'ਦਿਨ ਰਾਤ ਲੱਗੇ ਰਹੋ ਫੇਰ ਵੀ ਲੋਕ ਪੁੱਛਦੇ ਨੇ ਤੁਹਾਡੇ ਕੋਲ ਕੰਮ ਕੀ ਹੈ'

ਸੁਆਣੀ Image copyright Getty Images

ਕੀ ਤੁਸੀਂ ਅਜਿਹੀ ਨੌਕਰੀ ਕਰਨਾ ਪਸੰਦ ਕਰੋਗੇ ਜਿਸ ਵਿੱਚ ਰੋਜ਼ 16-17 ਘੰਟੇ ਕੰਮ ਕਰਨਾ ਪਵੇ, ਹਫਤੇ ਵਿੱਚ ਕਿਸੇ ਵੀ ਦਿਨ ਛੁੱਟੀ ਨਾ ਮਿਲੇ, ਕੋਈ ਤਨਖਾਹ ਨਾ ਮਿਲੇ ਅਤੇ ਇਹ ਸਭ ਕਰਨ ਦੇ ਬਾਵਜੂਦ ਇਹ ਸੁਣਨਾ ਪਵੇ ਕਿ ਤੁਸੀਂ ਕੰਮ ਕੀ ਕਰਦੇ ਹੋ? ਸਾਰਾ ਦਿਨ ਸੌਂਦੇ ਹੀ ਤਾਂ ਰਹਿੰਦੇ ਹੋ!

ਅਸਲ ਵਿੱਚ ਦੇਸ ਦਾ ਵੱਡਾ ਤਬਕਾ ਅਜਿਹੀ ਹੀ ਨੌਕਰੀ ਕਰ ਰਿਹਾ ਹੈ। ਇਹ ਨੌਕਰੀ ਕਰਨ ਵਾਲੀਆਂ ਹਨ ਔਰਤਾਂ, ਉਹ ਔਰਤਾਂ ਜਿਨ੍ਹਾਂ ਨੂੰ ਅਸੀਂ 'ਹਾਊਸਵਾਈਫ, ਹੋਮਮੇਕਰ ਜਾਂ ਸੁਆਣੀਆਂ' ਕਹਿੰਦੇ ਹਾਂ।

ਸੁਆਣੀਆਂ ਦੇ ਕੰਮ ਨੂੰ ਲੈ ਕੇ ਇੱਕ ਵਾਰ ਫੇਰ ਚਰਚਾ ਛਿੜ ਗਈ ਹੈ, ਜਦੋਂ ਕੁਝ ਦਿਨਾ ਪਹਿਲਾਂ ਕਰਨਾਟਕ ਹਾਈ ਕੋਰਟ ਨੇ ਇੱਕ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ।

ਦਰਅਸਲ ਇੱਕ ਜੋੜੇ ਵਿਚਕਾਰ ਤਲਾਕ ਦਾ ਮਾਮਲਾ ਚੱਲ ਰਿਹਾ ਸੀ ਅਤੇ ਪਤਨੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਮੁਜ਼ੱਫਰਨਗਰ ਤੋਂ ਬੰਗਲੁਰੂ ਆਉਣਾ ਸੀ।

Image copyright Getty Images

ਉਹ ਫਲਾਈਟ ਰਾਹੀਂ ਆਉਣਾ ਚਾਹੁੰਦੀ ਸੀ ਪਰ ਪਤੀ ਚਾਹੁੰਦਾ ਸੀ ਕਿ ਉਹ ਟਰੇਨ ਰਾਹੀਂ ਆਵੇ ਕਿਉਂਕਿ ਉਹ ਹਾਊਜਫਾਈਵ ਹੈ ਅਤੇ ਉਸ ਕੋਲ 'ਬਥੇਰਾ ਖਾਲੀ ਸਮੇਂ' ਹੈ।

'ਸੱਤ ਦਿਨ ਇਕੋ ਜਿਹੇ'

ਹਾਲਾਂਕਿ ਜਸਟਿਸ ਰਾਘਵੇਂਦਰ ਐੱਸ ਚੌਹਾਨ ਪਤੀ ਦੀ ਦਲੀਲ ਨਾਲ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇੱਕ ਹਾਊਸਫਾਈਵ ਵੀ ਓਨੀ ਹੀ ਮਸ਼ਰੂਫ਼ ਹੁੰਦੀ ਹੈ, ਜਿੰਨਾਂ ਬਾਹਰ ਜਾ ਕੇ ਨੌਕਰੀ ਕਰਨ ਵਾਲਾ ਕੋਈ ਵਿਅਕਤੀ।

ਇਹ ਸਾਰਾ ਮਾਮਲਾ ਸੁਣ ਕੇ ਦਿੱਲੀ ਵਿੱਚ ਰਹਿਣ ਵਾਲੀ ਕਾਜਲ ਪੁੱਛਦੀ ਹੈ, "ਜੇਕਰ ਕੋਈ ਮਰਦ ਦਫ਼ਤਰ ਤੋਂ ਆਉਂਦਾ ਹੈ ਤਾਂ ਅਸੀਂ ਉਨ੍ਹਾਂ ਲਈ ਚਾਹ-ਪਾਣੀ ਲੈ ਕੇ ਤਿਆਰ ਰਹਿੰਦੀਆਂ ਹਾਂ ਪਰ ਅਸੀਂ ਪੂਰਾ ਦਿਨ ਕੰਮ ਕਰਦੀਆਂ ਹਾਂ ਤਾਂ ਸਾਡੇ ਲਈ ਕੋਈ ਅਜਿਹਾ ਨਹੀਂ ਕਰਦਾ, ਕਿਉਂ?"

ਤਿੰਨ ਸਾਲ ਦੀ ਬੱਚੀ ਨੂੰ ਗੋਦੀ ਵਿੱਚ ਲੈ ਕੇ ਬੈਠੀ ਨੇਹਾ ਕਹਿੰਦੀ ਹੈ, "ਘਰ ਵਿੱਚ ਸਭ ਤੋਂ ਪਹਿਲਾਂ ਸੌਂ ਕੇ ਅਸੀਂ ਔਰਤਾਂ ਹੀ ਉਠਦੀਆਂ ਹਨ, ਸਭ ਤੋਂ ਮਗਰੋਂ ਅਸੀਂ ਹੀ ਬਿਸਤਰ ਵਿੱਚ ਜਾਂਦੀਆਂ ਹਾਂ ਅਤੇ ਫੇਰ ਸੁਣਨ ਨੂੰ ਮਿਲਦਾ ਹੈ ਕਿ ਸਾਡੇ ਕੋਲ ਕੰਮ ਕੀ ਹੈ।"

Image copyright Getty Images

ਚਾਰ ਬੱਚਿਆਂ ਦੀ ਮਾਂ ਸੁਨੀਤਾ ਜਦੋਂ ਆਪਣੇ ਕੰਮ ਗਿਨਾਉਣਾ ਸ਼ੁਰੂ ਕਰਦੀ ਹੈ ਤਾਂ ਇਹ ਲਿਸਟ ਜਿਵੇਂ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈਂਦੀ।

ਗੁਲਾਬੀ ਲਿਬਾਸ ਪਹਿਨੇ ਸ਼ਵੇਤਾ ਮਜ਼ਾਕ ਵਿੱਚ ਕਹਿੰਦੀ ਹੈ, "ਆਫਿਸ ਵਿੱਚ ਕੰਮ ਕਰਨ ਵਾਲਿਆਂ ਨੂੰ ਤਾਂ ਹਫ਼ਤੇ ਵਿੱਚ ਇੱਕ-ਦੋ ਛੁੱਟੀਆਂ ਵੀ ਮਿਲ ਜਾਂਦੀਆਂ ਹਨ। ਸਾਡਾ ਤਾਂ ਮੰਡੇ ਟੂ ਸੰਡੇ, ਸੱਤ ਦਿਨ ਇੱਕੋ ਜਿਹੇ ਹੁੰਦੇ ਹਨ।"

ਕੀ ਕਹਿਣਾ ਹੈ ਮਰਦਾਂ ਦਾ?

ਦਿੱਲੀ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਨ ਵਾਲੇ ਸਾਗਰ ਮੰਨਦੇ ਹਨ ਕਿ ਕੰਮ ਤਾਂ ਕਿਸੇ ਕੋਲ ਘੱਟ ਨਹੀਂ ਹੈ। ਘਰ ਦੇ ਕੰਮ ਦੀਆਂ ਆਪਣੀਆਂ ਚੁਣੌਤੀਆਂ ਹਨ ਅਤੇ ਬਾਹਰ ਦੇ ਕੰਮ ਦੀ ਆਪਣੀ।

ਉਹ ਕਹਿੰਦੇ ਹਨ, "ਇਹ ਕਹਿਣਾ ਗਲਤ ਹੋਵੇਗਾ ਕਿ ਘਰ 'ਚ ਔਰਤਾਂ ਕੋਲ ਕੰਮ ਨਹੀਂ ਹੁੰਦਾ। ਸਾਨੂੰ ਤਾਂ ਛੁੱਟੀ ਮਿਲ ਵੀ ਜਾਂਦੀ ਹੈ ਪਰ ਉਨ੍ਹਾਂ ਨੂੰ ਸਦਾ ਮੁਸਤੈਦ ਰਹਿਣਾ ਪੈਂਦਾ ਹੈ। ਕਦੇ ਵੱਡਿਆਂ ਦੀ ਜ਼ਿੰਮੇਵਾਰੀ....ਕਦੇ ਬੱਚੇ ਵੱਲ ਤੇ ਕਦੇ ਪਤੀ ਵੱਲ। ਆਦਮੀ ਤਾਂ ਆਪਣੀ ਜ਼ਿੰਮੇਵਾਰੀ ਔਰਤ 'ਤੇ ਸੁੱਟ ਦਿੰਦਾ ਹੈ ਪਰ ਔਰਤ ਕਿਸੇ ਨੂੰ ਨਹੀਂ ਕਹਿ ਸਕਦੀ। ਬਹੁਤ ਮੁਸ਼ਕਲ ਹੈ ਹਾਊਸਫਾਈਵ ਹੋਣਾ।"

Image copyright Getty Images

ਦਿੱਲੀ ਦੇ ਹੀ ਚੰਦਨ ਦਾ ਮੰਨਣਾ ਹੈ ਕਿ ਘਰ ਸੰਭਾਲਣਾ ਬਹੁਤ ਮੁਸ਼ਕਲ ਕੰਮ ਹੈ। ਉਹ ਕਹਿੰਦੇ ਹਨ, "ਅਜਿਹੀਆਂ ਔਰਤਾਂ ਕੰਮ 'ਤੇ ਬਸ਼ੱਕ ਨਹੀਂ ਜਾਂਦੀਆਂ ਪਰ ਉਨ੍ਹਾਂ ਬਿਨਾਂ ਤੁਸੀਂ ਵੀ ਕੰਮ ਨਹੀਂ ਕਰ ਸਕਦੇ। ਨਾਸ਼ਤਾ ਤਾਂ ਉਹੀ ਦਿੰਦੀਆਂ... ਫੇਰ ਸਾਫ-ਸੁਥਰੇ, ਪ੍ਰੈਸ ਕੀਤੇ ਕੱਪੜੇ ਮਿਲ ਜਾਂਦੇ ਹਨ। ਇਹ ਸਭ ਹੱਥੋ -ਹੱਥ ਨਾ ਮਿਲੇ ਤਾਂ ਦੁਨੀਆਂ ਦੇ ਅੱਧੇ ਮਰਦ ਨੌਕਰੀ 'ਤੇ ਹੀ ਨਾ ਜਾ ਕਣ। ਜੇਕਰ ਜਾਣ ਤਾਂ ਰੋਜ਼ ਲੇਟ ਪਹੁੰਚਣ।"

ਜ਼ਮੀਨੀ ਹਕੀਕਤ

ਅਜੇ ਕੁਝ ਸਮਾਂ ਪਹਿਲਾਂ ਹੀ ਮਿਸ ਵਰਲਡ ਮੁਕਾਬਲੇ ਦੌਰਾਨ ਭਾਰਤ ਦੀ ਮਾਨੁਸ਼ੀ ਛਿਲਰ ਨੂੰ ਪੱਛਿਆ ਗਿਆ ਸੀ ਕਿ ਦੁਨੀਆਂ ਦੇ ਕਿਸ ਪ੍ਰੋਫੈਸ਼ਨ ਨੂੰ ਸਭ ਤੋਂ ਵੱਧ ਤਨਖਾਹ ਮਿਲਣੀ ਚਾਹੀਦੀ ਹੈ।

ਉਨ੍ਹਾਂ ਨੇ ਜਵਾਬ ਦਿੱਤਾ ਸੀ-ਮਾਂ ਨੂੰ। ਕਹਿਣ ਦੀ ਲੋੜ ਨਹੀਂ ਹੈ ਭਾਰਤ ਵਿੱਚ ਮਾਵਾਂ ਦੀ ਇੱਕ ਵੱਡੀ ਗਿਣਤੀ ਸੁਆਣੀ ਦਾ ਕੰਮ ਕਰਦੀ ਹੈ। ਯਾਨਿ ਉਹ ਕੰਮ, ਜਿਸ ਨੂੰ ਸ਼ਾਇਦ ਕੰਮ ਵਜੋਂ ਦੇਖਿਆ ਵੀ ਨਹੀਂ ਜਾਂਦਾ।

ਮਾਨੁਸ਼ੀ ਦੇ ਇਸ ਜਵਾਬ ਦੀ ਬਹੁਤ ਚਰਚਾ ਹੋਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੁਕਾਬਲਾ ਜਿੱਤ ਕੇ ਵਿਸ਼ਵ ਸੁੰਦਰੀ ਦਾ ਤਾਜ ਆਪਣੇ ਸਿਰ ਸਜਾਇਆ।

ਘਰ ਸਾਂਭਣ ਵਾਲੀਆਂ ਔਰਤਾਂ ਦੀਆਂ ਗੱਲਾਂ ਸੁਣ ਕੇ ਅਜਿਹਾ ਲਗਦਾ ਹੈ ਕਿ ਮਾਨੁਸ਼ੀ ਦਾ ਜਵਾਬ ਜ਼ਮੀਨੀ ਹਕੀਕਤ ਦੇ ਕਾਫੀ ਨੇੜੇ ਸੀ।

ਖੋਜ

ਆਰਗਨਾਈਜੇਸ਼ਨ ਫਾਰ ਇਕੋਨੌਮਿਕ ਨੂੰ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟ ਦੀ ਇੱਕ ਰਿਸਰਚ ਵਿੱਚ ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਵਰਗੇ 26 ਦੇਸਾਂ ਦਾ ਅਧਿਐਨ ਕੀਤਾ ਗਿਆ ਹੈ।

ਖੋਜ ਵਿੱਚ ਦੇਖਿਆ ਗਿਆ ਹੈ ਕਿ ਇਨ੍ਹਾਂ ਦੇਸਾਂ ਦੀਆਂ ਔਰਤਾਂ ਰੋਜ਼ ਔਸਤਨ ਸਾਢੇ ਚਾਰ ਘੰਟੇ ਬਿਨਾਂ ਕਿਸੇ ਪੈਸੇ ਦੇ ਕੰਮ ਕਰਦੀਆਂ ਹਨ।

55 ਸਾਲ ਦੀ ਸੁਸ਼ੀਲਾ ਜਦੋਂ ਨਵੀਂ ਵਿਆਹੀ ਵਹੁਟੀ ਵਜੋਂ ਸਹੁਰੇ ਘਰ ਆਈ ਤਾਂ ਘਰ ਵਿੱਚ ਇੰਨਾ ਕੰਮ ਹੁੰਦਾ ਸੀ ਕਿ ਉਨ੍ਹਾਂ ਨੂੰ ਖਾਣ-ਪੀਣ ਦੀ ਹੋਸ਼ ਨਹੀਂ ਰਹਿੰਦੀ ਸੀ।

ਉਹ ਕਹਿੰਦੀ ਹੈ, "ਸਵੇਰੇ ਉਠ ਕੇ ਪਾਥੀਆਂ ਪੱਥਣਾ, ਮੱਝਾਂ-ਗਾਵਾਂ ਨੂੰ ਚਾਰਾ ਪਾਉਣਾ, ਘਰ ਦੇ ਬੱਚਿਆਂ ਨੂੰ ਸਕੂਲ ਭੇਜਣਾ, ਮਰਦਾਂ ਨੂੰ ਟਿਫਿਨ ਦੇਣਾ, ਦੁਪਹਿਰ ਦਾ ਖਾਣਾ ਬਣਾਉਣਾ ਅਤੇ ਫੇਰ ਸ਼ਾਮ ਦਾ ਚਾਹ-ਨਾਸ਼ਤਾ ਬਣਾ ਕੇ ਰਾਤ ਦੇ ਖਾਣੇ ਦੀ ਤਿਆਰੀ ਸ਼ੁਰੂ ਕਰਨੀ। ਪੂਰੇ ਦਿਨ ਖਾਣ ਦਾ ਸਮਾਂ ਹੀ ਨਹੀਂ ਮਿਲਦਾ ਸੀ। ਰੋਟੀ ਭੱਜ-ਨੱਠ ਕੇ ਖਾਂਦੇ ਸੀ।"

'ਕਿਉਂ ਕਹਿੰਦੇ ਨੇ ਹਾਊਸਵਾਈਫ?'

ਸੁਸ਼ੀਲਾ ਅੱਗੇ ਦੱਸਦੀ ਹੈ, "ਇੰਨਾ ਸਭ ਕਰਨ ਤੋਂ ਬਾਅਦ ਘਰ ਦਾ ਖਰਚ ਚਲਾਉਣ ਲਈ ਪੈਸੇ ਮੰਗੋ ਤਾਂ ਪਹਿਲਾਂ ਸੈਂਕੜੇ ਸਵਾਲ ਪੁੱਛੇ ਜਾਂਦੇ ਹਨ ਅਤੇ ਫੇਰ ਇੱਕ-ਇੱਕ ਪੈਸੇ ਦਾ ਹਿਸਾਬ ਮੰਗਿਆ ਜਾਂਦਾ ਹੈ। ਅਸੀਂ ਵੀ ਨੌਕਰੀ ਕਰਦੇ ਤਾਂ ਆਪਣੀ ਮਰਜ਼ੀ ਨਾਲ ਪੈਸੇ ਖਰਚ ਕਰਦੇ।"

ਮੰਜੂ ਨੂੰ ਤਾਂ 'ਹਾਊਸਵਾਈਫ' ਸ਼ਬਦ ਤੋਂ ਦਿੱਕਤ ਹੈ।

ਉਨ੍ਹਾਂ ਦਾ ਕਹਿਣਾ ਹੈ, "ਆਫਿਸ ਵਿੱਚ ਕੰਮ ਕਰਨ ਵਾਲੇ ਜਾਂ ਤਾਂ ਦਿਨ ਵਿੱਚ ਕੰਮ ਕਰਦੇ ਹਨ ਜਾਂ ਰਾਤ ਵਿੱਚ। ਅਸੀਂ ਲੋਕ ਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੇ ਰਹਿੰਦੇ ਹਾਂ। ਫੇਰ ਸਾਨੂੰ ਹਾਊਸਵਾਈਫ ਕਿਉਂ ਕਹਿੰਦੇ ਹੋ? ਅਸੀਂ ਤਾਂ ਘਰ ਦੀ ਮਹਾਰਾਣੀ ਹੋਏ।"

Image copyright Getty Images

ਕੁਝ ਸਮਾਂ ਪਹਿਲਾਂ ਚੇਤਨ ਭਗਤ ਨੇ ਵੀ ਇਸ ਗੱਲ ਵੱਲ ਧਿਆਨ ਦਿਵਾਇਆ ਸੀ। ਉਨ੍ਹਾਂ ਨੇ ਔਰਤਾਂ ਨੂੰ ਕਿਹਾ ਸੀ ਕਿ ਖ਼ੁਦ ਨੂੰ ਹਾਊਸਵਾਈਫ ਕਹਿਣਾ ਬੰਦ ਕਰ ਦਿਉ ਕਿਉਂਕਿ ਉਨ੍ਹਾਂ ਦਾ ਵਿਆਹ ਘਰ ਨਾਲ ਨਹੀਂ ਬਲਕਿ ਸ਼ਖ਼ਸ ਨਾਲ ਹੋਇਆ ਹੈ।

ਘਰ ਵਾਲਿਆਂ ਦੀ ਸਭ ਤੋਂ ਬੁਰੀ ਗੱਲ ਕਿਹੜੀ ਲਗਦੀ ਹੈ?

ਨੇਹਾ ਦੀ ਸ਼ਿਕਾਇਤ ਸੀ, "ਸਾਨੂੰ ਸੌਣ ਨਹੀਂ ਦਿੰਦੇ। ਅਸੀਂ ਬਿਸਤਰੇ 'ਤੇ ਢਂਗ ਨਾਲ ਪੈਂਦੇ ਵੀ ਨਹੀਂ ਕਿ ਕਦੇ ਚਾਹ ਦੀ ਫਰਮਾਇਸ਼ ਆ ਜਾਂਦੀ ਹੈ ਤੇ ਕਦੇ ਕਿਸੇ ਦੇ ਇੱਕ ਪੈਰ ਦੀ ਜ਼ੁਰਾਬ ਨਹੀਂ ਮਿਲਦੀ।"

ਕੀ ਚਾਹੁੰਦੀਆਂ ਨੇ ਇਹ ਔਰਤਾਂ?

ਉਮਾ ਨੂੰ ਸਭ ਤੋਂ ਵੱਧ ਗੁੱਸਾ ਉਦੋਂ ਆਉਂਦਾ ਹੈ ਜਦੋਂ ਲੋਕ ਉਨ੍ਹਾਂ ਨੂੰ ਸੀਰੀਅਲ (ਡਰਾਮੇ) ਦੇਖਣ ਲਈ ਤਾਅਨਾ ਮਾਰਦੇ ਹਨ।

ਉਹ ਕਹਿੰਦੀ ਹੈ, "ਦਿਨ-ਰਾਤ ਕੰਮ ਕਰਦੇ ਹਾਂ। ਥੋੜ੍ਹੀ ਦੇਰ ਸੀਰੀਅਲ ਦੇਖ ਵੀ ਲਿਆ ਤਾਂ ਕੀ ਆਫ਼ਤ ਆ ਗਈ? ਇਸੇ ਬਹਾਨੇ ਸਾਡਾ ਦਿਲ ਬਹਿਲ ਜਾਂਦਾ ਹੈ ਤਾਂ ਇਸ ਵਿੱਚ ਕੀ ਤਕਲੀਫ਼ ਹੈ?"

ਤਾਂ ਇਹ ਔਰਤਾਂ ਚਾਹੁੰਦੀਆਂ ਕੀ ਹਨ?

ਥੋੜ੍ਹੀ ਜਿਹੀ ਤਾਰੀਫ਼, ਥੋੜ੍ਹੀ ਜਿਹੀ ਇੱਜ਼ਤ ਅਤੇ ਥੋੜਾ ਜਿਹਾ ਪਿਆਰ।

Image copyright Getty Images

ਉਮਾ, ਕਾਜਲ, ਪੂਨਮ, ਸੁਨੀਤਾ ਅਤੇ ਨੇਹਾ ਇੱਕ-ਇੱਕ ਕਰਕੇ ਜਵਾਬ ਦਿੰਦੀਆਂ ਹਨ।

ਕਾਜਲ ਕਹਿੰਦੀ ਹੈ, "ਅਸੀਂ ਜੋ ਕੰਮ ਕਰਦੀਆਂ ਹਾਂ ਉਹ ਤਨਖਾਹ ਤੋਂ ਕਿਤੇ ਉੱਪਰ ਦਾ ਹੈ। ਤੁਸੀਂ ਬਸ ਇਸ ਸੱਚ ਨੂੰ ਕਬੂਲ ਕਰੋ, ਇੰਨਾਂ ਹੀ ਸਾਡੇ ਲਈ ਕਾਫੀ ਹੋਵੇਗਾ।"

ਜੇਕਰ ਮੋਟਾ-ਮੋਟਾ ਅੰਦਾਜ਼ਾ ਲਾਇਆ ਜਾਵੇ ਤਾਂ ਵੀ ਹੋਮਮੇਕਰਜ਼ ਨੂੰ ਘੱਟੋ-ਘੱਟ 45-50 ਹਜ਼ਾਰ ਰੁਪਏ ਮਹੀਨੇ ਮਿਲਣੇ ਚਾਹੀਦੇ ਹਨ।

ਬ੍ਰਿਟੇਨ ਵਿੱਚ ਆਫਿਸ ਫਾਰ ਨੈਸ਼ਨਲ ਸਟੈਟਿਸਟਿਕ (ONS) ਦੀ ਰਿਪੋਰਟ (2014) ਮੁਤਾਬਕ ਜੇਕਰ ਸਿਰਫ਼ ਘਰਾਂ ਵਿੱਚ ਲੌਂਡਰੀ (ਕੱਪੜੇ ਧੋਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ) ਨੂੰ ਹੀ ਗਿਣਿਆ ਜਾਵੇ ਤਾਂ ਇਸ ਦੀ ਕੀਮਤ 97 ਅਰਬ ਤੋਂ ਜ਼ਿਆਦਾ ਹੋਵੇਗੀ ਯਾਨਿ ਬ੍ਰਟੇਨ ਦੀ ਜੀਡੀਪੀ ਦਾ 5.9 ਫੀਸਦ।

ਕਈ ਅਰਥ-ਸ਼ਾਸਤਰੀਆਂ ਦਾ ਮੰਨਣਾ ਹੈ ਕਿ ਸੁਆਣੀਆਂ ਨੂੰ ਉਨ੍ਹਾਂ ਦੇ ਕੰਮ ਦੇ ਪੈਸੇ ਭਲੇ ਨਾ ਮਿਲਦੇ ਹੋਣ ਪਰ ਉਨ੍ਹਾਂ ਨੂੰ ਆਰਥਿਕ ਗਤੀਵਿਧੀਆਂ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)