ਸੋਸ਼ਲ: 'ਐਗਜ਼ਿਟ ਪੋਲ ਮਗਰੋਂ ਕਾਂਗਰਸ ਨੂੰ ਨਰਿੰਦਰ ਮੋਦੀ ਦੀ ਭਾਸ਼ਾ ਇਤਰਾਜ਼ਯੋਗ ਲੱਗੀ'

MANMOHAN SINGH Image copyright Getty Images

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਈ ਹੋਰ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਵਰਤੀ ਭਾਸ਼ਾ ਤੇ ਇਤਰਾਜ਼ ਜਤਾਉਂਦੇ ਹੋਏ ਚਿੱਠੀ ਲਿਖੀ ਹੈ।

ਚਿੱਠੀ ਵਿੱਚ 6 ਮਈ ਨੂੰ ਕਰਨਾਟਕ ਦੇ ਹੁਬਲੀ ਵਿੱਚ ਦਿੱਤੇ ਗਏ ਭਾਸ਼ਨ ਦੇ ਅੰਸ਼ ਦਾ ਯੂ -ਟਿਊਬ ਲਿੰਕ ਅਤੇ ਭਾਸ਼ਨ ਦੀਆਂ ਆਖਰੀ ਲਾਈਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਮੋਦੀ ਦੇ ਭਾਸ਼ਣ ਦੀਆਂ ਉਨ੍ਹਾਂ ਲਾਈਨਾਂ ਦਾ ਹਵਾਲਾ ਦਿੱਤਾ ਗਿਆ ਹੈ ਕਿ ਉਨ੍ਹਾਂ ਰੈਲੀ ਵਿੱਚ ਕਿਹਾ ਸੀ, ''ਜੇ ਸਰਹੱਦਾਂ ਪਾਰ ਕਰੋਗੇ ਤਾਂ ਇਹ ਮੋਦੀ ਹੈ, ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣਗੇ।''

ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਪ੍ਰਧਾਨਮੰਤਰੀ ਅਹੁਦੇ ਦੀ ਮਰਿਆਦਾ ਪਾਰ ਕਰ ਰਹੇ ਹਨ। ਦੋ ਪੰਨਿਆਂ ਦੀ ਚਿੱਠੀ ਦੇ ਆਖਿਰ ਵਿੱਚ ਮਨਮੋਹਨ ਸਿੰਘ ਦੇ ਨਾਲ-ਨਾਲ ਹੋਰ ਕਾਂਗਰਸੀ ਆਗੂਆਂ ਦੇ ਹਸਤਾਖ਼ਰ ਵੀ ਹਨ।

ਚਿੱਠੀ ਵਿੱਚ ਸ਼ਿਕਾਇਤ ਕਰਦਿਆਂ ਲਿਖਿਆ ਗਿਆ, ''ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਸਾਡੀ ਲੋਕਤਾਂਤਰਿਕ ਵਿਵਸਥਾ ਵਿੱਚ ਇੱਕ ਪ੍ਰਧਾਨ ਮੰਤਰੀ ਸਰਕਾਰ ਦੇ ਮੁਖੀ ਦੇ ਤੌਰ 'ਤੇ ਧਮਕਾਉਣ ਤੇ ਉਕਸਾਉਣ ਵਾਲੇ ਸ਼ਬਦਾਂ ਦਾ ਇਸਤੇਮਾਲ ਕਰਨਗੇ। ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਲੀਡਰਾਂ ਨੂੰ ਜਨਤਕ ਤੌਰ 'ਤੇ ਚਿਤਾਵਨੀ ਦੇਣ ਵਾਲੇ ਹੋਣਗੇ।''

ਇਹ ਚਿੱਠੀ ਜਿਵੇਂ ਹੀ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ, ਸੋਸ਼ਲ ਮੀਡੀਆ 'ਤੇ ਕਾਂਗਰਸ ਤੇ ਬੀਜੇਪੀ ਦੇ ਸਮਰਥਕ ਭਿੜ ਗਏ।

ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀ ਕਮੈਂਟ ਕੀਤਾ। ਉਨ੍ਹਾਂ ਕਾਂਗਰਸ ਵੱਲੋਂ ਮੋਦੀ ਲਈ ਪਹਿਲਾਂ ਕਥਿਤ ਤੌਰ 'ਤੇ ਵਰਤੇ ਗਏ ਸ਼ਬਦਾਂ ਨੂੰ ਲਿਖ ਕੇ ਆਪਣਾ ਪੱਖ ਰੱਖਿਆ।

ਉਨ੍ਹਾਂ ਲਿਖਿਆ, ''ਮੌਤ ਕਾ ਸੌਦਾਗਰ, ਬੁਖਲਾਏ ਹੋਏ, ਖੂਨ ਕੀ ਦਲਾਲੀ ਵਰਗੇ ਸ਼ਬਦ ਜੋ ਪ੍ਰਧਾਨ ਮੰਤਰੀ ਮੋਦੀ ਲਈ ਕਹੇ ਗਏ ਸਨ।''

ਇਸ ਤੋਂ ਬਾਅਦ ਹੋਰ ਕਈ ਲੋਕਾਂ ਨੇ ਵੀ ਟਵਿੱਟਰ 'ਤੇ ਆਪੋ ਆਪਣੀ ਰਾਇ ਰੱਖੀ।

ਸ਼ੈਲ ਸ਼ਰਮਾ ਲਿਖਦੇ ਹਨ, ''ਕਰਨਾਟਕ ਦੇ ਐਗਜ਼ਿਟ ਪੋਲ ਤੋਂ ਬਾਅਦ ਅਚਾਨਕ ਕਾਂਗਰਸ ਨੂੰ ਲੱਗਿਆ ਕਿ ਨਰਿੰਦਰ ਮੋਦੀ ਦੀ ਭਾਸ਼ਾ ਇਤਰਾਜ਼ਯੋਗ ਸੀ।''

ਉਮੇਸ਼ ਆਵਟੇ ਮਰਾਠੀ ਦੀ ਇੱਕ ਕਹਾਵਤ ਸ਼ੇਅਰ ਕਰਕੇ ਲਿਖਦੇ ਹਨ. ''ਜਦੋਂ ਤੁਸੀਂ ਜਿੱਤ ਨਹੀਂ ਸਕਦੇ ਉਸ ਵੇਲੇ ਤੁਸੀਂ ਚੀਕਦੇ ਹੋ।''

ਵਿਕਾਸ ਪਵਾਰ ਨੇ ਕਾਂਗਰਸੀ ਆਗੂ ਦਿਗਵਿਜੈ ਸਿੰਘ ਦਾ ਇੱਕ ਪੀਐੱਮ ਮੋਦੀ ਬਾਰੇ ਇੱਕ ਪੁਰਾਣਾ ਟਵੀਟ ਸਾਂਝਾ ਕਰਦੇ ਹੋਏ ਕਾਂਗਰਸੀ ਲੀਡਰਾਂ ਦੀ ਭਾਸ਼ਾ 'ਤੇ ਸਵਾਲ ਖੜ੍ਹਾ ਕੀਤਾ ਹੈ।

ਉਨ੍ਹਾਂ ਲਿਖਿਆ, ''ਜੋ ਤੁਸੀਂ ਬੀਜਦੇ ਹੋ ਉਹੀ ਵੱਢਦੇ ਹੋ।''

ਵਿਕਾਸ ਵਿਜ਼ਨ 2019 ਨਾਂ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, ''ਮਹਾਂਦੋਸ਼ ਵਾਪਸ ਲੈ ਲਿਆ ਗਿਆ, ਇਸ ਚਿੱਠੀ ਦਾ ਵੀ ਇਹੀ ਹਾਲ ਹੋਵੇਗਾ। ਇਹ ਸਿਰਫ਼ ਹਾਈ ਕਮਾਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ।''

ਜੈਸ਼੍ਰੀ ਰੰਗਰਾਜਨ ਨੇ ਲਿਖਿਆ, ''ਮੋਦੀ ਚੁੱਪ ਰਹਿਣ ਤਾਂ ਪ੍ਰੇਸ਼ਾਨੀ, ਬੋਲਣ ਤਾਂ ਪ੍ਰੇਸ਼ਾਨੀ''

ਉੱਧਰ ਦੂਜੇ ਪਾਸੇ ਕਾਂਗਰਸ ਦੇ ਹੱਕ ਵਿੱਚ ਵੀ ਲੋਕਾਂ ਨੇ ਟਵੀਟ ਕੀਤਾ।

ਸੱਤਿਆ ਨਾਰਾਇਣ ਸਿੰਘ ਨੇ ਲਿਖਿਆ, ''ਮੋਦੀ ਪ੍ਰਧਾਨ ਮੰਤਰੀ ਵਾਂਗ ਪੇਸ਼ ਨਹੀਂ ਆ ਰਹੇ। ਉਹ ਇੱਕ ਪ੍ਰਚਾਰਕ ਵਾਂਗ ਹਰਕਤਾਂ ਕਰਦੇ ਹਨ। ਦੇਸ ਅਤੇ ਜਮਹੂਰੀਅਤ ਨੂੰ ਰੱਬ ਹੀ ਬਚਾਏ।''

ਬੀਬੇਕ ਤਾਲੁਕਦਾਰ ਨੇ ਲਿਖਿਆ, ''ਅੱਛੇ ਦਿਨ ਕਿੱਧਰ ਹਨ? ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਕਿੱਥੇ ਜਾ ਰਹੀਆਂ। ਕਾਂਗਰਸ ਨਾਲ ਡਿਬੇਟ ਕਰਨ ਲਈ ਜਨਤਾ ਨੇ ਵੋਟਾਂ ਨਹੀਂ ਦਿੱਤੀਆਂ ਸਗੋਂ ਵਿਕਾਸ ਲਈ ਦਿੱਤੀਆਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)