ਗਰਾਊਂਡ ਰਿਪੋਰਟ: ਲਾੜਾ ਇੱਕ, ਵਹੁਟੀਆਂ ਦੋ, ਉਹ ਵੀ ਸਕੀਆਂ ਭੈਣਾਂ, ਕਿਵੇਂ?

ਵਿਆਹ Image copyright Getty Images
ਫੋਟੋ ਕੈਪਸ਼ਨ ਸਾਈਨਾਥ ਨੇ ਇੱਕ ਹੀ ਸਮੇਂ ਦੋ ਭੈਣਾਂ ਧੁਰਪਤਾ ਅਤੇ ਰਾਜਸ਼੍ਰੀ ਸ਼ਿਰਗਿਰੇ ਨਾਲ ਵਿਆਹ ਕਰਵਾਇਆ

ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਤੋਂ 82 ਕਿੱਲੋਮੀਟਰ ਦੂਰ ਬਿਲੋਲੀ ਤਹਿਸੀਲ ਦਾ ਕੋਟਗਿਆਲ ਪਿੰਡ ਪਿਛਲੇ ਕੁਝ ਦਿਨਾਂ ਤੋਂ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਇਸ ਚਰਚਾ ਦਾ ਕਾਰਨ 5 ਮਈ ਨੂੰ ਇੱਥੇ ਹੋਇਆ ਇੱਕ ਵਿਆਹ ਹੈ ਜਿਸ ਵਿੱਚ ਲਾੜਾ ਤਾਂ ਇੱਕ ਸੀ ਪਰ ਵਹੁਟੀਆਂ ਦੋ ਸਨ।

ਧੁਰਪਤਾ ਅਤੇ ਰਾਜਸ਼੍ਰੀ ਸ਼ਿਰਗਿਰੇ ਦੋਵੇਂ ਸਕੀਆਂ ਭੈਣਾਂ ਹਨ ਅਤੇ ਉਨ੍ਹਾਂ ਦਾ ਵਿਆਹ ਸਾਈਨਾਥ ਉਰੇਕਰ ਨਾਲ ਹੋਇਆ ਹੈ।

ਦੁਪਹਿਰ ਦੇ ਦੋ ਵੱਜੇ ਸੀ, ਜਦੋਂ ਸਾਡੀ ਕਾਰ ਕੋਟਗਿਆਲ ਪਿੰਡ ਪੁੱਜੀ। ਗੱਡੀ ਪੁੱਜਦੇ ਹੀ ਉੱਥੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਲੋਕਾਂ ਦੇ ਮੂੰਹ ਵੇਖ ਕੇ ਲੱਗ ਰਿਹਾ ਸੀ ਕਿ ਟੀਵੀ ਚੈਨਲ ਵਾਲਿਆਂ ਦੇ ਆਉਣ ਦਾ ਉਨ੍ਹਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ।

ਜਦੋਂ ਅਸੀਂ ਉਨ੍ਹਾਂ ਤੋਂ ਸ਼ਿਰਗਿਰੇ ਦੇ ਘਰ ਦਾ ਪਤਾ ਪੁੱਛਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ,''ਅੱਜ-ਕੱਲ੍ਹ ਕਾਫ਼ੀ ਟੀਵੀ ਵਾਲੇ ਆ ਰਹੇ ਹਨ, ਹੁਣ ਬੱਸ ਵੀ ਕਰੋ। ਹੁਣ ਉਨ੍ਹਾਂ ਦਾ ਵਿਆਹ ਹੋ ਗਿਆ ਹੈ ਅਤੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਸ਼ੁਰੂ ਹੋ ਗਈ ਹੈ।''

Image copyright BBC/AMEYA PATHAK
ਫੋਟੋ ਕੈਪਸ਼ਨ ਲਾੜੇ ਦੇ ਘਰ ਪਹੁੰਚੀ ਬੀਬੀਸੀ ਦੀ ਟੀਮ

ਕਾਫ਼ੀ ਦੇਰ ਤੱਕ ਉਨ੍ਹਾਂ ਬਾਰੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਸ਼ਖ਼ਸ ਨੇ ਨੇੜੇ ਦੇ ਹਨੂਮਾਨ ਮੰਦਿਰ ਵੱਲ ਇਸ਼ਾਰਾ ਕਰਦੇ ਹੋਏ ਸ਼ਿਰਗਿਰੇ ਦੇ ਘਰ ਦਾ ਪਤਾ ਦੱਸਿਆ।

ਘਰ ਵਾਲੇ ਗੱਲ ਕਰਨ ਲਈ ਤਿਆਰ ਨਹੀਂ ਸੀ

ਕੁੜੀ ਦੇ ਘਰ ਪਹੁੰਚਣ 'ਤੇ ਸਾਨੂੰ ਉੱਥੇ ਸੱਤ-ਅੱਠ ਲੋਕ ਮਿਲੇ ਪਰ ਉਨ੍ਹਾਂ ਵਿੱਚੋਂ ਕੋਈ ਵੀ ਸਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ।

ਜਦੋਂ ਅਸੀਂ ਵਿਆਹ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ,''ਜੋ ਹੋਇਆ, ਚੰਗਾ ਹੋਇਆ। ਤੁਸੀਂ ਇਸ ਮੁੱਦੇ ਨੂੰ ਛੱਡ ਦਿਓ।

ਇਹ ਪੁੱਛਣ 'ਤੇ ਕਿ ਕੁੜੀ ਦੇ ਮਾਤਾ-ਪਿਤਾ ਕਿੱਥੇ ਹਨ? ਸਾਨੂੰ ਜਵਾਬ ਮਿਲਿਆ,''ਉਹ ਬਾਹਰ ਗਏ ਹੋਏ ਹਨ ਅਤੇ ਲਾੜਾ-ਵਹੁਟੀ ਭਗਵਾਨ ਦੇ ਦਰਸ਼ਨਾਂ ਲਈ ਗਏ ਹਨ। ਉਹ ਚਾਰ-ਪੰਜ ਦਿਨ ਬਾਅਦ ਵਾਪਿਸ ਆਉਣਗੇ।''

ਗੱਲ ਕਰਨ ਲਈ ਤਿਆਰ ਹੋਇਆ ਚਚੇਰਾ ਭਰਾ

ਤਿੰਨ ਘੰਟੇ ਤਰਲੇ ਕੱਢਣ ਤੋਂ ਬਾਅਦ ਵੀ ਕੋਈ ਇਸ 'ਤੇ ਵਧੇਰੇ ਕੁਝ ਬੋਲਣ ਲਈ ਤਿਆਰ ਨਹੀਂ ਹੋਇਆ। ਆਖ਼ਰਕਾਰ ਸਾਢੇ ਪੰਜ ਵਜੇ ਕੁੜੀ ਦੇ ਚਚੇਰੇ ਭਰਾ ਪ੍ਰਕਾਸ਼ ਸ਼ਿਰਗਿਰੇ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੋਏ।

Image copyright KUNVARCHAND MANDLE

ਪ੍ਰਕਾਸ਼ ਸ਼ਿਰਗਿਰੇ ਨੇ ਕਿਹਾ,''ਅਸੀਂ ਡਰਦੇ ਹਾਂ ਕਿ ਕਿਤੇ ਉਨ੍ਹਾਂ ਦੀ ਨਵੀਂ ਦੁਨੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੱਜੜ ਨਾ ਜਾਵੇ। ਮੇਰੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਇੱਕ ਮੁੰਡੇ ਦਾ ਦੋ ਭੈਣਾਂ ਨਾਲ ਵਿਆਹ ਕਰਨਾ ਕਾਨੂੰਨੀ ਰੂਪ ਵਿੱਚ ਮੰਨਣਯੋਗ ਨਹੀਂ ਹੈ। ਕੋਈ ਵੀ ਪਿਤਾ ਚਾਹੇਗਾ ਕਿ ਉਸਦਾ ਸੰਸਾਰ ਸੁਖੀ ਹੋਵੇ। ਇਸ ਲਈ ਮੇਰੇ ਚਾਚਾ ਨੇ ਦੋਵਾਂ ਭੈਣਾਂ ਦਾ ਵਿਆਹ ਇੱਕ ਹੀ ਮੁੰਡੇ ਨਾਲ ਕਰਵਾ ਦਿੱਤਾ।''

ਫਿਰ ਪੂਰੀ ਕਹਾਣੀ ਪਤਾ ਲੱਗੀ

ਸਾਈਨਾਥ ਉਰੇਕਰ ਧੁਰਪਤਾ ਅਤੇ ਰਾਜਸ਼੍ਰੀ ਦੀ ਭੂਆ (ਪਿਤਾ ਦੀ ਭੈਣ) ਦਾ ਮੁੰਡਾ ਹੈ। ਪ੍ਰਕਾਸ਼ ਸ਼ਿਰਗਿਰੇ ਨੇ ਦੱਸਿਆ,''ਮੇਰੀ ਚਚੇਰੀ ਵੱਡੀ ਭੈਣ ਧੁਰਪਤਾ ਬਚਪਨ ਤੋਂ ਹੀ ਮੰਦਬੁੱਧੀ ਹੈ ਅਤੇ ਉਹ ਹਮੇਸ਼ਾ ਬਿਮਾਰ ਰਹਿੰਦੀ ਹੈ। ਉਸਦੇ ਇਲਾਜ ਲਈ ਮੇਰੇ ਚਾਚਾ ਨੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ।''

Image copyright BBC/AMEYA PATHAK
ਫੋਟੋ ਕੈਪਸ਼ਨ ਪ੍ਰਕਾਸ਼ ਸ਼ਿਰਗਿਰੇ ਨੇ ਦੱਸਿਆ ਧੁਰਪਤਾ ਬਚਪਨ ਤੋਂ ਹੀ ਮੰਦਬੁੱਧੀ ਹੈ ਅਤੇ ਉਹ ਹਮੇਸ਼ਾ ਬਿਮਾਰ ਰਹਿੰਦੀ ਹੈ

ਸਾਈਨਾਥ ਬਚਪਨ ਤੋਂ ਰਾਜਸ਼੍ਰੀ ਅਤੇ ਧੁਰਪਤਾ ਨਾਲ ਉਨ੍ਹਾਂ ਦੇ ਘਰ ਵਿੱਚ ਹੀ ਰਿਹਾ ਹੈ ਉਸ ਨੂੰ ਇਹ ਗੱਲ ਪਤਾ ਸੀ ਕਿ ਧੁਰਪਤਾ ਮੰਦਬੁੱਧੀ ਹੈ, ਫਿਰ ਵੀ ਉਹ ਵਿਆਹ ਲਈ ਤਿਆਰ ਹੋ ਗਿਆ ਅਤੇ ਅੱਜ ਉਨ੍ਹਾਂ ਦਾ ਸੰਸਾਰ ਸ਼ੁਰੂ ਹੋ ਗਿਆ ਹੈ। ਬਸ ਹੁਣ ਕੋਈ ਮੁਸੀਬਤ ਨਾ ਆਵੇ, ਸਾਨੂੰ ਇਸੇ ਗੱਲ ਦਾ ਡਰ ਹੈ।''

ਪ੍ਰਕਾਸ਼ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨਾਲ ਖੜ੍ਹੇ ਲੋਕ ਸਾਨੂੰ ਵਾਪਿਸ ਜਾਣ ਲਈ ਕਹਿ ਰਹੇ ਸੀ। ਉਦੋਂ ਹੀ ਕਿਸੇ ਨੇ ਇਸ਼ਾਰੇ ਨਾਲ ਦੱਸਿਆ ਕਿ ਲਾੜੇ ਅਤੇ ਵਹੁਟੀ ਦੀਆਂ ਮਾਵਾਂ ਆ ਗਈਆਂ। ਉਸ ਤੋਂ ਬਾਅਦ ਅਸੀਂ ਉਨ੍ਹਾਂ ਵੱਲ ਗਏ।

ਅਸੀਂ ਕੁਝ ਪੁੱਛਦੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਕਿਹਾ,''ਸਾਨੂੰ ਇਸ ਬਾਰੇ ਵਾਧੂ ਸਮਝ ਨਹੀਂ ਹੈ ਕਿ ਇਹ ਸਹੀ ਹੈ ਜਾਂ ਗ਼ਲਤ ਪਰ ਅਸੀਂ ਸਾਰੇ ਖੁਸ਼ ਹਾਂ।'' ਇਹ ਕਹਿਣ ਤੋਂ ਬਾਅਦ ਉਹ ਦੋਵੇਂ ਚਲੀਆਂ ਗਈਆਂ।

ਰਾਜਸ਼੍ਰੀ ਨਾਲ ਹੋਈ ਗੱਲ

ਸ਼ਾਮ ਦੇ ਸਾਢੇ 6 ਵੱਜੇ ਸੀ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਲਾੜਾ -ਵਹੁਟੀ ਦਰਸ਼ਨਾਂ ਲਈ ਬਾਹਰ ਨਹੀਂ ਗਏ ਸੀ ਸਗੋਂ ਉਹ ਲਾੜੇ ਦੇ ਪਿੰਡ ਸਮਰਾਲਾ ਗਏ ਹੋਏ ਹਨ। ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

Image copyright BBC/AMEYA PATHAK
ਫੋਟੋ ਕੈਪਸ਼ਨ ਲਾੜ ਤੇ ਲਾੜੀ ਦੀਆਂ ਮਾਵਾਂ

ਪਹਿਲਾਂ ਸਾਡੀ ਗੱਲ ਛੋਟੀ ਕੁੜੀ ਰਾਜਸ਼੍ਰੀ ਨਾਲ ਹੋਈ। ਉਨ੍ਹਾਂ ਨੇ ਕਿਹਾ,''ਮੇਰੀ ਵੱਡੀ ਭੈਣ ਮੰਦਬੁੱਧੀ ਹੈ ਇਸ ਲਈ ਉਸਦੇ ਵਿਆਹ ਵਿੱਚ ਕਾਫ਼ੀ ਰੁਕਾਵਟ ਆ ਰਹੀ ਸੀ। ਕੋਈ ਵੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਮੇਰੇ ਤੋਂ ਵੱਡੀ ਹੋਣ ਕਾਰਨ ਪਹਿਲਾਂ ਉਸਦਾ ਵਿਆਹ ਹੋਣਾ ਚਾਹੀਦਾ ਸੀ ਪਰ ਅਜਿਹਾ ਮੁਸ਼ਕਿਲ ਸੀ।

''ਮੇਰੀ ਇਹੀ ਇੱਛਾ ਸੀ ਕਿ ਉਸਦਾ ਵਿਆਹ ਮੇਰੇ ਤੋਂ ਪਹਿਲਾਂ ਹੋਵੇ। ਜਦੋਂ ਸਾਈਨਾਥ ਨਾਲ ਮੇਰਾ ਰਿਸ਼ਤਾ ਤੈਅ ਹੋਇਆ ਤਾਂ ਮੈਂ ਉਸ ਨੂੰ ਸਪੱਸ਼ਟ ਕਿਹਾ ਅਤੇ ਉਨ੍ਹਾਂ ਨੇ ਵੀ ਇਸ ਗੱਲ ਨੂੰ ਮੰਨ ਲਿਆ। ਅੱਜ ਸਾਡਾ ਤਿੰਨਾਂ ਦਾ ਸੰਸਾਰ ਵਸ ਗਿਆ ਹੈ।''

ਇਸ ਤੋਂ ਬਾਅਦ ਅਸੀਂ ਸਾਈਨਾਥ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਇਹ ਕਿਹਾ,''ਰਾਜਸ਼੍ਰੀ ਮੇਰੇ ਮਾਮੇ ਦੀ ਕੁੜੀ ਹੈ, ਮੈਂ ਬਚਪਨ ਤੋਂ ਹੀ ਉਨ੍ਹਾਂ ਦੇ ਘਰ ਰਿਹਾ ਹਾਂ। ਵਿਆਹ ਤੋਂ ਪਹਿਲਾਂ ਰਾਜਸ਼੍ਰੀ ਅਤੇ ਉਸਦੇ ਘਰਵਾਲਿਆਂ ਨੇ ਮੈਨੂੰ ਪੁੱਛਿਆ ਕਿ ਤੂੰ ਦੋਵਾਂ ਨਾਲ ਵਿਆਹ ਕਰਵਾ ਸਕਦਾ ਹੈ। ਮੈਂ ਹਾਂ ਕਰ ਦਿੱਤੀ ਅਤੇ ਅੱਜ ਅਸੀਂ ਖੁਸ਼ ਹਾਂ।''

ਘਰ ਜਵਾਈ ਬਣੇ ਸਾਈਨਾਥ

60 ਸਾਲਾ ਗੰਗਾਧਰ ਸ਼ਿਰਗਿਰੇ ਦੀਆਂ ਤਿੰਨ ਕੁੜੀਆਂ ਹਨ-ਰਾਜਸ਼੍ਰੀ, ਧੁਰਪਤਾ ਅਤੇ ਜਯੋਤੀ। ਮੁੰਡਾ ਨਾ ਹੋਣ ਕਰਕੇ ਉਹ ਆਪਣੀ ਭੈਣ ਦੇ ਮੁੰਡੇ ਸਾਈਨਾਥ ਉਰੇਕਰ ਨੂੰ ਬਚਪਨ ਵਿੱਚ ਹੀ ਆਪਣੇ ਘਰ ਲੈ ਕੇ ਆਏ, ਉਹ ਉਦੋਂ ਤੋਂ ਉਨ੍ਹਾਂ ਨਾਲ ਹੀ ਰਹਿ ਰਿਹਾ ਹੈ।

Image copyright BBC/AMEYA PATHAK

ਬਚਪਨ ਵਿੱਚ ਸਾਈਨਾਥ ਦਾ ਵਿਆਹ ਧੁਰਪਤਾ ਨਾਲ ਤੈਅ ਕਰ ਦਿੱਤਾ ਗਿਆ ਸੀ। ਪਰ ਧੁਰਪੁਤਾ ਦਾ ਇਲਾਜ ਨਾ ਹੋਣ ਕਰਕੇ ਉਸਦਾ ਵਿਆਹ ਰਾਜਸ਼੍ਰੀ ਨਾਲ ਕਰਨਾ ਤੈਅ ਕੀਤਾ ਗਿਆ। ਪਰ ਰਾਜਸ਼੍ਰੀ ਨੇ ਸਾਈਨਾਥ ਸਾਹਮਣੇ ਸ਼ਰਤ ਰੱਖ ਦਿੱਤੀ ਕਿ ''ਜੇਕਰ ਮੇਰੇ ਨਾਲ ਵਿਆਹ ਕਰਨਾ ਹੈ ਤਾਂ ਮੇਰੀ ਵੱਡੀ ਭੈਣ ਨੂੰ ਵੀ ਅਪਨਾਉਣਾ ਹੋਵੇਗਾ।''

ਰਾਜਸ਼੍ਰੀ ਦੀ ਇਹ ਸ਼ਰਤ ਸਾਈਨਾਥ ਨੇ ਵੀ ਮੰਨ ਲਈ ਅਤੇ 5 ਮਈ ਨੂੰ 2018 ਨੂੰ ਉਨ੍ਹਾਂ ਦਾ ਵਿਆਹ ਹੋ ਗਿਆ।

ਕਾਨੂੰਨ ਕੀ ਕਹਿੰਦਾ ਹੈ?

ਲਾੜਾ ਤੇ ਵਹੁਟੀ ਦੇ ਪਰਿਵਾਰ ਦੀ ਮਾਨਸਿਕ ਸਥਿਤੀ ਜਾਣਨ ਲਈ ਅਸੀਂ ਪਿੰਡ ਦੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿੱਚੋਂ ਇੱਕ ਸੰਤੋਸ਼ ਪਾਟਿਲ ਨੇ ਦੱਸਿਆ,''ਕਾਨੂੰਨ ਦੇ ਡਰ ਤੋਂ ਸ਼ਿਰਗਿਰੇ ਪਰਿਵਾਰ ਪ੍ਰੇਸ਼ਾਨ ਹੈ ਅਤੇ ਉਨ੍ਹਾਂ ਨੂੰ ਕਾਊਂਸਲਿੰਗ ਦੀ ਲੋੜ ਹੈ।''

ਸੰਤੋਸ਼ ਅੱਗੇ ਕਹਿੰਦੇ ਹਨ ਕਿ ਇਸ ਵਿਆਹ ਕਰਕੇ ਸੱਭਿਅਕ ਤਰੀਕੇ ਨਾਲ ਚੱਲਦੇ ਆ ਰਹੇ ਸਾਡੇ ਪਿੰਡ ਦੀ ਚਰਚਾ ਹੁਣ ਹਰ ਥਾਂ ਹੋ ਰਹੀ ਹੈ, ਇਸ ਲਈ ਸ਼ਿਰਗਿਰੇ ਪਰਿਵਾਰ ਵਿੱਚ ਥੋੜ੍ਹੀ ਬੇਚੈਨੀ ਹੈ।

Image copyright BBC/AMEYA PATHAK
ਫੋਟੋ ਕੈਪਸ਼ਨ ਸੰਤੋਸ਼ ਪਾਟਿਲ ਕਹਿੰਦੇ ਹਨ ਸ਼ਿਰਗਿਰੇ ਪਰਿਵਾਰ ਵਿੱਚ ਥੋੜ੍ਹੀ ਬੇਚੈਨੀ ਹੈ

ਇਸ ਮਾਮਲੇ ਵਿੱਚ ਹੋਰ ਜਾਣਕਾਰੀ ਲਈ ਅਸੀਂ ਵਕੀਲ ਅਸੀਮ ਸਰੋਦੇ ਨਾਲ ਗੱਲ ਕੀਤੀ ਉਨ੍ਹਾਂ ਨੇ ਦੱਸਿਆ,''ਕਾਨੂੰਨ ਮੁਤਾਬਕ ਦੋ ਵਿਆਹ ਕਰਨਾ ਜ਼ੁਰਮ ਹੈ। ਤੁਸੀਂ ਦੋ ਪਤਨੀਆਂ ਨਹੀਂ ਰੱਖ ਸਕਦੇ। ਇਸ ਮਾਮਲੇ ਵਿੱਚ ਜੇਕਰ ਕੋਈ ਇੱਕ ਭੈਣ ਚਾਹੇਗੀ ਤਾਂ ਕੇਸ ਦਰਜ ਹੋ ਸਕਦਾ ਹੈ।''

''ਇਸ ਤਰ੍ਹਾਂ ਦੇ ਵਿਆਹ ਨਾ ਹੋਣ, ਇਹ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਦੀ ਜ਼ਿੰਮੇਵਾਰੀ ਹੈ। ਇਹ ਲੋਕ ਇਸ 'ਤੇ ਖ਼ੁਦ ਕਾਰਵਾਈ ਵੀ ਕਰ ਸਕਦੇ ਹਨ। ਉਨ੍ਹਾਂ ਕੋਲ ਆਈ ਹੋਈ ਰਿਪੋਰਟ ਜਾਂ ਨਿਊਜ਼ ਮੁਤਾਬਕ ਉਹ ਕਾਰਵਾਈ ਕਰ ਸਕਦੇ ਹਨ।''

ਉਹ ਕਹਿੰਦੇ ਹਨ,''ਮਾਮਲੇ ਨੂੰ ਦਰਜ ਕੀਤਾ ਜਾਣਾ ਸੌਖਾ ਹੈ, ਪਰ ਦੇਖਿਆ ਜਾਵੇ ਤਾਂ ਜਿਸ ਉਦੇਸ਼ ਨਾਲ ਉਸ ਮੁੰਡੇ ਨੇ ਦੋਵਾਂ ਭੈਣਾਂ ਨਾਲ ਵਿਆਹ ਕੀਤਾ ਉਸ ਵਿੱਚ ਭਾਵਨਾਤਮਕ ਅਪੀਲ ਵਧੇਰੇ ਦਿਖਦੀ ਹੈ। ਇਸਦਾ ਮਤਲਬ ਹੈ ਕਿ ਜ਼ੁਰਮ ਕਰਨਾ ਉਨ੍ਹਾਂ ਦਾ ਉਦੇਸ਼ ਨਹੀਂ ਸੀ।''

''ਇਸ ਮਾਮਲੇ ਵਿੱਚ ਕਾਨੂੰਨ ਦਾ ਸ਼ਿਕੰਜਾ ਕੱਸਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਸਾਰਿਆਂ ਨੂੰ ਮਿਲ ਕੇ ਇਸਦਾ ਹੱਲ ਕੱਢਣਾ ਚਾਹੀਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)