ਜਨਮ ਦੇਣ ਵਾਲੀ ਮਾਂ ਨੂੰ ਮਿਲਣ ਦੀ ਤਾਂਘ ਨੇ ਧੀ ਨੂੰ ਸਵੀਡਨ ਤੋਂ ਸੂਰਤ ਪਹੁੰਚਾਇਆ

ਕਿਰਨ ਨੂੰ 1988 ਵਿੱਚ ਸਵੀਡਨ ਦੇ ਦੰਪਤੀ ਨੇ ਗੋਦ ਲਿਆ ਸੀ Image copyright Kiran Gustafsson
ਫੋਟੋ ਕੈਪਸ਼ਨ ਕਿਰਨ ਨੂੰ 1988 ਵਿੱਚ ਸਵੀਡਨ ਦੇ ਦੰਪਤੀ ਨੇ ਗੋਦ ਲਿਆ ਸੀ

ਕਿਰਨ ਗੁਸਤਾਫਸਨ ਸਵੀਡਨ ਵਿੱਚ ਆਪਣੇ ਭੈਣ-ਭਰਾ ਨਾਲ ਖੇਡ ਕੇ ਜਵਾਨ ਹੋਈ ਹੈ। ਉਹ ਆਪਣੀ ਛੋਟੀ ਭੈਣ ਐਲਨ ਅਤੇ ਭਰਾ ਬਿਓਰਨ ਦਾ ਇੱਕ-ਦੂਜੇ ਪ੍ਰਤੀ ਆਪਣੇ ਨਾਲੋਂ ਵੱਧ ਗੂੜਾ ਮੋਹ ਦੇਖ ਸਕਦੀ ਹੈ।

ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇੱਕ ਵਧੀਆ ਜ਼ਿੰਦਗੀ ਦਿੱਤੀ, ਪਰ ਫਿਰ ਵੀ ਉਸ ਨੂੰ ਕੁਝ ਅਜੀਬ ਲੱਗਦਾ ਹੈ।

ਕਿਰਨ ਨੂੰ ਉਸ ਦੇ ਮਾਪਿਆਂ ਨੇ ਦੱਸਿਆ ਕਿ ਉਸ ਨੂੰ ਗੁਜਰਾਤ ਦੇ ਇੱਕ ਅਨਾਥ ਆਸ਼ਰਮ ਤੋਂ ਗੋਦ ਲਿਆ ਗਿਆ ਸੀ।

ਉਸ ਨੇ ਬੀਬੀਸੀ ਨੂੰ ਸਵੀਡਨ ਦੇ ਮਾਲਮੋ ਤੋਂ ਫੋਨ 'ਤੇ ਦੱਸਿਆ, "ਮੈਂ ਕਰੀਬ ਤਿੰਨ ਸਾਲ ਦੀ ਸੀ ਜਦੋਂ ਸਵੀਡਨ ਆਈ ਸੀ। ਮੈਨੂੰ ਭਾਰਤ ਵਿੱਚ ਬਿਤਾਏ ਆਪਣੇ ਬਚਪਨ ਬਾਰੇ ਕੁਝ ਯਾਦ ਨਹੀਂ ਹੈ। ਮੈਂ ਪਰਵਰਿਸ਼ ਕਰਨ ਵਾਲੇ ਮਾਪਿਆਂ ਨੂੰ 14 ਮਾਰਚ 1988 ਵਿੱਚ ਸਵੀਡਨ ਏਅਪੋਰਟ 'ਤੇ ਮਿਲੀ।''

"ਮੈਨੂੰ ਸਵੀਡਨ ਤੱਕ ਇੱਕ ਵਕੀਲ ਤੇ ਉਸਦੀ ਪਤਨੀ ਨੇ ਪਹੁੰਚਾਇਆ ਜਿਸ ਨੇ ਕੋਰਟ ਵਿੱਚ ਮੇਰੇ ਗੋਦ ਲੈਣ ਦੀ ਕਾਰਵਾਈ ਨੂੰ ਸਾਂਭਿਆ।''

ਕੁਝ ਬੇਚੈਨੀ ਸੀ

"ਅਸੀਂ ਗੋਥੇਨਬਰਗ ਦੇ ਲੈਂਡਵੇਟਰ ਏਅਰਪੋਰਟ ਪਹੁੰਚੇ ਜਿੱਥੇ ਮੈਂ ਪਹਿਲੀ ਵਾਰ ਆਪਣੇ ਨਵੇਂ ਮਾਪਿਆਂ ਨੂੰ ਮਿਲੀ।''

ਕਿਰਨ ਦਾ ਬਚਪਨ ਆਮ ਬੱਚਿਆਂ ਵਾਂਗ ਸੀ ਪਰ ਉਸ ਨੂੰ ਕਦੇ ਵੀ ਬਾਹਰੀ ਹੋਣ ਵਰਗਾ ਮਹਿਸੂਸ ਨਹੀਂ ਹੋਇਆ।

Image copyright Kiran Gustafsson/BBC
ਫੋਟੋ ਕੈਪਸ਼ਨ ਕਿਰਨ ਨੇ ਸਵੀਡਿਸ਼ ਮਾਪਿਆਂ ਨੇ ਉਸ ਨੂੰ ਬਿਲਕੁਲ ਵੀ ਵੱਖ ਮਹਿਸੂਸ ਨਹੀਂ ਹੋਣ ਦਿੱਤਾ

ਉਸ ਦੀ ਮਾਂ ਮਾਰੀਆ ਵੈਰਨੈਂਟ ਇੱਕ ਰਿਟਾਇਰਡ ਟੀਚਰ ਹੈ ਜਦਕਿ ਉਸ ਦੇ ਪਿਤਾ ਸ਼ੈਲ-ਓਕਿਆ ਗੁਸਤਾਫਸਨ ਇੱਕ ਵਪਾਰੀ ਤੇ ਫੋਟੋਗ੍ਰਾਫਰ ਹਨ।

ਕਿਰਨ ਨੇ ਦੱਸਿਆ, "ਮੇਰੇ ਮਾਪਿਆਂ ਨੇ ਮੈਨੂੰ ਕੁਝ ਵੱਖਰਾ ਮਹਿਸੂਸ ਨਹੀਂ ਹੋਣ ਦਿੱਤਾ। ਉਹ ਹਮੇਸ਼ਾ ਕਹਿੰਦੇ ਸਨ ਕਿ ਉਨ੍ਹਾਂ ਨੂੰ ਮੇਰੇ 'ਤੇ ਮਾਣ ਹੈ। ਮੈਨੂੰ ਉਨ੍ਹਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ।''

ਫਿਰ ਵੀ ਕਿਰਨ ਆਪਣੀ ਇਸ ਮਾਂ ਵਿੱਚ ਆਪਣਾ ਅਕਸ ਨਹੀਂ ਦੇਖ ਪਾਉਂਦੀ ਸੀ, ਕੁਝ ਤਾਂ ਸੀ ਜੋ ਮੌਜੂਦ ਨਹੀਂ ਸੀ।

ਉਸ ਨੂੰ ਇਹ ਬੇਚੈਨੀ ਬੀਤੇ ਦੋ ਸਾਲਾਂ ਵਿੱਚ ਜ਼ਿਆਦਾ ਮਹਿਸੂਸ ਹੋਈ।

ਮਾਂ ਲਈ ਭਾਲ ਸ਼ੁਰੂ ਹੋਈ

ਸ਼ਾਇਦ ਕਿਰਨ ਦੇ ਅਸਲ ਮਾਪਿਆਂ ਬਾਰੇ ਅਣਸੁਲਝੇ ਸਵਾਲਾਂ ਨੇ ਉਸ ਨੂੰ ਬੇਚੈਨ ਕੀਤਾ।

ਕਿਰਨ ਦੇ ਉਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਫੈਸਲਾ ਲਿਆ ਅਤੇ ਸਾਲ 2000 ਵਿੱਚ ਸੂਰਤ ਪਹੁੰਚੀ। ਉਸਦਾ ਪਰਿਵਾਰ ਵੀ ਨਾਲ ਸੀ ਜੋ ਉਸਦੀ ਅਸਲ ਪਛਾਣ ਦੀ ਭਾਲ ਵਿੱਚ ਉਸਦੀ ਪੂਰੀ ਮਦਦ ਕਰ ਰਿਹਾ ਸੀ।

Image copyright Kiran Gustafsson
ਫੋਟੋ ਕੈਪਸ਼ਨ ਕਿਰਨ ਆਪਣੇ ਸਵੀਡਨ ਵਿੱਚ ਰਹਿੰਦੇ ਭੈਣ-ਭਰਾ ਤੋਂ ਖੁਦ ਨੂੰ ਵੱਖਰਾ ਮਹਿਸੂਸ ਕਰਦੀ ਸੀ

ਹੀਰਿਆਂ ਦੇ ਵਪਾਰ ਲਈ ਮਸ਼ਹੂਰ ਸੂਰਤ ਦੇ ਘੋਡ ਡੋਡ ਰੋਡ 'ਤੇ ਸਥਿਤ ਨਾਰੀ ਸੰਘਰਕਸ਼ਣ ਗ੍ਰਹਿ ਵੀ ਪਹੁੰਚੇ, ਇੱਥੋਂ ਹੀ ਕਿਰਨ ਨੂੰ ਗੋਦ ਲਿਆ ਗਿਆ ਸੀ।

ਕਿਰਨ ਕਹਿੰਦੀ ਹੈ ਕਿ ਪਰਿਵਾਰ ਲਈ ਉਸਦੀਆਂ ਜੜ੍ਹਾਂ ਲੱਭਣ ਦੇ ਲਈ ਭਾਰਤ ਆਉਣਾ ਜ਼ਰੂਰੀ ਸੀ। 2005 ਵਿੱਚ ਕਿਰਨ ਫਿਰ ਸੂਰਤ ਆਈ। ਇਸ ਵਾਰ ਉਹ ਆਪਣੀ ਸਮਾਜਿਕ ਵਿਗਿਆਨ ਤੇ ਮਨੁੱਖੀ ਹੱਕਾਂ ਦੀ ਪੜ੍ਹਾਈ ਪੂਰੀ ਕਰਕੇ ਆਈ ਸੀ।

ਸੂਰਤ ਦੀ ਇਸ ਫੇਰੀ ਨੇ ਕਈ ਹੋਰ ਸਵਾਲ ਪੈਦਾ ਕਰ ਦਿੱਤੇ ਕਿਉਂਕਿ ਅਨਾਥ ਆਸ਼ਰਮ ਜਾਣਕਾਰੀ ਦੇਣ ਵਿੱਚ ਮਦਦ ਨਹੀਂ ਕਰ ਰਿਹਾ ਸੀ।

ਮਾਂ ਨਾਲ ਮਿਲਣ ਦੀ ਇੱਛਾ ਮਨ ਵਿੱਚ ਰਹੀ

ਸਵੀਡਨ ਵਿੱਚ ਉਸ ਨੇ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਕਾਫੀ ਰਿਸਰਚ ਕੀਤੀ ਅਤੇ ਅਨਾਥ ਆਸ਼ਰਮ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ ਸੀ।

2010 ਵਿੱਚ ਕਿਰਨ ਨੇ ਫੈਸਲਾ ਕਰ ਲਿਆ ਕਿ ਉਹ ਆਪਣੀ ਅਸਲ ਮਾਂ ਨੂੰ ਲੱਭੇਗੀ ਪਰ ਕਿਵੇਂ ਇਸ ਬਾਰੇ ਉਸ ਨੂੰ ਨਹੀਂ ਪਤਾ ਸੀ।

ਉਸਦੇ ਮਾਪਿਆਂ ਨੇ ਉਸਦੇ ਫੈਸਲੇ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਉਨ੍ਹਾਂ ਨੂੰ ਕਿਰਣ 'ਤੇ ਮਾਣ ਹੈ।

ਜਿਵੇਂ ਵਕਤ ਬੀਤਿਆ ਅਸਲ ਮਾਂ ਨੂੰ ਲੱਭਣ ਦਾ ਖਿਆਲ ਕੁਝ ਪਿੱਛੇ ਰਹਿ ਗਿਆ ਪਰ ਮਾਂ ਨੂੰ ਮਿਲਨ ਦੀ ਇੱਛਾ ਨੇ ਕਿਰਨ ਦਾ ਪਿੱਛਾ ਨਹੀਂ ਛੱਡਿਆ।

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਰਨ ਸਵੀਡਨ ਦੀ ਇੱਕ ਕੰਪਨੀ ਵਿੱਚ ਕਰੀਅਰ ਕੌਂਸਲਰ ਵਜੋਂ ਕੰਮ ਕਰਨ ਲੱਗੀ।

Image copyright Kiran Gustafsson
ਫੋਟੋ ਕੈਪਸ਼ਨ ਕਿਰਨ ਦੀ ਮਾਂ ਨੇ ਉਸ ਨੂੰ ਸੂਰਤ ਦੇ ਅਨਾਥ ਆਸ਼ਰਮ ਵਿੱਚ ਦੇ ਦਿੱਤਾ ਸੀ

2016 ਵਿੱਚ ਕਿਰਨ ਨੇ ਕੋਪਨਹੈਗਨ ਵਿੱਚ ਅਰੁਣ ਦੋਹਲੇ ਦਾ ਇੱਕ ਲੈਕਚਰ ਸੁਣਿਆ। ਦੋਹਲੇ ਬੱਚਿਆਂ ਦੀ ਤਸਕਰੀ ਖਿਲਾਫ਼ ਕੰਮ ਕਰਨ ਵਾਲੇ ਨੀਦਰਲੈਂਡ ਦੇ ਇੱਕ ਐਨਜੀਓ ਦੇ ਸਹਿ-ਸੰਸਥਾਪਕ ਸਨ। ਉਨ੍ਹਾਂ ਨੂੰ ਖੁਦ ਜਰਮਨ ਮਾਪਿਆਂ ਨੇ ਭਾਰਤ ਤੋਂ ਗੋਦ ਲਿਆ ਸੀ।

ਬੱਚਿਆਂ ਦੀ ਤਸਕਰੀ ਖਿਲਾਫ਼ ਮੁਹਿੰਮ ਚਲਾਉਣ ਵਾਲੇ ਅਰੁਣ ਨੇ ਦੱਸਿਆ ਕਿ ਕਿਵੇਂ ਕਿਸੇ ਦੀਆਂ ਜੜ੍ਹਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਖੁਦ ਭਾਰਤ ਵਿੱਚ ਆਪਣੀ ਅਸਲ ਮਾਂ ਬਾਰੇ ਪਤਾ ਲਗਾਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਸੀ।

ਇੱਕ ਅੱਗ ਕਿਰਨ ਵਿੱਚ ਵਿੱਚ ਵੀ ਸੁਲਗ ਰਹੀ ਸੀ। ਉਸ ਨੇ ਵੀ ਆਪਣੀ ਅਸਲ ਮਾਂ ਨੂੰ ਲੱਭਣ ਦਾ ਅਹਿਦ ਲਿਆ ਸੀ।

ਕਿਰਨ ਨੇ 2017 ਵਿੱਚ ਅਰੁਣ ਨਾਲ ਸੰਪਰਕ ਕੀਤਾ। ਉਸ ਨੇ ਕਿਰਨ ਨੂੰ ਪੂਣੇ ਵਿੱਚ ਅੰਜਲੀ ਪਵਾਰ ਨਾਲ ਰਾਬਤਾ ਕਾਇਮ ਕਰਨ ਨੂੰ ਕਿਹਾ। ਅੰਜਲੀ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਦੀ ਸੀ।

ਕਈ ਕੋਸ਼ਿਸ਼ਾਂ ਨਾਕਾਮ ਹੋਈਆਂ

ਅੰਜਲੀ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਸ ਨੇ ਦੋਹਲੇ ਤੇ ਕਿਰਨ ਤੋਂ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ, ਸਭ ਤੋਂ ਪਹਿਲੀ ਵਾਰ ਸੂਰਤ ਦੇ ਆਸ਼ਰਮ ਨੂੰ ਸੰਪਰਕ ਕੀਤਾ ਤੇ ਉਸਦੀਆਂ ਕੋਸ਼ਿਸ਼ਾਂ ਬੇਕਾਰ ਸਾਬਿਤ ਹੋਈਆਂ।

ਅੰਜਲੀ ਨੇ ਦੱਸਿਆ, "ਫਿਰ ਮੈਂ ਉਨ੍ਹਾਂ ਨੂੰ ਸੈਂਟਰਲ ਐਡਾਪਸ਼ਨ ਰਿਸੋਰਸ ਅਥਾਰਿਟੀ ਦੀਆਂ ਹਦਾਇਤਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਦੇ ਤਹਿਤ ਮੈਨੂੰ ਜਾਣਕਾਰੀ ਲੈਣ ਦਾ ਹੱਕ ਸੀ।''

Image copyright Kiran Gustafsson
ਫੋਟੋ ਕੈਪਸ਼ਨ ਕਿਰਨ ਦੀ ਮਾਂ ਦੀ ਤਸਵੀਰ ਉਸਦੇ ਮਾਲਿਕ ਦੇ ਬੱਚੇ ਨਾਲ

ਦਸਤਾਵੇਜ਼ਾਂ ਅਨੁਸਾਰ ਕਿਰਨ ਦੀ ਮਾਂ ਉਸ ਨੂੰ ਉਸ ਵੇਲੇ ਅਨਾਥ ਆਸ਼ਰਮ ਛੱਡ ਗਈ ਜਦੋਂ ਉਹ ਇੱਕ ਸਾਲ, 11 ਮਹੀਨੇ ਦੀ ਸੀ ਪਰ ਉਹ ਲਗਾਤਾਰ ਉਸ ਨੂੰ ਮਿਲਣ ਆਉਂਦੀ ਸੀ।

ਉਹ ਕਿਰਨ ਦੇ ਗੋਦ ਲੈਣ ਬਾਰੇ ਵੀ ਜਾਣਦੀ ਸੀ ਇਸ ਲਈ ਉਸਨੇ ਅਨਾਥ ਆਸ਼ਰਮ ਵਿੱਚ ਆਪਣੀ ਕੰਮ ਕਰਨ ਵਾਲੀ ਥਾਂ ਦਾ ਪਤਾ ਦਿੱਤਾ ਸੀ।

ਇੱਕ ਨਵਾਂ ਖੁਲਾਸਾ ਹੋਇਆ

ਅੰਜਲੀ ਨੂੰ ਪਤਾ ਲੱਗਿਆ ਕਿ ਕਿਰਨ ਦੀ ਮਾਂ ਸਿੰਧੂ ਗੋਸਵਾਮੀ ਸੂਰਤ ਦੇ ਕਿਸੇ ਘਰ ਵਿੱਚ ਕੰਮ ਕਰਦੀ ਸੀ। ਅੰਜਲੀ ਉਸ ਪਤੇ 'ਤੇ ਪਹੁੰਚੀ ਜੋ ਸਿੰਧੂ ਨੇ ਅਨਾਥ ਆਸ਼ਰਮ ਨੂੰ ਦਿੱਤਾ ਸੀ ਪਰ ਉੱਥੇ ਉਸਨੂੰ ਸਿੰਧੂ ਗੋਸਵਾਮੀ ਨਹੀਂ ਮਿਲੀ।

ਕਿਰਨ ਇਸ ਸਾਲ ਅਪ੍ਰੈਲ ਵਿੱਚ ਆਪਣੇ ਇੱਕ ਦੋਸਤ ਨਾਲ ਭਾਰਤ ਆਈ। ਉਹ ਉਨ੍ਹਾਂ ਲੋਕਾਂ ਨਾਲ ਮਿਲੀ ਜਿਨ੍ਹਾਂ ਨੇ ਉਸਦੀ ਮਾਂ ਨੂੰ ਕੰਮ 'ਤੇ ਰੱਖਿਆ ਸੀ।

ਜਦੋਂ ਸਥਾਨਕ ਪ੍ਰਸ਼ਾਸਨ ਤੇ ਇੱਕ ਸਮਾਜਿਕ ਕਾਰਕੁਨ ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਗਿਆ ਤਾਂ ਉਨ੍ਹਾਂ ਨੇ ਥੋੜ੍ਹੀ-ਬਹੁਤ ਜਾਣਕਾਰੀ ਦਿੱਤੀ ਪਰ ਉਹ ਕਿਰਨ ਦੀ ਮਾਂ ਨੂੰ ਲੱਭਣ ਦੇ ਲਈ ਕਾਫੀ ਨਹੀਂ ਸੀ।

Image copyright Kiran Gustafsson
ਫੋਟੋ ਕੈਪਸ਼ਨ ਕਿਰਨ ਦੀ ਦੋਸਤ ਹਾਨਾ ਨੇ ਵੀ ਕਿਰਨ ਦੀ ਭਾਲ ਵਿੱਚ ਕਾਫੀ ਮਦਦ ਕੀਤੀ

ਉਹ ਇਹ ਨਹੀਂ ਦੱਸ ਸਕੇ ਕਿ ਇਸ ਵੇਲੇ ਉਹ ਕਿੱਥੇ ਹੈ ਜਾਂ ਉਹ ਜ਼ਿੰਦਾ ਵੀ ਹੈ ਜਾਂ ਨਹੀਂ।

ਕਿਰਨ ਦੇ ਲਈ ਉਹ ਬੇਹੱਦ ਜਜ਼ਬਾਤੀ ਦਿਨ ਸਨ। ਕਈ ਵਾਰ ਵੱਖ-ਵੱਖ ਥਾਂਵਾਂ 'ਤੇ ਜਾਣ ਵੇਲੇ ਉਹ ਕਈ ਵਾਰ ਰੋ ਪੈਂਦੀ ਸੀ।

ਇਸੇ ਦੌਰਾਨ ਪਵਾਰ ਦੇ ਹੱਥ ਅਨਾਥ ਆਸ਼ਰਮ ਦੇ ਜਨਮ ਪ੍ਰਮਾਣ ਪੱਤਰ ਨਾਲ ਜੁੜੇ ਰਜਿਸਟਰ ਲੱਗਿਆ। ਉਸ ਰਜਿਸਟਰ ਤੋਂ ਮਿਲੀ ਜਾਣਕਾਰੀ ਨੇ ਸਿੰਧੂ ਦੇ ਹੋਸ਼ ਉਡਾ ਦਿੱਤੇ। ਕਿਰਨ ਦਾ ਇੱਕ ਜੁੜਵਾ ਭਰਾ ਵੀ ਸੀ।

ਭਰਾ ਲਈ ਭਾਲ ਸ਼ੁਰੂ ਹੋਈ

ਉਸ ਦਿਨ ਨੂੰ ਯਾਦ ਕਰਦਿਆਂ ਕਿਰਨ ਨੇ ਦੱਸਿਆ, "ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹ ਪਲ ਬੇਹੱਦ ਸ਼ਾਨਦਾਰ ਸਨ। ਮੈਨੂੰ ਮੇਰੀਆਂ ਜੜ੍ਹਾਂ ਬਾਰੇ ਕਈ ਸਵਾਲਾਂ ਦਾ ਜਵਾਬ ਮਿਲ ਗਿਆ ਸੀ।''

ਉਸਦੀ ਪਾਲਣਾ ਕਰਨ ਵਾਲੇ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਉਸਦਾ ਕੋਈ ਭਰਾ ਵੀ ਹੈ।

ਇੱਕ ਸਮਾਜ ਸੇਵੀ ਦੀ ਮਦਦ ਨਾਲ ਕਿਰਨ ਅਤੇ ਅੰਜਲੀ ਉਸਦੇ ਭਰਾ ਦੀ ਭਾਲ ਵਿੱਚ ਲੱਗ ਗਏ।

ਉਨ੍ਹਾਂ ਨੂੰ ਜ਼ਿਆਦਾ ਨਹੀਂ ਲੱਭਣਾ ਪਿਆ। ਉਸ ਨੂੰ ਸੂਰਤ ਦੇ ਇੱਕ ਵਪਾਰੀ ਨੇ ਹੀ ਗੋਦ ਲਿਆ ਸੀ।

ਅੰਜਲੀ ਨੇ ਦੱਸਿਆ ਕਿ ਉਹ ਮੁਲਾਕਾਤ ਆਸਾਨ ਨਹੀਂ ਸੀ। ਉੱਥੇ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਸ ਪਰਿਵਾਰ ਨੇ ਕਿਰਨ ਦੇ ਭਰਾ ਨੂੰ ਗੋਦ ਲੈਣ ਬਾਰੇ ਨਹੀਂ ਦੱਸਿਆ ਸੀ।

ਹੁਣ ਉਸਦੇ ਭਰਾ ਦਾ ਪਾਲਣ ਕਰਨ ਵਾਲਾ ਪਿਤਾ ਇਹ ਤੈਅ ਨਹੀਂ ਕਰ ਪਾ ਰਹੇ ਸੀ ਕਿ ਉਹ ਹੁਣ ਇਸ ਜਾਣਕਾਰੀ ਦਾ ਖੁਲਾਸਾ ਕਰਨ ਜਾਂ ਨਹੀਂ।

Image copyright Kiran Gustafsson
ਫੋਟੋ ਕੈਪਸ਼ਨ ਕਿਰਨ ਆਪਣੇ ਭਰਾ ਨਾਲ ਮਿਲਣ ਵੇਲੇ ਕਾਫੀ ਜਜ਼ਬਾਤੀ ਹੋ ਗਈ ਸੀ

ਕਾਫ਼ੀ ਜ਼ੋਰ ਦੇਣ 'ਤੇ ਮਾਪੇ ਕਿਰਨ ਦੇ ਭਰਾ ਨੂੰ ਸੱਚਾਈ ਦੱਸਣ ਬਾਰੇ ਰਾਜ਼ੀ ਹੋ ਗਏ।

ਆਪਣੇ ਜਨਮ ਤੋਂ 32 ਸਾਲ ਬਾਅਦ ਆਪਣੇ ਭਰਾ ਨੂੰ ਮਿਲਣ ਵਾਲਾ ਦਿਨ ਕਿਰਨ ਨੂੰ ਚੰਗੇ ਤਰੀਕੇ ਨਾਲ ਯਾਦ ਹੈ।

ਉਸ ਪਤੇ 'ਤੇ ਪਹੁੰਚਣਾ, ਖੱਬੇ ਪਾਸੇ ਮੁੜਨਾ ਅਤੇ ਉਸਦੇ ਭਰਾ ਵੱਲੋਂ ਹੀ ਖੁਦ ਦਰਵਾਜਾ ਖੋਲ੍ਹਣਾ।

ਦੋਹਾਂ ਨੇ ਇੱਕ ਦੂਜੇ ਨੂੰ ਕੁਝ ਨਹੀਂ ਕਿਹਾ ਬਸ ਵੇਖਿਆ। ਭਰਾ ਨੇ ਉਨ੍ਹਾਂ ਨੂੰ ਆਈਸਕਰੀਮ ਦਿੱਤੀ।

ਕਿਰਨ ਨੇ ਦੱਸਿਆ, "ਉਸ ਨੇ ਮੈਨੂੰ ਘੜੀ ਤੋਹਫੇ ਵਜੋਂ ਦਿੱਤੀ। ਉਹ ਬਹੁਤ ਚੰਗਾ ਸੀ। ਉਸਦੀਆਂ ਅੱਖਾਂ ਮੇਰੇ ਵਾਂਗ ਸਨ ਪਰ ਉਨ੍ਹਾਂ ਵਿੱਚ ਉਦਾਸੀ ਸੀ। ਅੰਜਲੀ ਦੇ ਇੱਕ ਸਵਾਲ ਵਿੱਚ ਉਸ ਨੇ ਕਿਹਾ ਕਿ ਉਹ ਬਹੁਤ ਇਕੱਲਾਪਨ ਮਹਿਸੂਸ ਕਰਦਾ ਹੈ।

ਅਗਲੇ ਦਿਨ ਉਨ੍ਹਾਂ ਦੀ ਮੁਲਾਕਾਤ ਕਿਰਨ ਦੇ ਹੋਟਲ ਵਿੱਚ ਹੋਈ। ਕਿਰਨ ਕਾਫੀ ਰੋਈ, ਵਿਦਾਈ ਬਹੁਤ ਮੁਸ਼ਕਿਲ ਸੀ।

ਕਿਰਨ ਨੇ ਕਿਹਾ, "ਅਸੀਂ ਇੱਕ ਦੂਜੇ ਨੂੰ ਲੱਭ ਲਿਆ ਪਰ ਅਜੇ ਵੀ ਕਈ ਸਵਾਲ ਹਨ। ਅਜੇ ਵੀ ਉਦਾਸੀ ਸੀ। ਮੇਰਾ ਭਰਾ ਬਹੁਤ ਚੰਗਾ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੈਨੂੰ ਉਸ 'ਤੇ ਮਾਣ ਹੈ।''

ਕਿਰਨ ਦਾ ਮੇਲ ਉਸਦੇ ਭਰਾ ਨਾਲ ਹੋ ਗਿਆ ਜਿਸਦੀ ਹੋਂਦ ਬਾਰੇ ਉਸਨੂੰ ਪਤਾ ਹੀ ਨਹੀਂ ਸੀ ਪਰ ਉਸਦੀ ਮਾਂ ਲਈ ਭਾਲ ਅਜੇ ਵੀ ਜਾਰੀ ਹੈ।

ਕਿਰਨ ਦੀ ਮਾਂ ਜਿੱਥੇ ਕੰਮ ਕਰਦੀ ਸੀ ਉੱਥੋਂ ਉਸਦੀ ਤਸਵੀਰ ਕਿਰਨ ਨੂੰ ਮਿਲੀ ਜੋ ਉਸਦੀ ਭਾਲ ਨੂੰ ਜਾਰੀ ਰੱਖੇ ਹੋਏ ਹੈ।

ਕਿਰਨ ਨੇ ਕਿਹਾ, "ਮੈਂ ਆਪਣੀ ਮਾਂ ਵਾਂਗ ਲੱਗਦੀ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)