ਉੱਤਰ ਪ੍ਰਦੇਸ਼ 'ਚ ਕਿਉਂ ਹੋ ਰਹੇ ਕੁੱਤੇ 'ਆਦਮਖੋਰ' : ਗਰਾਊਂਡ ਰਿਪੋਰਟ

ਮਹਿਜਬੀਂ

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਆਵਾਰਾ ਜਾਂ ਜੰਗਲੀ ਕੁੱਤਿਆਂ ਦਾ ਖੌਫ਼ ਬਰਕਰਾਰ ਹੈ। ਪਿਛਲੇ 6 ਮਹੀਨਿਆਂ ਵਿੱਚ 12 ਬੱਚਿਆਂ ਦੀ ਕੁੱਤਿਆਂ ਦੇ ਹਮਲਿਆਂ ਕਾਰਨ ਮੌਤ ਹੋ ਗਈ ਹੈ, ਦਰਜਨਾਂ ਜਖ਼ਮੀ ਹੋਏ ਹਨ ਅਤੇ ਪਿੰਡ ਵਾਲੇ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ।

ਹਰੇ-ਭਰੇ ਦਸ਼ਿਹਰੀ ਅੰਬਾਂ ਦੇ ਬਾਗ਼ ਵਿੱਚੋਂ ਨਿਕਲਣ ਲੱਗਿਆਂ ਪਹਿਲਾਂ ਕਦੇ ਇੰਨਾ ਡਰ ਨਹੀਂ ਲੱਗਿਆ।

ਹੱਥਾਂ ਵਿੱਚ ਡੰਡਾ ਲੈ ਕੇ ਤਿੰਨ ਨੌਜਵਾਨ ਮੈਨੂੰ ਉਸ ਦਰਖ਼ਤ ਹੇਠਾਂ ਲੈ ਗਏ, ਜਿੱਥੇ ਅੱਜ ਵੀ ਖ਼ੂਨ ਦੇ ਦਾਗ਼ ਮੌਜੂਦ ਹਨ।

ਕੀ ਹੈ ਮਾਮਲਾ?

ਕਰੀਬ ਡੇਢ ਹਫਤੇ ਪਹਿਲਾਂ 11 ਸਾਲ ਦਾ ਖਾਲਿਦ ਅਲੀ ਤੜਕੇ ਸਕੂਲ ਲਈ ਨਿਕਲਿਆ ਸੀ ਅਤੇ ਰਸਤੇ ਵਿੱਚ ਪੈਂਦੇ ਇਸੇ ਬਾਗ਼ ਦੇ ਅੰਬ ਚੁੱਕ ਰਿਹਾ ਸੀ।

ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ 5 ਅਵਾਰਾ ਦਾ ਕੁੱਤਿਆਂ ਦਾ ਝੁੰਡ ਨਜ਼ਰ ਟਿਕਾਈ ਬੈਠਾ ਹੈ।

65 ਸਾਲਾਂ ਅਮੀਨ ਅਹਿਮਦ ਨੇ ਯਾਦ ਕਰਦੇ ਹੋਏ ਦੱਸਿਆ, "ਮੈਂ ਨੇੜਲੇ ਬਾਗ਼ ਤੋਂ ਚੀਕਾਂ ਸੁਣੀਆਂ। ਭੱਜ ਕੇ ਆਇਆ ਅਤੇ ਜੋ ਦੇਖਿਆ ਉਹ ਡਰਾਵਨਾ ਸੀ। ਇੱਕ ਜਖ਼ਮੀ ਬੱਚਾ ਦਰਖ਼ਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ 5 ਕੁੱਤੇ ਉਸ ਦੇ ਪੈਰਾਂ ਨੂੰ ਮੂੰਹ ਨਾਲ ਫੜ੍ਹ ਕੇ ਹੇਠਾਂ ਖਿੱਚ ਰਹੇ ਸਨ। ਮੈਂ ਮਦਦ ਲਈ ਚੀਕਦਾ ਪਿੰਡ ਵੱਲ ਭੱਜਾ।"

ਪਿੰਡ ਵਾਲਿਆਂ ਦੇ ਪਹੁੰਚਣ ਤੱਕ ਖਾਲਿਦ ਦੀ ਮੌਤ ਹੋ ਗਈ ਸੀ। 'ਆਦਮਖੋਰ ਕੁੱਤੇ' ਜੰਗਲਾਂ ਵਿੱਚ ਗਾਇਬ ਹੋ ਚੁੱਕੇ ਸਨ।

ਖਾਲਿਦ ਦਾ ਪਰਿਵਾਰ ਸਦਮੇ ਤੋਂ ਬਾਹਰ ਨਹੀਂ ਨਿਕਲ ਸਕਿਆ।

ਰੋਂਦੀ ਕੁਰਲਾਉਂਦੀ ਮਾਂ ਮਹਿਜਬੀਂ ਨੇ ਦੱਸਿਆ, "ਉਸ ਦੀ ਮੌਤ ਦਰਖ਼ਤ ਦੇ ਹੇਠਾਂ ਹੀ ਗੋ ਗਈ ਸੀ। ਸਰੀਰ ਦੇ ਕਈ ਅੰਗ ਨਹੀਂ ਸਨ ਅਤੇ ਹਸਪਤਾਲ ਵਿੱਚ ਲੈ ਕੇ ਜਾਣ ਦਾ ਕੋਈ ਮਤਲਬ ਹੀ ਨਹੀਂ।"

ਪਰ 1 ਮਈ ਨੂੰ ਸਿਰਫ਼ ਖਾਲਿਦ 'ਤੇ ਹੀ ਹਮਲਾ ਨਹੀਂ ਹੋਇਆ ਸੀ।

ਉਸੇ ਦਿਨ ਖ਼ੈਰਾਬਾਦ ਇਲਾਕੇ ਦੇ 20 ਕਿਲੋਮੀਟਰ ਦਾਇਰੇ ਵਿੱਚ ਦੋ ਹੋਰ ਬੱਚਿਆਂ 'ਤੇ ਕੁੱਤਿਆਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਵੀ ਜਾਨ ਚਲੀ ਗਈ ਸੀ।

ਕਰੀਬ ਇੱਕ ਦਰਜਨ ਬੱਚੇ ਗੰਭੀਰ ਤੌਰ 'ਤੇ ਜਖ਼ਮੀ ਵੀ ਹੋਏ। ਫਿਲਹਾਲ ਇਲਾਕੇ ਦੇ ਸਾਰੇ ਲੋਕਾਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਹੈ।

ਅਫ਼ਵਾਹਾਂ ਦਾ ਭਖਿਆ ਦੌਰ

ਇਸ ਗੱਲ ਦਾ ਪਤਾ ਕਿਸੇ ਨੂੰ ਨਹੀਂ ਲੱਗ ਰਿਹਾ ਕਿ ਇਲਾਕੇ ਦੇ ਕੁੱਤੇ ਬੱਚਿਆਂ 'ਤੇ ਹਮਲਾ ਕਿਉਂ ਕਰਨ ਲੱਗੇ ਹਨ।

ਵਧੇਰੇ ਸਥਾਨਕ ਲੋਕ ਇਲਾਕੇ ਵਿੱਚ ਬੰਦ ਹੋਏ ਗ਼ੈਰਕਾਨੂੰਨੀ ਬੁੱਚੜਖਾਨੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਉਨ੍ਹਾਂ ਮੁਤਾਬਕ ਅਵਾਰਾ ਕੁੱਤਿਆਂ ਨੂੰ ਇੱਥੋਂ ਭੋਜਨ ਮਿਲਦਾ ਸੀ ਅਤੇ 'ਇਸ ਦੇ ਬੰਦ ਹੋਣ ਨਾਲ ਕੁੱਤੇ ਹਿੰਸਕ ਹੋ ਗਏ ਹਨ।'

ਹਾਲਾਂਕਿ ਇਸ ਦਲੀਲ ਵਿੱਚ ਇਸ ਲਈ ਦਮ ਨਹੀਂ ਹੈ ਕਿ ਕਿਉਂਕਿ ਸਰਕਾਰ ਨੇ ਇਸ ਨੂੰ ਇੱਕ ਸਾਲ ਪਹਿਲਾਂ ਬੰਦ ਕਰਵਾਇਆ ਸੀ ਜਦਕਿ ਬੱਚਿਆਂ 'ਤੇ ਹਮਲੇ 6 ਮਹੀਨੇ ਪਹਿਲਾਂ ਸ਼ੁਰੂ ਹੋਏ।

ਇਲਾਕੇ ਵਿੱਚ ਅਫ਼ਵਾਹਾਂ ਦਾ ਦੌਰ ਵੀ ਭਖ ਚੁੱਕਿਆ ਹੈ।

ਹਮਲਾਵਰਾਂ ਦੀ ਪਛਾਣ ਦੀਆਂ ਕੋਸ਼ਿਸ਼ਾਂ ਜਾਰੀ

ਇਸ ਵਿੱਚ ਇੱਕ ਇਹ ਵੀ ਹੈ, "ਜੰਗਲਾਂ ਤੋਂ ਆਦਮਖੋਰ ਕੁੱਤਿਆਂ ਦੀ ਨਸਲ ਨਿਕਲੀ ਹੈ ਅਤੇ ਹਮਲਾ ਕਰ ਰਹੀ ਹੈ।"

ਸਾਬਿਰ ਅਲੀ ਦਾ ਭਤੀਜਾ ਅਜਿਹੇ ਹੀ ਹਮਲੇ ਦਾ ਸ਼ਿਕਾਰ ਹੋਇਆ ਸੀ। ਉਨ੍ਹਾਂ ਨੂੰ ਲਗਦਾ ਹੈ, "ਜਿਹੜੇ ਕੁੱਤਿਆਂ ਨੇ ਹਮਲਾ ਕੀਤਾ ਸੀ ਉਹ ਸੜਕ 'ਤੇ ਘੁੰਮਣ ਵਾਲੇ ਅਵਾਰਾ ਕੁੱਤਿਆਂ ਤੋਂ ਥੋੜੇ ਵੱਖਰੇ ਸਨ ਅਤੇ ਉਨ੍ਹਾਂ ਦੇ ਜਬੜੇ ਗਿੱਦੜ ਵਰਗੇ ਸਨ।

ਵਰਲਡ ਵਾਈਲਡਲਾਈਫ ਫੰਡ ਅਤੇ ਭਾਰਤੀ ਵੈਟਰਨਰੀ ਰਿਸਰਚ ਦੀਆਂ ਟੀਮਾਂ ਇਲਾਕੇ ਦਾ ਦੌਰਾ ਕਰ ਰਹੀਆਂ ਹਨ, ਤਾਂ ਜੋ ਹਮਲਾ ਕਰਨ ਵਾਲਿਆਂ ਦੀ 'ਅਸਲ ਪਛਾਣ' ਹੋ ਸਕੇ।

ਆਖ਼ਰ ਕੌਣ ਹੋ ਸਕਦੇ ਹਨ ਹਮਲਾਵਰ?

ਭਾਰਤ ਦੇ ਪਸ਼ੂ ਭਲਾਈ ਬੋਰਡ ਦੇ ਚੀਫ਼ ਟ੍ਰੇਨਰ ਵਿਵੇਕ ਸ਼ਰਮਾ ਵੀ ਜ਼ਿਲ੍ਹੇ ਵਿੱਚ ਚਮਸ਼ਦੀਦਾਂ ਨਾਲ ਮਿਲ ਕੇ ਸ਼ਨਾਖ਼ਤ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ, "ਮੈਨੂੰ ਹੈਰਾਨੀ ਨਹੀਂ ਹੋਵੇਗੀ, ਜੇਕਰ ਇਹ ਪਤਾ ਲੱਗੇ ਕਿ ਹਮਲਾ ਕੁੱਤੇ ਨਹੀਂ ਬਲਕਿ ਬਘਿਆੜ ਕਰ ਰਹੇ ਹਨ। ਜੇਕਰ ਬਘਿਆੜ ਨੂੰ ਰੇਬੀਜ਼ ਦੀ ਬਿਮਾਰੀ ਹੋ ਜਾਂਦੀ ਹੈ ਤਾਂ ਉਹ ਇੱਕ ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਘੁੰਮ ਕੇ ਸ਼ਿਕਾਰ ਕਰਨ ਲਗਦੇ ਹਨ। ਉਨ੍ਹਾਂ ਦਾ ਨਿਸ਼ਾਨਾ ਬੱਚੇ ਹੀ ਹੁੰਦੇ ਹਨ।"

ਪਿਛਲੇ ਤਿੰਨ ਦਹਾਕਿਆਂ ਵਿੱਚ ਉੱਤਰ ਪ੍ਰਦੇਸ਼ ਅਤੇ ਗੁਆਂਢੀ ਬਿਹਾਰ ਵਿੱਚ ਇਸ ਤਰ੍ਹਾਂ ਦੇ ਕੁਝ ਮਾਮਲੇ ਦਰਜ ਕੀਤੇ ਗਏ ਹਨ, ਜਿੰਨਾਂ ਵਿੱਚ ਜੰਗਲੀ ਬਘਿਆੜਾਂ ਨਾਲ ਜਾਨ-ਮਾਲ ਨੂੰ ਨੁਕਸਾਨ ਹੋਇਆ ਹੈ।

ਲਖਨਊ ਦੇ ਪ੍ਰਸਿੱਧ ਡੌਗ-ਬ੍ਰੀਡਰ ਅਸਗਰ ਜਮਾਲ ਦਾ ਮੰਨਣਾ ਹੈ ਕਿ ਕੁੱਤੇ ਦਾ ਬਘਿਆੜ ਜਾਂ ਗਿੱਦੜ ਨਾਲ ਪ੍ਰਜਨਨ ਹੋਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ।

ਉਨ੍ਹਾਂ ਮੁਤਾਬਕ, "ਸ਼ਾਇਦ ਇਸ ਕਾਰਨ ਕੁਝ ਅਜਿਹੇ ਕੁੱਤੇ ਪੈਦਾ ਹੋ ਗਏ ਹੋ ਸਕਦੇ ਹਨ, ਜਿਨ੍ਹਾਂ ਵਿੱਚ ਸ਼ਿਕਾਰੀ ਹਾਊਂਡ ਵਰਗੇ ਕੁੱਤਿਆਂ ਦੀ ਨਸਲ ਵਾਲੇ ਲੱਛਣ ਆ ਗਏ ਹੋਣ।"

ਕੀ ਕਹਿਣਾ ਹੈ ਪ੍ਰਸ਼ਾਸਨ ਦਾ?

ਸਥਾਨਕ ਪ੍ਰਸ਼ਾਸਨ ਇਸ ਤਰ੍ਹਾਂ ਦੇ ਤਰਕ ਜਾਂ ਕਿਆਸਾਂ ਨਾਲ ਇਤਫਾਕ ਨਹੀਂ ਰੱਖਦਾ ਅਤੇ ਮਾਮਲੇ ਦੀ ਤਹਿ ਤੱਕ ਪਹੁੰਚਣ ਦਾ ਦਾਅਵਾ ਕਰ ਰਿਹਾ ਹੈ।

ਫੋਟੋ ਕੈਪਸ਼ਨ ਹੱਥਾਂ ਵਿੱਚ ਡੰਡੇ ਅਤੇ ਬੰਦੂਕਾਂ ਲਈ ਪੰਜ ਪਿੰਡਾਂ ਦੇ ਲੋਕ ਝੁੰਡ ਬਣਾ ਕੇ ਦਿਨ-ਰਾਤ ਕੁੱਤੇ ਫੜ੍ਹਣ ਲਈ ਘੁੰਮ ਰਹੇ ਹਨ। ਵਸੀ ਖਾਨ ਵੀ ਉਨ੍ਹਾਂ ਵਿੱਚੋਂ ਇਕ ਹਨ।

ਸੀਤਾਪੁਰ ਜ਼ਿਲ੍ਹੇ ਦੇ ਪੁਲਿਸ ਮੁਖੀ ਆਨੰਦ ਕੁਲਕਰਨੀ ਮੁਤਾਬਕ, "ਕਰੀਬ ਸਾਰੇ ਚਸ਼ਮਦੀਦ ਕੁੱਤਿਆਂ ਦੇ ਹਮਲਿਆਂ ਦੀ ਗੱਲ ਦੁਹਰਾ ਰਹੇ ਹਨ ਅਤੇ ਅਸੀਂ ਕਰੀਬ 50 ਕੁੱਤੇ ਫੜ੍ਹ ਵੀ ਲਏ ਹਨ। ਮਾਹਿਰ ਉਨ੍ਹਾਂ ਦੇ ਵਿਹਾਰ ਦੀ ਜਾਂਚ ਕਰ ਰਹੇ ਹਨ।"

ਜਿਨ੍ਹਾਂ ਕੁੱਤਿਆਂ ਨੂੰ ਹੁਣ ਤੱਕ ਮਾਰਿਆ ਗਿਆ ਹੈ ਜਾਂ ਜਿਨ੍ਹਾਂ ਨੂੰ ਫੜਿਆ ਗਿਆ ਹੈ, ਉਹ ਉੱਤਰ ਭਾਰਤ ਵਿੱਚ ਪਾਏ ਜਾਣ ਵਾਲੇ ਅਵਾਰਾ ਕੁੱਤਿਆਂ ਵਾਂਗ ਹੀ ਹਨ।

ਪਰ ਜਵਾਬੀ ਹਮਲਿਆਂ ਦਾ ਇੱਕ ਖ਼ਤਰਨਾਕ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

ਹੱਥਾਂ ਵਿੱਚ ਡੰਡੇ ਅਤੇ ਬੰਦੂਕਾਂ ਲਈ ਪੰਜ ਪਿੰਡਾਂ ਦੇ ਲੋਕ ਝੁੰਡ ਬਣਾ ਕੇ ਦਿਨ-ਰਾਤ ਕੁੱਤੇ ਫੜ੍ਹਣ ਲਈ ਘੁੰਮ ਰਹੇ ਹਨ।

ਗੁਰਪਲੀਆ ਪਿੰਡ ਦੇ ਰਹਿਣ ਵਾਲੇ ਵਸੀ ਖਾਨ ਵੀ ਅਜਿਹੇ ਹੀ ਇੱਕ ਦਾ ਹਿੱਸਾ ਹਨ।

ਉਨ੍ਹਾਂ ਨੇ ਕਿਹਾ, "ਇਹ ਜੰਗਲੀ ਕੁੱਤੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਪੈਦਲ ਭੱਜ ਕੇ ਫੜ੍ਹਣਾ ਸੌਖਾ ਨਹੀਂ ਪਰ ਪਿਛਲੇ ਇੱਕ ਹਫਤੇ ਵਿੱਚ ਹੀ ਅਸੀਂ 6 ਕੁੱਤੇ ਮਾਰੇ ਹਨ। ਅਸੀਂ ਝੁੰਡ ਵਿੱਚ ਤੁਰਦੇ ਹਾਂ ਅਤੇ ਇਨ੍ਹਾਂ ਦੀ ਭਾਲ ਵਿੱਚ ਜੰਗਲਾਂ ਵਿੱਚ ਜਾਂਦੇ ਹਾਂ।"

Image copyright BBC Sport
ਫੋਟੋ ਕੈਪਸ਼ਨ ਕੁੱਤਿਆਂ ਦੀ ਭਾਲ ਕਰ ਰਹੀਆਂ 13 ਟੀਮਾਂ ਨੂੰ ਡ੍ਰੋਨ ਕੈਮਰੇ ਅਤੇ ਹੋਰ ਸਹਾਇਕ ਉਪਕਰਨ ਵੀ ਦਿੱਤੇ ਗਏ ਹਨ

ਮੀਡੀਆ ਵਿੱਚ ਲਗਾਤਾਰ ਆ ਰਹੀਆਂ ਖ਼ਬਰਾਂ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਕੁੱਤਿਆਂ ਨੂੰ ਫੜ੍ਹਣ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ।

13 ਟੀਮਾਂ ਕੁੱਤਿਆਂ ਦੀ ਭਾਲ ਕਰ ਰਹੀ ਹੈ ਅਤੇ ਇਨ੍ਹਾਂ ਦਾ ਡ੍ਰੋਨ ਕੈਮਰਿਆਂ ਦੇ ਇਲਾਵਾ ਵਾਇਰਲੈਸ ਸੈਟ ਅਤੇ ਨਾਈਟ ਵਿਜ਼ਨ ਉਪਕਰਨ ਵੀ ਦਿੱਤੇ ਗਏ ਹਨ।

ਪਰ ਜਿੰਨਾਂ ਲੋਕਾਂ ਨੇ ਆਪਣਿਆਂ ਨੂੰ ਗਵਾ ਦਿੱਤਾ ਹੈ ਉਨ੍ਹਾਂ ਦੀ ਜ਼ਿੰਦਗੀ ਪਟੜੀ 'ਤੇ ਕਦੋਂ ਆਵੇਗੀ ਇਸ ਦਾ ਪਤਾ ਕਿਸੇ ਨੂੰ ਨਹੀਂ।

ਇੱਕ ਮਰਹੂਮ ਬੱਚੇ ਦੀ ਮਾਂ ਨੇ ਕਿਹਾ, "ਜੇਕਰ ਮੈਨੂੰ ਇਨ੍ਹਾਂ ਮਾਮਲਿਆਂ ਦਾ ਪਤਾ ਹੁੰਦਾ ਤਾਂ ਮੈਂ ਆਪਣੇ 9 ਸਾਲ ਦੇ ਪੁੱਤਰ ਨੂੰ ਘਰ ਵਿੱਚ ਤਾਲਾ ਲਾ ਕੇ ਬੰਦ ਰਖਦੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)