ਪ੍ਰੈੱਸ ਰਿਵੀਊ: ਨਵਾਜ਼ ਸ਼ਰੀਫ਼ ਨੇ ਕਬੂਲੀ ਮੁੰਬਈ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ

ਨਵਾਜ਼ ਸ਼ਰੀਫ਼ Image copyright Getty images /afp

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਕਬੂਲਿਆ ਕਿ ਮੁੰਬਈ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸੀ।

ਡੌਨ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਮੁਲਕ 'ਚ ਦਹਿਸ਼ਤਗਰਦੀ ਜਥੇਬੰਦੀਆਂ ਸਰਗਰਮ ਹਨ।

ਨਵਾਜ਼ ਸ਼ਰੀਫ਼ ਨੇ 'ਗੈ਼ਰ-ਰਾਜਕੀ ਅਨਸਰਾਂ' ਨੂੰ ਸਰਹੱਦ ਪਾਰ ਕਰਕੇ ਮੁੰਬਈ 'ਚ ਲੋਕਾਂ ਨੂੰ 'ਮਾਰਨ' ਦੀ ਇਜਾਜ਼ਤ ਦਿੱਤੇ ਜਾਣ ਦੀ ਨੀਤੀ 'ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ ਦਹਿਸ਼ਤਗਰਦਾਂ ਨੂੰ ਭਾਵੇਂ 'ਗੈਰ-ਰਾਜਕੀ ਅਨਸਰ' ਕਹੋ, ਪਰ ਕੀ ਸਾਨੂੰ ਉਨ੍ਹਾਂ ਨੂੰ 150 ਹੱਤਿਆਵਾਂ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਇਸ ਮਾਮਲੇ ਸਬੰਧੀ ਰਾਵਲਪਿੰਡੀ ਕੋਰਟ ਵਿੱਚ ਚੱਲ ਰਹੇ ਮੁੱਕਦਮੇ 'ਤੇ ਫ਼ੈਸਲਾ ਕਿਉਂ ਨਹੀਂ ਸੁਣਾਇਆ ਜਾ ਰਿਹਾ।

ਸੁਪਰੀਮ ਕੋਰਟ ਨੇ ਪਨਾਮਾ ਪੇਪਰ ਕੇਸ ਵਿੱਚ ਪਿਛਲੇ ਸਾਲ 28 ਜੁਲਾਈ ਨੂੰ ਸ਼ਰੀਫ਼ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਇੰਦੌਰ ਵਿੱਚ ਤਿੰਨ ਮਹੀਨੇ ਦੀ ਬੱਚੀ ਨਾਲ ਰੇਪ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ 23 ਦਿਨਾਂ ਦੇ ਅੰਦਰ ਇਹ ਫ਼ੈਸਲਾ ਸੁਣਾਇਆ ਹੈ।

Image copyright Getty Images

ਰਾਜਬਾੜਾ ਦੇ ਮੁੱਖ ਗੇਟ ਨੇੜੇ ਓਟਲੇ 'ਤੇ ਮਾਤਾ-ਪਿਤਾ ਵਿਚਾਲੇ ਸੁੱਤੀ ਬੱਚੀ ਨੂੰ ਪਹਿਲਾਂ ਅਗਵਾ ਕੀਤਾ ਗਿਆ, ਉਸ ਨਾਲ ਰੇਪ ਕੀਤਾ ਗਿਆ ਅਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ।

ਇਸ ਮਾਮਲੇ ਵਿੱਚ ਜੱਜ ਨੇ 7 ਦਿਨ ਤੱਕ 7-7 ਘੰਟੇ ਤੱਕ ਕੇਸ ਨੂੰ ਸੁਣਿਆ। ਘਟਨਾ ਦੇ 21ਵੇਂ ਦਿਨ ਸੁਣਵਾਈ ਪੂਰੀ ਹੋਏ ਤੇ 23ਵੇਂ ਦਿਨ ਦੋਸ਼ੀ ਨਵੀਨ ਉਰਫ਼ ਅਜੇ ਗੜਕੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ।

ਇਸ ਮਾਮਲੇ 'ਤੇ ਸੁਣਵਾਈ ਕਰ ਰਹੀ ਜੱਜ ਵਰਸ਼ਾ ਸ਼ਰਮਾ ਨੇ ਕਿਹਾ, ''ਤਿੰਨ ਮਹੀਨੇ ਦੀ ਬੱਚੇ ਜਿਹੜੀ ਹੱਸਣ ਤੇ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਜਾਣਦੀ ਸੀ, ਉਸ ਨਾਲ ਅਜਿਹੀ ਹਰਕਤ ਕਰਨ ਵਾਲਾ ਸਮਾਜ ਵਿੱਚ ਗੈਂਗਰੀਨ ਦੀ ਤਰ੍ਹਾਂ ਹੈ, ਉਸ ਨੂੰ ਸਮਾਜ ਤੋਂ ਵੱਖ ਕਰ ਦੇਣਾ ਜ਼ਰੂਰੀ ਹੈ।''

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 19 ਜੇਲ੍ਹਾਂ ਦੇ 50 ਦੋਸ਼ੀਆਂ ਨੂੰ ਯੋਗ ਗੁਰੂ ਵਜੋਂ ਸਿਖਲਾਈ ਦਿੱਤੀ ਜਾਵੇਗੀ।

ਸਿਖਲਾਈ ਤੋਂ ਬਾਅਦ ਉਹ ਸਬੰਧਤ ਜੇਲ੍ਹਾਂ ਵਿੱਚ ਯੋਗ ਗੁਰੂ ਵਜੋਂ ਯੋਗਾ ਸਿਖਾ ਸਕਣਗੇ।

Image copyright Getty Images

ਜੇਲ੍ਹ ਵਿਭਾਗ ਹਰ ਜੇਲ ਵਿੱਚੋਂ ਦੋ ਕੈਦੀਆਂ ਦੀ ਚੋਣ ਪ੍ਰਕਿਰਿਆ ਵਿੱਚ ਜੁਟਿਆ ਹੈ। ਇਸ ਤੋਂ ਇਲਾਵਾ ਇੱਕ ਸੁਪਰਵਾਈਜ਼ਰ ਦੀ ਚੋਣ ਕੀਤੀ ਜਾਵੇਗੀ ਜਿਹੜਾ ਦੋ ਮਹੀਨੇ ਤੱਕ ਉਨ੍ਹਾਂ ਦੀ ਦੇਖ-ਰੇਖ ਕਰੇਗਾ।

ਭੋਂਡਸੀ ਜੇਲ੍ਹ ਵਿੱਚ ਇੱਕ ਜੂਨ ਤੋਂ ਯੋਗਾ ਸਿਖਲਾਈ ਸ਼ੁਰੂ ਹੋ ਜਾਵੇਗੀ।

ਸਰਕਾਰੀ ਅਧਿਕਾਰੀਆਂ ਮੁਤਾਬਕ ਸੁਧਾਰ ਸਹੂਲਤਾਂ ਤਹਿਤ ਹਰ ਕੈਦੀ ਲਈ ਸਵੇਰ ਦੇ ਸਮੇਂ ਯੋਗਾ ਕਰਨਾ ਜ਼ਰੂਰੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੋਗਾ ਦੇ 39 ਸਾਲਾਂ ਨੌਜਵਾਨ ਦਾ ਫਿਲੀਪੀਨਸਜ਼ ਵਿੱਚ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਹਰਤੇਜ ਸਿੰਘ ਉਰਫ਼ ਤੇਜੀ ਵਜੋਂ ਕੀਤੀ ਗਈ। ਸ਼ਨੀਵਾਰ ਨੂੰ ਹਰਤੇਜ ਸਿੰਘ ਦੇ ਪਰਿਵਾਰ ਵੱਲੋਂ ਉਸਦੀ ਮੌਤ ਦੀ ਪੁਸ਼ਟੀ ਕੀਤੀ ਗਈ।

ਉਹ ਅੱਠ ਸਾਲ ਪਹਿਲਾਂ ਫਿਲੀਪੀਨਸਜ਼ ਆ ਗਿਆ ਸੀ ਉੱਥੇ ਉਹ ਇੱਕ ਫਾਇਨੈਂਸ ਕੰਪਨੀ ਚਲਾ ਰਿਹਾ ਸੀ।

ਹਰਤੇਜ ਸਿੰਘ ਦੇ ਇੱਕ ਰਿਸ਼ਤੇਦਾਰ ਮਨਮੋਹਨ ਸਿੰਘ ਨੇ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਕ ਹਰਤੇਜ਼ ਆਪਣੇ ਵਪਾਰਕ ਕੰਮ ਲਈ ਜਾ ਰਿਹਾ ਸੀ ਉਦੋਂ ਹੀ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ 'ਤੇ ਹਮਲਾ ਕੀਤਾ।

ਹਮਲਾਵਰਾਂ ਨੇ ਉਸ 'ਤੇ ਸੱਤ ਗੋਲੀਆਂ ਚਲਾਈਆਂ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)