ਦੋ ਦਹਾਕੇ ਪਹਿਲਾਂ ਮਾਪਿਆਂ ਤੋਂ ਵਿਛੜੇ ਸਿਰਾਜ ਨੂੰ ਹੁਣ ਪਤਨੀ ਤੇ ਬੱਚਿਆਂ ਨਾਲ ਵਿਛੋੜੇ ਦਾ ਗਮ

10 ਸਾਲ ਦੀ ਉਮਰ ਵਿੱਚ ਸਿਰਾਜ ਗਲਤੀ ਨਾਲ ਪਾਕਿਸਤਾਨ ਤੋਂ ਭਾਰਤ ਪਹੁੰਚ ਗਿਆ ਸੀ Image copyright Siraj/bbc
ਫੋਟੋ ਕੈਪਸ਼ਨ 10 ਸਾਲ ਦੀ ਉਮਰ ਵਿੱਚ ਸਿਰਾਜ ਗਲਤੀ ਨਾਲ ਪਾਕਿਸਤਾਨ ਤੋਂ ਭਾਰਤ ਪਹੁੰਚ ਗਿਆ ਸੀ

ਮੁੰਬਈ ਦੇ ਅੰਤਾਫਿਲ ਇਲਾਕੇ ਦੀਆਂ ਘੁੰਮਣੇਘੇਰੀ ਵਰਗੀਆਂ ਗਲੀਆਂ ਵਿੱਚ ਇੱਕ ਛੋਟਾ ਜਿਹਾ ਕੁਆਟਰ ਹੈ ਜਿੱਥੇ ਸਿਰਾਜ ਅਤੇ ਸਜੀਦਾ ਆਪਣੇ ਤਿੰਨ ਬੱਚਿਆਂ ਦੇ ਨਾਲ ਖੁਸ਼ੀ ਨਾਲ ਰਹਿ ਰਹੇ ਸੀ।

ਸਿਰਾਜ ਕੁੱਕ ਵਜੋਂ ਕੰਮ ਕਰਦਾ ਸੀ ਅਤੇ ਸਾਜਿਦਾ ਘਰ ਵਿੱਚ ਹੀ ਰਹਿੰਦੀ ਸੀ। ਦੋਵਾਂ ਦੇ ਵਿਆਹ ਨੂੰ 13 ਸਾਲ ਹੋ ਗਏ ਹਨ।

ਇੱਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਜਦੋਂ ਭਾਰਤੀ ਪ੍ਰਸ਼ਾਸਨ ਨੇ ਸਿਰਾਜ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੇ ਇਲਜ਼ਾਮਾਂ ਤਹਿਤ ਉਸ ਨੂੰ ਆਪਣੇ ਦੇਸ ਪਾਕਿਸਤਾਨ ਵਾਪਸ ਭੇਜ ਦਿੱਤਾ।

ਇਹ ਕਹਾਣੀ 24 ਸਾਲ ਪਹਿਲਾਂ ਸ਼ੁਰੂ ਹੋਈ ਜਦੋਂ 10 ਸਾਲਾ ਸਿਰਾਜ, ਪਾਕਿਸਤਾਨ ਦੇ ਉੱਤਰੀ ਪੂਰਬੀ ਇਲਾਕੇ ਦੇ ਛੋਟੇ ਪਿੰਡ ਸ਼ਾਰਕੂਲ ਵਿੱਚ ਸਥਿਤ ਆਪਣੇ ਘਰ ਤੋਂ ਭੱਜ ਗਿਆ।

ਸਕੂਲ ਵਿੱਚ ਮਾੜੇ ਨੰਬਰ ਆਉਣ ਕਾਰਨ ਸਿਰਾਜ ਨੂੰ ਡਾਂਟ ਪਈ ਸੀ ਅਤੇ ਇਸੇ ਕਾਰਨ ਉਸਨੇ ਘਰ ਛੱਡਿਆ ਸੀ।

2005 'ਚ ਹੋਇਆ ਸਾਜਿਦਾ ਨਾਲ ਵਿਆਹ

ਉਹ ਕਰਾਚੀ ਭੱਜਣਾ ਚਾਹੁੰਦਾ ਸੀ ਪਰ ਲਾਹੌਰ ਰੇਲਵੇ ਸਟੇਸ਼ਨ ਤੋਂ ਗਲਤ ਟਰੇਨ ਫੜ੍ਹ ਲਈ ਅਤੇ ਭਾਰਤ ਪਹੁੰਚ ਗਿਆ।

ਸ਼ਾਰਕੁਲ ਵਿੱਚ ਆਪਣੇ ਘਰ ਦੇ ਬਾਹਰ ਮੰਝੇ 'ਤੇ ਬੈਠੇ ਹੋਏ ਸਿਰਾਜ ਨੇ ਦੱਸਿਆ, ''ਪਹਿਲਾਂ ਮੈਨੂੰ ਲੱਗਿਆ ਕਿ ਮੈਂ ਕਰਾਚੀ ਵਿੱਚ ਹੀ ਹਾਂ ਪਰ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਭਾਰਤ ਵਿੱਚ ਹਾਂ।''

ਸਿਰਾਜ ਬੇਹੱਦ ਸ਼ਾਂਤ ਨਜ਼ਰ ਆ ਰਿਹਾ ਸੀ ਪਰ ਉਦਾਸੀ ਤੇ ਗੰਭੀਰਤਾ ਉਸਦੇ ਚਿਹਰੇ 'ਤੇ ਸਾਫ਼ ਦੇਖੀ ਜਾ ਸਕਦੀ ਸੀ।

Image copyright Sajida/bbc
ਫੋਟੋ ਕੈਪਸ਼ਨ 2005 ਵਿੱਚ ਸਿਰਾਜ ਤੇ ਸਾਜਿਦਾ ਦਾ ਵਿਆਹ ਹੋਇਆ ਸੀ

"ਮੈਂ ਅਹਿਮਦਾਬਾਦ ਦੀ ਬੱਚਿਆਂ ਦੀ ਜੇਲ੍ਹ ਵਿੱਚ ਤਿੰਨ ਸਾਲ ਗੁਜ਼ਾਰੇ। ਫਿਰ ਮੇਰੀ ਕਿਸਮਤ ਮੈਨੂੰ ਮੁੰਬਈ ਲੈ ਆਈ ਅਤੇ ਉੱਥੇ ਮੈਂ ਆਪਣੀ ਜ਼ਿੰਦਗੀ ਦੀ ਮੁੜ ਸ਼ੁਰੂਆਤ ਕੀਤੀ।''

ਸ਼ੁਰੂਆਤੀ ਸਾਲਾਂ ਵਿੱਚ ਸਿਰਾਜ ਨੇ ਭੁੱਖੇ ਰਹਿ ਕੇ ਕਈ ਰਾਤਾਂ ਫੁੱਟਪਾਥ 'ਤੇ ਗੁਜ਼ਾਰੀਆਂ ਪਰ ਫਿਰ ਕੁੱਕ ਦਾ ਕੰਮ ਕਰਨ ਲੱਗਾ।

2005 ਵਿੱਚ ਗੁਆਂਢੀਆਂ ਦੀ ਮਦਦ ਨਾਲ ਉਸ ਦੀ ਮੁਲਾਕਾਤ ਸਾਜਿਦਾ ਨਾਲ ਹੋਈ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਉਸ ਵੇਲੇ ਸਿਰਾਜ ਚੰਗਾ ਕਮਾ ਰਿਹਾ ਸੀ।

ਸਿਰਾਜ ਨੇ ਕੀਤਾ ਸਰੰਡਰ

ਗੱਲਬਾਤ ਕਰਦਿਆਂ ਸਾਜਿਦਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਨ੍ਹਾਂ ਕਿਹਾ, "ਪ੍ਰਸ਼ਾਸਨ ਨੇ ਸਾਡੀ ਦੁਨੀਆਂ ਖ਼ਤਮ ਕਰ ਦਿੱਤੀ। ਬੱਚਿਆਂ ਨੂੰ ਪਿਤਾ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੀ ਭਾਰਤ ਵਿੱਚ ਇੱਕ ਵਿਅਕਤੀ ਲਈ ਥਾਂ ਨਹੀਂ ਹੈ?''

"ਮੈਂ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਤੇ ਮੇਰੇ ਬੱਚਿਆਂ ਨੂੰ ਪਾਸਪੋਰਟ ਦਿੱਤਾ ਜਾਵੇ ਤਾਂ ਜੋ ਅਸੀਂ ਫਿਰ ਤੋਂ ਸਿਰਾਜ ਨਾਲ ਮਿਲ ਸਕੀਏ।''

ਮੁਸ਼ਕਿਲਾਂ 2009 ਤੋਂ ਸ਼ੁਰੂ ਹੋਈਆਂ ਜਦੋਂ ਸਿਰਾਜ ਨੇ ਖੁਦ ਨੂੰ ਭਾਰਤੀ ਪ੍ਰਸ਼ਾਸਨ ਅੱਗੇ ਸਰੰਡਰ ਕਰਨ ਦਾ ਫੈਸਲਾ ਕੀਤਾ। ਸਿਰਾਜ ਪਾਕਿਸਤਾਨ ਵਿੱਚ ਰਹਿੰਦੇ ਮਾਂਪਿਆਂ ਨੂੰ ਮਿਲਣਾ ਚਾਹੁੰਦਾ ਸੀ ਜਿਨ੍ਹਾਂ ਨੇ ਉਸਦੀ ਭਾਲ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ।

ਫੋਟੋ ਕੈਪਸ਼ਨ ਸਿਰਾਜ ਪਾਕਿਸਤਾਨ ਦੇ ਸ਼ਾਹਕੂਲ ਇਲਾਕੇ ਦੇ ਮੂਲ ਨਿਵਾਸੀ ਹਨ

ਸਿਰਾਜ ਨੇ ਦੱਸਿਆ, "2006 ਵਿੱਚ ਮੇਰੇ ਪਹਿਲੇ ਬੱਚੇ ਦੇ ਜਨਮ ਤੋਂ ਮੈਨੂੰ ਆਪਣੇ ਮਾਪਿਆਂ ਦੀ ਯਾਦ ਆਉਣ ਲੱਗੀ। ਮੈਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੇ ਮੇਰੀ ਭਲਾਈ ਲਈ ਮੇਰੇ ਨਾਲ ਕਾਫੀ ਸਖ਼ਤ ਰੁਖ ਅਖਿਤਿਆਰ ਕੀਤਾ ਸੀ।''

ਸਿਰਾਜ ਦੇ ਅਨੁਸਾਰ ਮੁੰਬਈ ਦੀ ਸੀਆਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਸਿਰਾਜ ਦੇ ਪਰਿਵਾਰ ਨੂੰ ਪਾਕਿਸਤਾਨ ਵਿੱਚ ਲੱਭ ਲਿਆ।

ਸੀਆਈਡੀ ਨੇ ਉਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਦੀ ਬਜਾਏ ਉਸ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਸਿਰਾਜ ਪੰਜ ਸਾਲ ਚੱਲੀ ਕਾਨੂੰਨੀ ਲੜਾਈ ਨੂੰ ਹਾਰ ਗਿਆ ਅਤੇ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ।

ਕਾਨੂੰਨੀ ਕਾਰਵਾਈ ਵਿੱਚ ਉਲਝੇ

ਸਾਜਿਦਾ ਨੇ ਗੁੱਸਾ ਜਤਾਉਂਦਿਆਂ ਕਿਹਾ, "ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਸਿਰਫ ਇਸ ਲਈ ਕਿਉਂਕਿ ਅਸੀਂ ਮੁਸਲਮਾਨ ਹਾਂ?''

"ਸਰਕਾਰ ਮੇਰੇ ਅਤੇ ਬੱਚਿਆਂ 'ਤੇ ਰਹਿਮ ਕਰਨ ਅਤੇ ਸਾਨੂੰ ਪਾਸਪੋਰਟ ਜਾਰੀ ਕਰਨ ਵਿੱਚ ਮਦਦ ਕਰੇ।''

ਸਾਜਿਦਾ ਨੂੰ ਉਸਦੇ ਮਕਾਨ ਮਾਲਿਕ ਤੋਂ NOC ਦੀ ਲੋੜ ਹੈ ਪਰ ਉਸ ਦਾ ਕਹਿਣਾ ਹੈ ਕਿ ਮਕਾਨ ਮਾਲਿਕ ਉਸਦੀ ਮਦਦ ਨਹੀਂ ਕਰ ਰਿਹਾ ਹੈ।

ਫੋਟੋ ਕੈਪਸ਼ਨ ਸਾਜਿਦਾ ਨੂੰ ਪਾਸਪੋਰਟ ਮਿਲਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ

ਸਿਰਾਜ ਨੇ ਪਾਕਿਸਤਾਨ ਵਿੱਚ ਪਛਾਣ ਪੱਤਰ ਲਈ ਅਰਜ਼ੀ ਪਾਈ ਹੈ ਪਰ ਦਫਤਰੀ ਦੇਰੀ ਕਰਕੇ ਉਹ ਕਾਫੀ ਪ੍ਰੇਸ਼ਾਨ ਹੈ।

ਸਿਰਾਜ ਤੇ ਸਾਜਿਦਾ ਦੋਵੇਂ ਲੰਬੀ ਕਾਨੂੰਨੀ ਕਾਰਵਾਈ ਵਿੱਚ ਫਸੇ ਹੋਏ ਹਨ ਅਤੇ ਦੋਹਾਂ ਵਿਚਾਲੇ ਸਰਹੱਦਾਂ ਦੇ ਫਾਸਲੇ ਹਨ।

ਸਿਰਾਜ ਇਸ ਲਈ ਪ੍ਰੇਸ਼ਾਨ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਹੈ ਕਿ ਇਤਿਹਾਸ ਖੁਦ ਨੂੰ ਦੋਹਰਾ ਰਿਹਾ ਹੈ।

ਦੋਹਾਂ ਲਈ ਚੁਣੌਤੀਆਂ ਵਧੀਆਂ

ਸਿਰਾਜ ਨੇ ਕਿਹਾ, "25 ਸਾਲ ਪਹਿਲਾਂ ਮੈਂ ਆਪਣੇ ਮਾਪਿਆਂ ਤੋਂ ਵੱਖ ਹੋਇਆ ਸੀ ਹੁਣ ਮੇਰੇ ਬੱਚੇ ਵੀ ਆਪਣੇ ਪਿਓ ਤੋਂ ਵਿਛੜ ਗਏ ਹਨ। ਮੈਂ ਨਹੀਂ ਚਾਹੁੰਦਾ ਕਿ ਦੋ ਦਹਾਕਿਆਂ ਪਹਿਲਾਂ ਜਿਸ ਤਕਲੀਫ ਵਿੱਚੋਂ ਮੈਂ ਗੁਜ਼ਰਿਆ ਹਾਂ ਉਸ ਤਕਲੀਫ਼ 'ਚੋਂ ਮੇਰੇ ਬੱਚੇ ਗੁਜ਼ਰਨ।

ਸਿਰਾਜ ਦਾ ਕਹਿਣਾ ਹੈ ਕਿ ਉਸਦੇ ਲਈ ਪਾਕਿਸਤਾਨ ਅਤੇ ਭਾਰਤ ਇੱਕੋ ਜਿਹੇ ਹਨ। ਇੱਕ ਦੇਸ ਵਿੱਚ ਉਸਦਾ ਜਨਮ ਹੋਇਆ ਅਤੇ ਦੂਜੇ ਦੇਸ ਨੇ ਉਸਦੀ ਜ਼ਿੰਦਗੀ ਬਣਾਈ ਪਰ ਹੁਣ ਉਸਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਹੈ।

ਫੋਟੋ ਕੈਪਸ਼ਨ ਸਾਜਿਦਾ ਆਰਟੀਫੀਸ਼ੀਅਲ ਜੁਐਲਰੀ ਬਣਾ ਕੇ ਆਪਣਾ ਗੁਜ਼ਾਰਾ ਕਰਦੀ ਹੈ

ਆਪਣੇ ਜੱਦੀ ਪਿੰਡ ਵਿੱਚ ਵੀ ਸਿਰਾਜ ਦੀ ਜ਼ਿੰਦਗੀ ਮੁਸ਼ਕਿਲਾਂ ਨਾਲ ਭਰੀ ਹੈ। ਉਹ ਪਸ਼ਤੋਂ ਸੱਭਿਆਚਾਰ ਨਾਲ ਸੰਬੰਧ ਰੱਖਦਾ ਹੈ ਪਰ ਹੁਣ ਉਹ ਖੁਦ ਨੂੰ ਪਸ਼ਤੋ ਭਾਈਚਾਰੇ ਨਾਲ ਨਹੀਂ ਜੋੜ ਪਾ ਰਿਹਾ ਕਿਉਂਕਿ ਉਸਨੇ ਬਹੁਤ ਛੋਟੀ ਉਮਰ ਵਿੱਚ ਪਾਕਿਸਤਾਨ ਛੱਡ ਦਿੱਤਾ ਸੀ।

ਸਾਜਿਦਾ ਦੀਆਂ ਮੁਸ਼ਕਿਲਾਂ ਵੀ ਵੱਖ ਨਹੀਂ ਹਨ। ਉਹ ਹੁਣ ਖੁਦ ਆਪਣੀ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਉਹ ਹੁਣ ਕੁੱਕ ਵਜੋਂ ਨੌਕਰੀ ਕਰ ਰਹੀ ਹੈ ਅਤੇ ਘਰ ਵਿੱਚ ਆਰਟੀਫੀਸ਼ੀਅਲ ਜਵੈਲਰੀ ਬਣਾਉਣ ਦਾ ਕੰਮ ਕਰਦੀ ਹੈ।

ਸਾਜਿਦਾ ਨੋ ਰੋਂਦੇ ਹੋਏ ਕਿਹਾ, "ਜੇ ਮੈਂ ਆਪਣੇ ਬੱਚਿਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰ ਦਿੰਦੀ ਹਾਂ ਜਾਂ ਉਨ੍ਹਾਂ ਨੂੰ ਆਰਾਮ ਦੀ ਜ਼ਿੰਦਗੀ ਦੇਣ ਵਿੱਚ ਕਾਮਯਾਬ ਹੋ ਜਾਂਦੀ ਹਾਂ ਤਾਂ ਫਿਰ ਵੀ ਮੈਂ ਉਨ੍ਹਾਂ ਦੇ ਪਿਓ ਦੀ ਥਾਂ ਨਹੀਂ ਲੈ ਸਕਦੀ।''

ਫੋਟੋ ਕੈਪਸ਼ਨ ਸਾਜਿਦਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ

ਸਾਜਿਦਾ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮ ਸਵਰਾਜ ਤੋਂ ਵੀ ਮਦਦ ਦੀ ਗੁਹਾਰ ਕੀਤਾ ਹੈ। ਸੁਸ਼ਮਾ ਸਵਰਾਜ ਸਰਹੱਦ ਦੇ ਦੋਵੇਂ ਪਾਸੇ ਦੇ ਲੋਕਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ।

ਸੁਸ਼ਮਾ ਸਵਾਰਜ ਨੂੰ ਸੰਬੋਧਨ ਕਰਦਿਆਂ ਸਾਜਿਦਾ ਨੇ ਕਿਹਾ, "ਮੈਂ ਖੁਦ ਭਾਰਤੀ ਹਾਂ। ਇਸ ਦੇਸ ਦੀ ਧੀ ਹਾਂ। ਕਿਰਪਾ ਕਰਕੇ ਮੈਨੂੰ ਮੇਰੇ ਪਤੀ ਨਾਲ ਮਿਲਾਉਣ ਵਿੱਚ ਮੇਰੀ ਮਦਦ ਕਰੋ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)