ਹਰਿਆਣਾ 'ਚ ਨਫ਼ਰਤ ਦੀ ਅੱਗ ਲਾ ਰਹੇ ਨੇ ਭਾਜਪਾ ਆਗੂ : ਯਸ਼ਪਾਲ

ਰਾਜਕੁਮਾਰ ਸੈਨੀ Image copyright Sat Singh/bbc

ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਰਾਜਕੁਮਾਰ ਸੈਣੀ ਨੇ ਵੀਰਵਾਰ ਨੂੰ ਕਿਹਾ ਕਿ 2019 ਦੀਆਂ ਚੋਣਾਂ ਵਿੱਚ ਉਹ ਆਪਣੀ ਵੱਖਰੀ ਪਾਰਟੀ ਬਣਾ ਕੇ 90 ਸੀਟਾਂ 'ਤੇ ਉਮੀਦਵਾਰਾਂ ਖੜ੍ਹੇ ਕਰਨਗੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਸ ਕਿਸੇ ਵੀ ਜਾਟ ਉਮੀਦਵਾਰ ਨੂੰ ਉਮੀਦਵਾਰ ਵਜੋਂ ਟਿਕਟ ਨਹੀਂ ਦੇਣਗੇ।

ਜੀਂਦ ਵਿੱਚ ਲੋਕਤੰਤਰ ਸੁਰਕਸ਼ਾ ਮੰਚ ਦੇ ਦਫ਼ਤਰ ਦਾ ਉਦਘਾਟਨ ਕਰਦਿਆਂ ਕੁਰੂਕਸ਼ੇਤਰ ਤੋਂ ਲੋਕ ਸਭਾ ਮੈਂਬਰ ਸੈਣੀ ਨੇ ਕਿਹਾ ਕਿ ਪਹਿਲਾਂ ਉਹ ਹਰੇਕ ਭਾਈਚਾਰੇ ਦੇ ਸਿਆਸੀ ਕਾਰਕੁਨਾਂ ਦਾ ਸੁਆਗਤ ਕਰਦੇ ਸਨ ਪਰ ਆਪਣੀ ਹੀ ਪਾਰਟੀ ਵਿੱਚ ਜਾਟ ਨੇਤਾਵਾਂ ਲਈ ਥਾਂ ਬਣਾਉਣ ਵੇਲੇ ਉਨ੍ਹਾਂ ਨੂੰ ਪੱਖਪਾਤ ਦਾ ਸਾਹਮਣਾ ਕਰਨਾ ਪਿਆ।

ਉਹ ਕਹਿੰਦੇ ਹਨ, "ਜਦੋਂ ਮੈਂ ਇਹ ਐਲਾਨ ਕੀਤਾ ਕਿ ਸਾਰੇ ਭਾਈਚਾਰੇ ਦੇ ਲੋਕ ਅਤੇ ਆਗੂ ਮੇਰੀ ਪਾਰਟੀ ਨਾਲ ਜੁੜ ਸਕਦੇ ਹਨ ਤਾਂ ਮੇਰੇ ਕੋਲ ਫੋਨ ਕਰਨ ਵਾਲਿਆਂ ਅਤੇ ਮਿਲਣ ਵਾਲਿਆਂ ਦਾ ਹੜ੍ਹ ਆ ਗਿਆ, ਜਿਹੜੇ ਕਹਿੰਦੇ ਸਨ ਕਿ ਉਹ ਸਿਆਸਤ ਨਾਲ ਨਹੀਂ ਜੁੜੇ ਕੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

Image copyright Sat singh/bbc

ਹਰਿਆਣਾ ਦੇ ਮੌਜੂਦਾ ਤੇ ਪਹਿਲੇ ਮੁੱਖ ਮੰਤਰੀਆਂ ਨੂੰ ਲੋਕਾਂ ਚ ਪਾੜਾ ਪਾਉਣ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਦੀ ਬੀਜ ਸੂਬੇ ਦੇ ਸਾਬਕਾ ਮੁੱਖ ਮੰਤਰੀਆਂ ਦਾ ਬੀਜਿਆ ਹੋਇਆ ਹੈ।

ਸੂਬੇ ਵਿੱਚ 28 ਫੀਸਦ ਜਾਟਾਂ ਦੀ ਗਿਣਤੀ ਹੈ ਅਤੇ ਹਰਿਆਣਾ ਦੀ ਸਿਆਸਤ ਵਿੱਚ ਇਹ ਸ਼ੁਰੂ ਤੋਂ ਮੁੱਖ ਧਿਰ ਬਣੇ ਹੋਏ ਹਨ।

ਭਾਈਚਾਰੇ ਦੇ ਕਈ ਤਾਕਤਵਰ ਆਗੂ ਜਿਵੇਂ, ਚੌਧਰੀ ਦੇਵੀ ਲਾਲ, ਬੰਸੀ ਲਾਲ, ਓਮ ਪ੍ਰਕਾਸ਼ ਚੌਟਾਲਾ ਅਤੇ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਰਹੇ ਹਨ।

ਸੈਣੀ ਨੇ ਕਿਹਾ, "ਜੇਕਰ ਪਿਛਲੇ ਨੇਤਾਵਾਂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਨਹੀਂ ਬਣਾਈ ਤਾਂ ਮੈਂ ਕੀ ਕਰ ਸਕਦਾ ਹਾਂ? ਮੈਂ ਜਨਤਕ ਭਾਵਨਾਵਾਂ ਮੁਤਾਬਕ ਕੰਮ ਕਰ ਰਿਹਾ ਹਾਂ। ਮੇਰੀ ਪਾਰਟੀ ਨੇ ਕਿਸੇ ਵੀ ਜਾਟ ਉਮੀਦਵਾਰ ਨੂੰ ਟਿਕਟ ਨਾ ਦੇਣ ਦਾ ਫੈਸਲਾ ਲਿਆ ਹੈ।"

ਉਨ੍ਹਾਂ ਨੇ ਕਿਹਾ ਕਿ ਜਾਟ ਸਰਕਾਰੀ ਨੌਕਰੀਆਂ ਅਤੇ ਹੋਰ ਵੱਡੇ ਅਹੁਦਿਆਂ 'ਤੇ ਵੱਡੀ ਦਾਅਵੇਦਾਰੀ ਰੱਖਦੇ ਹਨ ਅਤੇ ਇਸੇ ਕਾਰਨ ਪਿਛਲੀਆਂ ਸਰਕਾਰਾਂ ਨੇ ਲੋਕਾਂ ਦਿਲ ਕਾਫੀ ਸਾੜਿਆ ਹੈ।

ਭਾਜਪਾ ਆਗੂ ਦਾ ਕਹਿਣਾ ਹੈ ਕਿ ਛੇਤੀ ਹੀ ਉਹ ਆਪਣੇ ਸਿਆਸੀ ਸੰਗਠਨ ਦੇ ਗਠਨ ਅਤੇ ਨਾਮ ਦਾ ਐਲਾਨ ਕਰਨਗੇ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸੰਸਦ ਮੈਂਬਰ ਨੇ ਪਾਰਟੀ 'ਤੇ ਜਾਤੀਵਾਦ ਦੇ ਇਲਜ਼ਾਮ ਲਗਾਏ ਹਨ, ਉਨ੍ਹਾਂ ਨੇ ਪਹਿਲਾਂ ਨਵੰਬਰ 2017 ਵਿੱਚ ਵੀ ਜੀਂਦ ਵਿੱਚ ਜਦੋਂ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਜਾਟ ਆਰਕਸ਼ਣ ਸੰਘਰਸ਼ ਸਮਿਤੀ ਨੇ ਰੈਲੀ ਕੀਤੀ ਸੀ ਤਾਂ ਸੈਣੀ ਨੇ ਵੀ ਉਨ੍ਹਾਂ ਦੇ ਬਰਾਬਰ ਇੱਕ ਰੈਲੀ ਕਰਵਾਈ ਸੀ।

ਹਾਲਾਤ ਇਹ ਹੋ ਗਏ ਸਨ ਕਿ ਹਰਿਆਣਾ ਸਰਕਾਰ ਨੇ ਜੀਂਦ ਵਿੱਚ ਸੈਣੀ ਦੀ ਰੈਲੀ ਅਤੇ ਰੋਹਤਕ ਵਿੱਚ ਜਾਟਾਂ ਦੀ ਰੈਲੀ ਦੌਰਾਨ ਅਮਨ-ਕਾਨੂੰਨ ਕਾਇਮ ਰੱਖਣ ਲਈ ਨੀਮ ਫੌਜੀ ਦਸਤੇ ਮੰਗਵਾਏ ਸਨ।

ਇਸ ਦੌਰਾਨ ਜਾਟ ਆਗੂ ਯਸ਼ਪਾਲ ਨੇ ਰੋਹਤਕ ਵਿੱਚ ਵੀਰਵਾਰ ਨੂੰ ਕਿਹਾ ਕਿ ਸੈਣੀ ਸੂਬਾ ਸਰਕਾਰ ਦੀ ਸਰਪ੍ਰਸਤੀ ਹੇਠ ਲੋਕਾਂ ਵਿੱਚ ਨਫ਼ਰਤ ਫੈਲਾ ਰਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਵਿੱਚ ਸੂਬਾ ਸਰਕਾਰ ਦੇ ਅਸਫ਼ਲ ਰਹਿਣ 'ਤੇ ਉਨ੍ਹਾਂ ਨੇ 2 ਜੂਨ ਨੂੰ ਰੌਹਤਕ ਦੇ ਪਿੰਡ ਜਸੀਆ ਵਿੱਚ ਮਹਾਂਪੰਚਾਇਤ ਬੁਲਾਉਣ ਦੀ ਧਮਕੀ ਵੀ ਦਿੱਤੀ।

ਜਾਟ ਭਾਜਪਾ ਦੇ ਐੱਮਪੀ ਸੈਣੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ ਅਤੇ 2016 ਦੀ ਹਿੰਸਾ, ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਕਈ ਜਖ਼ਮੀ ਹੋ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)