ਕਿਵੇਂ ਹਜ਼ਾਰਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਇਹ ਜਨਾਜ਼ੇ?

ਕਸ਼ਮੀਰ Image copyright Hiral Shah

ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਇਸ ਸਾਲ ਸੁਰੱਖਿਆ ਬਲਾਂ ਨਾਲ ਮੁਠਭੇੜ ਵਿੱਚ 50 ਤੋਂ ਵਧ ਕੱਟੜਪੰਥੀਆਂ ਦੀ ਮੌਤ ਹੋ ਚੁੱਕੀ ਹੈ। ਸਮੀਰ ਯਾਸਿਰ ਦਸਦੇ ਹਨ ਕਿ ਉੱਥੋਂ ਦੇ ਲੋਕਾਂ ਦੇ ਰੁਝਾਨ ਨੂੰ ਕੱਟੜਪੰਥੀਆਂ ਦੇ ਜਨਾਜ਼ੇ ਕਿਵੇਂ ਪ੍ਰਭਾਵਿਤ ਕਰ ਰਹੇ ਹਨ।

ਹਰੇ ਕੱਪੜੇ ਵਿੱਚ ਲਪੇਟ ਕੇ ਇੱਕ ਕੱਟੜਪੰਥੀ ਦੀ ਲਾਸ਼ ਨੂੰ ਦਫਨਾਉਣ ਲਈ ਲਿਆਂਦਾ ਗਿਆ ਹੈ ਅਤੇ ਉੱਥੇ ਮੌਜੂਦ ਔਰਤਾਂ ਖ਼ੂਨ ਅਤੇ ਵੀਰਤਾ ਦੇ ਗੀਤ ਗਾ ਰਹੀਆਂ ਹਨ।

ਲਾਸ਼ ਨੂੰ ਇੱਕ ਅਸਥਾਈ ਅਤੇ ਉੱਚੀ ਥਾਂ 'ਤੇ ਰੱਖਿਆ ਗਿਆ ਤਾਂ ਜੋ ਮਾਤਮ ਮਨਾਉਣ ਵਾਲੇ ਉਸ ਨੂੰ ਆਸਾਨੀ ਨਾਲ ਦੇਖ ਸਕਣ। ਲੋਕ ਸਨਮਾਨ ਨਾਲ ਲਾਸ਼ ਛੂਹਣ ਲਈ ਹੱਥ ਅੱਗੇ ਵਧਾ ਰਹੇ ਹਨ।

ਕੁਝ ਨੌਜਵਾਨ ਇਸ ਭੀੜ ਵਿੱਚ ਧੱਕਾਮੁੱਕੀ ਕਰਕੇ ਲਾਸ਼ ਤੱਕ ਪਹੁੰਚ ਗਏ ਹਨ ਅਤੇ ਉਸ ਦਾ ਮੱਥਾ ਚੁੰਮ ਰਹੇ ਹਨ। ਫੇਰ ਉਹ ਉਸ ਦੇ ਪੈਰ ਛੂੰਹਦੇ ਹਨ ਅਤੇ ਆਪਣੇ ਸਰੀਰ 'ਤੇ ਹੱਥ ਇਸ ਤਰ੍ਹਾਂ ਰਗੜਦੇ ਹਨ, ਜਿਵੇਂ ਇਹ ਕੋਈ ਧਾਰਮਿਕ ਰੀਤੀ-ਰਿਵਾਜ਼ ਹੋਣ।

ਹਰ ਗੁਜ਼ਰਦੇ ਮਿੰਟ ਦੇ ਨਾਲ ਭੀੜ ਵਧਦੀ ਜਾਂਦੀ ਹੈ। ਚੁਣੌਤੀ ਦੇ ਸੁਰ ਧਾਰੀ ਨਾਅਰੇ ਆਸਮਾਨ ਵਿੱਚ ਗੂੰਜ ਰਹੇ ਹਨ।

Image copyright Getty Images

ਨੌਜਵਾਨਾ ਦਾ ਇੱਕ ਸਮੂਹ ਮਾਈਕ 'ਤੇ ਸੰਘਰਸ਼ ਕਰਦੇ ਰਹਿਣ ਲਈ ਉਤਸ਼ਾਹਿਤ ਕਰ ਰਿਹਾ ਹੈ। ਇਹ 'ਸਮਾਗਮ' ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਲਾਸ਼ ਨੂੰ 'ਸ਼ਹੀਦਾਂ ਦੇ ਕਬਰਿਸਤਾਨ' ਵਿੱਚ ਦਫ਼ਨ ਨਹੀਂ ਕਰ ਦਿੱਤਾ ਜਾਂਦਾ।

ਕਸ਼ਮੀਰ ਬਾਰੇ 5 ਗੱਲਾਂ

  • ਭਾਰਤ ਅਤੇ ਪਾਕਿਸਤਾਨ ਦੇ ਵਿੱਚ ਬੀਤੇ 70 ਸਾਲਾਂ ਤੋਂ ਕਸ਼ਮੀਰ ਨੂੰ ਲੈ ਕੇ ਵਿਵਾਦ ਹੈ।
  • ਦੋਵੇਂ ਦੇਸ ਪੂਰੇ ਕਸ਼ਮੀਰ 'ਤੇ ਦਾਅਵਾ ਕਰਦੇ ਹਨ ਪਰ ਦੋਵਾਂ ਕੋਲ ਇਸ ਦਾ ਇੱਕ-ਇੱਕ ਹਿੱਸਾ ਹੈ।
  • ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜੀਆਂ ਗਈਆਂ ਤਿੰਨਾਂ ਜੰਗਾਂ ਵਿਚੋਂ ਦੋ ਦਾ ਕੇਂਦਰ ਕਸ਼ਮੀਰ ਸੀ।
  • 1989 ਵਿੱਚ ਮੁਸਲਮਾਨ ਭਾਈਚਾਰੇ ਦੀ ਵੱਧ ਗਿਣਤੀ ਵਾਲੇ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਭਾਰਤ ਦੇ ਖ਼ਿਲਾਫ਼ ਇੱਕ ਹਿੰਸਕ ਲੜਾਈ ਸ਼ੁਰੂ ਹੋਈ ਹੈ, ਜੋ ਅੱਜ ਤੱਕ ਜਾਰੀ ਹੈ। ਇਸ ਦੌਰਾਨ ਸੈਨਾ 'ਤੇ ਵੀ ਮਨੁਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਹਨ।
  • ਬੇਰੁਜ਼ਗਾਰੀ ਦੀ ਦਰ ਅਤੇ ਆਮ ਪ੍ਰਦਰਸ਼ਕਾਰੀਆਂ ਨਾਲ ਨਿਪਟਣ ਵਿੱਚ ਸੈਨਾ ਦੀ ਰਣਨੀਤੀ ਨਾਲ ਹਾਲਾਤ ਹੋਰ ਖ਼ਰਾਬ ਹੋ ਗਏ ਹਨ।

'ਮੈਂ ਆਪਣੇ ਪੁੱਤਰ ਨੂੰ ਅਲਵਿਦਾ ਕਹਿਣ ਆਈ ਹਾਂ'

ਬੀਤੀ ਅਪ੍ਰੈਲ ਦੀ ਇੱਕ ਸ਼ਾਮ ਵੇਲੇ ਚਿੱਟੇ ਵਾਲਾਂ ਵਾਲੀ ਇੱਕ ਬਜ਼ੁਰਗ ਔਰਤ ਮੁਠਭੇੜ ਵਿੱਚ ਮਾਰੇ ਗਏ ਇੱਕ ਕੱਟੜਪੰਥੀ ਦੇ ਜਨਾਜ਼ੇ ਵਿੱਚ ਪਹੁੰਚੀ। ਉਸ ਕੋਲ ਇੱਕ ਹਰੇ ਰੰਗ ਦਾ ਪਾਲੀਥੀਨ ਪਿਆ ਸੀ।

ਇਹ 19 ਸਾਲ ਦੇ ਉਬੈਸ ਸ਼ਫੀ ਮੱਲਾ ਦਾ ਜਨਾਜ਼ਾ ਸੀ, ਜੋ ਕਾਲਜ ਛੱਡ ਕੇ ਫਰਵਰੀ 2017 ਵਿੱਚ ਕੱਟੜਪੰਥੀ ਗਰੁੱਪ ਹਿਜ਼ਬੁਲ ਮੁਜਾਹੀਦੀਨ ਵਿੱਚ ਸ਼ਾਮਲ ਹੋ ਗਿਆ ਸੀ।

ਇੱਥੇ ਪਹੁੰਚ ਜੂਨੇ ਬੇਗ਼ਮ ਨੇ ਆਪਣੀ ਬਰੀਕ ਆਵਾਜ਼ ਵਿੱਚ ਮਾਤਮ ਮਨਾ ਰਹੇ ਲੋਕਾਂ ਨੂੰ ਕਿਹਾ, "ਮੈਂ ਆਪਣੇ ਪੁੱਤਰ ਨੂੰ ਅਲਵਿਦਾ ਕਹਿਣ ਆਈ ਹਾਂ।"

Image copyright EPA

ਹਾਲਾਂਕਿ ਉਨ੍ਹਾਂ ਨੇ ਮੱਲਾ ਨੂੰ ਜਨਮ ਨਹੀਂ ਦਿੱਤਾ ਸੀ ਪਰ ਉਸ ਨੂੰ ਦੁੱਧ ਜਰੂਰ ਪਿਲਾਇਆ ਸੀ।

ਪਾਰੰਪਰਿਕ ਵੈਲਵੇਟ ਫੈਰਨ ਅਤੇ ਪਲਾਸਟਿਕ ਸੈਂਡਲ ਪਹਿਨੇ ਹੋਏ ਉਹ ਔਰਤ ਸ਼ੌਪੀਆਂ ਜ਼ਿਲ੍ਹੇ ਦੇ ਤ੍ਰੈਂਜ ਪਿੰਡ ਤੱਕ ਪਹੁੰਚਣ ਲਈ 7 ਕਿਲੋਮੀਟਰ ਪੈਦਲ ਤੁਰ ਕੇ ਉੱਥੇ ਆਈ ਸੀ, ਜਿੱਥੇ ਮੱਲਾ ਨੂੰ ਦਫ਼ਨਾਉਣਾ ਸੀ।

'ਕੀ ਤੁਸੀਂ ਟਾਈਗਰ ਬਣੋਗੇ?'

ਇਸ ਦੌਰਾਨ ਸੁਰੱਖਿਆ ਬਲ ਗੁੱਸੇ ਨਾਲ ਭਰੇ ਪ੍ਰਦਰਸ਼ਨਕਾਰੀਆਂ ਨੂੰ ਇਸ ਜਨਾਜ਼ੇ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਲਈ ਸੜਕਾਂ ਦੇ ਤਾਇਨਾਤ ਸਨ।

ਪਰ ਜ਼ੂਨਾ ਬੇਗ਼ਮ ਸੇਬ ਦੇ ਬਾਗਾਂ ਵਿੱਚੋਂ ਨਿਕਲ ਕੇ ਬਚਦੇ ਬਚਾਉਂਦੇ ਉੱਥੇ ਪਹੁੰਚ ਗਈ।

ਭੀੜ ਉਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਮੱਲਾ ਦੀ ਗੋਲੀਆਂ ਨਾਲ ਛਨਣੀ ਹੋਈ ਲਾਸ਼ ਤੱਕ ਲੈ ਗਈ।

ਉੱਥੇ ਜ਼ੂਨਾ ਬੇਗ਼ਮ ਨੇ ਮੱਲਾ ਦੇ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਚਿਹਰੇ ਨੂੰ ਚੁੰਮਿਆ ਅਤੇ ਆਪਣੇ ਝੋਲੇ 'ਚੋਂ ਕੁਝ ਮਿਠਾਈਆਂ ਕੱਢ ਕੇ ਉਸ ਦੀ ਲਾਸ਼ 'ਤੇ ਖਿਲਾਰ ਦਿੱਤੀਆਂ।

ਕਸ਼ਮੀਰ ਵਿੱਚ ਅਜਿਹਾ ਉਦੋਂ ਕੀਤਾ ਜਾਂਦਾ ਹੈ ਜਦੋਂ ਦੁਲਹਾ ਵਿਆਹ ਤੋਂ ਬਾਅਦ ਘਰ ਵਾਪਸ ਆਉਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਜਮਾਂ ਹੋਈ ਭੀੜ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਇਸ ਸਵਾਲ ਤੋਂ ਆਪਣੀ ਗੱਲ ਸ਼ੁਰੂ ਕੀਤੀ, "ਕੀ ਤੁਸੀਂ ਪੁਲਿਸ ਵਾਲੇ ਬਣੋਗੇ?"

ਭੀੜ ਨੇ ਜਵਾਬ ਦਿੱਤਾ, "ਨਹੀਂ ਬਣਾਂਗੇ।"

ਅਗਲਾ ਸਵਾਲ ਸੀ, "ਕੀ ਤੁਸੀਂ ਅੱਤਵਾਦੀ ਬਣੋਗੇ?

"ਹਾਂ ਅਸੀਂ ਬਣਾਂਗੇ।" ਭੀੜ ਨੇ ਜ਼ੋਰਦਾਰ ਆਵਾਜ਼ ਵਿੱਚ ਜਵਾਬ ਦਿੱਤਾ।

"ਕੀ ਤੁਸੀਂ ਟਾਈਗਰ ਬਣੋਗੇ?" ਪਿਛਲੇ ਹਫਤੇ ਮਾਰੇ ਗਏ ਕਸ਼ਮੀਰੀ ਕੱਟੜਪੰਥੀ ਸਮੀਰ ਭੱਟ ਉਰਫ਼ ਟਾਈਗਰ ਦੇ ਪਿੰਡ ਦੀ ਦਿਸ਼ਾ ਵੱਲ ਇਸ਼ਾਰਾ ਕਰਦੇ ਹੋਏ ਜ਼ੂਨਾ ਬੇਗ਼ਮ ਨੇ ਅਗਲਾ ਸਵਾਲ ਪੁੱਛਿਆ।

"ਹਾਂ, ਅਸੀਂ ਬਣਾਂਗੇ।"

"ਤਾਂ ਜ਼ੋਰ ਨਾਲ ਕਹੋ"

"ਆਜ਼ਾਦੀ!"

ਫੇਰ ਉਹ ਔਰਤ ਚਬੂਤਰੇ ਤੋਂ ਹੇਠਾਂ ਉਤਰੀ ਅਤੇ ਭੀੜ ਵਿੱਚ ਕਿਤੇ ਗਵਾਚ ਗਈ।

'ਰੋਲ ਮਾਡਲ' ਨੂੰ ਬਚਾਉਣ ਲਈ

ਇਹ ਕਸ਼ਮੀਰੀ ਕੱਟੜਪੰਥੀਆਂ ਦੇ ਉਨ੍ਹਾਂ ਦਰਜਨਾਂ ਵਿਚੋਂ ਕਿਸੇ ਇੱਕ ਦਾ ਜਨਾਜ਼ਾ ਸੀ ਜੋ, ਮੈਂ ਬੀਤੇ ਤਿੰਨ ਸਾਲ ਵਿੱਚ ਕਵਰ ਕੀਤੇ ਹਨ। ਇਨ੍ਹਾਂ ਵਿੱਚੋਂ ਕਰੀਬ ਸਾਰੇ ਦੱਖਣੀ ਕਸ਼ਮੀਰ ਦੇ ਪੰਜ ਜ਼ਿਲ੍ਹਿਆਂ ਵਿੱਚ ਹੋਏ ਸਨ।

Image copyright EPA

ਜੇਕਰ ਗਿਣਤੀ ਦੇ ਪੱਧਰ ਦੀ ਗੱਲ ਕਰੀਏ ਤਾਂ ਬੰਦੂਕਾਂ ਦੀ ਛਾਵੇਂ ਜੰਮੀ-ਪਲੀ ਕਸ਼ਮੀਰੀ ਨੌਜਵਾਨ ਪੀੜੀ ਦਾ ਬੀਤੇ ਦਹਾਕੇ ਵਿੱਚ ਕੱਟੜਪੰਥੀ ਵੱਲ ਇਤਿਹਾਸਕ ਰੁਝਾਨ ਰਿਹਾ ਹੈ।

ਇਹ ਨੌਜਵਾਨ ਭਾਰਤੀ ਸ਼ਾਸਨ ਦੇ ਖਿਲਾਫ਼ ਲੜ ਰਹੇ ਆਪਣੇ 'ਰੋਲ ਮਾਡਲ' ਕੱਟੜਪੰਥੀਆਂ ਦੀ ਜਾਨ ਬਚਾਉਣ ਲਈ ਖ਼ੁਦ ਨੂੰ ਗੋਲੀਆਂ ਦੇ ਸਾਹਮਣੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।

ਉਹ ਭਾਰਤੀ ਸੈਨਾ ਦੀਆਂ ਗੱਡੀਆਂ ਸਾਹਮਣੇ ਖੜ੍ਹੇ ਹੁੰਦੇ ਹਨ ਅਤੇ ਉਨ੍ਹਾਂ 'ਤੇ ਪੱਥਰ ਸੁੱਟਦੇ ਹਨ। ਜਦੋਂ ਸੁਰੱਖਿਆ ਬਲ ਕੱਟੜਪੰਥੀਆਂ ਨੂੰ ਘੇਰ ਲੈਂਦੇ ਹਨ ਤਾਂ ਉਹ ਸੜਕਾਂ ਜਾਮ ਕਰਕੇ ਸੈਨਾ 'ਤੇ ਪੱਥਰ ਸੁੱਟਦੇ ਹਨ।

ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਕਈ ਮੁੰਡਿਆਂ ਦੀਆਂ ਜਾਨਾਂ ਵੀ ਗਈਆਂ ਹਨ। ਇਸੇ ਸਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ 30 ਤੋਂ ਵੱਧ ਕਸ਼ਮੀਰੀ ਨੌਜਵਾਨਾਂ ਦੀ ਮੌਤ ਹੋ ਗਈ ਹੈ।

ਜੁਲਾਈ 2016 ਵਿੱਚ ਕੱਟੜਪੰਥੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਘਾਟੀ ਵਿੱਚ ਹਿੰਸਕ ਘਟਨਾਵਾਂ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ।

ਹਾਲ ਹੀ ਵਿੱਚ ਜਦੋਂ ਬੁਰਹਾਨ ਵਾਨੀ ਦੇ ਕਰੀਬੀ ਦੋਸਤ ਕੱਟੜਪੰਥੀ ਸੱਦਾਮ ਪੱਧਾਰ ਦੀ ਸੁਰੱਖਿਆ ਬਲਾਂ ਨਾਲ ਮੁਠਭੇੜ ਵਿੱਚ ਮੌਤ ਹੋ ਗਈ ਸੀ ਤਾਂ ਉਸ ਦੇ ਜਨਾਜ਼ੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ।

Image copyright Getty Images
ਫੋਟੋ ਕੈਪਸ਼ਨ ਪਿਛਲੇ ਸਾਲ ਪ੍ਰਦਰਸ਼ਨ ਦੌਰਾਨ ਜਾਨ ਗਵਾਉਣ ਵਾਲੇ ਉਮਰ ਫਾਰੁਕ ਦਾ ਜਨਾਜ਼ਾ

ਵਾਨੀ ਦੇ ਜਨਾਜ਼ੇ ਤੋਂ ਬਾਅਦ ਇਹ ਹਾਲ ਦੇ ਦਿਨਾਂ ਵਿੱਚ ਕਿਸੇ ਕਸ਼ਮੀਰੀ ਕੱਟੜਪੰਥੀ ਦਾ ਸ਼ਾਇਦ ਦੂਜਾ ਵੱਡਾ ਜਨਾਜ਼ਾ ਸੀ।

ਉਸ ਮੁਠਭੇੜ ਵਿੱਚ ਮਾਰੇ ਗਏ ਕੱਟੜਪੰਥੀਆਂ ਵਿੱਚ ਇੱਕ ਮੁੰਡਾ ਅਜਿਹਾ ਵੀ ਸੀ ਜਿਸ ਨੇ ਕਸ਼ਮੀਰ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਦੀ ਪੜ੍ਹਾਈ ਕੀਤੀ ਸੀ। ਕੱਟੜਪੰਥੀ ਗੁੱਟ ਵਿੱਚ ਸ਼ਾਮਿਲ ਹੋਣ ਤੋਂ 40 ਘੰਟਿਆਂ ਵਿੱਚ ਉਸ ਨੇ ਜਾਨ ਗਵਾ ਦਿੱਤੀ।

'ਬੰਦੂਕਾਂ ਨਾਲ ਸਲਾਮੀ'

ਅਜਿਹੇ ਕਈ ਜਨਾਜ਼ੇ ਹੋਰ ਵੀ ਹਨ ਜੋ ਨੌਜਵਾਨਾਂ ਨੂੰ ਕੱਟੜਪੰਥੀ ਵੱਲ ਖਿੱਚ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਜਨਮ 1989 ਵਿੱਚ ਕਸ਼ਮੀਰ ਵਿੱਚ ਅਸਿਥਰਤਾ ਦੀ ਸ਼ੁਰੂਆਤ ਤੋਂ ਬਾਅਦ ਹੀ ਹੋਇਆ ਸੀ। ਉਹ ਸੰਘਰਸ਼ ਦੇ ਮਾਹੌਲ ਵਿੱਚ ਪਲੇ ਹਨ।

ਪੱਧਾਰ ਦੇ ਜਨਾਜ਼ਾ ਵਿੱਚ ਸ਼ਾਮਲ ਹੋਣ ਲਈ 17 ਸਾਲ ਦੇ ਜ਼ੁਬੈਰ ਅਹਿਮਦ 6 ਨਾਕਿਆਂ ਦੇ ਸੁਰੱਖਿਆ ਕਰਮੀਆਂ ਤੋਂ ਬਚ ਕੇ ਨਿਕਲਿਆਂ ਸੀ। ਬੀਤੇ 2 ਸਾਲ ਵਿੱਚ ਇਹ 16ਵਾਂ ਜਨਾਜ਼ਾਂ ਸੀ, ਜਿਸ ਵਿੱਚ ਉਹ ਸ਼ਾਮਲ ਹੋਇਆ ਸੀ।

ਉਹ ਭੀੜ ਵਿੱਚ ਕੱਟੜਪੰਥੀਆਂ ਦੇ ਇੱਕ ਗਰੁੱਪ ਨੂੰ ਦੇਖ ਰਿਹਾ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਏਕੇ-47 ਰਾਈਫਲ ਅਤੇ ਇੱਕ ਹੱਥ ਵਿੱਚ ਝੰਡੇ ਹਨ, ਜਿਸ ਦਾ ਇਸਤੇਮਾਲ ਉਹ 'ਦੀਵਾਨੇ ਮੁੰਡਿਆਂ' ਨੂੰ ਖ਼ੁਦ ਤੋਂ ਦੂਰ ਰੱਖਣ ਲਈ ਕਰ ਰਹੇ ਹਨ। ਉਹ ਆਪਣੇ ਸਾਥੀ ਨੂੰ 'ਬੰਦੂਕਾਂ ਨਾਲ ਸਲਾਮੀ' ਦੇਣ ਪਹੁੰਚੇ ਹਨ।

Image copyright Reuters

ਪੱਧਾਰ ਦੀ ਮਾਂ ਨੇ ਇੱਕ ਕੱਟੜਪੰਥੀ ਦਾ ਮੱਥਆ ਚੁੰਮਿਆ ਅਤੇ ਉੱਥੇ ਮੌਜੂਦ ਭੀੜ ਨੂੰ ਕਿਹਾ ਇਹ ਮੇਰਾ 'ਦੂਜਾ ਪੁੱਤਰ' ਹੈ।

ਚੀਕਦੇ ਹੋਏ ਉਨ੍ਹਾਂ ਨੇ ਕਿਹਾ, "ਇੱਕਦਿਨ ਇਹ ਕਸ਼ਮੀਰ ਤੋਂ ਭਾਰਤ ਬਾਹਰ ਕੱਢ ਦੇਵੇਗਾ।"

ਬੰਦੂਕਾਂ ਦੀ ਸਲਾਮੀ ਤੋਂ ਬਾਅਦ ਭੀੜ ਨੇ ਜੈਕਾਰੇ ਲਾਏ ਪਰ ਅਹਿਮਦ ਨਾਮ ਦਾ ਇੱਕ ਨੌਜਵਾਨ ਇਸ ਲਈ ਰੋਣ ਲੱਗਾ ਕਿਉਂਕਿ ਇਹ ਕਿਸੇ ਕੱਟੜਪੰਥੀ ਦੇ ਨੇੜੇ ਨਹੀਂ ਜਾ ਸਕਿਆ।

ਪਿਛਲੇ ਸਾਲ ਅਜਿਹੇ ਹੀ ਇੱਕ ਜਨਾਜ਼ੇ ਵਿੱਚ ਅਹਿਮਦ ਫੇਸਬੁੱਕ 'ਤੇ ਇੱਕ ਤਸਵੀਰ ਵਿੱਚ ਕੱਟੜਪੰਥੀ ਨਾਲ ਦਿਖਿਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਅਹਿਮਦ ਕਹਿੰਦੇ ਹਨ ਕਿ ਉਨ੍ਹਾਂ ਦਾ ਕੈਰੀਅਰ ਹੁਣ ਖ਼ਤਮ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੇ ਖ਼ਿਲਾਫ਼ ਕਈ ਪੁਲਿਸ ਕੇਸ ਹੋ ਗਏ ਹਨ ਜਿਸ ਕਾਰਨ ਉਹ ਸਰਕਾਰੀ ਨੌਕਰੀਆਂ ਲਈ ਯੋਗ ਨਹੀਂ ਰਹੇ।

ਅਹਿਮਦ ਕਹਿੰਦੇ ਹਨ, "ਇੱਕ ਦਿਨ ਤੁਸੀਂ ਮੈਨੂੰ ਹੱਥਾਂ ਵਿੱਚ ਏਕੇ-47 ਫੜੇ ਕੇ ਹਵਾ ਵਿੱਚ ਫਾਇਰ ਕਰਦੇ ਹੋਏ ਦੇਖੋਗੇ ਤਾਂ ਤੁਹਾਨੂੰ ਮੇਰੀ ਗੱਲ ਯਾਦ ਆਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)