿੱਲੀ ਦੇ ਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗੇ 1.43 ਕਰੋੜ

ਪਿਤਾ ਵੀਰੇਂਦਰ ਮੋਹਨ ਅਤੇ ਬੇਟਾ ਨਿਤਿਨ Image copyright DELHI POLICE

ਇਹ ਖ਼ਬਰ ਪੜ੍ਹਨ ਤੋਂ ਪਹਿਲਾਂ ਉੱਪਰਲੀ ਤਸਵੀਰ ਦੇਖ ਲਵੋ।

ਚਿੱਟੇ ਚਾਂਦੀ ਰੰਗੇ ਕੱਪੜੇ ਦੇ ਸੂਟ ਪਹਿਨੀ, ਪੁਲਾੜ ਯਾਤਰੀਆਂ ਵਰਗੇ ਹੈਲਮਟ ਪਹਿਨੇ ਇਹ ਹੈ ਪਿਉ-ਪੁੱਤਰ ਦੀ ਜੋੜੀ।

ਇਨ੍ਹਾਂ 'ਤੇ ਡੇਢ ਕਰੋੜ ਦੀ ਠੱਗੀ ਦਾ ਇਲਜ਼ਾਮ ਹੈ।

ਦਿਲਚਸਪ ਗੱਲ ਤਾਂ ਇਹ ਹੈ ਕਿ ਇਨ੍ਹਾਂ ਨੇ ਠੱਗੀ ਲਈ ਆਪਣੇ-ਆਪ ਨੂੰ ਨਾਸਾ ਦੇ ਵਿਗਿਆਨੀ ਦੱਸਿਆ।

ਇਸ ਤੋਂ ਵੀ ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਜੋੜੀ ਨੇ ਜਿਸ ਨੂੰ ਠੱਗਿਆ ਉਸ ਨੂੰ ਬਿਨਾਂ ਅੰਗਰੇਜ਼ੀ ਬੋਲੇ, ਬਿਨਾਂ ਕੋਈ ਵਿਗਿਆਨਕ ਫਾਰਮੂਲਾ ਦੱਸੇ ਹਜ਼ਾਰਾਂ ਦਾ ਸਾਮਾਨ ਲੱਖਾਂ ਵਿੱਚ ਵੇਚ ਦਿੱਤਾ।

ਇਹ ਪੂਰਾ ਮਾਮਲਾ ਕੌਮੀ ਰਾਜਧਾਨੀ ਦਿੱਲੀ ਦਾ ਹੈ।

ਕੀ ਸੀ ਪੂਰਾ ਮਾਮਲਾ?

ਪਿਉ-ਪੁੱਤਰ ਦੀ ਇਹ ਜੋੜੀ ਦਿੱਲੀ ਦੇ ਪੱਛਮ ਵਿਹਾਰ ਦੀ ਨਿਵਾਸੀ ਹੈ।

ਪਿਤਾ ਵੀਰੇਂਦਰ ਮੋਹਨ ਅਤੇ ਬੇਟਾ ਨਿਤਿਨ 1990 ਦੇ ਦਹਾਕੇ ਵਿੱਚ ਮੋਟਰ ਵਰਕਸ਼ਾਪ ਚਲਾਉਂਦੇ ਸਨ।

Image copyright DELHI POLICE

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਭੀਸ਼ਮ ਸਿੰਘ ਮੁਤਾਬਕ, ਪਿਉ-ਪੁੱਤ ਨੇ ਇੱਕ ਕੱਪੜਾ ਵਪਾਰੀ ਨਾਲ ਨਾਸਾ ਵਿੱਚ ਵਰਤੀ ਜਾਣ ਵਾਲੀ ਰਾਈਸ ਪੁਲਰ ਨਾਮ ਦੀ ਇੱਕ ਧਾਤ ਦਾ ਸੌਦਾ ਕੀਤਾ।

ਰਾਈਸ ਪੁਲਰ ਇੱਕ ਤਰ੍ਹਾਂ ਦੀ ਉਹ ਧਾਤ ਹੈ, ਜੋ ਚੌਲਾਂ ਵਰਗੇ ਛੋਟੇ ਕਣਾਂ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦੀ ਹੈ।

ਡੀਸੀਪੀ ਭੀਸ਼ਮ ਸਿੰਘ ਮੁਤਾਬਕ ਪਿਉ-ਪੁੱਤ, ਆਪਣੇ ਸ਼ਿਕਾਰ ਕਾਰੋਬਾਰੀ ਨੂੰ ਇਹ ਸਮਝਾਉਣ ਵਿੱਚ ਸਫ਼ਲ ਹੋ ਗਏ ਕਿ ਰਾਈਸ ਪੁਲਰ ਦੀ ਚੁੰਬਕੀ ਸ਼ਕਤੀ ਕਰਕੇ ਇਸ ਧਾਤ ਦੀ ਨਾਸਾ ਵਿੱਚ ਬਹੁਤ ਮੰਗ ਹੈ। ਇਸ ਧਾਤ ਦੇ ਵਪਾਰ ਨਾਲ ਉਸ ਨੂੰ ਹਜ਼ਾਰਾਂ ਕਰੋੜ ਦਾ ਲਾਭ ਹੋਵੇਗਾ।

ਪੁਲਿਸ ਮੁਤਾਬਕ, ਪੂਰਾ ਸੌਦਾ 3, 750 ਕਰੋੜ ਰੁਪਏ ਦਾ ਸੀ। ਇਸ ਲਈ ਪਿਉ-ਪੁੱਤ ਨੇ ਮਿਲ ਕੇ ਠੱਗੀ ਦੇ ਸ਼ਿਕਾਰ ਕਾਰੋਬਾਰੀ ਤੋਂ ਵਿਗਿਆਨਕ, ਕੈਮੀਕਲ, ਪ੍ਰਯੋਗਸ਼ਾਲਾ, ਕੱਪੜੇ ਦੇ ਨਾਮ 'ਤੇ 1 ਕਰੋੜ 43 ਲੱਖ ਰੁਪਏ ਲੈ ਲਏ।

ਪੂਰਾ ਮਾਮਲਾ ਸਾਲ 2015 ਦਾ ਸੀ ਅਤੇ ਦੋਹਾਂ ਧਿਰਾਂ ਦਰਮਿਆਨ ਲੈਣ-ਦੇਣ 4-5 ਮਹੀਨੇ ਹੀ ਚੱਲਿਆ।

ਵਪਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਠੱਗਾਂ ਨੇ ਵੈੱਬਸਾਈਟ ਵੀ ਬਣਾਈ ਹੋਈ ਸੀ।

Image copyright DELHI POLICE

ਕਾਰੋਬਾਰੀ ਦਿੱਲੀ ਦੇ ਹੀ ਮਯੂਰ ਵਿਹਾਰ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਦਾ ਬਰਾਮਦ-ਦਰਾਮਦ ਦਾ ਕਾਰੋਬਾਰ ਹੈ। ਉਨ੍ਹਾਂ ਮੁਤਾਬਕ ਪਿਉ-ਪੁੱਤ ਦੀ ਬਣਾਈ ਵੈਬਸਾਈਟ ਦੇਖ ਕੇ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਹ ਦੋਵੇਂ ਵਿਗਿਆਨੀ ਹੀ ਹਨ।

ਪੈਸਿਆਂ ਦੀ ਅਦਾਇਗੀ

ਦੋਹਾਂ ਪੱਖਾਂ ਵਿੱਚ ਇੱਕ ਸਮਝੌਤਾ ਹੋਇਆ। ਜਿਸ ਮੁਤਾਬਕ ਐਸਟਰੋਨਾਟ ਸੂਟ ਅਤੇ ਜਾਂਚ ਨਾਲ ਜੁੜਿਆ ਸਾਮਾਨ ਖਰੀਦਣ ਲਈ ਪੈਸਿਆਂ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਜਾਂਚ ਪੂਰੀ ਕਰਨ ਲਈ ਵੱਖਰੀ ਪ੍ਰਯੋਗਸ਼ਾਲਾ ਅਤੇ ਕੈਮੀਕਲਾਂ ਦੀ ਜ਼ਰੂਰਤ ਹੋਵੇਗੀ।

ਪਿਉ-ਪੁੱਤ ਨੇ ਇਸ ਦਾ ਪੂਰਾ ਖਰਚਾ ਕਾਰੋਬਾਰੀ ਨੂੰ ਚੁੱਕਣ ਲਈ ਕਿਹਾ, ਜੋ ਇਸ ਲਈ ਮੰਨ ਵੀ ਗਿਆ। ਕਾਰੋਬਾਰੀ ਨੇ ਇੱਕ ਵਾਰ ਦਿੱਤੇ ਗਏ ਅਕਾਊਂਟ ਵਿੱਚ ਪੈਸੇ ਟਰਾਂਸਫਰ ਕੀਤੇ ਜਦਕਿ ਬਹੁਤੀ ਵਾਰ ਨਗਦ ਪੈਸੇ ਜਮ੍ਹਾਂ ਕਰਵਾਏ।

ਹਾਲਾਂਕਿ, ਪੰਜ ਮਹੀਨੇ ਬਾਅਦ ਹੀ ਕਾਰੋਬਾਰੀ ਨੂੰ ਆਪਣੇ ਠੱਗੇ ਜਾਣ ਦਾ ਅਹਿਸਾਸ ਹੋ ਗਿਆ। ਫੇਰ ਉਨ੍ਹਾਂ ਨੇ ਪਿਉ-ਪੁੱਤ ਨੂੰ ਪੈਸੇ ਮੋੜਨ ਲਈ ਕਿਹਾ। ਕੁਝ ਦਿਨ ਟਾਲ-ਮਟੋਲ ਲਾਉਣ ਮਗਰੋਂ ਉਨ੍ਹਾਂ ਨੇ ਕਾਰੋਬਾਰੀ ਤੋਂ ਕੁਝ ਸਮਾਂ ਮੰਗਿਆ।

ਇਸੇ ਤਰ੍ਹਾਂ ਕਈ ਸਾਲ ਲੰਘ ਗਏ ਅਤੇ ਪਿਉ-ਪੁੱਤ ਧਮਕੀਆਂ ਦੇਣ 'ਤੇ ਉੱਤਰ ਆਏ।

ਇਸ ਮਗਰੋਂ ਕਾਰੋਬਾਰੀ ਨੇ ਦਿੱਲੀ ਪੁਲਿਸ ਵਿੱਚ ਇਸੇ ਸਾਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਮਗਰੋਂ ਦੋਹਾਂ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਪਿਉ-ਪੁੱਤ ਕੋਲੋਂ ਕਈ ਸਿੰਮ,ਲੈਪ-ਟਾਪ ਅਤੇ ਪੁਲਾੜੀ ਸੂਟ ਕਬਜ਼ੇ ਵਿੱਚ ਲਏ ਹਨ।

Image copyright DELHI POLICE

ਸੂਟਾਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਹ 1200 ਰੁਪਏ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਤੋਂ ਖਰੀਦੇ ਸਨ।

ਮੁਜਲਜ਼ਾ ਦਾ ਇਤਿਹਾਸ

ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਦੋਹਾਂ ਦੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਹੋਈ ਜੋ ਇੱਕ ਆਮ ਜਿਹਾ ਸ਼ੀਸ਼ਾ ਜਾਦੂਈ ਦੱਸ ਕੇ ਉਨ੍ਹਾਂ ਨੂੰ ਲੱਖਾਂ ਦਾ ਚੂਨਾ ਲਾ ਗਿਆ।

ਇਸੇ ਤੋਂ ਸਬਕ ਲੈ ਕੇ ਉਨ੍ਹਾਂ ਨੇ ਇਹੀ ਤਰੀਕਾ ਹੋਰ ਲੋਕਾਂ 'ਤੇ ਅਜ਼ਮਾਉਣ ਦਾ ਫੈਸਲਾ ਕੀਤਾ।

ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਭੀਸ਼ਮ ਸਿੰਘ ਮੁਤਾਬਕ, ਇਸ ਤੋਂ ਪਹਿਲਾਂ ਦੇਹਰਾਦੂਨ ਵਿੱਚ ਇੱਕ ਆਦਮੀ ਨੂੰ ਇੱਕ ਸੱਪ ਸਾਢੇ ਸਤਾਰਾਂ ਲੱਖ ਵਿੱਚ ਵੇਚਿਆ ਸੀ।

ਫਿਲਹਾਲ ਦੋਵੇਂ ਪਿਉ-ਪੁੱਤ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹਨ। ਪੁਲਿਸ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਦੀ ਤਲਾਸ਼ ਕਰ ਰਹੀ ਹੈ। ਠੱਗੀ ਦੇ ਇਲਜ਼ਾਮ ਸਾਬਤ ਹੋ ਜਾਣ ਦੀ ਸੂਰਤ ਵਿੱਚ ਦੋਹਾਂ ਨੂੰ ਸੱਤ ਸਾਲ ਦੀ ਕੈਦ ਭੁਗਤਣੀ ਪਵੇਗੀ।

ਸਬੰਧਿਤ ਵਿਸ਼ੇ