ਮਹਾਰਾਣੀ ਜਿੰਦ ਕੌਰ ਨੂੰ ਪੁੱਤਰ ਦਲੀਪ ਸਿੰਘ ਨੇ ਚਿੱਠੀ 'ਚ ਕੀ ਲਿਖਿਆ?

  • ਇਸ਼ਲੀਨ ਕੌਰ
  • ਬੀਬੀਸੀ ਪੱਤਰਕਾਰ

ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੀ ਖ਼ੂਬਸੂਰਤ ਵਹੁਟੀ ਮਹਾਰਾਣੀ ਜਿੰਦ ਕੌਰ ਨੂੰ 'ਵਿਦਰੋਹੀ ਰਾਣੀ', 'ਦਿ ਮਿਸਾਲਿਨਾ ਆਫ਼ ਪੰਜਾਬ' ਅਤੇ 'ਦਿ ਕਵੀਨ ਮਦਰ' ਵਰਗੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।

ਉਨ੍ਹਾਂ ਨੂੰ 'ਰਾਣੀ ਜਿੰਦਾ' ਵੀ ਕਿਹਾ ਜਾਂਦਾ ਹੈ। ਉਹ ਸਿੱਖ ਰਾਜ ਵਿੱਚ ਪੰਜਾਬ ਦੇ ਲਾਹੌਰ ਦੀ ਆਖ਼ਰੀ ਰਾਣੀ ਸੀ।

ਇੱਕ ਆਮ ਪਰਿਵਾਰ ਦੀ ਕੁੜੀ ਤੋਂ ਉੱਤਰ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਹਾਰਾਣੀ ਬਣਨ ਵਾਲੀ ਜਿੰਦ ਕੌਰ ਦੀ ਕਹਾਣੀ ਭਾਰਤੀ ਲੋਕ ਕਥਾਵਾਂ ਦਾ ਹਿੱਸਾ ਰਹੀ ਹੈ।

ਇਤਿਹਾਸਕਾਰਾਂ ਨੇ ਜਿੰਦ ਕੌਰ ਨੂੰ 'ਹਿੰਮਤਵਾਲੀ ਮਹਿਲਾ' ਕਰਾਰ ਦਿੱਤਾ ਹੈ ਜਿਹੜੀ 1846 ਵਿੱਚ ਸਿੱਖਾਂ ਅਤੇ ਅੰਗ੍ਰੇਜ਼ਾਂ ਵਿਚਾਲੇ ਪਹਿਲੀ ਲੜਾਈ ਵਿੱਚ ਸਿੱਖਾਂ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਕੈਦ ਤੋਂ ਇੱਕ ਨੌਕਰਾਣੀ ਦਾ ਹੂਲੀਆ ਅਖ਼ਤਿਆਰ ਕਰਕੇ ਫਰਾਰ ਹੋ ਗਈ ਸੀ।

ਜਿੰਦ ਕੌਰ ਨੇ ਭੱਜਣ ਤੋਂ ਬਾਅਦ ਸੰਭਾਵਿਤ ਤੌਰ 'ਤੇ ਨੇਪਾਲ ਵਿੱਚ ਸ਼ਰਣ ਲਈ ਜੋ ਉਸ ਸਮੇਂ ਬ੍ਰਿਟਿਸ਼ ਰਾਜ ਦੇ ਅਧੀਨ ਨਹੀਂ ਸੀ। ਹਾਲਾਂਕਿ ਉਹ ਆਪਣੇ 9 ਸਾਲਾ ਮੁੰਡੇ ਦਲੀਪ ਸਿੰਘ ਨੂੰ ਨਾਲ ਨਹੀਂ ਲਿਜਾ ਸਕੀ, ਜਿਹੜੇ ਅੰਗ੍ਰੇਜ਼ਾਂ ਦੇ ਹੱਥ ਆ ਗਏ।

9 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਰਾਣੀ ਵਿਕਟੋਰੀਆ ਕੋਲ ਰਹਿਣ ਲਈ ਭੇਜ ਦਿੱਤਾ ਗਿਆ ਸੀ, ਜਿੱਥੇ ਉਹ ਇਸਾਈ ਹੋ ਗਏ ਅਤੇ 'ਬਲੈਕ ਪ੍ਰਿੰਸ' ਦੇ ਨਾਂ ਨਾਲ ਮਸ਼ਹੂਰ ਹੋਏ।

ਮਸ਼ਹੂਰ ਡਾਕੂਮੈਂਟਰੀ ਫ਼ਿਲਮ ਨਿਰਮਾਤਾ ਮਾਈਕਲ ਸਿੰਘ ਨੇ ਮਹਾਰਾਣੀ ਜਿੰਦਾ 'ਤੇ 'ਵਿਦਰੋਹੀ ਰਾਣੀ' ਨਾਮ ਨਾਲ ਫ਼ਿਲਮ ਬਣਾਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਦ ਕੌਰ ਨੇ ਆਪਣੇ ਮੁੰਡੇ ਦੀ ਸੁਰੱਖਿਆ ਲਈ ਜੋ ਸੰਭਵ ਸੀ ਉਹ ਕੀਤਾ।

ਮਾਈਕਲ ਸਿੰਘ ਮੁਤਾਬਕ, ''ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖ਼ੂਨੀ ਘਟਨਾਵਾਂ ਵਿੱਚ ਰਾਜਗੱਦੀ ਦੇ ਵਾਰਿਸ ਦਲੀਪ ਸਿੰਘ ਉੱਥੋਂ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋਏ ਤਾਂ ਉਹ ਮਹਾਰਾਣੀ ਜਿੰਦਾ ਦੀ ਬਦੌਲਤ ਸੰਭਵ ਹੋਇਆ।''

''ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਨਾ ਸਿਰਫ਼ ਜਿਊਂਦਾ ਰੱਖਿਆ ਸਗੋਂ ਪੰਜਾਬ ਦੀ ਰਾਜਗੱਦੀ ਹਾਸਲ ਕਰਨ ਲਈ ਇੱਕ ਸ਼ੇਰਨੀ ਵਾਂਗ ਲੜਾਈ ਲੜੀ।''

ਪਿਆਰ ਭਰੀਆਂ ਚਿੱਠੀਆਂ

ਬ੍ਰਿਟਿਸ਼ ਲਾਇਬਰੇਰੀ ਵਿੱਚ ਮਹਾਰਾਣੀ ਜਿੰਦਾ ਅਤੇ ਦਲੀਪ ਸਿੰਘ ਵੱਲੋਂ ਲਿਖੀਆਂ ਗਈਆਂ ਦੋ ਚਿੱਠੀਆਂ ਹਨ, ਜਿਹੜੀਆਂ ਦਿਲ ਨੂੰ ਛੂੰਹਦੀਆਂ ਹਨ।

ਪਹਿਲੀ ਚਿੱਠੀ ਦਲੀਪ ਸਿੰਘ ਨੇ ਲਿਖੀ ਹੈ ਜਿਸ ਵਿੱਚ ਉਹ ਆਪਣੀ ਮਾਤਾ ਜਿੰਦ ਕੌਰ ਨੂੰ 'ਬੀਬੀਜੀ' ਕਹਿ ਕੇ ਸੰਬੋਧਿਤ ਕਰਦੇ ਹਨ।

ਪਹਿਲਾ ਪੱਤਰ

''ਬੀਬੀਜੀ,

ਮੈਂ ਅੱਜ ਅਟਾਰਨੀ ਦੀ ਉਹ ਕਾਪੀ ਦੇਖੀ ਹੈ, ਜਿਹੜੀ ਤੁਸੀਂ ਰਾਜਪਾਲ ਮੋਹਨ ਟੈਗੋਰ ਨੂੰ ਦਿੱਤੀ ਸੀ ਅਤੇ ਮੈਨੂੰ ਲਗਦਾ ਹੈ ਕਿ ਗੰਗਾ ਕਿਨਾਰੇ ਤੁਹਾਡੇ ਆਵਾਸ ਲਈ ਇਜਾਜ਼ਤ ਲੈਣ ਦੇ ਸਮਰੱਥ ਹੋ ਜਾਵਾਂਗਾ।

ਮੈਂ ਤੁਹਾਨੂੰ ਮਿਲਣ ਅਤੇ ਭਾਰਤ ਆਉਣ ਲਈ ਲੰਬੇ ਸਮੇਂ ਤੋਂ ਕਾਹਲਾ ਹਾਂ ਪਰ ਅਸਥਿਰਤਾ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਲਈ ਮੈਂ ਭਾਰਤ ਆਉਣ ਲਈ ਪਰਮਿਟ ਨੂੰ ਅਗਲੀਆਂ ਸਰਦੀਆਂ ਤੱਕ ਟਾਲ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇੰਗਲੈਡ ਅਤੇ ਭਾਰਤ ਵਿਚਾਲੇ ਤਣਾਅ ਨੂੰ ਦੇਖਦੇ ਹੋਏ ਇੰਗਲੈਡ ਆਉਣ ਦਾ ਵਿਚਾਰ ਛੱਡ ਦਿਓਗੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਅਤੇ ਤੁਹਾਡੀ ਅੱਖ ਦੀ ਉਹ ਮੁਸ਼ਕਿਲ ਪ੍ਰੇਸ਼ਾਨ ਨਹੀਂ ਕਰ ਰਹੀ ਹੋਵੇਗੀ ਜਿਹੜੀ ਮੇਰੇ ਲਾਹੌਰ ਰਹਿੰਦਿਆਂ ਹੋਈ ਸੀ।''

ਭਰੋਸਾ ਰੱਖੋ

ਮੇਰੀ ਪਿਆਰੀ ਮਾਂ

ਤੁਹਾਡਾ ਸਭ ਤੋਂ ਪਿਆਰਾ ਪੁੱਤ

ਦਲੀਪ ਸਿੰਘ

ਦਲੀਪ ਸਿੰਘ ਨੇ ਇਹ ਚਿੱਠੀ 22 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਲਿਖੀ ਸੀ ਜਦੋਂ ਰਾਣੀ ਜਿੰਦਾ 43 ਸਾਲ ਦੀ ਸੀ। 11 ਸਾਲ ਤੋਂ ਦੋਵਾਂ ਵਿਚਾਲੇ ਕੋਈ ਸੰਪਰਕ ਨਹੀਂ ਹੋ ਸਕਿਆ ਸੀ।

ਔਕਸਫੋਰਡ ਯੂਨੀਵਰਸਟੀ ਵਿੱਚ ਮਹਾਰਾਣੀ ਜਿੰਦਾ 'ਤੇ ਪੀਐਚਡੀ ਕਰ ਰਹੀ ਪ੍ਰਿਆ ਅਟਵਾਲ ਦਾ ਕਹਿਣਾ ਸੀ, ''ਦਲੀਪ ਸਿੰਘ ਦੀ ਚਿੱਠੀ ਵਿੱਚ ਫ਼ਿਕਰ ਜ਼ਾਹਰ ਹੁੰਦੀ ਹੈ ਜਦਕਿ ਮਹਾਰਾਣੀ ਜਿੰਦਾ ਦੀ ਚਿੱਠੀ ਵਿੱਚ ਭਾਵਨਾਵਾਂ ਦਾ ਸੈਲਾਬ ਹੈ।''

ਹਾਲਾਂਕਿ ਅਟਵਾਲ ਦਾ ਮੰਨਣਾ ਹੈ ਕਿ ਜਿਹੜੀਆਂ ਚਿੱਠੀਆਂ ਮਾਂ-ਪੁੱਤ ਨੇ ਇੱਕ-ਦੂਜੇ ਨੂੰ ਲਿਖੀਆ ਸਨ, ਮੂਲ ਰੂਪ ਵਿੱਚ ਉਹ ਚਿੱਠੀਆਂ ਇਹ ਨਹੀਂ ਹਨ।

ਉਨ੍ਹਾਂ ਦੇ ਦਾਅਵੇ ਮੁਤਾਬਕ ਇਹ ਉਨ੍ਹਾਂ ਦੀ ਨਕਲ ਕਾਪੀ ਹੈ ਜਿਨ੍ਹਾਂ ਨੂੰ ਬ੍ਰਿਟਿਸ਼ ਨਿਗਰਾਨੀ ਦਲ ਨੇ ਸਰਕਾਰ ਦੇ ਰਿਕਾਰਡ ਵਿੱਚ ਜਮਾਂ ਕਰਵਾਇਆ ਹੋਵੇਗਾ।

ਦਰਅਸਲ, ਬ੍ਰਿਟਿਸ਼ ਸਰਕਾਰ ਮਾਂ-ਪੁੱਤ ਵਿਚਾਲੇ ਸਬੰਧਾਂ 'ਤੇ ਨਜ਼ਰ ਰੱਖਦੀ ਸੀ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਜਿੰਦ ਕੌਰ ਦਲੀਪ ਸਿੰਘ ਦੀ ਸਿਆਸੀ ਸੋਚ ਸਮਝ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰ ਸਕਦੀ ਹੈ।

ਦਲੀਪ ਸਿੰਘ 'ਤੇ ਕਾਫ਼ੀ ਜਾਣਕਾਰੀ ਅਤੇ ਸਮਝ ਰੱਖਣ ਵਾਲੇ ਪੀਟਰ ਬੈਂਸ ਮੁਤਾਬਕ, ''ਮਹਾਰਾਣੀ ਜਿੰਦਾ ਆਪਣੇ ਮੁੰਡੇ ਦਲੀਪ ਸਿੰਘ ਤੋਂ ਵੱਖ ਹੋਣ ਕਾਰਨ ਬਹੁਤ ਉਦਾਸ ਸੀ ਅਤੇ ਉਹ ਕਿਸੇ ਵੀ ਕੀਮਤ 'ਤੇ ਆਪਣੇ ਪੁੱਤਰ ਨਾਲ ਰਹਿਣਾ ਚਾਹੁੰਦੀ ਸੀ। ਉਹ ਬ੍ਰਿਟਿਸ਼ ਸਰਕਾਰ ਨੂੰ ਲਿਖੀ ਜਾਣ ਵਾਲੀ ਚਿੱਠੀ ਵਿੱਚ ਕਹਿੰਦੀ ਹੈ ਕਿ ਦਲੀਪ ਸਿੰਘ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਜਿਨ੍ਹਾਂ ਨੂੰ ਉਨ੍ਹਾਂ ਨੇ 9 ਮਹੀਨੇ ਆਪਣੀ ਕੁੱਖ ਵਿੱਚ ਰੱਖਿਆ ਸੀ।''

ਜਿੰਦ ਕੌਰ ਨੇ ਨੇਪਾਲ ਵਿੱਚ 11 ਸਾਲ ਤੱਕ ਨਿਰਵਾਸਿਤ ਜੀਵਨ ਬਤੀਤ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਣੇ ਮੁੰਡੇ ਨਾਲ ਕੋਈ ਸੰਪਰਕ ਨਹੀਂ ਸੀ।

ਅਜਿਹੇ ਵਿੱਚ ਮੁੰਡੇ ਵੱਲੋਂ ਅਚਾਨਕ ਮਿਲਣ ਵਾਲੀ ਚਿੱਠੀ 'ਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਉਨ੍ਹਾਂ ਲਈ ਅਸਲ ਵਿੱਚ ਬਹੁਤ ਔਖਾ ਰਿਹਾ ਹੋਵੇਗਾ, ਪਰ ਜਿੰਦ ਕੌਰ ਨੇ ਇਹ ਕੰਮ ਬਖ਼ੂਬੀ ਕਰ ਲਿਆ।

ਕਦੇ 'ਵਿਦਰੋਹੀ ਰਾਣੀ' ਕਹਾਉਣ ਵਾਲੀ ਜਿੰਦ ਕੌਰ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੀ ਸੀ, ਉਨ੍ਹਾਂ ਦੀ ਸਿਹਤ ਖ਼ਰਾਬ ਰਹਿੰਦੀ ਸੀ। ਆਪਣੇ ਇਕਲੌਤੇ ਪੁੱਤਰ ਦੀ ਇੱਕ ਝਲਕ ਦੇਖਣ ਦੀ ਇੱਛਾ ਨਾਲ ਆਪਣੇ ਮੁੰਡੇ ਨੂੰ 'ਦੂਲਹਾ ਜੀ' ਕਹਿ ਕੇ ਬੁਲਾਇਆ।

ਦੂਜੀ ਚਿੱਠੀ

''ਦੂਲਹਾ ਜੀ,

ਚਾਰ ਅਕਤੂਬਰ 1859 ਨੂੰ ਅੰਗ੍ਰੇਜ਼ੀ ਵਿੱਚ ਲਿਖਿਆ ਅਤੇ ਗੁਰਮੁੱਖੀ ਵਿੱਚ ਦਸਤਖ਼ਤ ਕੀਤਾ ਪੱਤਰ ਮੈਨੂੰ 19 ਜਵਨਵਰੀ 1860 ਨੂੰ ਨੇਪਾਲ ਦੇ ਇੱਕ ਮੰਤਰੀ ਰਾਹੀਂ ਮਿਲਿਆ। ਚਿੱਠੀ ਕਾਰਨ ਮੈਨੂੰ ਬਹੁਤ ਖੁਸ਼ੀ ਹੋਈ। ਇੱਕ ਮਰਿਆ ਵਿਅਕਤੀ, ਨਵਾਂ ਜੀਵਨ ਹਾਸਲ ਕਰਕੇ ਖੁਸ਼ ਹੋ ਜਾਂਦਾ ਹੈ। ਮੈਂ ਤੇਰੀ ਚਿੱਠੀ ਵੇਖ ਕੇ ਬਹੁਤ ਖੁਸ਼ ਹਾਂ।

ਦੂਲਹਾ ਜੀ, ਮੈਂ ਤੇਰੀ ਚਿੱਠੀ ਦਾ ਜਵਾਬ ਲਿਖ ਰਹੀ ਹਾਂ। 200-300 ਵਿਧਵਾਵਾਂ(ਮੇਰੀ ਤਰ੍ਹਾਂ) ਤੈਨੂੰ ਵੇਖਣ ਲਈ ਬਹੁਤ ਕਾਹਲੀਆਂ ਹਨ। ਮੈਂ ਤੇਰੇ ਲਈ ਰਾਤ-ਦਿਨ ਰੌਂਦੀ ਰਹੀ ਹਾਂ, ਪਰ ਹੁਣ ਤੇਰੀ ਚਿੱਠੀ ਨਾਲ ਮੇਰਾ ਦਿਲ ਗੁਲਾਬ ਦੀ ਤਰ੍ਹਾਂ ਮਹਿਕ ਉੱਠਿਆ ਹੈ। ਤੂੰ ਮੇਰੀ ਅੱਖਾਂ ਦੀ ਤਕਲੀਫ਼ ਬਾਰੇ ਪੁੱਛਿਆ ਤਾਂ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਤੇਰੀ ਚਿੱਠੀ ਦੇਖਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈਆਂ ਹਨ।

ਅਜੇ ਮੈਂ ਨੇਪਾਲ ਦੇ ਕਾਠਮਾਂਡੂ ਵਿੱਚ ਰਹਿ ਰਹੀ ਹਾਂ ਅਤੇ ਇੱਥੋਂ ਦੇ ਦਰਬਾਰ ਵਿੱਚ ਮੇਰਾ ਬੜਾ ਸਨਮਾਨ ਹੈ। ਮੇਰਾ ਇਰਾਦਾ ਹੁਣ ਤੇਰਾ ਚਿਹਰਾ ਦੇਖਣ ਦਾ ਹੈ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੀ ਇਜਾਜ਼ਤ ਨਾਲ ਗੰਗਾ ਕਿਨਾਰੇ ਕਿਸੇ ਪਵਿੱਤ ਸਥਾਨ 'ਤੇ ਜਾਣਾ ਹੈ ਜਿੱਥੇ ਆਰਾਮ ਨਾਲ ਰਹਿ ਸਕਾਂ ਅਤੇ ਭਗਵਾਨ ਤੋਂ ਪ੍ਰਾਰਥਨਾ ਕਰਦੀ ਰਹਾਂ ਕਿ ਮੇਰੇ ਜੀਵਨ ਦਾ ਅੰਤ ਹੋ ਜਾਵੇ। ਪਰ ਇਸ 'ਤੇ ਤੂੰ ਜੋ ਵੀ ਸੁਝਾਅ ਦੇਵਾਂਗਾ ਮੈਂ ਉਸ 'ਤੇ ਅਮਲ ਕਰਨ ਲਈ ਤਿਆਰ ਹਾਂ।

ਭਰੋਸਾ ਰੱਖੋ

ਮੇਰੇ ਪਿਆਰੇ ਪੁੱਤਰ

ਤੇਰੀ ਪਿਆਰੀ ਮਾਂ

ਮਹਾਰਾਣੀ ਜਿੰਦਾ

ਮਾਂ ਅਤੇ ਪੁੱਤਰ ਨੇ ਬੜੇ ਮੁਸ਼ਕਿਲ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਾਰੀ, ਪਰ ਉਨ੍ਹਾਂ ਦਾ ਸਬੰਧ ਅਟੁੱਟ ਰਿਹਾ। ਜਿੰਦ ਕੌਰ ਅਤੇ ਦਲੀਪ ਸਿੰਘ ਦੀ ਮੁਲਾਕਾਤ 1861 ਵਿੱਚ ਹੋਈ ਅਤੇ ਇਸ ਤੋਂ ਬਾਅਦ ਜਿੰਦ ਕੌਰ ਨੇ ਦੋ ਸਾਲ ਆਪਣੇ ਮੁੰਡੇ ਨਾਲ ਬ੍ਰਿਟੇਨ ਵਿੱਚ ਬਤੀਤ ਕੀਤੇ।

ਅਮਰੀਕਾ ਦੇ ਕੌਲਬੀ ਕਾਲਜ ਦੀ ਪ੍ਰੋਫ਼ੈਸਰ ਨਿਕੀ ਗੁਨਿੰਦਰ ਕੌਰ ਸਿੰਘ ਮੁਤਾਬਕ, ''ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾ ਦੇ ਵਿਚਾਲੇ ਮਹੀਨਿਆਂ ਤੱਕ ਚੱਲੇ ਪੱਤਰ ਵਿਹਾਰ ਅਸਲ ਵਿੱਚ ਅਮੁੱਲ ਜਾਇਦਾਦ ਹਨ।''

ਉਨ੍ਹਾਂ ਦਾ ਕਹਿਣਾ ਸੀ ਕਿ ਮੁੰਡੇ ਦੀ ਚਿੱਠੀ ਨੇ ਮਾਂ ਦੀ ਜ਼ਿੰਦਗੀ ਨੂੰ ਖੁਸ਼ੀ ਨਾਲ ਭਰ ਦਿੱਤਾ। ਨਿਕੀ ਗੁਨਿੰਦਰ ਕੌਰ ਸਿੰਘ ਮੁਤਾਬਕ 19ਵੀਂ ਸਦੀ ਵਿੱਚ ਲਿਖੀਆ ਗਈਆਂ ਇਹ ਚਿੱਠੀਆਂ ਜ਼ਿੰਦਗੀ ਵਿੱਚ ਖੁਸ਼ੀ ਭਰ ਦਿੰਦੀਆਂ ਹਨ ਅਤੇ ਜਦੋਂ ਅਸੀਂ ਮਦਰ ਡੇਅ ਮਨਾ ਰਹੇ ਹਾਂ ਤਾਂ ਇਹ ਸਾਡੇ ਰਿਸ਼ਤਿਆਂ ਨੂੰ ਹੋਰ ਵੀ ਨਵੇਂ ਜੋਸ਼ ਨਾਲ ਭਰਣਗੇ।

ਇਸ ਮੌਕੇ 'ਤੇ ਪੰਜਾਬੀ ਭਾਸ਼ਾ ਦੀ ਇਹ ਕਹਾਵਤ ਬਿਲਕੁਲ ਸਟੀਕ ਬੈਠਦੀ ਹੈ 'ਮਾਂ ਦੀ ਸੂਰਤ, ਰੱਬ ਦੀ ਮੂਰਤ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)