ਕੀ ਹੈ ਨਿਪਾਹ ਵਾਇਰਸ, ਜਿਸ ਨਾਲ ਭਾਰਤ ਵਿੱਚ ਮਰ ਰਹੇ ਲੋਕ?

ਤਸਵੀਰ ਸਰੋਤ, AFP
ਸਿਹਤ ਅਧਿਕਾਰੀਆਂ ਮੁਤਾਬਕ ਭਾਰਤ ਦੇ ਕੇਰਲ ਸੂਬੇ ਵਿੱਚ ਨਿਪਾਹ ਵਾਇਰਸ ਨੇ ਹੁਣ ਤੱਕ ਨੌ ਲੋਕਾਂ ਦੀ ਜਾਨ ਲੈ ਲਈ ਹੈ।
ਪਿਛਲੇ 15 ਦਿਨਾਂ ਵਿੱਚ ਤਿੰਨ ਲੋਕਾਂ ਵਿੱਚ ਇਹ ਪਾਇਆ ਗਿਆ, ਬਾਕੀ ਦੇ ਛੇ ਸੈਂਪਲਾਂ ਦੇ ਨਤੀਜੇ ਅਜੇ ਬਾਕੀ ਹਨ।
25 ਹੋਰ ਲੋਕਾਂ ਨੂੰ ਵੀ ਇਨਫੈਕਸ਼ਨ ਦੇ ਲੱਛਣਾਂ ਤੋਂ ਬਾਅਦ ਕੋਜ਼ੀਕੋਡ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਨਿਪਾਹ ਇੱਕ ਇਨਫੈਕਸ਼ਨ ਹੈ ਜੋ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ।
ਇਸ ਵਾਇਰਸ ਦੇ ਇਲਾਜ ਲਈ ਕੋਈ ਇਨਜੈਕਸ਼ਨ ਨਹੀਂ ਹੈ ਜਿਸ ਨਾਲ 70 ਫੀਸਦ ਲੋਕ ਮਰਦੇ ਹਨ।
10 ਗੰਭੀਰ ਬੀਮਾਰੀਆਂ ਦੀ ਸੂਚੀ ਵਿੱਚ ਨਿਪਾਹ ਵਾਇਰਸ ਟੌਪ 'ਤੇ ਹੈ। WHO ਮੁਤਾਬਕ ਇਹ ਵੱਡੇ ਸਤਰ 'ਤੇ ਪ੍ਰੇਸ਼ਾਨ ਕਰ ਸਕਦਾ ਹੈ।
ਤਸਵੀਰ ਸਰੋਤ, AFP
ਕੇਰਲ ਦੇ ਸਿਹਤ ਸਕੱਤਰ ਰਾਜੀਵ ਸਦਾਨੰਦਨ ਨੇ ਬੀਬੀਸੀ ਨੂੰ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਇੱਕ ਨਰਸ ਦੀ ਵੀ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ, ''ਅਸੀਂ ਖੂਨ ਅਤੇ ਸਰੀਰ ਦੇ ਪਾਣੀ ਦੇ ਸੈਂਪਲ ਨੈਸ਼ਨਲ ਇੰਸਟੀਟਿਊਟ ਆਫ ਵਾਇਰੌਲਜੀ, ਪੂਣੇ ਭੇਜੇ ਹਨ। ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਤਿੰਨੇ ਮੌਤਾਂ ਨਿਪਾਹ ਵਾਇਰਸ ਕਰਕੇ ਹੋਈਆਂ ਹਨ।''
''ਅਸੀਂ ਹੁਣ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸੋਚ ਰਹੇ ਹਾਂ ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈ।''
ਤਸਵੀਰ ਸਰੋਤ, AFP
ਨਿਪਾਹ ਵਾਇਰਸ ਫਰੂਟ ਬੈਟਸ (ਚਮਗਾਦੜਾਂ) ਤੋਂ ਹੁੰਦਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਘਰ ਵਿੱਚ ਪਏ ਅੰਬਾਂ ਨੂੰ ਚਮਗਾਦੜਾਂ ਨੇ ਚਖਿਆ ਸੀ ਜਿਸ ਕਾਰਨ ਮੌਤਾਂ ਹੋਈਆਂ।
ਕੀ ਹੈ ਨਿਪਾਹ ਵਾਇਰਸ?
- ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁਖਾਂ ਵਿੱਚ ਆਉਂਦਾ ਹੈ। ਇਹ ਫਰੂਟ ਬੈਟਸ ਵਿੱਚ ਪਾਇਆ ਜਾਂਦਾ ਹੈ।
- ਸਭ ਤੋਂ ਪਹਿਲਾਂ 1999 ਵਿੱਚ ਸੂਰ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਏਂਸੀਫਲਾਈਟਿਸ ਅਤੇ ਸਾਂਹ ਦੀਆਂ ਬੀਮਾਰੀਆਂ ਵੇਲੇ ਪਛਾਣਿਆ ਗਿਆ ਸੀ। ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਸੂਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਇਨਫੈਕਸ਼ਨ ਹੋਇਆ ਸੀ।
- ਉਸ ਸਮੇਂ 100 ਮੌਤਾਂ ਹੋਈਆਂ ਸਨ ਅਤੇ 300 ਕੇਸ ਦਰਜ ਹੋਏ ਸਨ। ਇਸ ਨੂੰ ਰੋਕਣ ਲਈ ਦਸ ਲੱਖ ਤੋਂ ਵੱਧ ਸੂਰਾਂ ਨੂੰ ਮਾਰਿਆ ਗਿਆ ਸੀ, ਜਿਸ ਕਾਰਨ ਮਲੇਸ਼ੀਆ ਨੂੰ ਵਪਾਰ ਦਾ ਬਹੁਤ ਨੁਕਸਾਨ ਵੀ ਹੋਇਆ ਸੀ।
- ਬੀਮਾਰ ਸੂਰਾਂ ਤੋਂ ਦੂਰੀ ਬਣਾਏ ਰੱਖਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਖਜੂਰ ਦੇ ਦਰਖਤ 'ਚੋਂ ਨਿਕਲਿਆ ਰੱਸ ਪੀਣ ਨਾਲ ਵੀ ਇਹ ਹੋ ਸਕਦਾ ਹੈ।
- ਬੀਮਾਰੀ ਦੇ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਥਕਾਵਟ, ਸਾਂਹ ਵਿੱਚ ਤਕਲੀਫ ਅਤੇ ਦਿਮਾਗੀ ਕਨਫਿਊਜ਼ਨ ਸ਼ਾਮਲ ਹਨ। ਇਸ ਨਾਲ 24 ਤੋਂ 48 ਘੰਟਿਆਂ ਵਿੱਚ ਕੋਮਾ ਵੀ ਹੋ ਸਕਦਾ ਹੈ।
- ਇਸ ਦੇ ਇਲਾਜ ਲਈ ਮਨੁਖਾਂ ਅਤੇ ਜਾਨਵਰਾਂ ਨੂੰ ਲਗਾਉਣ ਵਾਲਾ ਕੋਈ ਵੀ ਟੀਕਾ ਨਹੀਂ ਬਣਿਆ ਹੈ।
ਸਰੋਤ: WHO, ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ